

ਗੁਰਮੁਖ ਭਗਤ ਜਨਾਂ ਦਾ ਜੀਵਨ ਰੂਪ ਭੀ ਗੋਬਿੰਦ ਵਾਹਿਗੁਰੂ ਹੀ ਹੈ, ਪ੍ਰਾਨ ਰੂਪ ਭੀ ਗੋਬਿੰਦ ਵਾਹਿਗੁਰੂ ਹੀ ਹੈ, ਸਚੜਾ ਧਨ ਰੂਪ ਭੀ ਗੋਬਿੰਦ ਵਾਹਿਗੁਰੂ ਹੀ ਹੈ, ਅਗਿਆਨ ਮੋਹ ਮਮਤਾ ਵਿਚ ਮਹਾਂ ਮਗਨ ਪ੍ਰਾਣੀਆਂ ਲਈ ਗੋਬਿੰਦ ਵਾਹਿਗੁਰੂ ਹੀ ਅੰਧਿਕਾਰ ਮਹਿ ਜੋਤਿ ਉਜਿਆਰਾ ਕਰਨਹਾਰਾ ਸਚਾ ਚਾਨਣ-ਮੁਨਾਰਾ ਹੈ । ਇਸ ਸਚੇ ਦੀਪਕ ਉਜਿਆਰੇ ਨਾਲ ਚਮਤਕ੍ਰਿਤ ਹੋ ਕੇ ਹੀ ਭਗਤ ਜਨ ਪ੍ਰੀਤਮ ਪ੍ਰਭੂ ਦਾ ਸਾਂਗੋ ਪਾਂਗ ਦਰਸ਼ਨ ਕਰਦੇ ਹੋਏ, ਇਸ ਬਿਧਿ ਸਨਮੁਖ ਉਤਸ਼ਾਹ ਪੁਲਕ੍ਰਿਤ ਜੋਦੜੀਆਂ ਮਈ ਉਸਤਤ ਉਚਾਰਨ ਕਰਦੇ ਹਨ-ਹੇ ਪ੍ਰਭੂ ਪ੍ਰੀਤਮ ! ਤੇਰਾ ਦਰਸ਼ਨ ਸਫਲ ਦਰਸ਼ਨ ਹੈ ਅਤੇ ਤੇਰੇ ਚਰਨ ਕੰਵਲ ਅਨੂਪ ਹਨ, ਜਿਨ੍ਹਾ ਦੇ ਅਰੂਪ ਰੂਪ ਜਲਵੇ ਦੀ ਕੋਈ ਭੀ ਉਪਮਾ ਨਹੀਂ ਹੋ ਸਕਦੀ । ਚਰਨ ਕੰਵਲਾਂ ਦਾ ਪ੍ਰੇਮੀ, ਚਰਨ ਕੰਵਲਾਂ ਦਾ ਸਚਾ ਪੁਜਾਰੀ, ਸਚੜਾ ਆਸ਼ਕ ਬਾਰੰਬਾਰ, ਅਨਿਕ ਬਾਰ ਏਹਨਾਂ ਪਿਆਰੇ ਅਨੂਪਮ ਚਰਨ ਕੰਵਲਾਂ ਨੂੰ ਡੰਡਉਤ ਬੰਦਨਾ, ਨਮਸਕਾਰਾਂ ਹੀ ਕਰਦਾ ਰਹਿੰਦਾ ਹੈ ਅਤੇ ਸਦਾ ਸਦਾ ਕਰਨ ਲਈ ਉਤਸ਼ਾਹਤ ਰਹਿੰਦਾ ਹੈ । ਏਹਨਾਂ ਅਨੂਪ ਸੁੰਦਰ ਸਰੂਪ ਚਰਨਾਂ ਵਿਟਹੁ ਧੂਪ ਚੜ੍ਹਾਉਣ ਲਈ ਆਪਣੇ ਮਨ ਨੂੰ ਹੋਮ ਦਿੰਦਾ ਹੈ, ਅਤੇ ਇਸ ਬਿਧਿ ਆਪਣਾ ਮਨੂਆ ਹਮ ਕੇ ਸਦਾ ਨਿਰਮਾਣ (ਨੀਵਾਂ) ਹੋ ਕੇ ਚਰਨ ਕੰਵਲਾਂ ਵਾਲੇ ਪ੍ਰੀਤਮ ਦੇ ਦੁਆਰੇ ਹੀ ਪਿਆ ਰਹਿਣ ਨੂੰ ਪ੍ਰੇਮ ਨੇਅਮਤ ਪ੍ਰਾਪਤ ਹੋਈ ਸਮਝਦਾ ਹੈ, ਅਤੇ-
ਹਾਰਿ ਚਲੇ ਗੁਰਮੁਖਿ ਜਗੁ ਜੀਤਾ ॥
ਦੇ ਅਮਲੀ ਪੂਰਨੇ ਪਾਉਂਦਾ ਹੈ, ਗੁਪਤ ਲੁਪਤ ਹੋ ਹੋ ਚਰਨ ਕੰਵਲ ਮਗਨਸ਼ਟ ਦਸ਼ਾ ਵਿਚ ਅਲਖ ਵਸਤੂ ਨੂੰ ਲਖਦਾ ਹੋਇਆ ਅਤੇ ਅਜਰ ਵਸਤੂ ਨੂੰ ਜਰਦਾ ਹੋਇਆ ਕਿਸੇ ਨੂੰ ਜਣਾਉਂਦਾ ਜਤਾਉਂਦਾ ਨਹੀਂ । ਇਉਂ ਨਿਰਮਾਣ ਅਨਿੰਨ ਗੁਰਸਿਖਾਂ ਨੇ ਆਪਣੀ ਪੁਗ ਖਲੋਈ ਹੋਈ ਅਵਸਥਾ ਨੂੰ ਲੁਕਾਉਣ ਲਈ ਦ੍ਰਿੜ ਕਰ ਕੇ ਪ੍ਰਭੂ ਪ੍ਰੀਤਮ ਦੇ ਚਰਨ ਕੰਵਲਾਂ ਦੀ ਲੂਕ-ਗੁਫਾ (ਲੁਕਣ ਓਟੀ ਮੰਜ਼ਲ) ਗਹਿ ਲਈ ਅਤੇ ਅੰਤਰਗਤੀ ਏਸੇ ਜੋਦੜੀ ਵਿਚ ਮਹਿਜ਼ੂਜ਼ ਰਹਿਣਾ ਓਹਨਾਂ ਨੂੰ ਪਸਿੰਦ ਅਤੇ ਮਹਾਂ ਮਨਜ਼ੂਰ ਹੈ ਕਿ ਹਜ਼ੂਰ ਦੀ ਚਰਨ ਸ਼ਰਨ ਹਜ਼ੂਰੀ-ਲੂਕ ਹਮੇਸ਼ਾ ਬਣੀ ਰਹੇ ਅਤੇ ਏਸ ਲੁਕ ਵਿਚ ਲੁਕਿਆਂ ਹੀ ਬਹਿਆ ਜਾਏ, ਕਿਉਂਕਿ ਇਹੋ ਲੁਕ ਹੀ ਸੰਸਾਰ ਦੀ ਬਿਖੈ-ਅਗਨੀ ਵਾਲੇ ਰੂਪ ਵਿਚੋਂ ਕੱਢਣ ਲਈ ਸੇਵਕ ਜਨ ਨੂੰ ਸਹਾਈ ਹੈ ।
ਪ੍ਰੇਮ-ਭਗਤੀ ਦੀ ਦਾਤਿ ਪ੍ਰੀਤਮ ਦੇ ਦੁਆਰਿਓਂ ਉਦੋਂ ਮਿਲਦੀ ਹੈ ਜਦੋਂ ਨਾਮ ਮਹਾਂ ਰਸ ਦੀ ਬੂੰਦ ਕਿਰਣ, ਬਣ ਕੇ ਘਟ ਅੰਤਰ ਸੰਚਰ ਪ੍ਰੀਤਮ, ਪ੍ਰੇਮਾ ਭਗਤਿ ਦਾ ਚਰਨ ਕੰਵਲ ਦੀ ਜੋਤਿ-ਜਗਰਨੀ ਹਿਰਦੇ ਬੇਧਨੀ ਤਾਰ ਜਾਂਦੀ ਹੈ । ਇਸ ਆਤਮ-ਅਹਿਲਾਦਨੀ-ਅਵਸਥਾ ਵਿਚ ਦਾਤਾ ਬਣ ਕੇ ਅਪਨੇ ਜਨ ਸੰਗਿ ਰਾਤਾ ਜਾਂਦਾ ਹੈ ।