ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥
ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੩੨॥
ਤਾਂ ਤੇ ਗੁਰਮਤਿ ਨਾਮ-ਅਭਿਆਸੀਆਂ ਦਾ ਨਾਮ ਸਿਮਰਨ ਰੂਪ ਅਰਾਧਣਾ, ਨਾਮੀ ਵਾਹਿਗੁਰੂ ਦੇ ਚਰਨ ਕੰਵਲਾਂ ਦਾ ਅਰਾਧਣਾ ਹੈ । ਉਹ ਇਸ ਗੁਰ-ਸ਼ਬਦ ਸਿਮਰਨ ਰੂਪੀ ਚਰਨ ਕੰਵਲ ਹਿਰਦੇ ਅਰਾਧਨ ਕਰਿ, ਇਕ ਅਕਾਲ ਪੁਰਖ ਨਾਲ ਸਦਾ ਲਿਵ ਲਾਏ ਅਤੇ ਮੇਲ ਮਿਲਾਏ ਰਹਿੰਦੇ ਹਨ, ਅਤੇ ਇਸ ਬਿਧਿ ਓਹ ਸਮਰਥ ਸੁਆਮੀ ਵਾਹਿਗੁਰੂ ਪਰਮਾਤਮ ਦੇਵ ਦੀ ਸਦਾ ਸਰਣਾਗਤਿ ਨਿਕਟ-ਵਰਤਤਾ ਦਾ ਅਨੰਦ ਮਾਣਦੇ ਹਨ । ਚੂੰਕਿ ਸਦਾ ਅਨੰਦ ਮੇਲ ਕੇਲ ਕਰਨਹਾਰਾ ਅਨੰਦੀ ਸਾਹਿਬ ਸਦਾ ਅਟੱਲ ਅਛੇਦ ਅਤੇ ਅਭੇਦ ਹੈ, ਤਾਂ ਤੇ ਉਸ ਅਨੰਦੀ ਸਾਹਿਬ ਦੇ ਮੇਲ ਕੇਲ ਦਾ ਅਨੰਦ ਹੁਲਾਸ ਭੀ ਅਟੱਲ ਅਛੇਦ ਅਭੇਦ ਹੈ । ਯਥਾ ਗੁਰਵਾਕ :-
ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ॥
ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥੨੮॥
ਚਰਨ ਕੰਵਲਾਂ ਦਾ ਸਦਾ ਰਸ-ਅਨੰਦ ਹੁਲਾਸ ਮਾਨਣਹਾਰੇ ਵਾਹਿਗੁਰੂ ਦੇ ਦਾਸ ਸਦ ਸਦਾ ਹੀ ਚਰਨ ਕੰਵਲਾਂ ਦੀ ਮਉਜ ਵਿਚ ਰੰਗ ਰਤੜੇ ਰਹਿੰਦੇ ਹਨ, ਅਤੇ ਇਹ ਰੰਗ-ਚਲੂਲੇ ਓਹਨਾਂ ਦੇ ਕਦੇ ਭੀ ਉਤਰਦੇ ਉਖੜਦੇ ਨਹੀਂ । ਆਪਣੇ ਦਾਸਾਂ ਦਾ ਸਹਿਜ ਸੁਖ ਸਮੰਜਨ ਅਤੇ ਦੀਨ-ਦੁਖ-ਭੰਜਨ ਸੁਆਮੀ (ਅਕਾਲ ਪੁਰਖ) ਓਹਨਾਂ ਦੀ ਸਦ-ਆਤਮ-ਰੰਗ ਰਹਾਵਨੀ ਪੈਜ ਰਖਦਾ ਹੈ । ਇਸ ਬਿਧਿ ਨਦਰ ਨਿਹਾਲਤਾ ਵਾਲੀ ਆਤਮ ਰੰਗਣ ਵਿਚ ਰੰਗੀਜ ਕੇ ਚਰਨ ਕੰਵਲ-ਰੰਗ-ਰਤੜੇ ਰੰਗੀਸ਼ਰ ਦਾਸ ਸਦਾ ਉਸ ਦੇ ਭਾਣੇ ਵਿਚ ਹੱਸ ਵਿਗੱਸ ਕੇ ਮਸਤ ਰਹਿੰਦੇ ਹਨ । ਅਤੇ ਸਹਿਜ ਸੁਰਖ਼ਰੂਈ ਦਾ ਸਿਰਪਾਉ ਲੈ ਕੇ ਦਰਗਹਿ ਪੰਧੇ ਜਾਂਦੇ ਹਨ । ਜੈਸਾ ਕਿ ਇਸ ਅਗਲੇਰੇ ਗੁਰਵਾਕ ਦਾ ਭਾਵ ਹੈ :-
ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ ॥
ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥੨॥੨੨॥
ਅਜਿਹੇ ਬਖ਼ਸ਼ੇ ਹੋਏ ਹਰਿ ਦਰਿ ਪੈਧੇ ਗੁਰਮੁਖ ਦਾਸ ਜਨ ਪੁਗ ਪਹੁੰਚ ਕੇ ਭੀ ਇਸ ਬਿਧਿ ਬੇਨਤੀਆਂ (ਅਕਾਲ ਪੁਰਖ ਅੱਗੇ) ਕਰਦੇ ਹਨ । ਯਥਾ ਗੁਰਵਾਕ :-
ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥
ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥
ਠਾਕੁਰ ਜਾ ਸਿਮਰਾ ਤੂੰ ਤਾਹੀ ॥
ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ਰਹਾਉ॥
ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥
ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥੨॥੧੧॥੧੯॥
ਅਤੇ ਇਸ ਬਿਧ ਬਿਨੈ ਜੋਦੜੀ ਕਰਨ ਦਾ ਵਲ ਸੁਚੱਜ ਸਿਖਾਉਂਦੇ ਹਨ :-
ਹੇ ਦਾਤਾਰ ! ਵਾਹਿਗੁਰੂ ! ਤੂੰ ਸਭਨਾ ਜੀਆਂ ਦਾ ਦਾਨ-ਦਾਤਾ ਹੈਂ । ਕਿਰਪਾ ਕਰਕੇ ਜੀਆ ਦਾਨ ਵਾਲੀ ਦਾਤ ਆਪਣੇ ਮੰਗਤ ਜਨ ਨੂੰ ਦੇਹੋ ਜੀ । ਅਤੇ ਛਿਨ ਛਿਨ ਨਾਮ ਅਭਿਆਸ ਕਮਾਈ ਵਾਲੀ ਅਮੋਘ ਦਾਤ ਬਖ਼ਸ਼ ਕੇ ਹਰ ਦੰਮ ਮੇਰੇ ਹਿਰਦੇ ਵਿਖੇ ਵਸੇ ਰਹੋ ਜੀ। ਇਸ ਕਦੇ ਨਾ ਵਿਸਰਨ ਵਾਲੇ ਛਿਨ ਛਿਨ ਨਾਮ ਅਭਿਆਸੀ ਕਸ਼ਫ਼ ਕਮਾਲ ਕਮਾਈ ਦੇ ਪਰਤਾਪ ਕਰਿ, ਰਸ-ਜੋਤਿ-ਕ੍ਰਿਣ-ਕ੍ਰਿਸ਼ਮੀ ਅੰਮ੍ਰਿਤ-ਧਾਰਾ, ਜੋ ਘਟ ਅੰਤਰ ਝਿਮਿ ਝਿਮਿ ਵਰਸੇਗੀ, ਉਹ ਵਾਹਿਗੁਰੂ ਜੋਤੀ ਸਰੂਪ ਦੇ ਅਮਿਉ ਚਰਨ ਕੰਵਲਾਂ ਦਾ ਅੰਤਰ-ਆਤਮੇ ਵੁਠਣਾ ਹੈ । ਜਦੋਂ ਇਸ ਬਿਧਿ ਅਮਿਉ ਝਕੋਲਨੇ, ਜੋਤਿ ਝਿਮਕੋਲਨੇ, ਰਸ ਦਾਮਨ ਦਮਕੰਨੇ, ਜਲਵ ਜਗੰਨੇ ਨਾਮ ਰਤਨ ਰੂਪੀ ਪਾਰਸ ਚਰਨ ਕੰਵਲਾਂ ਦਾ ਰਿਦ ਮਾਹਿ ਸਮਾਵਨਾ ਹੁੰਦਾ ਹੈ, ਤਿਥੇ ਤਦੋਂ-
ਨਾਮ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥੩॥੪॥
ਦੇ ਭਾਵ ਅਨੁਸਾਰ ਭਰਮ ਅਗਿਆਨ ਅੰਧਾਰ ਮਈ ਧੁੰਦ ਗੁਬਾਰ ਸਭ ਮਿਟ ਜਾਂਦਾ ਹੈ । ਤ੍ਰੈਗੁਣੀ ਗੁਣਾਂ ਦਾ ਗਿਆਨ ਭੀ ਅਗਿਆਨ-ਮਈ ਭਰਮ ਅੰਧੇਰਾ ਹੀ ਹੈ । ਜਦੋਂ ਨਾਮ-ਰਤੰਨੜਾ, ਜੋਤਿ-ਜਗੰਨੜਾ, ਦ੍ਰਿਸ਼ਟ ਅਗੰਮੜਾ ਭਾਨ ਘਟ ਅੰਤਰਿ ਪਰਗਾਸ ਹੁੰਦਾ ਹੈ ਤਾਂ ਉਥੇ ਇਸ ਨਾਮ-ਜੋਤਿ-ਪਰਕਾਸ਼ ਦੇ ਅਗੇ, ਏਸ ਦ੍ਰਿਸ਼ਟਮਾਨ ਸੂਰਜ ਸਾਰਖੇ ਕੋਟਾਨ ਕੋਟ ਸੂਰਜਾਂ ਦਾ ਚਾਨਣਾ ਭੀ ਮਾਤ ਹੈ । ਐਸੇ ਮੇਰੇ ਰਿਦ ਵਿਗਾਸੀ ਚਰਨ ਕੰਵਲਾਂ ਦੇ ਜੋਤਿ ਬਿਜਲਾਰੀ ਚਾਨਣੇ ਦੀ ਮਹਿਮਾ ਹੈ । ਨਾਮ ਦਾ ਸਿਮਰਨ ਹੀ, ਇਹ ਜੋਤਿ-ਜਗਨਾਰੀ-ਭਾਨ ਉਦੇ ਕਰਾਉਂਦਾ ਹੈ ਅਤੇ ਹਿਰਦੇ ਅੰਦਰ ਕਰਾਉਂਦਾ ਹੈ ।
ਤਾਂ ਤੇ ਇਹ ਸਿਮਰਨ ਦੀ ਪਾਰਸ-ਕਲਾ ਵਾਲਾ ਨਾਮ ਕੀ ਹੈ ? ਚਰਨ ਕੰਵਲ
ਨਾਮ ਸਿਮਰਨ ਰੂਪੀ ਜਪ ਜਾਪ ਕਮਾਈ ਦਾ ਐਸਾ ਪਰਤਾਪ ਹੈ ਕਿ ਵਾਹਿਗੁਰੂ ਨਾਮ ਦੀ ਸੁਆਸ ਸੁਆਸ ਸਿਮਰਨ ਰੂਪੀ ਸੇਵਾ ਨਾਮ ਸਿਮਰਨਹਾਰੇ ਸੇਵਕ ਜਨ ਨੂੰ ਭਵ-ਸਾਗਰੋਂ ਪਾਰ ਉਤਾਰ ਦਿੰਦੀ ਹੈ ਅਤੇ ਦੀਨ ਦਇਆਲ ਪ੍ਰਭੂ ਪ੍ਰਮਾਤਮਾ ਦੀ ਐਸੀ ਕਿਰਪਾ ਹੋ ਜਾਂਦੀ ਹੈ ਕਿ ਬਹੁੜ ਬਹੁੜ ਜਨਮ ਧਾਰ ਕੇ ਉਸ ਨੂੰ ਲਖ ਚੁਰਾਸੀ ਜੂਨਾਂ ਦੇ ਗੇੜ ਵਿਚ ਪੈਣ ਦੀ ਜਮ-ਮਾਰ, ਜਮ-ਜੰਦਾਰ ਜਾਤਨਾ (ਦੰਡ) ਮਈ ਸਜ਼ਾਵਾਂ ਨਹੀਂ ਸਿਰ ਸਹਿਣੀਆਂ ਪੈਂਦੀਆਂ । ਸਤਿਸੰਗ ਸਮਾਗਮਾਂ ਵਿਚ ਪ੍ਰਸਪਰ ਰਲ ਮਿਲ ਬਹਿ ਕੇ ਗੁਰਬਾਣੀ ਰੂਪ ਗੁਣ ਗਾਉਣ ਕਰਿ ਭਾਵ, ਗੁਰਬਾਣੀ ਦਾ ਕੀਰਤਨ ਕਰਨ ਕਰਿ ਮਾਨੁਖਾ-ਦੇਹ-ਧਾਰਨੀ ਰਤਨ ਜਨਮ ਅਜਾਈਂ ਨਹੀਂ ਜਾਂਦਾ, ਸਗੋਂ ਲੇਖੇ ਲਗ ਜਾਂਦਾ ਹੈ। ਹਾਰੀਦਾ ਨਹੀਂ, ਜਨਮ ਜਿਤ ਕੇ ਜਾਈਦਾ ਹੈ । ਵਾਹਿਗੁਰੂ ਦੇ ਗੁਣ ਗਾਵਣ ਦੀ, ਅਖੰਡ ਕੀਰਤਨ ਕਰਨ ਦੀ, ਇਹ ਪਾਰਸ-ਕਲਾ-ਕਮਾਲਣੀ ਮਹਿਮਾ ਹੈ ਕਿ ਇਸ ਬਿਖੈ-ਬਨ ਰੂਪੀ ਭਵਜਲ ਨੂੰ ਸੁਖੈਨ ਹੀ ਤਰ ਜਾਈਦਾ ਹੈ ਅਤੇ ਸਮੂਹ ਕੁਲਾਂ ਦਾ ਭੀ ਉਧਾਰ ਹੋ ਜਾਂਦਾ ਹੈ । ਵਾਹਿਗੁਰੂ ਨਾਮ ਦੇ ਸਾਸਿ ਗਿਰਾਸਿ ਉਚਾਰਨ ਕਰਨ ਕਰਿ ਵਾਹਿਗੁਰੂ ਦੇ ਚਰਨ ਕੰਵਲ ਰਿਦ ਭੀਤਰ ਬਸ ਜਾਂਦੇ ਹਨ ਅਤੇ ਬਸ ਕੇ ਧਸ ਜਾਂਦੇ ਹਨ । ਇਸ ਬਿਧਿ ਜਗਦੀਸ਼ਰ ਵਾਹਿਗੁਰੂ ਦੇ ਚਰਨ ਕੰਵਲ ਕੀ ਓਟ ਗਹਿ ਕੇ
ਹਰਿ ਜਪਿ ਸੇਵਕੁ ਪਾਰਿ ਉਤਾਰਿਓ ॥
ਦੀਨ ਦਇਆਲ ਭਏ ਪ੍ਰਭ ਅਪਨੇ ਬਹੁੜਿ ਜਨਮਿ ਨਹੀ ਮਾਰਿਓ॥੧॥ਰਹਾਉ ॥
ਸਾਧ ਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ ॥
ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ ਕੁਲਹ ਸਮੂਹ ਉਧਾਰਿਓ ॥੧॥
ਚਰਨ ਕਮਲ ਬਸਿਆ ਰਿਦ ਭੀਤਰਿ ਸਾਸਿ ਗਿਰਾਸਿ ਉਚਾਰਿਓ ॥
ਨਾਨਕ ਓਟ ਗਹੀ ਜਗਦੀਸੁਰ ਪੁਨਹ ਪੁਨਹ ਬਲਿਹਾਰਿਓ ॥੨॥੪॥੩੦॥
ਵਾਹੁ ! ਵਾਹੁ ! ਧੰਨ ਚਰਨ ਕੰਵਲ ! ਰਿਦ ਭੀਤਰਿ ਬਸਨਹਾਰੇ ਚਰਨ ਕੰਵਲ ! ਰਿਦ ਭੀਤਰ ਚਰਨ ਕੰਵਲ ਬਸਣ ਕਰਿ, ਰਿਦ ਭੀਤਰ ਚਰਨ ਕੰਵਲਾਰੀ ਰਸ-ਬੋਹ-ਬੋਹਾਰੀ ਕ੍ਰਿਣ ਪ੍ਰਕਾਸ਼ ਹੋਣ ਕਰਿ, ਵਾਹਿਗੁਰੂ ਦੇ ਪਰਤੱਖ ਦਰਸ਼ਨ, ਸਮੁਚੇ ਜੋਤਿ ਸਰੂਪੀ ਦਰਸ਼ਨਾਂ ਦਾ ਉਮਾਹ ਹੋਰ ਭੀ ਚਰਨ ਕੰਵਲ-ਬੋਹਾਰੀਆਂ ਦੇ ਹਿਰਦਿਆਂ ਅੰਦਰ ਉਮਗਾਉਂਦੇ ਹਨ ਅਤੇ ਉਹ ਏਹਨਾਂ ਚਰਨ-ਕੰਵਲਾਰੀ-ਦਰਸ਼ਨਾਂ ਤੋਂ ਹੀ ਬਲਿਹਾਰੇ ਹੋ ਹੋ ਜਾਂਦੇ ਹਨ । ਯਥਾ ਗੁਰਵਾਕ :-
ਚਰਨ ਕਮਲ ਹਿਰਦੈ ਉਰਿਧਾਰੇ ॥
ਤੇਰੇ ਦਰਸਨ ਕਉ ਜਾਈ ਬਲਿਹਾਰੇ ॥੩॥੫॥
ਰਿਦ ਜੋਤਿ ਵਿਗਾਸੀ, ਰਸ ਕ੍ਰਿਣ ਭੋਆਸੀ ਚਰਨ ਕੰਵਲਾਂ ਦਾ ਦਰਸਾਰ ਹੀ ਰਸ-ਦਰਸ-ਭੁੰਚਾਰੀਆਂ ਨੂੰ ਖਿਨ ਖਿਨ ਖੀਵਾ ਰਖਦਾ ਹੈ । ਸਮੁਚੇ ਦਰਸ਼ਨਾਂ ਦੇ ਝਲਕਾਰ ਨੂੰ ਝੱਲਣਾ ਬੇਓੜਕ ਵਿਸਮਾਦ-ਜਨਕ ਹੈ । ਰਿਦਿ ਚਰਨ ਕੰਵਲ ਵਿਗਾਸੀ ਰਸ- ਬਿਸਮ-ਸੁਬਾਸੀ ਨਾਮ ਦੀ ਸੁਗੰਧ ਰਸ-ਰਮਨੀ-ਲਪਟ ਲੈ ਲੈ ਕੇ ਹੀ ਨਾਮ-ਰਸ-ਸੁਆਦ- ਬਿਸਮਾਦੀ-ਬਿਮਲ ਜਨ ਹੋਰੋ ਹੋਰ ਨਾਮ ਜਪ ਜਾਪ ਅਭਿਆਸ ਕਮਾਈ ਵਿਚ ਲਿਪਤ, ਲਿਵ-ਖਿਵਤ ਹੋ ਹੋ ਪੈਂਦੇ ਹਨ । ਨਾਮ-ਰਸ ਜੋਤਿ ਪ੍ਰਕਾਸ਼ ਦਾ ਰਸ ਮਗਨ ਅਹਿਲਾਦੀ ਆਨੰਦ, ਕਮਲ -ਮਉਜਾਰੀਆਂ ਨੂੰ ਦਿਨ ਰੈਣ ਏਸੇ ਆਹਰ ਵਿਚ ਹੀ ਰਖਦਾ ਹੈ ਕਿ ਉਹ ਹੋਰ ਭੀ ਤਦਰੂਪ ਹੋ ਕੇ ਨਾਮ ਸਿਮਰਨ ਵਿਚ ਜੁਟ ਜਾਣ । ਜਿਉਂ ਜਿਉਂ ਉਹ ਜੁਟਦੇ ਹਨ ਤਿਉਂ ਤਿਉਂ ਨਾਮ ਮਹਾਂ-ਰਸ ਦਾ ਗਟਾਕ ਵਧ ਤੋਂ ਵਧ ਅੰਮ੍ਰਿਤ- ਬਿਸਮਾਦ ਦੇ ਸੁਆਦ ਰੰਗਾਂ ਵਿਚ ਪੀਂਦੇ ਹਨ ਅਤੇ ਚਰਨ ਕੰਵਲ ਦੀਆਂ ਮੌਜਾਂ, ਅਨੂਠੜੇ-ਆਤਮ-ਅਉਜਾਂ ਵਿਚ ਮਾਣਦੇ ਹਨ । ਯਥਾ ਗੁਰਵਾਕ :-
ਦਿਨੁ ਰੈਣਿ ਸੁਹਾਵੜੀ ਆਈ ਸਿਮਰਤ ਨਾਮੁ ਹਰੇ ॥
ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ ॥
ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ ॥
ਮਿਲਿ ਸਾਧ ਸੰਗੇ ਨਾਮ ਰੰਗੇ ਮਨਿ ਲੋੜੀਦਾ ਪਾਇਆ ॥
ਹਰਿ ਦੇਖਿ ਦਰਸਨੁ ਇਛ ਪੁੰਨੀ ਕੁਲ ਸੰਬੂਹਾ ਸਭਿ ਤਰੇ ॥
ਦਿਨਸੁ ਰੈਣਿ ਅਨੰਦ ਅਨਦਿਨੁ ਸਿਮਰੰਤ ਨਾਨਕ ਹਰਿ ਹਰੇ ॥੪॥੬॥੯॥
ਨਾਮ ਸਿਮਰਦੇ ਹੋਏ ਹੀ ਦਿਨ ਰੈਣਿ ਦੀਆਂ ਸਾਰੀਆਂ ਘੜੀਆਂ ਸੁਹਾਵੜੀਆਂ ਹੁੰਦੀਆਂ ਹਨ । ਸਫਲੀਆਂ ਹੀ ਨਹੀਂ, ਸੁਹਾਵੜੀਆਂ ਹੁੰਦੀਆਂ ਹਨ । ਨਾਮ ਨੂੰ ਸਿਮਰ ਸਿਮਰ ਕੇ ਜਦੋਂ ਚਲੂਲੜੇ ਆਤਮ ਰੰਗ ਖਿੜਦੇ ਹਨ, ਤਦੋਂ ਤਿਨ੍ਹਾਂ ਆਤਮ ਰੰਗਾਂ ਵਿਚ ਰੰਗੀਜੀ ਬਿਰਤੀ ਵਿਚ ਬਤੀਤੇ ਰੈਣ ਦਿਵਸ ਅਤਿ ਸੁਹਾਵੜੇ ਅਤੇ ਰਸ-ਭਿੰਨੜੇ ਹੋ ਜਾਂਦੇ ਹਨ। "ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ਵਾਲੇ ਗੁਰਵਾਕ ਦੇ ਭਾਵ ਵਾਲੇ ਹੋ ਜਾਂਦੇ ਹਨ । ਅੱਖੀਆਂ ਪ੍ਰੇਮ-ਕਸਾਈਆਂ ਅਤੇ ਅੰਮ੍ਰਿਤ-ਰਸ-ਰਮਨਾਈਆਂ ਹੋ ਜਾਂਦੀਆਂ ਹਨ। ਹਿਰਦਾ ਕੰਵਲ ਖਿੜ ਕੇ ਅੰਮ੍ਰਿਤ-ਰਸ-ਜੋਤਿ ਜਗੰਨਾ, ਮਹਾਂ ਅਨੰਦ ਸਾਦ ਸੁਪ੍ਰਸੰਨਾ ਹੋ ਜਾਂਦਾ ਹੈ । ਜਲਵ ਜਮਾਲ ਰਤੰਨੜੇ ਚਰਨ ਕਮਲਾਂ ਦਾ ਵਿਗਸ-ਵਿਗਾਸੀ ਨਿਵਾਸ ਹਿਰਦੇ ਨੂੰ ਹੋਰ ਭੀ ਪਰਫੁਲਤ ਕਰ ਦਿੰਦਾ ਹੈ। ‘ਚਰਣ ਕਮਲ ਸੰਗਿ ਪ੍ਰੀਤਿ" ਦਾ ਪ੍ਰੇਮ-ਖੇੜਾ ਅਤੇ ਪ੍ਰੀਤ-ਪਿਰੰਮੜੀ-ਰਸ-ਜਫੜੀਆਂ ਦਾ ਲਪਟ-ਲਪਟੇੜਾ ਏਸ ਅਨੂਪਮ ਆਤਮ ਬਿਵਸਥਾ ਵਿਚ ਹੀ ਖੇਡ ਕੇ ਬਝਦਾ ਹੈ । ਪ੍ਰੀਤਮ ਪ੍ਰਭੂ ਪ੍ਰਮਾਤਮਾ ਅਤੇ ਪ੍ਰੀਤਮ ਮਨਮੋਹਨੜੇ, ਘਟਿ ਸੋਹਨੜੇ, ਪ੍ਰਾਨ ਅਧਾਰੜੀਏ, ਸੁੰਦਰ ਸੋਭ ਅਪਾਰੜੀਏ, ਲਾਲ ਗੋਪਾਲ ਦਇਆਲ ਗੋਬਿੰਦ ਸੰਗਿ ਗੰਢਿ-ਪੀਡੜੀ- ਪ੍ਰੀਤਿ ਦੇ ਪ੍ਰਭਾਵ ਕਰਕੇ "ਕਲਮਲ ਪਾਪ ਟਰੇ", ਕਲੀ ਕਾਲ ਦੀ ਮੈਲ ਵਾਲੇ ਪਾਪ ਸਾਰੇ ਟਲ ਜਾਂਦੇ ਹਨ, ਦੂਖ ਭੂਖ ਦਲਿਦਰ ਸਭਿ ਨਠ ਜਾਂਦੇ ਹਨ ਅਤੇ ਪ੍ਰਮਾਰਥ ਦਾ ਕਸ਼ਫ ਕਸ਼ਾਫ਼ੀ ਪੁਨੀਤ ਮਾਰਗ ਪ੍ਰਗਟ ਪਾਹਾਰੇ ਰੌਸ਼ਨ ਜਾਪਣ ਲਗ ਪੈਂਦਾ ਹੈ।
ਸਾਧ ਸੰਗਮੀ ਮਿਲਾਪ ਕਰਕੇ ਨਾਮ ਰੰਗਨੀ ਆਤਮ ਇਨਕਸ਼ਾਫ਼ (ਜ਼ਹੂਰ) ਸਹਿਜੇ ਹੀ ਹੋਇ ਆਵੰਦਾ ਹੈ । ਲੋੜਿੰਦੜੇ ਜਾਨੀ ਪ੍ਰੀਤਮ ਸਾਜਨੜੇ ਸੁਆਮੀ ਵਾਹਿਗੁਰੂ ਨੂੰ ਪਾ ਲਈਦਾ ਹੈ ਅਤੇ ਤਿਸ ਜਾਨੀਅੜੇ ਦਾ ਸਾਂਗੋ ਪਾਂਗ ਦਰਸ ਦਰਸਾ ਲਈਦਾ ਹੈ, ਜਿਸ ਦਰਸ਼ਨ ਨੂੰ ਦੇਖ ਕੇ ਚਿਰਾਂ ਦੀ ਚਿਤਵੀ ਇਛਿਆ ਪੁਗ ਖਲੋਂਦੀ ਹੈ । ਇਸ ਬਿਧਿ ਇਛ-ਪੁੰਨੜੇ ਚਰਨ-ਕੰਵਲ-ਮਉਜਾਰੀਆਂ ਅਤੇ ਦਰਸ਼ਨ-ਲਿਵ-ਮਗਨਾਰੀਆਂ ਦੀਆਂ ਸਾਰੀਆਂ ਕੁਲਾਂ ਭੀ ਤਰ ਜਾਂਦੀਆਂ ਹਨ ਤੇ ਉਹ ਖ਼ੁਦ ਉਸ ਲਿਵ ਬਿਵਸਥਾ
ਬਿਲਾਵਲੁ ਮ: ੧ ਛੰਤ, ਪੰਨਾ ੮੪੪