

ਰੌਸ਼ਨੀ ਦਾ ਰਾਜ਼
ਹਰ ਬੁਰੇ ਇਨਸਾਨ ਅੰਦਰ ਚੰਗਾ ਇਨਸਾਨ ਵੀ ਹੁੰਦਾ ਹੈ। ਜਿਸ ਦਿਨ ਅੰਦਰਲੇ ਚੰਗੇ ਇਨਸਾਨ ਨੂੰ ਬੰਦਾ ਮਾਰ ਬਹਿੰਦਾ ਹੈ ਉਸ ਦਿਨ ਉਸ ਦੇ ਚੰਗੇ ਬਨਣ ਦੀਆਂ ਸਾਰੀਆਂ ਆਸ਼ਾਵਾਂ ਖ਼ਾਕ ਹੋ ਜਾਂਦੀਆਂ ਹਨ ਨਹੀਂ ਤਾਂ ਬੰਦੇ 'ਚ ਸੁਧਾਰ ਦੀਆਂ ਗੁੰਜਾਇਸ਼ਾਂ ਆਖਰੀ ਦਮ ਤੱਕ ਬਣੀਆਂ ਰਹਿੰਦੀਆਂ ਹਨ। ਬੇਸ਼ੱਕ ਮੈਂ ਖੁਦ ਦਾ ਖੂਨ ਰੋਹੜਿਆ ਤੇ ਲੋਕਾਂ ਦਾ ਵਹਾਇਆ ਵੀ ਪਰ ਖੁਸ਼ਕਿਸਮਤੀ ਨਾਲ ਮੈਂ ਆਪਣੇ ਅੰਦਰ ਦਾ ਇਨਸਾਨ ਜੀਵਤ ਰੱਖਿਆ। ਉਹ ਸ਼ਾਇਦ ਇਸ ਲਈ ਕਿਉਂਕਿ ਮੈਂ ਸਭ ਕੁਝ ਕਰਨ ਦੇ ਬਾਵਜੂਦ ਬੁਰਾਈ ਅਤੇ ਚੰਗਿਆਈ 'ਚ ਫ਼ਰਕ ਸਮਝਣ ਦੀ ਸਮਰੱਥਾ ਨਹੀਂ ਗੁਆਈ। ਬੇਸ਼ੱਕ ਮੈਨੂੰ ਸੱਟਾਂ ਦਾ ਦਰਦ ਨਹੀਂ ਸੀ ਹੁੰਦਾ ਪਰ ਕਿਸੇ ਦਾ ਦਰਦ ਹਨ੍ਹੇਰੀ ਬਣਕੇ ਮੈਨੂੰ ਸੁੱਕੇ ਪੱਤੇ ਵਾਂਗ ਹਿਲਾ ਜਾਂਦਾ, ਬੇਸ਼ੱਕ ਮੈਂ ਗਲਤੀ ਦਰ ਗਲਤੀ ਗੁਨਾਹ ਦਰ ਗੁਨਾਹ ਕਰਦਾ ਗਿਆ ਪਰ ਜਦੋਂ ਵੀ ਹੋਸ਼ ਆਈ ਮੈਂ ਪਛਤਾਇਆ ਜ਼ਰੂਰ, ਬੇਸ਼ੱਕ ਸੋਚਾਂ ਦੇ ਸਮੁੰਦਰ 'ਚ ਹਮੇਸ਼ਾ ਮਲੀਨ ਲਹਿਰਾਂ ਦਾ ਬਵੰਡਰ ਰਿਹਾ ਪਰ ਸ਼ੁੱਧ ਵਿਚਾਰਾਂ ਦੀਆਂ ਛੱਲਾਂ ਅਤੇ ਕੁਝ ਕਰਨ ਦੇ ਹਿੰਮਤੀ ਬੁਲਬੁਲਿਆਂ ਦੀ ਹੋਂਦ ਵੀ ਮੈਂ ਮਰਨ ਨਹੀਂ ਦਿੱਤੀ, ਬੇਸ਼ੱਕ ਪੈਰ-ਪੈਰ 'ਤੇ ਸਮੇਂ ਨੇ ਮੈਨੂੰ ਹਾਰਾਂ ਦਿੱਤੀਆਂ ਪਰ ਮੈਂ ਹਾਰ-ਜਿੱਤ ਨਾਲੋਂ ਲੜਨ ਨੂੰ ਕਰਮ ਜਾਣਿਆ।
ਇਸ ਤਰ੍ਹਾਂ ਦੇ ਦਿਨ ਵੀ ਵੇਖੋ ਕਿ ਸਿਆਲਾਂ 'ਚ ਮੈਨੂੰ ਆਪਣੇ ਨੰਗੇ ਪੈਰਾਂ ਲਈ ਨਜ਼ਰ ਲੱਗਣ ਤੋਂ ਟਰੈਕਟਰ ਅੱਗੇ ਟੰਗੀ ਚੱਪਲ ਤੱਕ ਲਾਹ ਕੇ ਭੱਜਣਾ ਪਿਆ। ਇਹੋ ਜਿਹਾ ਦੌਰ ਵੀ ਆਇਆ ਜਦੋਂ ਬਿਮਾਰੀਆਂ ਅਤੇ ਗਰੀਬੀ ਨਾਲ ਨੰਗੇ ਪਿੰਡੇ ਲੜਨਾ ਪਿਆ। ਉਹ ਦੌਰ ਵੀ ਵੇਖੇ ਜਦੋਂ ਜੀਵਨ ਦਾ ਪਪੀਹਾ ਪਿਆਰ ਦੀ ਸਵਾਤੀ ਬੂੰਦ ਨੂੰ ਤਰਸਦਾ ਦੁਨੀਆਂ ਤੋ ਬੇਆਸ ਹੋ ਗਿਆ ਸੀ। ਉਹ ਸਮਾਂ ਵੀ ਆਇਆ ਜਦੋਂ ਹਾਲਾਤਾਂ ਦੇ ਧੱਕੇ ਨੇ ਹਿੰਮਤ ਦੀ ਤਲਵਾਰ ਖੋਹ ਕੇ ਸਮੇਂ ਅੱਗੇ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ ਪਰ ਮਾਵਾਂ ਦੇ ਬੋਲ ਬੁਜ਼ਦਿਲਾਂ ਨੂੰ ਸੂਰੇ ਤੇ ਸੂਰਿਆਂ ਨੂੰ ਕਾਇਰ ਬਨਾਉਂਣ ਦੀ ਤਾਕਤ ਰੱਖਦੇ ਹਨ। ਮੈਨੂੰ ਜੇ ਮਾਂ ਦੇ ਮੂੰਹੋਂ ਨਿਕਲੇ ਉਹ ਬੋਲ ਸੁਨਣ ਨੂੰ ਨਾ ਮਿਲਦੇ ਕਿ "ਪਹਿਲਾਂ ਤੁਹਾਡਾ ਪਿਉ ਸੀ ਫੇਰ ਆਹ ਜਿਹੜਾ ਮੰਜੇ ਤੇ ਪਿਆ ਇਹ ਜੰਮ ਪਿਆ ਤੇ ਹੁਣ ਤੂੰ ਵਾਢਾ ਰੱਖ ਲਿਆ" ਤਾਂ ਸ਼ਾਇਦ ਮੈਂ ਕਦੇ ਉੱਠਦਾ ਹੀ ਨਾ। ਡਿੱਗ ਕੋਈ ਵੀ ਸਕਦਾ ਹੈ ਪਰ ਡਿੱਗ ਕੇ ਜੇ ਕੋਈ ਚਿੱਕੜ ਨੂੰ ਹੀ ਤਕਦੀਰ ਮੰਨ ਲਵੇ ਫੇਰ ਉਹ ਢੀਠ ਹੈ ਤੇ ਜੋ ਡਿੱਗ ਕੇ ਉੱਠ ਖੜਿਆ ਉਹ ਬਹਾਦਰ ਹੈ। ਮੈਨੂੰ ਬੇਸ਼ੱਕ ਕੱਟੀ ਲੱਤ ਦੀ ਸੱਟ ਨੇ ਸਰੀਰਕ ਤੌਰ 'ਤੇ ਉੱਠਣ ਤੋਂ ਕਈ ਮਹੀਨੇ ਆਹਰੀ ਕਰੀ ਰੱਖਿਆ ਪਰ ਜੇ ਮਾਨਸਿਕ ਤੌਰ 'ਤੇ ਉੱਠਿਆ ਤਾਂ ਉਹ ਸੱਟ ਦੇ ਕਾਰਨ ਹੀ ਸੰਭਵ ਹੋਇਆ। ਮੈਂ ਬਲਿਹਾਰ ਜਾਂਦਾ ਹੈ ਉਸ ਜੀਪ ਵਾਲੇ ਦੇ ਜਿੰਨ੍ਹੇ ਮੈਨੂੰ ਮੰਜੇ 'ਤੇ ਪਾਇਆ ਕਿਉਂਕਿ ਜੇ ਸੱਟ ਨਾ ਲੱਗਦੀ ਤਾਂ ਮੈਂ ਘਰ ਬਾਰੇ ਤਾਂ ਕੀ ਕਦੇ ਆਪਣੇ-ਆਪ ਬਾਰੇ ਵੀ ਨਹੀਂ ਸੀ ਸੋਚ ਪਾਉਣਾ।