

ਭਏ ਕ੍ਰਿਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ॥
ਪੇਖਿ ਪੇਖਿ ਨਾਨਕੁ ਬਿਗਸਾਨੋ ਨਾਨਕ ਨਹੀ ਸੁਮਾਰ ॥੨॥੧੦॥੩੮॥
ਵਿਆਖਿਆ-ਅਥਾਹ ਅਭਿਆਸ ਕਮਾਈ ਦੁਆਰਾ ਨਾਮ ਰੂਪੀ ਸਚੇ ਧਨ ਦਾ ਇਕੱਤਰ ਕੀਤਾ ਹੋਇਆ ਖ਼ਜ਼ਾਨਾ, ਚਰਨ ਕੰਵਲ ਆਧਾਰ ਮਈ ਅਗਮ ਅਪਾਰ ਅਤੇ ਅਖੁੱਟ ਪੂੰਜੀ ਹੈ, ਜਿਸ ਦੀ ਬਰਕਤ ਕਰਕੇ ਅਤੇ ਜਿਸ ਨੂੰ ਭੁੰਚ ਕੇ ਚਰਨ ਕੰਵਲ- ਅਧਾਰੀ ਨਾਮ ਨਿਰੰਕਾਰੀ ਦੇ ਅਭਿਆਸੀ ਜਨਾਂ ਦੇ ਸਮੂਹ ਸਿਖ ਪਰਵਾਰ, ਆਤਮ- ਸੁਖ ਮਈ ਅਨੰਦ ਬਿਨੋਦੀ ਰੰਗ-ਰਲੀਆਂ ਮਾਣਦੇ ਹਨ ਅਤੇ ਸਦ-ਜੀਵਨੀ ਅਮਰ ਜੀਵਨ ਬਤੀਤ ਕਰਦੇ ਹਨ । ਵਾਹਿਗੁਰੂ ਦੇ ਚਰਨ ਕੰਵਲਾਂ ਦੇ ਆਧਾਰ ਦਾ ਸਚਾ ਬੋਹਿਥਾ ਜਿਨ੍ਹਾਂ ਨੂੰ ਸਤਿਸੰਗਤ ਸਤਿਗੁਰੂ ਦੇ ਪ੍ਰਸਾਦ ਕਰਕੇ ਮਿਲ ਗਿਆ ਹੈ, ਓਹ ਇਸ ਬੋਹਿਥ ਤੇ ਚੜ੍ਹ ਕੇ ਬਿਖ ਸੰਸਾਰ ਤੋਂ ਪਾਰ ਉਤਰ ਗਏ ਹਨ ਅਤੇ ਜੋ ਕੋਈ ਭੀ ਇਜ ਬੋਹਿਥ ਤੇ ਚੜ੍ਹੇਗਾ ਸੋ ਅਵੱਸ਼ ਭਵਜਲ ਤੋਂ ਪਾਰ ਪਏਗਾ। ਅਬਿਨਾਸ਼ੀ ਕਰਤਾ ਪੁਰਖ ਪੂਰਨ ਕਿਰਪਾਲੂ ਦਿਆਲੂ ਹੋ ਕੇ ਆਪ ਹੀ ਆਪਣੇ ਭਗਤ ਜਨਾਂ ਦੀ ਸਾਰ ਲੈਂਦਾ ਹੈ । ਸਾਰ ਭੀ ਲੈਂਦਾ ਹੈ ਤਾਂ ਸਨਮੁਖ ਸਾਂਗੋ ਪਾਂਗ ਖਲੋ ਕੇ, ਵਿਚ ਖਲੋ ਕੇ ਲੈਂਦਾ ਹੈ । ਕਰਤੇ ਪੁਰਖ ਨੂੰ ਵਿਚ, ਦਿੱਬ ਲੋਇਣਾਂ ਦੇ ਸਨਮੁਖ ਖਲੋਤਾ ਦੇਖ ਕੇ ਭਗਤ ਜਨ ਵਿਗਸ ਵਿਗਸ ਕੇ ਐਤਨਾ ਆਨੰਦਤ ਹੁੰਦੇ ਹਨ ਕਿ ਉਸ ਆਨੰਦ ਵਿਗਾਸ ਦਾ ਸ਼ੁਮਾਰ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ ।
ਸਚ ਮੁਚ ਚਰਨ ਕੰਵਲ ਕੀ ਮਉਜ ਦਾ ਅਨੰਦ ਅਕਹਿ ਹੈ । ਕੋਈ ਕਹੇ ਤਾਂ ਕੀ ਕਹੇ ? ਜਿਨ੍ਹਾਂ ਨੇ ਇਹ ਅਨੰਦ ਮਾਣਿਆ ਨਹੀਂ ਉਹਨਾਂ ਨੂੰ ਪਤੀਜ ਕਿਵੇਂ ਆਵੇ? ਕਹਿਣ ਮਾਤਰ ਤੋਂ ਕੋਈ ਨਹੀਂ ਪਤਿਆਉਂਦਾ, ਜਦ ਤਾਈਂ ਕਿ ਓਹ ਖ਼ੁਦ ਤਜਰਬਾ ਕਰ ਕੇ ਨਾ ਦੇਖ ਲਵੇ । ਬਾਹਜ ਦ੍ਰਿਸ਼ਟੀ ਵਾਲਿਆਂ ਨੂੰ ਬਾਹਜ ਪਦਾਰਥਾਂ ਦੀ ਹੋਂਦ ਉਤੇ ਹੀ ਪਰਤੀਤ ਆਉਂਦੀ ਹੈ । ਦਿੱਬ ਪਦਾਰਥਾਂ ਨੂੰ ਦਿੱਬ ਦ੍ਰਿਸ਼ਟੀ ਹੀ ਤਹਿਕੀਕ (ਪਛਾਣ Realize) ਕਰ ਸਕਦੀ ਹੈ । ਬਾਹਜ ਮੁਖੀ ਦ੍ਰਿਸ਼ਟੀ ਵਾਲਿਆਂ ਦੇ ਨਿਕਟ ਹੱਡ, ਚੰਮ, ਮਾਸ ਵਾਲੇ ਚਰਨਾਂ ਤੋਂ ਛੁਟ ਦਿੱਬ ਮੂਰਤਿ ਜੋਤਿ ਮੂਰਤਿ ਚਰਨਾਂ ਦੀ ਹੋਂਦ ਅਣਹੋਂਦ ਹੈ, ਪਰੰਤੂ ਜਿਨ੍ਹਾਂ ਵਡਭਾਗੇ ਗੁਰਮੁਖ ਜਨਾਂ ਦੀ ਨਾਮ ਅਭਿਆਸ ਕਮਾਈ ਦੁਆਰਾ ਅੰਤਰ ਆਤਮੇ ਦੀ ਦਿਬ ਦ੍ਰਿਸ਼ਟੀ ਖੁਲ੍ਹ ਗਈ ਹੈ, ਓਹਨਾਂ ਨੂੰ ਜੋਤਿ ਕ੍ਰਾਂਤੀ ਦਿਬ ਲਤੀਫ਼ੀ ਚਰਨ ਕੰਵਲਾਂ ਦੇ ਝਲਕਾਰੇ ਖਿਨ ਖਿਨ ਘਟ ਅੰਤਰ ਹੀ ਵਜਦੇ ਰਹਿੰਦੇ ਹਨ । ਉਹ ਸਦੀਵ ਹੀ ਮਹਾਂ ਆਨੰਦ ਬਿਨੋਦੀ ਆਤਮ ਕੇਲ ਰੰਗਾਂ ਵਿਚ ਚਰਨ ਕੰਵਲਾਂ ਦੀ ਮਉਜ ਦਾ ਲੁਤਫ਼ ਲੈਂਦੇ ਰਹਿੰਦੇ ਹਨ । ਯਥਾ ਗੁਰਵਾਕ-
ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ ॥
ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥੨੩੪॥
ਦੇ ਗੁਰਵਾਕ ਅਨੁਸਾਰ ਆਪਣਾ ਗੁਪਤ ਆਤਮ-ਅਨੰਦ ਕੇਲ ਰਚਾਈ ਰਖਦੇ ਹਨ ਅਤੇ ਕਿਸੇ ਨੂੰ ਲਖਾਉਂਦੇ ਜਣਾਉਂਦੇ ਨਹੀਂ। ਇਹ ਓਹਨਾਂ ਦੀ ਅਜਰ ਜਰਨ ਅਵਸਥਾ ਦੀ ਤਤ-ਲਖਤ ਪਰਖ ਕਸਉਟੀ ਹੈ ਅਤੇ ਚਰਨ ਕੰਵਲ ਦੀ ਮਉਜ ਦਾ ਅਜਰ ਜਰਿਆ ਅਉਜ ਹੈ ।
॥ਇਤਿ ॥