ਅਜਿਹੇ ਬਖ਼ਸ਼ੇ ਹੋਏ ਹਰਿ ਦਰਿ ਪੈਧੇ ਗੁਰਮੁਖ ਦਾਸ ਜਨ ਪੁਗ ਪਹੁੰਚ ਕੇ ਭੀ ਇਸ ਬਿਧਿ ਬੇਨਤੀਆਂ (ਅਕਾਲ ਪੁਰਖ ਅੱਗੇ) ਕਰਦੇ ਹਨ । ਯਥਾ ਗੁਰਵਾਕ :-
ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥
ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥
ਠਾਕੁਰ ਜਾ ਸਿਮਰਾ ਤੂੰ ਤਾਹੀ ॥
ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ਰਹਾਉ॥
ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥
ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥੨॥੧੧॥੧੯॥
ਅਤੇ ਇਸ ਬਿਧ ਬਿਨੈ ਜੋਦੜੀ ਕਰਨ ਦਾ ਵਲ ਸੁਚੱਜ ਸਿਖਾਉਂਦੇ ਹਨ :-
ਹੇ ਦਾਤਾਰ ! ਵਾਹਿਗੁਰੂ ! ਤੂੰ ਸਭਨਾ ਜੀਆਂ ਦਾ ਦਾਨ-ਦਾਤਾ ਹੈਂ । ਕਿਰਪਾ ਕਰਕੇ ਜੀਆ ਦਾਨ ਵਾਲੀ ਦਾਤ ਆਪਣੇ ਮੰਗਤ ਜਨ ਨੂੰ ਦੇਹੋ ਜੀ । ਅਤੇ ਛਿਨ ਛਿਨ ਨਾਮ ਅਭਿਆਸ ਕਮਾਈ ਵਾਲੀ ਅਮੋਘ ਦਾਤ ਬਖ਼ਸ਼ ਕੇ ਹਰ ਦੰਮ ਮੇਰੇ ਹਿਰਦੇ ਵਿਖੇ ਵਸੇ ਰਹੋ ਜੀ। ਇਸ ਕਦੇ ਨਾ ਵਿਸਰਨ ਵਾਲੇ ਛਿਨ ਛਿਨ ਨਾਮ ਅਭਿਆਸੀ ਕਸ਼ਫ਼ ਕਮਾਲ ਕਮਾਈ ਦੇ ਪਰਤਾਪ ਕਰਿ, ਰਸ-ਜੋਤਿ-ਕ੍ਰਿਣ-ਕ੍ਰਿਸ਼ਮੀ ਅੰਮ੍ਰਿਤ-ਧਾਰਾ, ਜੋ ਘਟ ਅੰਤਰ ਝਿਮਿ ਝਿਮਿ ਵਰਸੇਗੀ, ਉਹ ਵਾਹਿਗੁਰੂ ਜੋਤੀ ਸਰੂਪ ਦੇ ਅਮਿਉ ਚਰਨ ਕੰਵਲਾਂ ਦਾ ਅੰਤਰ-ਆਤਮੇ ਵੁਠਣਾ ਹੈ । ਜਦੋਂ ਇਸ ਬਿਧਿ ਅਮਿਉ ਝਕੋਲਨੇ, ਜੋਤਿ ਝਿਮਕੋਲਨੇ, ਰਸ ਦਾਮਨ ਦਮਕੰਨੇ, ਜਲਵ ਜਗੰਨੇ ਨਾਮ ਰਤਨ ਰੂਪੀ ਪਾਰਸ ਚਰਨ ਕੰਵਲਾਂ ਦਾ ਰਿਦ ਮਾਹਿ ਸਮਾਵਨਾ ਹੁੰਦਾ ਹੈ, ਤਿਥੇ ਤਦੋਂ-
ਨਾਮ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥੩॥੪॥
ਦੇ ਭਾਵ ਅਨੁਸਾਰ ਭਰਮ ਅਗਿਆਨ ਅੰਧਾਰ ਮਈ ਧੁੰਦ ਗੁਬਾਰ ਸਭ ਮਿਟ ਜਾਂਦਾ ਹੈ । ਤ੍ਰੈਗੁਣੀ ਗੁਣਾਂ ਦਾ ਗਿਆਨ ਭੀ ਅਗਿਆਨ-ਮਈ ਭਰਮ ਅੰਧੇਰਾ ਹੀ ਹੈ । ਜਦੋਂ ਨਾਮ-ਰਤੰਨੜਾ, ਜੋਤਿ-ਜਗੰਨੜਾ, ਦ੍ਰਿਸ਼ਟ ਅਗੰਮੜਾ ਭਾਨ ਘਟ ਅੰਤਰਿ ਪਰਗਾਸ ਹੁੰਦਾ ਹੈ ਤਾਂ ਉਥੇ ਇਸ ਨਾਮ-ਜੋਤਿ-ਪਰਕਾਸ਼ ਦੇ ਅਗੇ, ਏਸ ਦ੍ਰਿਸ਼ਟਮਾਨ ਸੂਰਜ ਸਾਰਖੇ ਕੋਟਾਨ ਕੋਟ ਸੂਰਜਾਂ ਦਾ ਚਾਨਣਾ ਭੀ ਮਾਤ ਹੈ । ਐਸੇ ਮੇਰੇ ਰਿਦ ਵਿਗਾਸੀ ਚਰਨ ਕੰਵਲਾਂ ਦੇ ਜੋਤਿ ਬਿਜਲਾਰੀ ਚਾਨਣੇ ਦੀ ਮਹਿਮਾ ਹੈ । ਨਾਮ ਦਾ ਸਿਮਰਨ ਹੀ, ਇਹ ਜੋਤਿ-ਜਗਨਾਰੀ-ਭਾਨ ਉਦੇ ਕਰਾਉਂਦਾ ਹੈ ਅਤੇ ਹਿਰਦੇ ਅੰਦਰ ਕਰਾਉਂਦਾ ਹੈ ।
ਤਾਂ ਤੇ ਇਹ ਸਿਮਰਨ ਦੀ ਪਾਰਸ-ਕਲਾ ਵਾਲਾ ਨਾਮ ਕੀ ਹੈ ? ਚਰਨ ਕੰਵਲ