ਲੜਾਈ ਰਲ ਕੇ ਲੜੀ ਜਾਵੇ ਤਾਂ ਫ਼ਤਿਹ ਵੱਟ 'ਤੇ ਪਈ ਹੈ ਕਿਉਂਕਿ ਦੀਪ ਦੀਪ ਬਾਲੀਏ ਦੀਵਾਲੀ ਬਣ ਜਾਂਦੀ ਐ। ਕੋਈ ਵੀ ਬੁਰਾਈ ਨਾ ਪਲਾਂ 'ਚ ਆਉਂਦੀ ਹੈ ਤੇ ਨਾ ਸਕਿੰਟਾਂ 'ਚ ਜਾਂਦੀ ਹੈ। ਇਕ ਬੁਰਾਈ ਨੂੰ ਪਨਪਦਿਆਂ ਵੀ ਸਮਾਂ ਲੱਗਦਾ ਹੈ ਤੇ ਮਿਟਦਿਆਂ ਵੀ ਪਰ ਬੁਰਾਈ ਮਿਟੇਗੀ ਹਿੰਮਤ ਨਾਲ ਹੱਲੇ ਨਾਲ । ਅੱਜ ਉਹ ਘਰ ਵੀ ਵੇਖ ਰਿਹਾ ਹਾਂ ਜਿੰਨ੍ਹਾਂ ਦੇ ਸਾਈਆਂ ਨੇ ਕਿੱਲ੍ਹਿਆਂ ਦੇ ਕਿੱਲ੍ਹੇ ਠੇਕੇ ਵਾਲੀ ਮੋਰੀ 'ਚੋਂ ਕੱਢ ਦਿੱਤੇ ਪਰ ਅਗਾਂਹ ਉਨ੍ਹਾਂ ਦੇ ਫ਼ਰਜ਼ੰਦ ਅਮ੍ਰਿਤਧਾਰੀ ਹਨ। ਇਹ ਸ਼ੁਭ ਸੰਕੇਤ ਹੈ ਕਿ ਹਸ਼ਰ ਵੇਖ ਕੇ ਸਬਕ ਲਿਆ ਜਾ ਰਿਹਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਭ ਕੁਝ ਠੀਕ ਹੋ ਰਿਹਾ ਹੈ। ਇਹ ਸਿਰਫ਼ ਹਨੇਰਿਆਂ 'ਚ ਕਿਰਨ ਹੈ ਸਵੇਰ ਦਾ ਚੜ੍ਹਨਾ ਹਾਲੇ ਬਾਕੀ ਹੈ। ਇਹ ਇੱਕ ਜੰਗ ਹੈ ਜਿਸ ਵਿੱਚ ਹਰ ਕੋਈ ਸਹਿਯੋਗ ਪਾਵੇ ਤਾਂ ਜਿੱਤ ਮਿਲਣੀ ਹੈ। ਜੇ ਕਿਸੇ ਕੋਲ ਕਲਮ ਹੈ ਤਾਂ ਉਹ ਕਲਮ ਨਾਲ ਜੇ ਕਿਸੇ ਕੋਲ ਹੋਰ ਕਲਾ ਹੈ ਤਾਂ ਉਹ ਓਸ ਕਲਾ ਰਾਹੀਂ ਹਿੱਸਾ ਪਾਵੇ। ਇਹ ਲੜਾਈ ਹੀ ਜਾਗਰੂਕਤਾ ਦੀ ਹੈ ਕਿਉਂਕਿ ਜੇਕਰ ਖ਼ਪਤ ਖ਼ਤਮ ਹੋ ਗਈ ਵਪਾਰੀ ਆਪੇ ਮਰ ਜਾਣਗੇ ਉਨ੍ਹਾਂ ਲਈ ਬਾਰਡਰਾਂ 'ਤੇ ਧਰਨਿਆਂ ਦੇ ਵਿਖਾਵਿਆਂ ਦੀ ਲੋੜ ਨਹੀਂ। ਲੋੜ ਜਾਗਰੂਕਤਾ ਦੇ ਨਾਲ-ਨਾਲ ਸਮਾਜਿਕ ਨਜ਼ਰੀਆ ਬਦਲਣ ਦੀ ਵੀ ਹੈ ਕਿਉਂਕ ਸਾਡੇ ਸਮਾਜ ਵਿੱਚ ਨਸ਼ੇੜੀਆਂ ਨੂੰ ਇਨਸਾਨ ਨਹੀਂ ਮਰੇ ਸੱਪ ਸਮਝਿਆ ਜਾਂਦਾ। ਅਪਰਾਧੀਆਂ ਪ੍ਰਤੀ ਵੀ ਸਮਾਜ ਦੀਆਂ ਅੱਖਾਂ 'ਚ ਘ੍ਰਿਣਾ ਭਰੀ ਹੁੰਦੀ ਹੈ ਜਦਕਿ ਹਰ ਨਸ਼ੇੜੀ ਹਰ ਅਪਰਾਧੀ ਦੀ ਕਹਾਣੀ ਆਪਣੇ-ਆਪ 'ਚ ਇਕ ਸਿੱਖਿਆ ਸਮੋਈ ਬੈਠੀ ਹੁੰਦੀ ਹੈ। ਜੇ ਤ੍ਰਿਸਕਾਰ ਦੀ ਥਾਂ ਇਨ੍ਹਾਂ ਨੂੰ ਪਿਆਰ ਕੀਤਾ ਜਾਵੇ ਤਾਂ ਨਾ ਸਿਰਫ ਇਨ੍ਹਾਂ ਨੂੰ ਸੁਧਾਰਿਆ ਜਾ ਸਕਦਾ ਹੈ ਬਲਕਿ ਜਵਾਨੀ ਦੀ ਦਹਿਲੀਜ਼ 'ਤੇ ਖੜ੍ਹੀ ਪੀੜ੍ਹੀ ਲਈ ਮਿਸਾਲ ਵੀ ਰੱਖੀ ਜਾ ਸਕਦੀ ਹੈ। ਪਰ ਅਫ਼ਸੋਸ ਅਸੀਂ ਨਸ਼ੇੜੀ ਜਾਂ ਅਪਰਾਧੀ ਨੂੰ ਇਨਸਾਨ ਦੀ ਅੱਖ ਨਾਲ ਵੇਖਦੇ ਹੀ ਨਹੀਂ। ਇਹੀ ਨਫ਼ਰਤ ਉਨ੍ਹਾਂ ਨੂੰ ਸੁਧਾਰ ਦੇ ਰਾਹ ਨਹੀਂ ਪੈਣ ਦਿੰਦੀ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਇਹ ਦੁਨੀਆਂ ਕਦੇ ਉਨ੍ਹਾਂ ਨੂੰ ਅਪਣਾਏਗੀ ਨਹੀਂ। ਮੈਂ ਵੀ ਸਾਲਾਂ ਤੱਕ ਮੋਢਾ ਤਲਾਸ਼ਦਾ ਰਿਹਾ ਪਰ ਰੋਣ ਲਈ ਕੋਈ ਮੋਢਾ ਨਹੀਂ ਮਿਲਿਆ। ਇਹ ਸ਼ਾਇਦ ਸਮਾਜ ਦਾ ਵਤੀਰਾ ਸੀ ਪਰ ਬੇਸ਼ੱਕ ਸਮਾਜ ਨੇ ਮੈਨੂੰ ਆਪਣਾ ਨਹੀਂ ਸਮਝਿਆ ਪ੍ਰੰਤੂ ਮੈਂ ਸਮਾਜ ਨੂੰ ਆਪਣਾ ਸਮਝ ਲਿਆ। ਅੱਜ ਮੈਂ ਆਪਣੇ ਘਰ ਲਈ ਸਿਰਫ਼ ਕੁਝ ਮਿੰਟ ਕੱਢਦਾ ਹਾਂ ਜਦਕਿ ਸਮਾਜ ਲਈ ਮੇਰੇ ਦਿਨ 'ਚ 18 ਘੰਟੇ ਹੁੰਦੇ ਹਨ। ਸਮਾਜ ਨੂੰ ਨਸ਼ੇੜੀ-ਅਪਰਾਧੀ ਦਾ ਤ੍ਰਿਸਕਾਰ ਨਹੀਂ ਕਰਨਾ ਚਾਹੀਦਾ ਸਗੋਂ ਸਮਾਜ ਦਾ ਫਰਜ ਹੈ ਉਹ ਇਨ੍ਹਾਂ ਲਈ ਹੱਥ ਵਧਾਏ ਤਾਂ ਜੋ ਇਹ ਕਾਲੀ ਦਲਦਲ 'ਚੋਂ ਬਾਹਰ ਨਿਕਲ ਸਕਣ। ਕੋਈ ਲੱਖ ਦਰਜੇ ਦਾ ਨਸ਼ੇੜੀ ਹੋਵੇ ਕੋਈ ਜਿੰਨ੍ਹਾਂ ਮਰਜ਼ੀ ਕਰੂਰ ਅਪਰਾਧੀ ਹੋਵੇ ਪਰ ਹੈ ਤਾਂ ਉਹ ਇਨਸਾਨ ਤੇ ਇਨਸਾਨ ਬਦਲਦਿਆਂ ਸਿਰਫ ਏਨੀ ਕੁ ਦੇਰ ਲੱਗਦੀ ਹੈ ਜਿੰਨ੍ਹੀ ਜ਼ਿੰਦਗੀ ਨੂੰ ਮੌਤ 'ਚ ਬਦਲਦਿਆਂ ਤੇ ਮੌਤ ਦੇ ਮੂੰਹ 'ਚੋਂ ਬਚਦਿਆਂ। ਬਦਲਾਅ ਦੀ ਖੇਡ ਵੀ ਇਕਦਮੀ ਹੈ। ਇਸ ਲਈ ਸਭ ਤੋਂ ਜ਼ਰੂਰੀ ਹੈ ਨਸ਼ੇੜੀ ਨਾਲ ਹਮਦਰਦੀ ਰੱਖਣ ਦੀ, ਉਸ ਨੂੰ ਪਿਆਰ ਦੇਣ ਦੀ, ਪਰ ਹੋ ਇਸ ਤੋਂ ਉਲਟ ਰਿਹਾ ਹੈ ਮਾਪੇ ਅਤੇ ਭੈਣ-ਭਰਾ ਵੀ ਨਸ਼ੇੜੀ ਨੂੰ ਮਨਾਂ 'ਚੋਂ ਮਾਰ ਦਿੰਦੇ ਹਨ। ਇਹ ਇੰਝ ਹੈ ਜਿਵੇਂ ਕਿਸੇ ਨੱਕ ਤੱਕ ਡੁੱਬ ਚੁੱਕੇ ਦੇ ਸਿਰ 'ਚ ਘੜਿਆਂ ਨਾਲ ਮਣਾਂ-ਮੂੰਹੀਂ ਹੋਰ ਪਾਣੀ ਪਾ ਦੇਣਾ। ਸੁਧਾਰ ਪਿਆਰ 'ਚੋਂ ਪਨਪਦਾ ਹੈ।