१०
ਅਕਾਲ ਪੁਰਖ ਦੇ ਦਰਸ਼ਨ
ਓਹਨਾਂ ਨੂੰ ਵਾਹਿਗੁਰੂ ਦੇ ਦਿੱਬ-ਜੋਤਿ-ਲਤੀਫ਼ ਸਰਿਸ਼ਤੀ ਚਰਨ-ਕੰਵਲਾਂ ਦਾ ਨਜ਼ਾਰਾ ਪ੍ਰਗਟ ਪਹਾਰੇ ਜਾਪਦਾ ਹੈ। ਕੇਵਲ ਚਰਨ ਕੰਵਲ ਹੀ ਨਹੀਂ, ਦਿੱਬ-ਜੋਤਿ ਸੂਖਮੀ ਚਰਨਾਰਬਿੰਦ ਹੀ ਨਹੀਂ, ਸਗੋਂ ਓਹ ਤਾਂ ਵਾਹਿਗੁਰੂ ਦੇ ਮੁਖਾਰ-ਬਿੰਦ ਨੂੰ ਭੀ ਸਾਂਗੋ ਪਾਂਗ ਪਰਤੱਖ ਪੇਖਦੇ ਹਨ । ਜੈਸਾ ਕਿ ਇਸ ਗੁਰਵਾਕ ਅੰਦਰ ਨਿਰੂਪਨ ਹੈ :-
ਅਵਿਲੋਕਉ ਰਾਮ ਕੋ ਮੁਖਾਰਬਿੰਦ ॥
ਖੋਜਤ ਖੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥੧॥ਰਹਾਉ॥
ਚਰਨ ਕਮਲ ਰਿਦੈ ਧਾਰਿ ॥
ਉਤਰਿਆ ਦੁਖੁ ਮੰਦ ॥੧॥
ਰਾਜੁ ਧਨੁ ਪਰਵਾਰੁ ਮੇਰੈ ਸਰਬਸੋ ਗੋਬਿੰਦ ॥
ਸਾਧ ਸੰਗਮਿ ਲਾਭੁ ਪਾਇਓ ਨਾਨਕ ਫਿਰਿ ਨ ਮਰੰਦ ॥੨॥੧੩॥੩੨॥
ਪੇਖਨਹਾਰਾ ਗੁਰਮੁਖ ਸਤਿਪੁਰਖ ਸੰਤ-ਜਨ ਵਾਹਿਗੁਰੂ ਦੇ ਮੁਖਾਰਬਿੰਦ ਦੀ ਸੋਭਾ ਪੇਖ ਕੇ ਪੁਕਾਰਿ ਪੁਕਾਰਿ ਉਚਾਰਨ ਕਰਦਾ ਹੈ ਕਿ ਮੈਂ ਰਮਤ ਰਾਮ ਵਾਹਿਗੁਰੂ ਦੇ ਮੁਖਾਰਬਿੰਦ (ਮੁਖ ਕੰਵਲ) ਨੂੰ ਪੁਨਹਿ ਪੁਨਹਿ ਪੇਖਦਾ ਹਾਂ, ਇਕ-ਟਕ ਲਾ ਕੇ ਵਿਸੇਖ ਬਿਸਮ ਦ੍ਰਿਸ਼ਟੀ ਨਾਲ ਗਹੁ ਕਰਕੇ ਦੇਖਦਾ ਹਾਂ ਅਤੇ ਵੇਖਿ ਵੇਖਿ ਵਿਸਮਾਦ ਹੋ ਹੋ ਜਾਂਦਾ ਹਾਂ। ਇਸ ਬਿਸਮ-ਕ੍ਰਾਂਤੀ ਮੁਖਾਰਬਿੰਦ ਦਾ ਅਵਿਲੋਕਨ ਕਿਵੇਂ ਅਤੇ ਕਿਥੋਂ ਪ੍ਰਾਪਤ ਹੋਇਆ ? ਗੁਰਮਤਿ ਨਾਮ ਅਭਿਆਸ ਕਮਾਈ ਦੁਆਰਾ, ਘਟ ਅੰਤਰਿ ਹੀ ਪਰਤੱਖ ਨਾਮ ਦਾ ਬਿਲੋਵਨਾ ਬਿਲੋਇ ਬਿਲੋਇ ਇਸ ਪਾਰਸ-ਰਸਾਇਣ-ਨਾਮ ਅਭਿਆਸ ਕਮਾਈ ਦਾ ਇਹ ਚਮਤਕਾਰ ਰਿਦੰਤਰ ਹੀ ਅੰਕੁਰਤ ਹੋਇਆ ਕਿ ਇਹੀ ਨਾਮ, ਜੋਤਿ-ਰਤਨ ਪਦਾਰਥੀ ਵਿਗਾਸ ਵਿਚ, ਘਟ ਅੰਤਰ ਹੀ ਪ੍ਰਤਿ-ਬਿੰਬਤ ਹੋ ਕੇ ਪ੍ਰਾਪਤ ਹੋਇਆ :-
ਪਾਇਆ ਲਾਲੁ ਰਤਨੁ ਮਨਿ ਪਾਇਆ ॥
ਤਨੁ ਸੀਤਲੁ ਮਨੁ ਸੀਤਲੁ ਥੀਆ ਸਤਿਗੁਰ ਸਬਦਿ ਸਮਾਇਆ ॥੧॥ਰਹਾਉ॥