ਪੰਜੇ ਬਧੇ ਮਹਾ ਬਲੀ ਕਰਿ ਸਚਾ ਢੋਆ ॥
ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥੨॥
ਏਸ ਪਦ ਪ੍ਰਾਪਤ ਹੋਏ ਚਰਨ ਕੰਵਲਾਂ ਦੀ ਓਟ ਪ੍ਰਾਇਣ ਹੀ ਸਗਲ ਅਭਿਆਸੀ ਜਨਾਂ ਦਾ ਸਚੜਾ ਉਧਾਰ ਹੁੰਦਾ ਹੈ, ਜੈਸੇ ਕਿ ਗੁਰਵਾਕ ਹੈ :-
ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥੧੭॥
ਜਿਨ੍ਹਾਂ ਨੂੰ ਚਰਨ ਕੰਵਲਾਂ ਦਾ ਆਧਾਰ ਹੈ, ਜੋ ਚਰਨ ਕੰਵਲ ਦੇ ਆਧਾਰ ਬਿਨਾਂ ਜੀਊ ਨਹੀਂ ਸਕਦੇ, ਤਿਨ੍ਹਾਂ ਦਾ ਹੀ ਸਚੜਾ ਉਧਾਰ ਹੁੰਦਾ ਹੈ । ਚਰਨ-ਕੰਵਲ- ਆਧਾਰੀ ਜਨਾਂ ਨੂੰ ਹੀ ਚਰਨ ਕੰਵਲਾਂ ਦੀ ਸਚੀ ਓਟ ਪ੍ਰਾਪਤਿ ਹੋਈ ਹੈ । ਚਰਨ- ਕੰਵਲ-ਆਧਾਰੀ ਜਨਾਂ ਨੂੰ ਅੰਤਰਗਤੀ ਆਧਾਰੁ, ਰਸ-ਜੋਤਿ-ਬੇਧਨੀ-ਤਾਰ ਦੁਆਰਾ ਹਰ ਦੰਮ ਹੀ ਬੇਧੀ ਰਖਦਾ ਹੈ ਅਤੇ ਚਲੂਲੇ ਮਜੀਠੀ ਆਤਮ ਰੰਗਾਂ ਵਿਚ ਹਰ ਦੰਮ ਰੰਗੀ ਰਖਦਾ ਹੈ । ਯਥਾ ਗੁਰਵਾਕ :-
ਚਰਨ ਕਮਲ ਮਨੁ ਬੇਧਿਆ ਜਿਉ ਰੰਗੁ ਮਜੀਠਾ ॥੧੧॥
ਜੋ ਜਨ ਇਸ ਬਿਧਿ ਚਰਨ ਕੰਵਲਾਂ ਦੇ ਰਸ ਰੰਗ ਵਿਚ ਬੇਧੇ, ਗੀਧੇ ਅਤੇ ਰਚ ਰੀਧੇ ਰਹਿੰਦੇ ਹਨ, ਸੋ ਗੁਰਮੁਖ ਸਿਖ ਸੰਤ-ਜਨ ਬਸ ਏਹਨਾਂ ਰੰਗਾਂ ਵਿਚ ਹੀ ਮਸਤ ਰਹਿੰਦੇ ਹਨ । ਓਹਨਾਂ ਨੂੰ ਚਰਨ ਕੰਵਲਾਂ ਦੇ ਰਸ ਰੰਗ ਵਿਚ ਰਚ ਰਹਿਣ ਤੋਂ ਬਿਨਾਂ ਹੋਰ ਕੋਈ ਰੁਚੀ ਉਪਜਦੀ ਹੀ ਨਹੀਂ । ਯਥਾ ਗੁਰਵਾਕ :-
ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ ਰੁਜਤੇ ॥੧॥੧੨॥
ਓਹ ਰੈਣ ਦਿਨਸ ਏਸੇ ਇਕੇ ਰੰਗ ਵਿਚ ਰਤੇ ਰਹਿੰਦੇ ਹਨ ਅਤੇ ਚਰਨ ਕੰਵਲਾਂ ਦੇ ਰੰਗ ਵਿਚ ਅਹਿਨਿਸ ਰੱਤੇ ਰਹਿਣ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਦਾ ਹੀ ਸਨਮੁਖ ਰਹਿੰਦੇ ਹਨ ਅਤੇ ਸਦਾ ਹੀ ਪ੍ਰਭੂ ਪ੍ਰਮਾਤਮਾ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਕਰਕੇ ਪਰਤੱਖ ਲਖਦੇ ਹਨ । ਸਦਾ ਹੀ ਹਾਜ਼ਰ ਨਾਜ਼ਰ ਜਾਣਦੇ ਪੇਖਦੇ ਹਨ । ਤਿਨ੍ਹਾਂ ਸੰਤ-ਜਨਾਂ ਨੇ ਵਾਹਿਗੁਰੂ ਨਾਮ ਨੂੰ ਹੀ ਆਪਣਾ ਵਰਤਣ ਵਲੇਵਾ ਬਣਾ ਰਖਿਆ ਹੈ । ਨਾਮ ਹੀ ਓਹਨਾਂ ਦਾ ਆਧਾਰ ਹੈ, ਨਾਮ ਹੀ ਓਹਨਾਂ ਦਾ ਆਹਾਰ ਹੈ । ਜ਼ਾਹਰਦਾਰੀ ਵਿਚ ਓਹਨਾਂ ਦਾ ਖਾਣਾ ਪੀਣਾ ਤੇ ਵਰਤਣ ਵਿਹਾਰ, ਸੈਨ ਚੈਨ