Back ArrowLogo
Info
Profile
(ਗੁਰਮੰਤਰ) ਅਭਿਆਸੀ ਜਨ ਦੇ ਕੋਈ ਅਲਾ ਬਲਾ, ਅਪਦਾ ਬਿਪਤਾ ਨੇੜੇ ਨਹੀਂ ਆਉਂਦੀ ਅਤੇ ਅਭਿਆਸੀ ਜਨ ਨਾਮ ਕਮਾਈ ਵਾਲੇ ਅਨਿੰਨ ਸੇਵਕ ਦਾਸਰੇ ਦੇ ਸਾਰੇ ਕਾਰਜ ਨਿਰ-ਵਿਘਨ ਪੂਰੇ ਹੋ ਜਾਂਦੇ ਹਨ । ਨਾਮ ਸਿਮਰਨ ਰੂਪੀ ਸੇਵਾ ਕੋਟ ਬਿਘਨਾਂ ਦੇ ਬਿਨਾਸਨ-ਹਾਰੀ ਹੈ ਅਤੇ ਗੋਬਿੰਦ (ਵਾਹਿਗੁਰੂ) ਦੇ ਨਿਹਚਲ ਧਾਮ ਵਿਖੇ ਵਾਸ ਨਿਵਾਸ ਕਰਾਵਨ-ਹਾਰੀ ਹੈ। ਐਸੇ ਭਗਵੰਤ-ਭਗਤ ਨੂੰ ਕਿਸੇ ਪ੍ਰਕਾਰ ਦਾ ਭੀ ਭਉ-ਭੈਜਲ ਨਹੀਂ ਵਿਆਪਦਾ ਅਤੇ ਜਮ ਦਾ ਤ੍ਰਾਸ ਭੀ ਨਹੀਂ ਪੋਹੰਦਾ, ਸਗੋਂ ਧਰਮ ਰਾਜ ਤੇ ਜਮਦੂਤ ਭੀ ਭਗਵੰਤ-ਭਗਤ ਨੂੰ ਆਦਰ ਭਰੇ ਸਤਿਕਾਰ ਸਨਮਾਨ ਨਾਲ ਪੇਸ਼ ਆਉਂਦੇ ਹਨ । ਤਾਂ ਤੇ ਗੋਪਾਲ ਗੋਬਿੰਦ ਵਾਹਿਗੁਰੂ ਦੀ ਨਾਮ ਅਭਿਆਸ ਕਮਾਈ ਨੂੰ ਤਜ ਕੇ ਹੋਰ ਜੋ ਭੀ ਕਰਣੀ ਹੈ ਸੋ ਸਭ ਬਿਨਸਣਹਾਰੀ ਹੈ ਅਤੇ ਕਚੀ (ਖਾਮੀਆਂ ਵਾਲੀ) ਹੈ । 'ਨਿਹਚਲੁ ਗੋਬਿੰਦ ਧਾਮ" ਵਾਲੀ ਪਕਿਆਈ ਏਸੇ ਵਿਚ ਹੈ ਕਿ ਨਾਮ ਸਿਮਰਨ ਅਭਿਆਸੀ ਦੀ ਅਕੱਥ ਅਤੇ ਅਡੋਲ ਕਮਾਈ ਦੁਆਰਾ ਵਾਹਿਗੁਰੂ ਪ੍ਰੀਤਮ ਦੇ ਪਰਮ ਪਿਆਰੇ ਚਰਨ ਕੰਵਲਾਂ ਨੂੰ ਹਿਰਦੇ ਵਿਚ ਗਹਿ ਕੇ ਫੜੀ ਸੰਭਾਲੀ ਰਖੇ, ਕਿਉਂਕਿ ਚਰਨ ਕੰਵਲਾਂ ਦੇ ਹਿਰਦੇ ਅੰਦਰ ਗਹੀ ਰਖਣ ਵਿਚ ਹੀ ਸਮੂਹ ਸੁਖਾਂ ਦਾ ਬਿਸਰਾਮ ਹੈ । ਰਸਨ ਰਟੰਨੜੀ ਨਾਮ ਅਭਿਆਸ ਕਮਾਈ ਦੁਆਰਾ ਰਸ-ਜੋਤਿ-ਵਿਗਾਸੀ ਬਿਸਮਾਦ-ਕਲਾ ਵਾਲਾ ਨਾਮ ਹਿਰਦੇ ਅੰਦਰ ਜਦੋਂ ਪਰਗਾਸਦਾ ਹੈ ਤਾਂ ਇਸ ਦੀ ਪਕੜ, ਨਾਭ-ਕੰਵਲ ਵਿਖੇ, ਜਕੜ ਜੂੜਿਆ ਸੁਆਦ ਅਹਿਲਾਦ ਉਤਪੰਨ ਕਰ ਦਿੰਦੀ ਹੈ । ਇਸ ਬਿਸਮਾਦ ਅਹਿਲਾਦੀ ਰਸ ਸੁਆਦ ਵਿਚ ਗੀਧੇ ਹੋਏ ਸੁਆਸ, ਅਭਿਆਸੀ ਜਨ ਦੀ ਨਾਭੀ ਅੰਦਰ ਹੀ ਅਟਕੇ ਰਹਿੰਦੇ ਹਨ। ਇਸ ਵਿਸਮਾਦ ਸੁਆਦ ਦਾ ਰਸੀਆ ਹੋ ਕੇ ਅਭਿਆਸੀ ਜਨ ਸੁਆਸਾਂ ਨੂੰ ਸ਼ਬਦ ਅਭਿਆਸ ਦੇ ਬਲ ਨਾਲ ਆਪਣੀ ਨਾਭੀ ਵਿਖੇ ਅਟਕਾਈ ਰਖਦਾ ਹੈ ਅਤੇ ਸੁਰਤੀ ਨੂੰ ਸਹਿਜ ਹੀ ਗਗਨ ਦੁਆਰ (ਦਸਮ ਦੁਆਰ) ਵਿਖੇ ਚੜ੍ਹਾ ਲੈਂਦਾ ਹੈ, ਨਾਮ ਦਾ ਇਸ-ਰਸ-ਜੋਤਿ-ਵਿਗਾਸੀ-ਟਿਕਾਉ ਵਿਚ ਨਾਭੀ ਅੰਦਰਿ ਅਟਕੇ ਰਹਿਣਾ, ਚਰਨ ਕੰਵਲਾਂ ਦਾ ਹਿਰਦੇ ਅੰਦਰ ਗਹਿਣਾ (ਪਕੜਨਾ) ਹੈ । ਚਰਨ ਕੰਵਲਾਂ ਦਾ ਇਹ ਗਹਿਨ-ਗਹਾਉ ਦਯੜੇ ਢੋਲੇ (ਅਕਾਲ ਪੁਰਖ ਪਿਆਰੇ) ਦੇ ਸਾਖਸ਼ਾਤ ਦਰਸ਼ਨਾਂ ਦਾ ਸਚਾ ਢੋਆ ਹੈ, ਜਿਸ ਦੇ ਬਲ ਨਾਲ ਪੰਜੇ ਮਹਾਂ-ਬਲੀਆਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਨੂੰ ਭੀ ਅਭਿਆਸੀ ਜਨ ਆਪਣੇ ਵਸਗਤ ਕਰ ਲੈਂਦਾ ਹੈ (ਬੰਨ੍ਹ ਲੈਂਦਾ ਹੈ) । ਇਸ ਆਤਮ ਅਵਸਥਾ ਵਿਚ ਅਰੂੜ ਹੋਇਆਂ ਚਰਨ ਕੰਵਲਾਂ ਦੀ ਮਉਜ ਸੁਤੇ ਸਿਧ (ਨਿਰਯਤਨ) ਹੀ ਬਣੀ ਰਹਿੰਦੀ ਹੈ । ਏਥੇ (ਏਸ ਦਸ਼ਾ ਅੰਦਰ) ਅਕਾਲ ਪੁਰਖ ਆਪਣੇ ਨਾਮ ਰਸਾਇਣੀ ਰਸ-ਜੋਤਿ- ਵਿਸਮਾਦ ਅਹਿਲਾਦੜੇ ਚਰਨ, ਆਪਣੇ ਆਪ ਹੀ ਵਿਚ ਆਪ ਖਲੋ ਕੇ, ਅਭਿਆਸੀ ਜਨ ਕੋਲੋਂ ਜਪਾਉਂਦਾ ਹੈ । ਯਥਾ ਗੁਰਵਾਕ :-
46 / 80
Previous
Next