ਮੇਰੀ ਜਾਨ 'ਤੇ ਉਦੋਂ ਬਣ ਆਈ ਜਦੋਂ ਅਬੋਹਰ ਦੀ ਪੁਲਸ ਮੇਰਾ ਰਿਮਾਂਡ ਲੈਣ ਲਈ ਆ ਪ੍ਰਗਟ ਹੋਈ। ਮੈਨੂੰ ਪੁਲਸ ਵਾਲਿਆਂ ਦੱਸਿਆ ਕਿ ਹੁਣ ਤੇਰੇ ਤੋਂ ਇਹ ਪੁੱਛਗਿੱਛ ਕਰਨਗੇ। ਮੇਰੀਆਂ ਅੱਖਾਂ ਅੱਗੇ ਘੋਟੇ ਤੇ 'ਖਾਕੀ ਬਘਿਆੜ' ਘੁੰਮਣ ਲੱਗੇ। ਮੈਂ ਖੁਦ ਨੂੰ ਸ਼ੇਰਾਂ ਦੀ ਫੌਜ 'ਚ ਘਿਰਿਆ ਉਹ ਲੇਲਾ ਸਮਝ ਰਿਹਾ ਸਾਂ ਜਿਹਦੇ ਸਾਹ ਤਾਂ ਚੱਲ ਰਹੇ ਸੀ ਪਰ ਡਰ ਨਾਲ ਮੌਤ ਉਸ ਦੀ ਕਦੋਂ ਦੀ ਹੋ ਚੁੱਕੀ ਸੀ। ਦੋ ਦਿਨ ਦਾ ਰਿਮਾਂਡ ਅਬੋਹਰ ਪੁਲਸ ਲੈ ਕੇ ਮੈਨੂੰ ਜਿਪਸੀ 'ਚ ਇੰਝ ਲੱਦ ਲੈ ਗਈ ਜਿਵੇਂ ਕਬਾੜੀਆ ਕਬਾੜ ਲੱਦ ਕੇ ਲਿਜਾਂਦੈ। ਅਬੋਹਰ ਦਾ ਸਦਰ ਥਾਣਾ ਓਨ੍ਹੀ ਦਿਨੀਂ ਨਿਰਮਾਣ ਅਧੀਨ ਸੀ । ਮੈਨੂੰ ਜਾਂਦਿਆਂ ਇੱਕ ਕੁਆਰਟਰ 'ਚ ਬੰਦ ਕਰ ਦਿੱਤਾ ਗਿਆ। ਇੱਥੇ ਇੱਕ ਬਿਪਤਾ ਮੇਰੀ ਗਲ ਨਹੀਂ ਲੱਤਾਂ ਨੂੰ ਪੈ ਗਈ। ਕਿਤੇ ਭੱਜ ਨਾ ਜਾਵਾਂ ਏਸ ਲਈ ਮੋਰੀਆਂ ਲੱਤਾਂ ਕਾਠ (ਸੁਹਾਗੇ ਦੀ ਤਰ੍ਹਾਂ ਲੱਕੜ ਦਾ ਇੱਕ ਸੰਦ ਹੁੰਦਾ ਹੈ ਜੀਹਦੇ ਵਿੱਚ ਲੱਤਾਂ ਫਸਾ ਕੇ ਜਿੰਦਰਾ ਲਾ ਦਿੱਤਾ ਜਾਂਦਾ ਹੈ ਬੰਦਾ ਪਾਸਾ ਵੀ ਨਹੀਂ ਲੈ ਸਕਦਾ) 'ਚ ਦੇ ਦਿੱਤੀਆਂ ਗਈਆਂ। ਇਹ ਪੰਗਾ ਪਹਿਲੀ ਵਾਰ ਗਲ ਪਿਆ ਸੀ ਪਰ ਜਲਦੀ ਹੀ ਮੈਨੂੰ ਮਿਲਣ ਮੇਰਾ ਫੁੱਫੜ ਜੋ ਸੀ. ਆਈ. ਡੀ. ਇੰਸਪੈਕਟਰ ਸੀ, ਆ ਗਿਆ, ਉਸ ਨੇ ਮੇਰੀ ਇੱਕ ਲੱਤ ਕਢਵਾ ਦਿੱਤੀ ਤੇ ਨਾਲੇ ਮੰਤਰੀ ਨੂੰ ਕਿਹਾ ਕਿ ਇਸ ਨੂੰ ਖਾਣ ਲਈ ਭਰਪੂਰ ਮਾਤਰਾ 'ਚ ਡੋਡੇ ਦਿੱਤੇ ਜਾਣ। ਆਪਣੀ ਤਾਂ ਤਬੀਅਤ ਖਿੜ ਗਈ ਜਦੋਂ ਮੰਤਰੀ ਨੇ ਡੋਡਿਆਂ ਵਾਲਾ ਗੱਟਾ ਈ ਖੋਲ੍ਹ ਲਿਆ। ਸਾਬਤ ਡੋਡੇ ਪਹਿਲੇ ਵਾਰ ਖਾਧੇ ਤਾਂ ਪੋਹ 'ਚ ਪਸੀਨੇ ਦੀਆਂ ਧਾਰਾਂ ਛੁੱਟ ਪਈਆਂ। ਥਾਣੇ 'ਚ ਲੱਗੇ ਪਿੰਡ ਦੇ ਮੁਲਾਜਮ ਬਰਾਬਰ ਚਾਹ ਦੀ ਸੇਵਾ ਕਰੀ ਜਾ ਰਹੇ ਸਨ। ਅਬੋਹਰ ਥਾਣੇ ਦਾ ਐਸ.ਐਚ.ਓ. ਬਜ਼ੁਰਗ ਤੇ ਬੜਾ ਸੁਲਝਿਆ ਇਨਸਾਨ ਸੀ। ਉਸ ਨੇ ਮੇਰੇ ਤੋਂ ਕੋਈ ਪੁੱਛਗਿਛ ਨਹੀਂ ਕੀਤੀ। ਅਗਲੀ ਸਵੇਰ ਬੱਸ ਮੇਰੇ ਮੂੰਹੋਂ ਕਹਾਣੀ ਹੀ ਸੁਣੀ। ਸਾਰਾ ਦਿਨ ਪੁਲਸ ਵਾਲੇ ਕੇਸ ਤਿਆਰ ਕਰਦੇ ਰਹੇ। ਯਾਅਨੀ ਇੱਕੋ ਗੁਨਾਹ ਦੇ ਦੋ ਕੇਸ ਮੇਰੇ 'ਤੇ ਦਰਜ ਹੋਏ ਸਨ ਕਿਉਂਕਿ ਜਿੱਥੋਂ ਅਸੀਂ ਪੈਸੇ ਖੋਹੇ ਸਨ ਉਹ ਫਿਰੋਜਪੁਰ ਜ਼ਿਲ੍ਹੇ ਦਾ ਏਰੀਆ ਸੀ ਤੇ ਜਿੱਥੇ ਆ ਕੇ ਪੁਲਸ ਦੇ ਢਹੇ ਚੜ੍ਹੇ ਉਹ ਮੁਕਤਸਰ ਦਾ ਇਲਾਕਾ ਸੀ। ਸਭ ਕੁਝ ਠੀਕ ਸੀ ਪਰ ਕਾਠ 'ਚ ਫਸੀਆਂ ਲੱਤਾਂ ਬੜਾ ਦੁਖਦਾਈ ਵਰਤਾਰਾ ਸੀ ਪਰ ਵਸੀਆਂ ਨੂੰ ਫ਼ਟਕਣ ਕੇਹੀ ? ਅਗਲੇ ਦਿਨ ਮੈਨੂੰ ਅਬੋਹਰ ਅਦਾਲਤ ਪੇਸ਼ ਕਰਕੇ ਫਾਜ਼ਿਲਕਾ ਜੇਲ੍ਹ ਭੇਜ ਦਿੱਤਾ ਗਿਆ। ਸ਼ਾਮੀਂ ਪੰਜ ਕੁ ਵਜੇ ਮੈਂ ਪਹਿਲੀ ਵਾਰ ਜੇਲ੍ਹ ਦੀ ਦਹਿਲੀਜ਼ ਪਾਰ ਕੀਤੀ। ਪੁਲਸ ਵਾਲੇ ਮੈਨੂੰ ਜੇਲ੍ਹ ਛੱਡ ਕੇ ਮੈਨੂੰ ਮੇਰੇ ਬਿਹਤਰ ਭਵਿੱਖ ਦੀ ਕਾਮਨਾ ਦੇ ਕੇ ਛੱਡ ਤੁਰੇ।