ਸੂਈ ਦੇ ਜ਼ਖ਼ਮ
ਮੇਰੀ ਜ਼ਮਾਨਤ ਮੇਰੇ ਬਾਪੂ ਨੇ ਮੱਝ ਵੇਚਕੇ ਕਰਵਾਈ ਪਰ ਮੈਂ ਫਿਰ ਵੀ ਵਾਅਦੇ 'ਤੇ ਨਾ ਰਿਹਾ। ਆ ਕੇ ਮੈਂ ਫੇਰ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ। ਹਰ ਸਮੇਂ ਨਸ਼ਾ, ਹਰ ਸਮੇਂ ਚੱਕਰਵਰਤੀ, ਇਹੀ ਮੇਰੀ ਜ਼ਿੰਦਗੀ ਸੀ। ਹਾਲ ਇਹ ਹੋ ਗਿਆ ਕਿ ਮੇਰੇ ਸਰੀਰ 'ਤੇ ਟੀਕੇ ਪੱਕਣੇ ਸ਼ੁਰੂ ਹੋ ਗਏ। ਮੈਂ ਜਿੱਥੇ ਵੀ ਟੀਕਾ ਲਾਉਂਦਾ ਉੱਥੇ ਹੀ ਪੱਕ ਜਾਂਦਾ। ਅੱਜ ਵੀ ਮੇਰੇ ਸਰੀਰ 'ਤੇ ਪੱਕੇ ਹੋਏ ਟੀਕਿਆਂ ਦੇ ਬਹੁਤ ਸਾਰੇ ਨਿਸ਼ਾਨ ਮੌਜੂਦ ਹਨ। ਕਈ-ਕਈ ਇੰਚ ਡੂੰਘੀਆਂ ਮੋਰੀਆਂ ਹੋ ਜਾਂਦੀਆਂ ਤੇ ਵਿਚ ਰੇਸ਼ਾ ਪੈ ਜਾਂਦਾ। ਜ਼ਖਮਾਂ 'ਚੋਂ ਮੁਸ਼ਕ ਆਉਂਦਾ ਰਹਿੰਦਾ। ਇੱਕ ਵਾਰ ਅਸੀਂ ਦਾਨੇਵਾਲਾ ਪਿੰਡ ਖੇਡਣ ਗਏ। ਮੇਰੇ ਸਰੀਰ 'ਤੇ ਚਾਰ-ਪੰਜ ਟੀਕੇ ਪੱਕੇ ਹੋਏ ਸਨ। ਪੈਰਾਂ 'ਤੇ ਲਿਫ਼ਾਫ਼ੇ ਤੇ ਪੱਟੀਆਂ ਦੀ ਭਰਮਾਰ ਸੀ। ਮੈਂ ਫਿਰ ਵੀ ਲੈਦਰ ਦੀ ਬਾਲ 'ਤੇ ਕੀਪਿੰਗ ਕਰ ਰਿਹਾ ਸੀ ਉਹ ਵੀ ਵਿਕਟਾਂ ਦੇ ਉਤੇ ਖੜ੍ਹ ਕੇ। ਅੰਪਾਇਰ ਮੇਰੇ ਕੋਲ ਆਇਆ ਤੇ ਪੱਟੀਆਂ ਵੇਖ ਕੇ ਬੋਲਿਆ "ਭਾਊ। ਕਾਰਗਿਲ 'ਚੋਂ ਆਇਆ ਏਂ? ਏਨੀਆ ਪੱਟੀਆਂ ਤਾਂ ਜੰਗ ਲੜ ਕੇ ਆਏ ਦੇ ਹੀ ਲੱਗ ਸਕਦੀਆਂ ਨੇ।" ਓਨ੍ਹਾਂ ਦਿਨਾਂ 'ਚ ਕਾਰਗਿਲ ਯੁੱਧ ਦੀ ਬੜੀ ਚਰਚਾ ਸੀ। ਹੁਣ ਮੇਰੀਆਂ ਨਾੜਾਂ ਵੀ ਮਰ ਗਈਆਂ। ਟੀਕਾ ਲਾਉਂਣ ਲਈ ਨਾੜ ਨਹੀਂ ਸੀ ਲੱਭਦੀ। ਜਿੱਥੇ ਲੱਗਦਾ ਉੱਥੇ ਟੀਕਾ ਪੱਕ ਜਾਂਦਾ। ਮੈਂ ਗੁਪਤ ਅੰਗ 'ਚ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ। ਕੁਝ ਮਹੀਨੇ ਲਾਉਂਦਾ ਰਿਹਾ ਫੇਰ ਉੱਥੇ ਵੀ ਟੀਕੇ ਪੱਕਣੇ ਸ਼ੁਰੂ ਹੋ ਗਏ। ਫਿਰ ਕਿਸੇ ਨੇ ਦੱਸਿਆ ਕਿ ਖੁੱਚ ਵਿੱਚ ਇੱਕ ਮੋਟੀ ਨਾੜ ਹੁੰਦੀ ਹੈ। ਮੈਂ ਖੁੱਚ ਵਿੱਚ ਟੀਕੇ ਲਾਉਣ ਲੱਗ ਪਿਆ। ਝੁਕ ਕੇ ਖੁੱਚ 'ਚ ਟੀਕਾ ਲਾਉਣਾ ਵਾਕਿਆ ਕਲਾ ਦਾ ਕੰਮ ਸੀ ਤੇ ਮੈਂ ਏਸ ਕੰਮ 'ਚ ਸ਼ਹਿਰ 'ਚ ਮਾਹਰ ਸੀ ਪਰ ਖੁੱਚ ਵੀ ਜ਼ਿਆਦਾ ਦੇਰ ਤੱਕ ਨਸ਼ੇ ਦੀ ਸੂਈ ਦੀ ਚੋਭ ਝੱਲ ਨਾ ਸਕੀ ਤੇ ਉਥੇ ਵੀ ਟੀਕੇ ਪੱਕ ਗਏ। ਹੁਣ ਟੀਕੇ ਨਹੀਂ ਸਨ ਲੱਗ ਸਕਦੇ ਪਰ ਮੈਂ ਮਜ਼ਬੂਰ ਸੀ। ਮੇਰੇ ਤੋਂ ਟੀਕੇ ਛੱਡੇ ਨਹੀਂ ਸੀ ਜਾਂਦੇ। ਅਲਫ਼ ਨੰਗਾ ਕਰਕੇ ਦੋ- ਤਿੰਨ ਜਣੇ ਨਾੜ ਲੱਭਕੇ ਮੈਨੂੰ ਟੀਕਾ ਲਾਉਂਦੇ। ਕਈ ਵਾਰ ਸੌ-ਸੌ ਵਾਰੀਂ ਸੂਈ ਲੱਗਦੀ। ਮੈਨੂੰ ਡੁੱਲਦੇ ਖੂਨ ਜਾ ਪੱਕੇ ਟੀਕਿਆਂ ਨਾਲ ਵਾਸਤਾ ਨਾ ਹੁੰਦਾ ਕਿਉਂਕਿ ਟੀਕਾ ਨਾ ਲੱਗਣ ਦੀ ਸੂਰਤ 'ਚ ਮੇਰੀ ਜਾਨ ਨਿਕਲਦੀ। ਹੁਣ ਮੈਂ ਖੁਦ ਲਈ ਮੌਤ ਮੰਗਣ ਲੱਗ ਪਿਆ। ਮੇਰੇ ਬਾਪੂ ਨੇ ਮੈਨੂੰ ਫੇਰ ਸਮਝਾਇਆ ਕਿ “ਮੇਰੀ ਏਨੀ ਗੱਲ ਮੰਨ ਟੀਕੇ ਛੱਡਦੇ ਤੈਨੂੰ ਭੁੱਕੀ ਤੇ ਸ਼ਰਾਬ ਮੈਂ ਦਿਆ ਕਰਾਂਗਾ ਮੈਂ ਜਿੱਥੋਂ ਮਰਜ਼ੀ ਲਿਆਵਾਂ।" ਮੈਂ ਮੰਨ ਗਿਆ ਪਰ ਮੈਂ ਸ਼ਰਤ ਰੱਖੀ ਕਿ ਇੱਕ ਬੋਤਲ ਸ਼ਰਾਬ ਦੀ ਸ਼ਾਮ ਨੂੰ ਛੇ ਵਜੇ ਤੇ ਇੱਕ ਗਲਾਸੀ ਭੁੱਕੀ ਦੀ ਸਵੇਰੇ ਚਾਰ ਵਜੇ ਲਿਆ ਕਰਾਂਗਾ। ਬਾਪੂ ਮੰਨ ਗਿਆ। ਕੀ ਕਰਦਾ ਵਿਚਾਰਾ? ਔਲਾਦ ਲੇਖਾ ਜੁ ਲੈ ਰਹੀ ਸੀ।