ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥
ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੩੨॥
ਤਾਂ ਤੇ ਗੁਰਮਤਿ ਨਾਮ-ਅਭਿਆਸੀਆਂ ਦਾ ਨਾਮ ਸਿਮਰਨ ਰੂਪ ਅਰਾਧਣਾ, ਨਾਮੀ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਅਰਾਧਣਾ ਹੈ । ਉਹ ਇਸ ਗੁਰ-ਸ਼ਬਦ ਸਿਮਰਨ ਰੂਪੀ ਚਰਨ ਕੰਵਲ ਹਿਰਦੇ ਅਰਾਧਨ ਕਰਿ, ਇਕ ਅਕਾਲ ਪੁਰਖ ਨਾਲ ਸਦਾ ਲਿਵ ਲਾਏ ਅਤੇ ਮੇਲ ਮਿਲਾਏ ਰਹਿੰਦੇ ਹਨ, ਅਤੇ ਇਸ ਬਿਧਿ ਓਹ ਸਮਰਥ ਸੁਆਮੀ ਵਾਹਿਗੁਰੂ ਪਰਮਾਤਮ ਦੇਵ ਦੀ ਸਦਾ ਸਰਣਾਗਤਿ ਨਿਕਟ-ਵਰਤਤਾ ਦਾ ਅਨੰਦ ਮਾਣਦੇ ਹਨ । ਚੂੰਕਿ ਸਦਾ ਅਨੰਦ ਮੇਲ ਕੇਲ ਕਰਨਹਾਰਾ ਅਨੰਦੀ ਸਾਹਿਬ ਸਦਾ ਅਟੱਲ ਅਛੇਦ ਅਤੇ ਅਭੇਦ ਹੈ, ਤਾਂ ਤੇ ਉਸ ਅਨੰਦੀ ਸਾਹਿਬ ਦੇ ਮੇਲ ਕੇਲ ਦਾ ਅਨੰਦ ਹੁਲਾਸ ਭੀ ਅਟੱਲ ਅਛੇਦ ਅਭੇਦ ਹੈ । ਯਥਾ ਗੁਰਵਾਕ :-
ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ॥
ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥੨੮॥
ਚਰਨ ਕੰਵਲਾਂ ਦਾ ਸਦਾ ਰਸ-ਅਨੰਦ ਹੁਲਾਸ ਮਾਨਣਹਾਰੇ ਵਾਹਿਗੁਰੂ ਦੇ ਦਾਸ ਸਦ ਸਦਾ ਹੀ ਚਰਨ ਕੰਵਲਾਂ ਦੀ ਮਉਜ ਵਿਚ ਰੰਗ ਰਤੜੇ ਰਹਿੰਦੇ ਹਨ, ਅਤੇ ਇਹ ਰੰਗ-ਚਲੂਲੇ ਓਹਨਾਂ ਦੇ ਕਦੇ ਭੀ ਉਤਰਦੇ ਉਖੜਦੇ ਨਹੀਂ । ਆਪਣੇ ਦਾਸਾਂ ਦਾ ਸਹਿਜ ਸੁਖ ਸਮੰਜਨ ਅਤੇ ਦੀਨ-ਦੁਖ-ਭੰਜਨ ਸੁਆਮੀ (ਅਕਾਲ ਪੁਰਖ) ਓਹਨਾਂ ਦੀ ਸਦ-ਆਤਮ-ਰੰਗ ਰਹਾਵਨੀ ਪੈਜ ਰਖਦਾ ਹੈ । ਇਸ ਬਿਧਿ ਨਦਰ ਨਿਹਾਲਤਾ ਵਾਲੀ ਆਤਮ ਰੰਗਣ ਵਿਚ ਰੰਗੀਜ ਕੇ ਚਰਨ ਕੰਵਲ-ਰੰਗ-ਰਤੜੇ ਰੰਗੀਸ਼ਰ ਦਾਸ ਸਦਾ ਉਸ ਦੇ ਭਾਣੇ ਵਿਚ ਹੱਸ ਵਿਗੱਸ ਕੇ ਮਸਤ ਰਹਿੰਦੇ ਹਨ । ਅਤੇ ਸਹਿਜ ਸੁਰਖ਼ਰੂਈ ਦਾ ਸਿਰਪਾਉ ਲੈ ਕੇ ਦਰਗਹਿ ਪੰਧੇ ਜਾਂਦੇ ਹਨ । ਜੈਸਾ ਕਿ ਇਸ ਅਗਲੇਰੇ ਗੁਰਵਾਕ ਦਾ ਭਾਵ ਹੈ :-
ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ ॥
ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥੨॥੨੨॥