ਚਰਨਾਮ੍ਰਿਤ ਲੈਣਹਾਰੇ ਦਾ ਮਲੀਨ ਮਨ ਨਿਰਮਲ ਹੋ ਜਾਂਦਾ ਹੈ । ਜਨਮ ਜਨਮਾਂਤ੍ਰਾਂ ਦੇ ਪਾਪਾਂ ਦੀ ਮੈਲ ਲਗੀ ਹੋਣ ਕਰ,
ਮਲੀਨ ਤੇ ਕਾਲਾ ਸਿਆਹ ਹੋਇਆ ਮਨ ਨਿਰਮਲ ਹੋ ਜਾਂਦਾ ਹੈ ਅਤੇ ਪੰਚ ਦੂਤਾਂ ਦੀ ਪਾਈ ਹੋਈ ਦੁਬਿਧਾ ਦੁਚਿਤਾਈ ਭੀ ਮਿਟ ਜਾਂਦੀ (ਦੂਰ ਹੋ ਜਾਂਦੀ) ਹੈ । ਸਤਿਗੁਰੂ ਦੀ ਚਰਨ-ਕੰਵਲਾਰੀ-ਦਰਸ਼ਨ-ਮਉਜ,
ਚਰਨ ਕੇਵਲਾਂ ਦੇ ਦਰਸ਼ਨ-ਮਉਜੀ-ਭਉਰਿਆਂ ਨੂੰ ਮਹਾਂ ਸੁਖ-ਸੰਪਟੀ ਸਹਿਜ ਘਰ ਵਿਚ ਲਿਵਲੀਨ ਅਤੇ ਸਮਾਧਿ-ਸਿਥਿਤ ਕਰਾ ਦਿੰਦੀ ਹੈ,
ਜਿਸ ਸੁਖ-ਸੰਪਟੀ-ਸਹਿਜ ਘਰ ਵਿਚ ਅਸਥਿਤ ਹੋ ਕੇ ਹੀ ਸੰਕਲਪਾਂ ਵਿਕਲਪਾਂ ਦੀ ਬਉਰਾਨੀ ਤੇ ਠਹਿਚਲਾਨੀ ਮਤਿ ਸੁਰਤੀ ਨਿਹਚਲ ਹੋ ਜਾਂਦੀ ਹੈ ਅਤੇ ਇਕ ਅਕਾਲ ਪੁਰਖ ਦੀ ਲਿਵ ਟੇਕ ਵਿਚ ਹੀ ਠਹਿਰੀ ਰਹਿੰਦੀ ਹੈ (ਅਡੋਲ ਟਿਕੀ ਰਹਿੰਦੀ ਹੈ) । ਸਤਿਗੁਰੂ ਦੇ ਚਰਨ ਕੰਵਲ ਦੀ ਮਹਿਮਾ ਆਮ ਬੁਧੀ ਦੀ ਫ਼ਹਿਮ (ਸਮਝ) ਤੋਂ ਅਗਮ ਅਗੋਚਰ ਹੈ,
ਜਿਸ ਦੀ ਡੂੰਘ ਥਾਹ ਅਲਪਗ ਬੁਧੀ ਨੂੰ ਨਹੀਂ ਆ ਸਕਦੀ । ਸਤਿਗੁਰੂ ਦੇ ਚਰਨ ਕੰਵਲਾਂ ਦੀ ਮਉਜ- ਮਹਿਮਾ ਸਗਲ ਨਿਧ ਨਿਧਾਨ, (
ਸਰਬ ਨਿਧੀਆਂ ਦੇ ਨਿਧਾਨ-ਖ਼ਜ਼ਾਨੇ) ਖੋਲ੍ਹਣ ਨੂੰ ਸਮਰੱਥ ਹੈ ਅਤੇ ਸਰਬ ਮਨੋਰਥ ਸਿਧਾਨ (ਸਿਧੀਆਂ) ਦੀ ਫਲ-ਪਰਦਾਤੀ ਹੈ ।
ਗੁਰੂ ਵਾਹਿਗੁਰੂ ਦੇ ਏਕ ਮੇਕ ਜੋਤਿ ਸਰੂਪ ਵਾਲੇ ਚਰਨ ਕੰਵਲਾਂ ਦੇ ਦਰਸ਼ਨ-ਪੇਖਾਰੀ ਭੰਵਰੇ, ਉਚ ਆਤਮ-ਮੰਡਲਾਂ ਦੇ ਵਸਨੀਕ ਤ੍ਰੈਗੁਣ ਅਤੀਤ ਜਾਗਦੇ ਜੋਗੀਸ਼ਰ ਹਨ । ਯਥਾ :-
ਗੁਰਸਿਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ॥
ਚਰਨ ਕੰਵਲਾਂ ਦੀ ਧੂੜੀ, ਅਮਿਉ ਰਸਾਇਣ ਧੂੜੀ, ਪਾਰਸ ਕੀਮੀਆ ਜਹਰਾਣੀ ਧੂੜੜੀ ਵਿਚ ਮੱਜਨ ਕੀਤਿਆਂ, ਮੱਜਨ, ਸੁਧਾਸਰ ਸਮੱਜਨ ਕੀਤਿਆਂ, ਇਹ ਪੰਜ ਭੂਤਕ ਦੇਹੀ ਅਤਿਅੰਤ ਮਨੋਹਰ ਸੁੰਦਰਤਾ ਤੇ ਪਰਮ ਪੁਨੀਤ ਤੇਜ ਭਾਨ ਜਲਵਤਾ ਵਾਲੀ ਅਤੇ ਇਥੀਰੀਅਲ (Ethereal ) ਸੂਖਮਤਾ ਵਾਲੀ ਦਿਬ ਦੇਹੀ ਹੋ ਜਾਂਦੀ ਹੈ, ਮਹਾਂ ਕੁਚੀਲ ਬਿਕੁਲਤਾ ਭਰੇ ਬਿਕਾਰੀ ਅਤੇ "ਬਿਸਟਾ ਅਸਤ ਰਕਤੁ ਪਰੇਟੇ ਚਾਮ'’* ਵਾਲੇ ਬੋਲੋ ਬਿਰਾਜ਼ ਭਰੇ (ਮਲ ਮੂਤਰ ਧਾਰੀ) ਮਨੁੱਖ, ਸੁਧ-ਆਤਮੱਜ-ਜੋਤਿ-ਜਗੰਨੇ ਨਿਰੰਕਾਰੀ ਪੁਰਸ਼, ਦਿਬ ਦੇਹੀਏ ਦੇਵਤੇ ਬਣ ਜਾਂਦੇ ਹਨ।
*ਆਸਾ ਮਹਲਾ ੫, ੩॥੧੪॥, ਪੰਨਾ ੩੭੪