ਦਰਬਾਰ
ਇਸ਼ਕ, ਮੁਹੱਬਤ, ਧੋਖੇ ਅਤੇ ਅਹਿਸਾਨਾਂ ਤੋਂ ਪ੍ਰਭਾਵਿਤ ਨੌਜਵਾਨ...
ਅਮਰਿੰਦਰ ਮਾਨ
ਮੇਰੀ ਅੰਮੀ ਦੀ ਅੰਮੀ ਨੂੰ,
"ਰਾਏ ਕੌਰ"
ਨਾਨੀ ਜੀ
ਸ਼ੁਕਰਗੁਜ਼ਾਰੀ
ਇਹ ਕਿਤਾਬ ਨਹੀਂ, ਲੋਕਾਂ ਦੀਆਂ ਹੀ ਗੱਲਾਂ ਹਨ ਜੋ ਮੇਰੇ ਵੱਲੋਂ ਲੋਕਾਂ ਨੂੰ ਹੀ ਮੁਬਾਰਕ ਹਨ। ਇਹ ਕਿਤਾਬ ਨੂੰ ਲਿਖਣ ਲਈ ਪਹਿਲਾਂ ਮੈਨੂੰ ਖਿਆਲ ਆਇਆ, ਫੇਰ ਵਿਚਾਰ ਆਇਆ ਅਤੇ ਵਿਚਾਰਾਂ ਦੀ ਜੰਗ 'ਚ ਉੱਤਰ ਕੇ ਮੈਂ ਇਸ ਕਿਤਾਬ ਵਿੱਚ ਆਪਣੇ ਬਹੁਤ ਸਾਰੇ ਵਿਚਾਰਾਂ ਨਾਲ ਵਿਚਾਰ ਸਾਂਝੇ ਕੀਤੇ ਹਨ ਅਤੇ ਇੱਕ ਵਿਚਾਰ ਸੰਗ੍ਰਹਿ ਤਿਆਰ ਕੀਤਾ ਹੈ। ਇਹ ਕਿਤਾਬ ਇੱਕ ਵਿਚਾਰਧਾਰਾ ਹੈ ਜੋ ਜ਼ਿੰਦਗੀ, ਜ਼ਿੰਦਗੀਆਂ ਦੇ ਅਸਰ ਅਤੇ ਅਮਲ ਤੋਂ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਿਤਾਬ ਜ਼ਿੰਦਗੀ ਨੂੰ ਬਿਹਤਰ ਤੋਂ ਬਿਹਤਰੀਨ ਬਣਾਉਣ ਦਾ ਯਤਨ ਹੈ।
ਜੇ ਮੈਂ ਸ਼ੁਰੂ ਤੋਂ ਸ਼ੁਰੂ ਕਰਾਂ ਤਾਂ ਮੈਨੂੰ ਯਾਦ ਹੈ ਜਦੋਂ ਨਿੱਕੇ ਹੁੰਦੇ ਮੇਰੇ ਸਕੂਲ ਦਾ ਟਾਈਮ ਹੁੰਦਾ ਸੀ ਤਾਂ ਮੈਨੂੰ ਇੱਦਾਂ ਦਾ ਬੁਖ਼ਾਰ ਚੜ੍ਹਦਾ ਹੁੰਦਾ ਸੀ ਜਿਹੜਾ ਦਸ ਵੱਜਦੇ ਨੂੰ ਉੱਤਰ ਜਾਂਦਾ ਸੀ। ਬੁਖ਼ਾਰ ਚੜ੍ਹਨ ਦਾ ਇਹ ਸਿਲਸਿਲਾ ਮੇਰੀ ਦੂਸਰੀ ਤੀਸਰੀ ਸ਼੍ਰੇਣੀ ਤੱਕ ਚੱਲਿਆ। ਮੈਨੂੰ ਬਹੁਤਿਆਂ ਨੇ ਇਹ ਕਿਹਾ ਕਿ ਦੇਖਕੇ ਚੱਲੀਂ ਜ਼ਿੰਦਗੀ ਚਾਰ ਦਿਨਾਂ ਦੀ ਹੈ, ਅੱਗੋਂ ਮੈਂ ਵੀ ਕਹਿਤਾ ਮੈਨੂੰ ਵੀ ਗਿਣਤੀ ਨਹੀਂ ਆਉਂਦੀ। ਅੱਜ ਵੀ ਮੈਨੂੰ ਚੇਤੇ ਹੈ, ਨਿੱਕੇ ਹੁੰਦੇ ਸਕੂਲ ਜਾਂਦੇ ਹੋਏ ਮੇਰੀ ਅੰਮੀ ਦੇ ਆਟੇ ਨਾਲ ਲਿੱਬੜੇ ਹੋਏ ਹੱਥਾਂ ਦਾ ਮੇਰੀ ਗਲ ਤੇ ਲਗਾ ਕੇ ਲਾਡ ਕਰਨਾ, ਫੇਰ ਆਏ ਸ਼ਨੀਵਾਰ, ਸਾਨੂੰ ਦੋਹੇ ਭਰਾਵਾਂ ਨੂੰ ਖਾਣ ਲਈ ਕੁਝ ਖਾਸ ਬਣਾ ਕੇ, ਸਕੂਲ ਭੇਜਣਾ, ਗਾਲ਼ਾਂ ਸੁਣਨਾ, ਝਿੜਕਾਂ ਸੁਣਨਾ ਜਿੰਨਾ ਦਾ ਮੇਰੀ ਜ਼ਿੰਦਗੀ ਵਿੱਚ ਕਾਫ਼ੀ ਯੋਗਦਾਨ ਹੈ ਅਤੇ ਸਾਰੀ ਉਮਰ ਰਹੇਗਾ। ਸਾਡੇ ਕੁਲ ਪਰਿਵਾਰ 'ਚ ਹੋਰ ਕਿਸੇ ਨਾਲ ਮੇਰਾ ਤੇ ਮੇਰੇ ਭਰਾ, ਅਵਤਾਰ ਮਾਨ ਦਾ ਕੋਈ ਏਨਾ ਲਗਾਓ ਨਹੀਂ ਰਿਹਾ, ਜਿੰਨਾ ਮੇਰੀ ਨਾਨੀ ਜੀ ਨਾਲ ਰਿਹਾ। ਮੇਰਾ ਤੇ ਮੇਰੇ ਵੱਡੇ ਭਰਾ ਦਾ ਨਾਨੀ ਨਾਲ ਬਹੁਤ ਪਿਆਰ ਸੀ ਅਤੇ ਸਦਾ ਰਹਿਣਾ ਹੈ। ਨਾਨੀ ਜੀ ਨੇ ਜਦ ਵੀ ਸਾਡੇ ਕੋਲ ਆਉਣਾ ਸੇਵੀਆਂ, ਪਿੰਨੀਆਂ, ਮਿਠਾਈਆਂ ਅਤੇ ਹੋਰ ਢੇਰ ਸਾਰਾ
ਸਮਾਨ ਸਾਡੇ ਲਈ ਲੈ ਕੇ ਆਉਣਾ। ਕਦੇ ਕਦੇ ਮੈਨੂੰ ਇੰਝ ਵੀ ਲੱਗਦਾ ਸੀ ਕਿ ਮੇਰੀ ਨਾਨੀ ਨੇ ਸਾਡੇ ਦੋਵਾਂ ਭਰਾਵਾਂ ਦਾ ਆਪਣੀ ਧੀ ਤੋਂ ਵੀ ਜ਼ਿਆਦਾ ਮਤਲਬ ਸਾਡੀ ਅੰਮੀ ਤੋਂ ਵੀ ਜ਼ਿਆਦਾ ਮੋਹ ਕੀਤਾ ਹੈ। ਮੇਰੀ ਨਾਨੀ ਦਾ ਸੰਘਰਸ਼, ਆਤਮਵਿਸ਼ਵਾਸ ਬਹੁਤ ਬਾ-ਕਮਾਲ ਸੀ। ਅੱਜ ਵੀ ਮੈਂ ਮੇਰੀ ਨਾਨੀ ਨੂੰ ਯਾਦ ਕਰ ਕੇ ਭਾਵੁਕ ਹੋ ਜਾਂਦਾ ਹਾਂ। ਭਾਵੇਂ ਅੱਜ ਮੈਂ ਰੋਟੀ ਕਮਾਉਣ ਜੋਗਾ ਹੋ ਗਿਆ ਹਾਂ ਪਰ ਮੇਰੀ ਨਾਨੀ ਦੇ ਚੁੰਨੀ ਲੜ ਬੰਨੇ ਪੈਸਿਆਂ 'ਚੋਂ ਚੀਜ਼ ਖਾਣ ਦਾ ਮੋਹ ਮੈਨੂੰ ਅੱਜ ਵੀ ਨਹੀਂ ਭੁੱਲਿਆ ਅਤੇ ਨਾ ਹੀ ਕਦੇ ਭੁੱਲਣਾ ਹੈ। ਬੱਸ ਇੱਕੋ ਹੀ ਗ਼ਮ ਹੈ ਕਿ ਜੇ ਅੱਜ ਮੇਰੀ ਨਾਨੀ ਜੀ ਹੁੰਦੇ ਤਾਂ ਸਾਨੂੰ ਕਾਮਯਾਬ ਵੇਖ ਕੇ ਖੁਸ਼ ਹੁੰਦੇ।
ਖ਼ੈਰ, ਦੁੱਖ ਸੁੱਖ, ਸੁੱਖ ਦੁੱਖ ਜ਼ਿੰਦਗੀ ਦਾ ਹਿੱਸਾ ਹਨ ਜੋ ਇਨਸਾਨ ਦੇ ਨਾਲ ਪਰਛਾਵੇਂ ਵਾਂਗ ਚੱਲਦੇ ਰਹਿੰਦੇ ਹਨ। ਜੇ ਮੈਂ ਇਸ ਕਿਤਾਬ ਨੂੰ ਲਿਖਣ ਬਾਰੇ ਗੱਲ ਕਰਾਂ ਤਾਂ ਇਸ ਕਿਤਾਬ ਦਾ ਅੱਧਾ ਹਿੱਸਾ ਇੰਡੀਆ, ਪੰਜਾਬ ਵਿੱਚ ਲਿਖਿਆ ਗਿਆ ਹੈ ਅਤੇ ਅੱਧੇ ਤੋਂ ਵੀ ਅੱਧਾ ਹਿੱਸਾ ਕੈਨੇਡਾ, ਉਨਟੈਰਿਓ ਵਿੱਚ ਲਿਖਿਆ ਗਿਆ ਹੈ। ਸਮਾਂ ਲੱਗਿਆ, ਸਮਾਂ ਲੰਘਿਆ, ਅੱਜ ਇਹ ਕਿਤਾਬ ਹਾਜ਼ਰ ਹੈ ਤੁਹਾਡੀਆਂ ਅੱਖਾਂ ਸਾਹਮਣੇ, ਤੁਹਾਡੇ ਪਵਿੱਤਰ ਹੱਥਾਂ ਵਿੱਚ, ਜਿੰਨਾ ਦਾ ਦੇਣ ਮੈਂ ਧੁਰ ਉਮਰ ਤਕ ਨਹੀਂ ਦੇ ਸਕਦਾ। ਇਹ ਮੇਰੀ ਪਹਿਲੀ ਕਿਤਾਬ ਹੈ, ਤਾਂ ਮੇਰੀ ਇਸ ਕਿਤਾਬ ਨੂੰ ਆਪਣੇ ਪਹਿਲੇ ਪਿਆਰ ਜਿੰਨਾ ਮਾਣ ਬਖਸ਼ਿਓ। ਇਸ ਕਿਤਾਬ ਨੂੰ ਲਿਖਣ ਵਿੱਚ ਜਿੰਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਸ਼ੁਕਰੀਆ ਕਰਨਾ ਚਾਹਾਂਗਾ ਉਨ੍ਹਾਂ ਪੈਂਤੀ ਪੰਜਾਬੀ ਅੱਖਰਾਂ ਦਾ, ਪੰਜਾਬੀ ਮਾਂ ਬੋਲੀ ਦਾ, ਧਰਤੀ ਦਾ, ਜਲਵਾਯੂ ਦਾ, ਤਕਨਾਲੋਜੀ ਦਾ, ਪਾਠਕਾਂ ਦਾ, ਪ੍ਰਕਾਸ਼ਕ ਦਾ, ਆਪਣੇ ਆਪ ਦਾ।
ਮੈਂ ਬੜੇ ਨਿੱਘੇ ਮਨ ਨਾਲ ਤੁਹਾਡਾ ਸੁਆਗਤ ਕਰਦਾ ਹਾਂ, ਆਪਣੇ ਵਿਚਾਰਾਂ ਦੇ "ਦਰਬਾਰ" ਵਿੱਚ।
ਧੰਨਵਾਦ ਸਹਿਤ,
5 ਮਾਰਚ, 2023
ਅਮਰਿੰਦਰ ਮਾਨ
ਕੈਨੇਡਾ
-ਟੁੱਟਣ ਤੋਂ ਪਹਿਲਾਂ ਜੁੜਨਾ ਸਿੱਖੋ, ਪਹਿਲਾਂ ਰੁੜ੍ਹਨਾ ਸਿੱਖੋ ਫੇਰ ਤੁਰਨਾ ਸਿੱਖੋ।
-ਤੁਹਾਡੀ ਜ਼ਿੰਦਗੀ ਦੀ ਫ਼ਿਲਮ ਦੇ ਤੁਸੀਂ ਖੁਦ ਆਪ ਹੀ ਨਾਇਕ ਹੋ, ਆਪ ਹੀ ਲੇਖਕ ਹੋ, ਆਪ ਹੀ ਨਿਰਦੇਸ਼ਕ ਹੋ ਅਤੇ ਆਪ ਹੀ ਨਿਰਮਾਤਾ ਹੋ।
-ਦੇਸੀ ਘਿਓ, ਪੈਸਾ ਅਤੇ ਸਫ਼ਲਤਾ ਕਿਸੇ ਕਿਸੇ ਨੂੰ ਹੀ ਪਚਦੀ ਹੁੰਦੀ ਹੈ।
-ਉਮਰ ਵਧਣ ਦੇ ਨਾਲ ਨਾਲ ਕੁਝ ਸਿਆਣੇ ਹੋਰ ਸਿਆਣੇ ਹੋ ਜਾਂਦੇ ਹਨ ਅਤੇ ਕੁਝ ਸਿਆਣੇ ਨਿਆਣੇ ਹੋ ਜਾਂਦੇ ਹਨ।
-ਕੋਈ ਪੀਂਦਾ ਗ਼ਮ ਮਿਟਾਉਣੇ ਨੂੰ, ਕੋਈ ਪੀਂਦਾ ਖੁਸ਼ੀ ਵਧਾਉਣੇ ਨੂੰ, ਕਈਆਂ ਨੇ ਰੱਖੀ ਖੁਰਾਕ "ਦਾਰੂ", ਕੋਈ ਪੀਂਦਾ ਮੂਡ ਬਣਾਉਣੇ ਨੂੰ।
-"ਮਾਂ" ਸ਼ਬਦ ਆਪਣੇ ਆਪ ਵਿੱਚ ਛੋਟਾ ਜਿਹਾ ਜਾਪਦਾ ਹੈ ਪਰ ਇਹ ਸ਼ਬਦ ਆਪਣੇ ਦਰਜੇ ਵਿੱਚ ਬਹੁਤ ਵੱਡਾ ਹੈ।
-ਪਿਆਰ ਦਿਆਂ ਮਾਮਲਿਆਂ ਚ ਕਦੇ ਵੇਖ ਲਿਓ ਕਿਉਂ ਹਰ ਵਾਰੀ ਮੁੰਡੇ ਬਦਨਾਮ ਹੁੰਦੇ ਆ?
-ਕਿਸੇ ਨੂੰ ਚਾਹੁਣ ਅਤੇ ਪਿਆਰ ਕਰਨ ਵਿੱਚ ਬਹੁਤ ਫ਼ਰਕ ਹੁੰਦਾ, ਹੈ ਕਿ ਨਹੀਂ?
-ਕੁਝ ਲੋਕ ਮਹਿੰਗੀ ਘੜੀ ਖਰੀਦ ਕੇ ਵਿਵਹਾਰ ਇਸ ਤਰ੍ਹਾਂ ਕਰਦੇ ਹਨ ਜਿਵੇਂ ਉਨ੍ਹਾਂ ਨੇ ਸਮਾਂ ਹੀ ਮੁੱਲ ਲੈ ਲਿਆ ਹੋਵੇ।
-ਅਮੀਰ ਉਹ ਨਹੀਂ ਹੁੰਦਾ, ਜਿਸ ਕੋਲ ਪੈਸਾ ਹੁੰਦਾ ਹੈ, ਅਮੀਰ ਉਹ ਹੁੰਦਾ ਹੈ, ਜਿਸ ਨੂੰ ਪੈਸਾ ਵਰਤਣਾ ਅਤੇ ਸੰਭਾਲਣਾ ਆਉਂਦਾ ਹੈ।
-ਝੰਡਾ ਚੁੱਕਣ ਅਤੇ ਝੰਡਾ ਗੱਡਣ ਵਿੱਚ ਬਹੁਤ ਫ਼ਰਕ ਹੁੰਦਾ ਹੈ।
-ਜਗ੍ਹਾ ਜਗ੍ਹਾ ਤੇ ਹਰ ਜਗ੍ਹਾ ਤੇ ਗਿਆਨ ਵੰਡਣਾ ਇੱਕ ਅਗਿਆਨਤਾ ਹੈ।
-ਕਹਿਣਾ ਤਾਂ ਵੈਸੇ ਨਹੀਂ ਚਾਹੀਦਾ ਪਰ ਅੱਜ ਦੇ ਮਨੁੱਖ ਨੂੰ ਰੋਟੀ ਦੀ ਬੁਰਕੀ ਮੂੰਹ ਵਿੱਚ ਪਾਉਣ ਲਈ ਵੀ ਮਸ਼ੀਨ ਚਾਹੀਦੀ ਹੈ।
-ਜਦ ਤੱਕ ਸੰਘਰਸ਼ ਜਾਰੀ ਹੈ ਉਦੋਂ ਤੱਕ ਆਪਣੀ ਕਲਾ ਦੇ ਆਪ ਹੀ ਪੇਸ਼ਕਾਰ ਬਣੋ ਅਤੇ ਆਪ ਹੀ ਹਾਜ਼ਰੀਨ ਬਣੋ।
-ਕਿਤਾਬ ਲਿਖਣ ਵਾਲਾ ਲਿਖਾਰੀ ਜੇਕਰ ਪਾਠਕ ਬਣ ਕੇ ਕਿਤਾਬ ਲਿਖੇ ਤਾਂ ਕਿਤਾਬ ਪ੍ਰਚਲਿਤ ਹੋਣ ਦੇ ਸੰਜੋਗ ਵਧ ਜਾਂਦੇ ਹਨ।
-ਗੁੱਸਾ, ਸ਼ਰਮ ਅਤੇ ਲੀੜੇ ਸਦਾ ਜਗ੍ਹਾ ਅਤੇ ਸਮਾਂ ਦੇਖ ਕੇ ਉਤਾਰਨੇ ਚਾਹੀਦੇ ਹਨ।
-ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ, ਪਹਿਲਾ ਕਦਮ "ਕੋਸ਼ਿਸ਼" ਹੀ ਹੁੰਦਾ ਹੈ।
-ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਰਣਨੀਤੀ ਦਾ ਢੋਲ ਵਜਾਉਣਾ ਬੰਦ ਕਰ ਦੇਣਾ ਚਾਹੀਦਾ ਹੈ।
-ਨਿੱਕੀ ਉਮਰੇ ਦੰਦ ਟੁੱਟਦੇ ਹਨ ਜਵਾਨੀ ਵਿੱਚ ਦਿਲ ਟੁੱਟਦੇ ਹਨ ਅਤੇ ਬੁਢੇਪੇ ਵਿੱਚ ਬਾਲ ਟੁੱਟਦੇ ਹਨ।
-"ਬੇਟੀ ਬਚਾਓ ਬੇਟੀ ਪੜ੍ਹਾਓ" ਬੱਸ ਦੀਵਾਰਾਂ ਤੇ ਹੀ ਲਿਖਿਆ ਰਹਿ ਗਿਆ ਹੈ।
-ਪੈਸਾ ਆਉਣ ਤੋਂ ਬਾਅਦ ਤਾਂ ਬਟੂਆ ਫੁੱਲ ਜਾਂਦਾ, ਫੇਰ ਆਹ ਇਨਸਾਨ ਕੀ ਚੀਜ਼ ਆ।
-ਪਹਿਲਾਂ ਕਹਿੰਦੇ ਸੀ ਕਿ ਪਿਆਰ ਅੰਨ੍ਹਾ ਹੁੰਦਾ ਹੈ ਪਰ ਅੱਜ ਕੱਲ੍ਹ ਵਾਲਾ ਪਿਆਰ ਤੋਤਲਾ ਵੀ ਹੈ।
-ਅੱਜ ਕੱਲ੍ਹ ਪੱਤਰਕਾਰ ਖ਼ਬਰਾਂ ਨੂੰ ਨਹੀਂ ਬਲਕਿ ਖਬਰਾਂ ਪੱਤਰਕਾਰਾਂ ਨੂੰ ਲੱਭਦੀਆਂ ਫਿਰਦੀਆਂ ਹਨ।
-ਕਹਿੰਦੇ ਨੇ ਪਿਆਰ ਅੰਨ੍ਹਾ ਹੁੰਦਾ ਹੈ ਪਰ ਤੁਹਾਨੂੰ ਤਾਂ ਦਿਸਦਾ ਹੈ ਨਾ?
-ਕੱਛੂ ਅਤੇ ਖਰਗੋਸ਼ ਦੀ ਦੌੜ ਚ ਪਹਿਲਾਂ ਦੇ ਸਮਿਆਂ ਵਿੱਚ ਕੱਛੂ ਹੀ ਜਿੱਤਦਾ ਹੋਣਾ ਪਰ ਹੁਣ ਮੁਕਾਬਲਾ ਕਾਂਟੇ ਦੀ ਟੱਕਰ ਦਾ ਹੈ।
-ਦੇਖਣ ਵਿੱਚ ਅਤੇ ਘੂਰਨ ਵਿੱਚ ਬਹੁਤ ਫ਼ਰਕ ਹੁੰਦਾ ਹੈ ਸ਼ਾਹ ਜੀ।
-ਦੁਨੀਆ ਦੀ ਸਭ ਤੋਂ ਵੱਡੀ ਤਾਕਤ ਮੁਹੱਬਤ ਹੈ ਅਤੇ ਦੁਨੀਆ ਦੀ ਸਭ ਤੋਂ ਵੱਡੀ ਕਮਜ਼ੋਰੀ ਵੀ ਮੁਹੱਬਤ ਹੈ।
-ਅੱਜ ਕੱਲ੍ਹ ਦੀ "ਰਾਜਨੀਤੀ", ਰਾਜਨੀਤੀ ਨਹੀਂ ਬਲਕਿ "ਸੰਗੀਤਕ ਕੁਰਸੀਆਂ" ਦਾ ਖੇਡ ਹੈ।
-ਹਰ ਤਰ੍ਹਾਂ ਦੇ ਹੁਸਨ ਅਤੇ ਕਲਾ ਦਾ ਤੋੜ ਜ਼ਰੂਰ ਹੁੰਦਾ ਹੈ।
-ਕਹਿੰਦੇ ਹਨ ਕਿ ਯੁੱਗ ਬਦਲ ਰਿਹਾ ਹੈ ਜਿਵੇਂ ਪੁਰਸ਼ ਇਸਤਰੀਆਂ ਦੇ ਵਾਹਨ ਚਲਾਉਣ ਲੱਗ ਪਏ ਅਤੇ ਇਸਤਰੀਆਂ ਪੁਰਸ਼ਾਂ ਦੇ।
-ਮਹਾਂਭਾਰਤ ਦੇ "ਅਰਜਨ" ਬਣੋ ਤੇ ਇੱਕ ਮੱਛੀ ਦੀ ਅੱਖ ਤੇ ਨਿਸ਼ਾਨਾ ਰੱਖੋ।
-ਕੱਲਾ ਐਲਾਨ ਕਰਨਾ ਜਾਂ ਐਲਾਨ ਦਾ ਉਪਕਰਨ ਵੀ ਕਰਨਾ ਇਹ ਦੋ ਵੱਖ-ਵੱਖ ਗੱਲਾਂ ਹਨ।
-ਅੱਜ ਕੱਲ੍ਹ ਨਾ ਕੋਈ ਮਿੱਠਾ ਖਾਂਦਾ ਹੈ ਅਤੇ ਨਾ ਕੋਈ ਮਿੱਠਾ ਬੋਲਦਾ ਹੈ।
-ਮਾਂ ਪਿਉ ਔਲਾਦ ਦੇ ਪਹਿਲੇ ਅਧਿਆਪਕ ਹੁੰਦੇ ਹਨ।
-ਕੁਝ ਲੋਕਾਂ ਨੂੰ ਵਾਹਨ ਸਿਰਫ਼ ਭਜਾਉਣੇ ਆਉਂਦੇ ਹਨ, ਚਲਾਉਣੇ ਨਹੀਂ।
-ਮੇਰੇ ਦਾਦਾ ਜੀ ਦਾ ਕਹਿਣਾ ਹੈ ਕਿ ਕੁੜਤੇ ਵੀ ਤਾਂ ਹੀ ਸੋਹਣੇ ਲੱਗਦੇ ਹਨ ਜੇ ਜੇਬ ਵਿੱਚ ਕੁਝ ਹੋਵੇ।
-ਆਕੜ ਵੀ ਤਾਂ ਹੀ ਪੁਗਾਈ ਜਾ ਸਕਦੀ ਹੈ ਜੇਕਰ ਤੁਹਾਡੇ ਵਿੱਚ ਯੋਗਤਾ ਹੈ।
-ਆਪਣੀ ਆਪਣੀ ਮਾਨਸਿਕਤਾ ਵਿੱਚ ਅਸੀਂ ਸਾਰੇ ਅਪਰਾਧੀ ਹਾਂ।
-“ਪੈਸਾ” ਤੁਹਾਡੀ ਨਿੱਜੀ ਆਰਥਿਕਤਾ ਦੂਰ ਕਰ ਸਕਦਾ ਪਰ ਤੁਹਾਡੀ ਦਿਮਾਗ਼ੀ ਆਰਥਿਕਤਾ ਨਹੀਂ।
-ਘਰ ਵਿੱਚ ਜ਼ਿਆਦਾ ਬੋਲਣ ਜਾਂ ਟੋਕਣ ਵਾਲੇ ਲੋਕ ਹੁੰਦੇ ਤਾਂ ਸ਼ੇਰ ਹੀ ਹਨ ਪਰ ਹੁੰਦੇ ਸਰਕਸ ਵਾਲੇ ਹਨ।
-ਸਰਕਾਰ ਦਾ, ਅਪਰਾਧ ਦਾ ਅਤੇ ਅਖ਼ਬਾਰ ਦਾ ਕੋਈ ਧਰਮ ਨਹੀਂ ਹੁੰਦਾ।
-ਐਬ ਬਣਨ ਦੀਆਂ ਤਿੰਨ ਅਵਸਥਾਵਾਂ ਪਹਿਲਾ ਸ਼ੌਕ, ਫੇਰ ਜ਼ਰੂਰਤ, ਅੰਤ ਕਮਜ਼ੋਰੀ।
-ਇਨਸਾਨ ਪਹਿਲਾਂ ਜਾਨਵਰ ਤੋਂ ਇਨਸਾਨ ਬਣਿਆ ਹੁਣ ਫੇਰ ਇਨਸਾਨ ਤੋਂ ਜਾਨਵਰ ਬਣਦਾ ਜਾ ਰਿਹਾ ਹੈ।
-ਇਸ ਦੁਨੀਆ ਉੱਤੇ ਹਰ ਚੀਜ਼ ਦੀ ਵੰਡੀ ਪੈ ਸਕਦੀ ਹੈ, ਪਰ ਤੁਹਾਡੀ ਪੜ੍ਹਾਈ ਅਤੇ ਕਲਾ ਦੀ ਨਹੀਂ।
-ਗੁਲਾਬ ਦਾ ਖੁਦ ਗੁਲਾਬ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹ ਨੇ ਕਿਸੇ ਹਸੀਨ ਦੀਆਂ ਜ਼ੁਲਫਾਂ ਨੂੰ ਸ਼ਿੰਗਾਰਨਾ ਹੈ ਜਾਂ ਕਿਸੇ ਅਫ਼ਸਰ ਦੀ ਜੇਬ ਦਾ ਮਾਣ ਵਧਾਉਣਾ ਹੈ ਜਾਂ ਕਿਸੇ ਗੁਲਦਸਤੇ ਦੀ ਖੂਬਸੂਰਤੀ ਦੀ ਸ਼ੋਭਾ ਉਮਦਾ ਕਰਨੀ ਹੈ ਜਾਂ ਕਿਸੇ ਲਫ਼ਜ਼ਾਂ ਭਰੀ ਡਾਇਰੀ ਵਿੱਚ ਦਫ਼ਨ ਹੋਣਾ ਹੈ।
-ਸੌਗਾਤ ਬਣ ਸਕਦੇ ਖੈਰਾਤ ਬਣ ਸਕਦਾ ਹੈ ਕਿਸੇ ਦਾ ਅੰਤ ਕਿਸੇ ਦੇ ਲਈ ਸ਼ੁਰੂਆਤ ਬਣ ਸਕਦਾ ਹੈ।
-ਬਹਾਨੇ ਬਣਾਉਣਾ ਅਤੇ ਨਾਪ ਤੋਲ ਕਰਨਾ ਇਹ ਦੋ ਨਕਸ਼ ਇਸਤਰੀਆਂ ਦੇ ਖੂਨ ਵਿੱਚ ਹੀ ਹੁੰਦੇ ਹਨ।
-ਕਾਰੋਬਾਰ ਸਹਿਣਸ਼ੀਲਤਾ ਮੰਗਦਾ ਹੈ।
-ਲੋਕਾਂ ਦੀਆਂ ਤਾੜੀਆਂ ਅਤੇ ਤਾਅਨੇ ਵੀ ਜ਼ਰੂਰੀ ਨੇ ਜੋ ਮਿਹਨਤ ਦੇ ਬੂਟੇ ਨੂੰ ਰੇਅ ਦੇਣ ਦਾ ਕੰਮ ਕਰਦੇ ਹਨ।
-ਖੇਡਾਂ ਦੇਖਣ ਦੀ ਬਜਾਇ ਜੇਕਰ ਖੇਡੀਆਂ ਜਾਨ ਤਾਂ ਸਰੀਰ ਲਈ ਗੁਣਕਾਰੀ ਸਾਬਤ ਹੋ ਸਕਦੀਆਂ ਹਨ।
-ਨਾਮ "ਸਿਕੰਦਰ" ਰੱਖਣ ਨਾਲ ਕਦੇ ਵੀ ਜਿੱਤਾਂ ਹਾਸਲ ਨਹੀਂ ਹੁੰਦੀਆਂ।
-ਆਮ ਇਨਸਾਨ ਨੂੰ ਜੀਵਿਤ ਰਹਿਣ ਲਈ ਖੂਨ ਦੀ ਲੋੜ ਹੈ, ਪਰ ਕਲਾਕਾਰ ਨੂੰ ਤਾੜੀਆਂ ਦੀ।
-ਮੈਂ ਮੰਨਦਾ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ, ਪਰ ਇੱਜ਼ਤ ਆਪਣੀ ਆਪਣੀ ਹੁੰਦੀ ਹੈ।
-“ਪੈਸੇ ਨਾਲ ਸਭ ਕੁਝ ਨਹੀਂ ਹੁੰਦਾ" ਇਹ ਵਾਕ ਬੋਲਣ ਵਾਲੇ ਜਾਂ ਤਾਂ ਬਹੁਤ ਜ਼ਿਆਦਾ ਅਮੀਰ ਹੁੰਦੇ ਹਨ ਜਾਂ ਫੇਰ ਬਹੁਤ ਜ਼ਿਆਦਾ ਗ਼ਰੀਬ।
-ਸ਼ਬਦ ਸ਼ਬਦਾਂ ਉੱਤੇ ਭਾਰੀ ਹਨ ਜਿਵੇਂ ਦੋ ਕੁ ਅੱਖਰਾਂ ਦਾ "ਸੌਰੀ" ਸ਼ਬਦ ਤਿੰਨ ਕੁ ਅੱਖਰਾਂ ਦੇ "ਰਿਸ਼ਤੇ" ਸ਼ਬਦ ਨੂੰ ਟੁੱਟਣੋਂ ਬਚਾ ਸਕਦਾ ਹੈ।
-ਪੈਸਾ ਚੁੰਬਕ ਵਾਂਗ ਕੰਮ ਕਰਦਾ ਹੈ ਪਰ ਉਹਦੇ ਲਈ ਪਹਿਲਾਂ ਤੁਹਾਨੂੰ ਆਪਣਾ ਲੋਹਾ ਮੰਨਵਾਉਣਾ ਪੈਂਦਾ ਹੈ।
-ਕਿਸੇ ਵੀ ਸ਼ਹਿਰ ਦੀਆਂ ਹਾਲਤਾਂ ਦਾ ਸ਼ਹਿਰ ਦੀਆਂ ਦੀਵਾਰਾਂ ਤੋਂ ਹੀ ਪਤਾ ਚੱਲ ਜਾਂਦਾ ਹੈ ਜਿਵੇਂ ਸਾਡੇ ਮੁਲਕ ਦੀਆਂ ਦੀਵਾਰਾਂ ਨਸ਼ਾ ਮੁਕਤੀ, ਮਰਦਾਨਾ ਤਾਕਤ ਦੇ ਨਾਅਰਿਆਂ ਨਾਲ ਖੁਣੀਆਂ ਪਈਆਂ ਹਨ ਜਦਕਿ ਚੀਨ ਦੀਆਂ ਦੀਵਾਰਾਂ ਆਦਰਸ਼ ਤੱਥਾਂ ਨਾਲ ਲਿਪੀਆਂ ਪਈਆਂ ਹਨ।
-ਅੱਜ ਕੱਲ੍ਹ ਮਤਲਬ ਦੀ ਦੁਨੀਆ ਹੈ ਅਤੇ ਬਿਨਾਂ ਮਤਲਬ ਤੋਂ ਲੋਕ ਰੱਬ ਨੂੰ ਵੀ ਬੁਲਾਕੇ ਰਾਜੀ ਨਹੀਂ।
-ਇਸ ਪੂਰੀ ਕਾਇਨਾਤ ਵਿੱਚ ਕਿਸੇ ਉੱਤੇ ਵੀ ਯਕੀਨ ਕਰ ਲਿਓ ਪਰ ਕਦੇ ਉਸ ਸ਼ਖ਼ਸ ਦੇ ਉੱਤੇ ਯਕੀਨ ਨਾ ਕਰਿਓ, ਜੋ ਖੁਦ ਕਹਿੰਦਾ ਹੋਵੇ ਕਿ "ਮੇਰਾ ਯਕੀਨ ਕਰੋ", ਧੋਖਾ ਹੀ ਮਿਲੂ।
-ਵਾਹ ਵਾਹ, ਸ਼ੁਕਰੀਆ ਅਤੇ ਪਿੱਠ ਥਾਪੜੇ ਨਾਲ ਕਦੇ ਘਰ ਨਹੀਂ ਚੱਲਦੇ ਹੁੰਦੇ।
-ਹੱਸਣਾ ਸਿਹਤ ਲਈ ਚੰਗਾ ਹੈ ਪਰ ਕਿਸੇ ਉੱਤੇ ਹੱਸਣਾ ਨਹੀਂ।
-ਹੱਸਣ ਵਿੱਚ ਅਤੇ ਖੁਸ਼ ਹੋਵਣ ਵਿੱਚ ਬੜਾ ਫ਼ਰਕ ਹੁੰਦਾ ਹੈ।
-ਅੱਜ ਕੱਲ੍ਹ ਦੀ "ਪੈਰੀਂ ਪੈਣਾ", ਗੋਡੇ ਪੈਣਾ ਬਣਦੀ ਜਾ ਰਹੀ ਹੈ।
-ਤੁਹਾਡੀ ਜ਼ਿੰਦਗੀ ਵਿੱਚ ਕੋਈ ਖ਼ਾਸ ਇਨਸਾਨ ਕਦੋਂ "ਜਾਨ" ਤੋਂ ਜਾਨਲੇਵਾ ਬਣ ਜਾਵੇ ਇਸ ਦਾ ਕੋਈ ਪਤਾ ਨਹੀਂ ਚੱਲਦਾ, ਧਿਆਨ ਰੱਖਿਆ ਕਰੋ।
-ਦੁਨੀਆ ਉੱਤੇ ਤੁਹਾਨੂੰ ਬਹੁਤ ਲੋਕ ਮਿਲਣਗੇ ਜੋ ਤੁਹਾਨੂੰ ਅਸਫ਼ਲ ਦੇਖ ਕੇ ਕਹਿਣਗੇ "ਇਹ ਬੰਦਾ ਹੈ ਕੋਈ” ਅਤੇ ਤੁਹਾਡੀ ਸਫ਼ਲਤਾ ਦੇਖ ਕੇ ਕਹਿਣਗੇ ਕਿ "ਇਹਦੇ ਵਰਗਾ ਬੰਦਾ ਹੀ ਨਹੀਂ ਕੋਈ"।
-ਔਕਾਤ ਦੀ ਗੱਲ ਨਾ ਕਰਿਆ ਕਰ ਦੋਸਤ ਕਿਉਂਕਿ "ਚੰਦ" ਰੁਪਈਆਂ ਦਾ ਅਖਬਾਰ ਵੱਡੇ-ਵੱਡੇ ਨੋਟਾਂ ਦੀ ਖੇਹ ਕਰਵਾ ਦਿੰਦਾ ਹੈ।
-ਅੱਜ ਕੱਲ੍ਹ ਦੀਆਂ ਔਰਤਾਂ "ਔਰਤ" ਹੋਣ ਦਾ ਨਾਜਾਇਜ਼ ਫ਼ਾਇਦਾ ਚੁੱਕਦੀਆਂ ਹਨ, "ਆਕਰਸ਼ਣ ਦਾ ਸਿਧਾਂਤ" ਬਣ ਕੇ।
-ਮਰਦਾਂ ਨਾਲੋਂ ਔਰਤਾਂ ਕੋਲ ਔਸਤਨ ਹਿਸਾਬ ਵਿੱਚ "ਚੋਣ" ਜ਼ਿਆਦਾ ਹੁੰਦੀ ਹੈ ਫੇਰ ਉਹ ਕਿਸੇ ਵੀ ਵਿਸ਼ੇ ਜਾਂ ਖੇਤਰ ਵਿੱਚ ਹੋ ਸਕਦੀ ਹੈ।
-ਝੂਠ ਦੇ ਕਹਿੰਦੇ ਪੈਰ ਨਹੀਂ ਹੁੰਦੇ, ਪਰ ਫੇਰ ਵੀ ਪਤੰਦਰ ਰੁੜ੍ਹ ਰੁੜ੍ਹਕੇ ਕਾਫ਼ੀ ਸਫ਼ਰ ਤੈਅ ਕਰ ਜਾਂਦਾ ਹੈ।
-ਦੁੱਧ ਕੱਲਾ ਹੀ ਇੱਕ ਐਸਾ ਉਤਪਾਦਕ ਰਤਨ ਹੈ ਜਿਸ ਤੋਂ ਅਨੇਕਾਂ ਹੀ ਵਿਅੰਜਨ ਤਿਆਰ ਕੀਤੇ ਜਾਂਦੇ ਹਨ।
-ਅੱਜ ਦੇ ਸਮੇਂ ਵਿੱਚ ਜੇਕਰ ਕੋਲ ਧਨ ਹੈ ਤਾਂ ਹੀ ਧੰਨ ਧੰਨ ਹੈ।
-ਕੁਝ ਲੋਕਾਂ ਨੂੰ ਪੈਸਾ ਸਿਰਫ਼ ਚਲਾਉਣਾ ਆਉਂਦਾ ਹੈ, ਖਰਚਣਾ ਨਹੀਂ।
-ਜਿਸ ਇਨਸਾਨ ਨੇ "ਕਾਮ" ਤੇ ਨਿਯੰਤਰਣ ਪਾ ਲਿਆ ਸਮਝ ਲਓ ਉਸ ਨੇ ਆਪਣੇ ਨਾਮ ਤੇ ਨਿਯੰਤਰਣ ਪਾ ਲਿਆ।
-ਮਨੁੱਖ ਮਨ ਦੇ ਪੰਜ ਚੋਰ ਕਾਮ, ਕ੍ਰੋਧ, ਲੋਭ, ਮੋਹ, ਅਤੇ ਅਹੰਕਾਰ, ਇੰਨ੍ਹਾਂ ਚੋਰਾਂ ਤੋਂ ਬਚੋ।
-ਔਰਤ ਆਪਣੀ ਜ਼ਿੰਦਗੀ ਦੇ ਸੰਪੂਰਨ ਅਧਿਆਇ ਬੰਧਨ ਵਿੱਚ ਹੀ ਬਤੀਤ ਕਰਦੀ ਹੈ ਪਹਿਲਾ ਡਰ, ਦੂਜਾ ਸਬਰ, ਤੀਜਾ ਜਬਰ ਅਤੇ ਅਖੀਰ ਗੁਜ਼ਰ ਦੇ ਬੰਧਨ ਵਿੱਚ।
-ਕਮਾਲ ਦੀ ਗੱਲ ਹੈ, ਨਾਵਲਕਾਰ ਜਿਸ ਇਨਸਾਨ ਨੂੰ ਵੀ ਮਿਲਦਾ ਹੈ ਉਹ ਉਸ ਨੂੰ ਬਿਲਕੁਲ ਉਸ ਦੇ ਨਾਵਲ ਦੇ ਪਾਤਰ ਦੀ ਤਰ੍ਹਾਂ ਲੱਗਦਾ ਹੈ।
-ਇਨਸਾਨ ਕਿਤੇ ਵੀ ਡੁੱਬ ਜਾਵੇ ਬਚਣ ਦੇ ਚਾਂਸ ਹੈਗੇ ਆ ਪਰ ਜੇ ਨਜ਼ਰਾਂ ਵਿੱਚ ਡੁੱਬ ਗਿਆ, ਫੇਰ ਨਹੀਂ ਬਚਦਾ।
-ਇਨਸਾਨ ਕਿਤੋਂ ਵੀ ਡਿੱਗ ਜਾਵੇ ਬਚਨ ਦੇ ਚਾਂਸ ਹੈਗੇ ਆ ਪਰ ਜੇ ਨਜ਼ਰਾਂ ਵਿੱਚੋਂ ਡਿੱਗ ਗਿਆ, ਫੇਰ ਨਹੀਂ ਬਚਦਾ।
-ਜੀਭ ਦੇ ਸਵਾਦ ਦੇ ਪੱਟੇ, ਨਾ ਕੱਚੇ ਨਾ ਪੱਕੇ ਨਾ ਅੱਧਪੱਕੇ।
-ਜੇ ਤੁਸੀਂ ਆਪਣੀ ਜਾਣ ਪਛਾਣ ਖ਼ੁਦ ਦੇਵੋ ਤਾਂ ਇਹ ਆਮ ਗੱਲ ਹੈ ਪਰ ਜੇਕਰ ਤੁਹਾਡੀ ਜਾਣ ਪਛਾਣ ਬਾਰੇ ਲੋਕ ਬੋਲਣ ਤਾਂ ਇਹ ਖ਼ਾਸ ਗੱਲ ਹੈ।
-ਅੱਜ ਕੱਲ੍ਹ ਕੁੱਤੇ ਵੀ ਵਫ਼ਾਦਾਰ ਨਹੀਂ ਰਹੇ।
-ਬੰਦਾ ਉਮਰ ਭਰ ਕੁਝ ਨਾ ਕੁਝ ਚੁੱਕਦਾ ਹੀ ਰਹਿੰਦਾ ਹੈ ਜਿਵੇਂ ਬਚਪਨ ਵਿੱਚ ਮੋਢੇ ਤੇ ਬਸਤਾ ਫੇਰ ਜਵਾਨੀ ਵਿੱਚ ਘਰ ਦੀਆਂ ਜ਼ਿੰਮੇਵਾਰੀਆਂ ਫੇਰ ਵਿਆਹ ਕਰਵਾ ਕੇ ਵਹੁਟੀ ਦੇ ਨਖ਼ਰੇ ਫੇਰ ਬੱਚਿਆਂ ਨੂੰ ਚੁੱਕਦਾ ਹੈ ਅਤੇ ਅੰਤ ਬੁਢੇਪੇ ਦਾ ਬੋਝ ਚੁੱਕਦਾ ਹੈ।
-ਅੱਜ ਕੱਲ੍ਹ ਲੋਕ ਗਲ ਲੱਗਦੇ ਲੱਗਦੇ ਕਦੋਂ ਗਲ ਪੈ ਜਾਨ ਇਹਦਾ ਵੀ ਪਤਾ ਨਹੀਂ ਚੱਲਦਾ।
-ਹਰ ਵਸਤੂ ਦੀ ਆਪਣੀ ਮਹੱਤਤਾ ਹੈ ਜਿਵੇਂ ਜੁੱਤੀਆਂ ਪਾਉਣ ਦੇ ਕੰਮ ਵੀ ਆਉਂਦੀਆਂ ਹਨ ਅਤੇ ਖਾਣ ਦੇ ਵੀ।
-ਦ੍ਰਿਸ਼ਟੀਹੀਣ ਇਨਸਾਨ ਕੋਲ ਬੇਸ਼ੱਕ ਨਜ਼ਰ ਨਹੀਂ ਹੁੰਦੀ ਪਰ ਨਜ਼ਰੀਆ ਅਤੇ ਨਜ਼ਰਾਨਾ ਜ਼ਰੂਰ ਹੁੰਦਾ ਹੈ।
-ਅੱਜ ਕੱਲ੍ਹ ਦੇ ਲੋਕ "ਬਾਲ" ਦਾ ਘੱਟ ਪਰ "ਬਾਲਾਂ" ਦਾ ਧਿਆਨ ਜ਼ਿਆਦਾ ਰੱਖਦੇ ਹਨ।
-ਜੋ ਕਿਸੇ ਉੱਤੇ ਰਾਜ਼ੀ ਨਹੀਂ ਹੁੰਦੇ, ਰੱਬ ਉਹਨਾਂ ਉੱਤੇ ਰਾਜ਼ੀ ਨਹੀਂ ਹੁੰਦਾ।
-ਕਾਰੋਬਾਰ ਦਾ ਤਿੱਖਾ ਨਿਯਮ ਇਹ ਹੈ ਕਿ "ਘਾਟਾ ਜਾਂ ਵਾਧਾ ਸਭ ਤੁਹਾਡਾ"।
-ਮੰਨਿਆ ਜਾਂਦਾ ਹੈ ਕਿ ਔਰਤ ਡਰਾਈਵਿੰਗ ਕਰਨ ਵਿੱਚ ਜ਼ਿਆਦਾ ਮਾਹਿਰ ਨਹੀਂ ਹੁੰਦੀ ਪਰ ਧਿਆਨ ਦਿਓ ਹਰ ਘਰ ਦੀ ਗੱਡੀ ਦਾ ਸਟੇਅਰਿੰਗ ਹਮੇਸ਼ਾ ਔਰਤ ਦੇ ਹੱਥ ਹੀ ਹੁੰਦਾ ਹੈ।
-ਮਸ਼ਕਰੀ ਦਾ ਅਸਰ ਤਿੰਨ ਸਕਿੰਟ, ਗੀਤ ਦਾ ਅਸਰ ਤਿੰਨ ਮਿੰਟ, ਫ਼ਿਲਮ ਦਾ ਅਸਰ ਤਿੰਨ ਘੰਟੇ ਰਹਿੰਦਾ ਹੈ ਅਤੇ ਦਿਲ ਦਿਮਾਗੋਂ ਪੜ੍ਹੀ ਕਿਤਾਬ ਦਾ ਅਸਰ ਜਾਂਦਾ ਹੀ ਨਹੀਂ।
-ਆਸ਼ਕੀ ਅਤੇ ਸਿਆਸਤ ਕਰਨ ਵਾਸਤੇ ਬੇਸ਼ਰਮੀ ਸਾਧਣੀ ਪੈਂਦੀ ਹੈ।
-ਕੁਝ ਇਨਸਾਨ ਸਾਡੇ ਲਈ ਬਹੁਤ ਕੁਝ ਹੋਣ ਦੇ ਬਾਵਜੂਦ ਵੀ ਆਮ ਹੁੰਦੇ ਹਨ, ਬੱਸ ਇਸੇ ਲਈ ਉਹ ਸਾਡੇ ਖਾਸ ਹੁੰਦੇ ਹਨ।
-ਕੁਝ ਇਨਸਾਨ ਕੁਝ ਕਹਿੰਦੇ ਤਾਂ ਨਹੀਂ ਪਰ ਕਹਿ ਬਹੁਤ ਕੁਝ ਜਾਂਦੇ ਹਨ।
-ਜੋ ਆਪਣੇ ਆਪ ਵਿੱਚ ਸਿਆਣਾ ਹੁੰਦਾ ਹੈ ਉਸ ਨੂੰ ਕਿਸੇ ਦੀ ਸਿਆਣ ਨਹੀਂ ਹੁੰਦੀ।
-ਕਿਸੇ ਦੇ ਹੋਣ ਨਾ ਹੋਣ ਤੇ ਜਦੋਂ ਫ਼ਰਕ ਨਹੀਂ ਪੈਂਦਾ "ਫੇਰ ਫ਼ਰਕ ਪੈ ਹੀ ਜਾਂਦਾ ਹੈ"।
-ਲੜਿਆ ਝਗੜਿਆ, ਜਿਦਿਆ ਅਤੇ ਡਾਂਟਿਆ ਵੀ ਉਹਨਾਂ ਨੂੰ ਹੀ ਜਾਂਦਾ ਹੈ, ਜਿਹਨਾਂ ਤੋਂ ਉਮੀਦ ਹੁੰਦੀ ਹੈ।
-ਸੱਥਾਂ ਵਿੱਚ ਬੈਠਣ ਵਾਲਿਆਂ ਦੀ ਸੰਸਦ ਵਾਲਿਆਂ ਨਾਲ ਮੁੱਛ ਫਸੀ ਹੀ ਰਹਿੰਦੀ ਹੈ।
-ਜਦ ਰਿਸ਼ਤੇ ਵਿੱਚ "ਮੈਂ ਤੂੰ" ਹੋ ਜਾਵੇ ਫੇਰ ਰਿਸ਼ਤਾ ਨਿੱਖਰ ਜਾਂਦਾ ਹੈ ਅਤੇ ਜਦ ਰਿਸ਼ਤੇ ਵਿੱਚ "ਤੂੰ ਤੂੰ ਮੈਂ ਮੈਂ" ਹੋ ਜਾਵੇ ਫੇਰ ਰਿਸ਼ਤਾ ਉੱਜੜ ਜਾਂਦਾ ਹੈ।
-ਸੁਪਨੇ ਕਾਲਪਨਿਕ ਜ਼ਰੂਰ ਹੁੰਦੇ ਹਨ ਪਰ ਜੇ ਤੁਸੀਂ ਚਾਹੋ ਤਾਂ ਆਪਣੇ ਸੁਪਨਿਆਂ ਨੂੰ ਵਾਸਤਵਿਕ ਮਿਹਨਤ ਨਾਲ ਹਾਸਲ ਕਰ ਸਕਦੇ ਹੋ।
-ਜ਼ਿੰਦਗੀ ਦਾ ਕੌੜਾ ਸੱਚ ਤੁਹਾਡੇ ਕੁਝ ਸਾਕ ਸੰਬੰਧੀ ਅਤੇ ਸਾਥੀ ਤੁਹਾਨੂੰ ਸਫ਼ਲ ਤਾਂ ਵੇਖਣਾ ਚਾਹੁੰਦੇ ਹਨ ਪਰ ਆਪਣੇ ਆਪ ਤੋਂ ਜ਼ਿਆਦਾ ਨਹੀਂ।
-ਅੱਜ ਦੇ ਦੌਰ ਵਿੱਚ ਜਿਸ ਦੇ ਹੱਥ ਮੋਬਾਇਲ ਹੈ ਉਹ ਸਭ ਦਾ ਜਰਨੈਲ ਹੈ।
-ਰਿਸ਼ਤਾ “ਮੈਂ ਤੂੰ” ਤੀਕਰ ਠੀਕ ਹੈ ਪਰ ਜਦ ਮੈਂ ਤੂੰ ਵਿੱਚ "ਤੇ" ਆ ਜਾਂਦਾ ਹੈ ਤਾਂ ਰਿਸ਼ਤਾ ਅੰਤਰਾਲ ਵਿੱਚ ਚਲਾ ਜਾਂਦਾ ਹੈ।
-"ਮੌਨ" ਵਿੱਚ ਕਿੰਨਾ ਕੁ ਸ਼ੋਰ ਹੁੰਦਾ ਹੈ ਇਸ ਦਾ ਅੰਦਾਜ਼ਾ ਆਵਾਜ਼ ਨਹੀਂ ਲਗਾ ਸਕਦੀ।
-ਵਿਚਾਰ-ਵਟਾਂਦਰੇ ਦੇ ਨਾਮ ਤੇ ਅੱਜ ਕੱਲ੍ਹ ਲੋਕ ਬਹਿਸ ਕਰਨ ਲੱਗ ਪਏ ਹਨ।
-ਸੁਪਨੇ ਹਰ ਕੋਈ ਵੇਖਦਾ ਹੈ ਅਤੇ ਸਭ ਜਾਣਦੇ ਹਨ ਕਿ ਕੇਵਲ ਸੁਪਨੇ ਵੇਖਣਾ ਹੀ ਮਾਅਨੇ ਨਹੀਂ ਰੱਖਦਾ, ਪਰ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੀ ਕੀ ਪ੍ਰਯਤਨ ਕਰ ਰਹੇ ਹੋ ਇਹ, ਮਾਅਨੇ ਜ਼ਰੂਰ ਰੱਖਦਾ ਹੈ।
-ਜੇਕਰ ਚਾਰੇ ਪਾਸੇ ਸੁੱਖ ਹੋਵੇ ਅਤੇ ਸਭ ਤ੍ਰਿਪਤ ਹੋਣ ਤਾਂ ਫੇਰ ਰੱਬ ਨੂੰ ਕੌਣ ਯਾਦ ਕਰੇਗਾ?
-ਮਿੱਠੇ ਦਾ ਵਪਾਰ ਕਰਨ ਵਾਲੇ ਸਾਰੇ ਮਿੱਠਬੋਲੇ ਨਹੀਂ ਹੁੰਦੇ, ਉਦਾਹਰਨ ਵਜੋਂ ਮਧੂ ਮੱਖੀਆਂ ਨੂੰ ਹੀ ਵੇਖ ਲਓ।
-ਵਿਆਹ ਤੋਂ ਬਾਅਦ ਪਤੀ ਪਤਨੀ ਦਾ 50-50 ਦਾ ਅਨੁਪਾਤ ਹੋਣਾ ਚਾਹੀਦਾ ਹੈ 70-30 ਨਾਲ ਜਾਂ 30-70 ਨਾਲ ਕੰਮ ਨਹੀਂ ਚੱਲ ਸਕਦਾ।
-ਵਪਾਰ, ਵਕਾਲਤ ਅਤੇ ਰਾਜਨੀਤੀ ਬਿਨਾਂ ਝੂਠ ਬੋਲੇ ਹੋ ਹੀ ਨਹੀਂ ਸਕਦੀ।
-ਮੱਝਾਂ ਦਾ ਵਪਾਰ ਕਰਨ ਵਾਲਿਆਂ ਦਾ ਤੌਰ ਤਰੀਕਾ ਅੱਜ ਕੱਲ੍ਹ ਦੇ ਐੱਮ.ਬੀ.ਏ. ਮੰਡੀਕਰਨ ਵਿਭਾਗ ਵਾਲਿਆਂ ਨੂੰ ਅਸਾਨੀ ਨਾਲ ਫ਼ੇਲ੍ਹ ਕਰ ਸਕਦਾ ਹੈ।
-ਪੈਸੇ ਦਰਖਤਾਂ ਨੂੰ ਲੱਗਦੇ ਤਾਂ ਹੈ ਪਰ ਇਹ ਪੈਸੇ ਮਿਹਨਤ ਦੀ ਪੌੜੀ ਲਾ ਕੇ ਹੀ ਤੋੜਨੇ ਪੈਂਦੇ ਹਨ।
-ਐਕਟਰ ਕੌਣ ਹੈ? ਐਕਟਰ ਖਾਸ ਕੁਝ ਨਹੀਂ ਬੱਸ ਡਾਇਰੈਕਟਰ ਦੇ ਹੱਥ ਦੀ ਕਠਪੁਤਲੀ ਹੈ।
-ਲਿਖਣ ਵਾਲੇ ਆਪ ਭਾਵੇਂ ਸ਼ਰਮਾਕਲ ਹੁੰਦੇ ਹਨ ਪਰ ਉਨ੍ਹਾਂ ਦੀ ਕਲਮ ਨਹੀਂ।
-ਮੁਹੱਬਤ ਇੱਕ ਇਬਾਦਤ ਹੈ, ਜੋ ਸਮਝ ਗਿਆ ਉਸ ਲਈ ਸੂਹਬਤ ਹੈ ਜੋ ਨਾ ਸਮਝਿਆ ਉਸ ਲਈ ਨੌਬਤ ਹੈ।
-"ਹੋਰ ਸੁਣਾਓ" ਸਵਾਲ ਕਰਨ ਵਾਲੇ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਪੁੱਛੇ ਇਸ ਸਵਾਲ ਦਾ ਜਵਾਬ "ਬੱਸ ਵਧੀਆ ਤੁਸੀਂ ਸੁਣਾਓ" ਹੀ ਆਉਣਾ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਇਹੋ ਸਵਾਲ ਆਮ ਵਾਰਤਾਲਾਪ ਵਿੱਚ ਵਾਰ-ਵਾਰ ਕਈ ਵਾਰ ਲਗਾਤਾਰ ਕੀਤਾ ਜਾਂਦਾ ਹੈ।
-ਇਹ ਜ਼ਰੂਰੀ ਨਹੀਂ ਕਿ ਨਜ਼ਰ ਸੋਹਣੀ ਵਸਤੂ ਨੂੰ ਜਾਂ ਸੋਹਣੀ ਸੂਰਤ ਨੂੰ ਹੀ ਲੱਗੇ ਕੁਦਰਤ ਦਾ ਬਣਾਇਆ ਹਰ ਚਿਹਰਾ ਜਾਂ ਵਸਤੂ ਆਪਣੇ ਆਪ ਵਿੱਚ ਸੰਪੂਰਨ ਅਤੇ ਖੂਬਸੂਰਤ ਹੁੰਦਾ ਹੈ।
-ਰੰਗ ਬਦਲਦੀ ਦੁਨੀਆ ਨੂੰ ਵੇਖ ਕੇ ਗਿਰਗਿਟ ਹੱਸਦਾ ਤਾਂ ਜ਼ਰੂਰ ਹੋਵੇਗਾ।
-ਲਿਖਣ ਵਾਲਿਆਂ ਦੀ ਜ਼ਿੰਦਗੀ ਵਿੱਚ ਹਾਦਸੇ ਬਹੁਤ ਮਾਅਨੇ ਰੱਖਦੇ ਹਨ।
-ਪਹਿਲੀ ਕੀਤੀ ਕੋਸ਼ਿਸ਼ ਉੱਤੇ ਹਾਰਨ ਵਾਲੇ ਉਮੀਦਵਾਰ ਆਪਣੀ ਅਸਫ਼ਲਤਾ ਨੂੰ ਮੱਦੇਨਜ਼ਰ ਰੱਖ ਕੇ ਅਕਸਰ ਆਪਣੀ ਕਿਸਮਤ ਨੂੰ ਹੀ ਦੋਸ਼ ਦਿੰਦੇ ਹਨ।
-ਚਿੱਟੇ ਅਤੇ ਕਾਲੇ ਕੋਟ ਵਾਲਿਆਂ ਤੋਂ ਕਦੇ ਵੀ ਕੋਈ ਲੁਕੋ ਨਹੀਂ ਰੱਖਣਾ ਚਾਹੀਦਾ ਹੈ।
-ਕਲਾਕਾਰ ਦਾ ਸ਼ੀਸ਼ਾ ਸਮਾਜ ਹੁੰਦਾ ਹੈ।
-ਸਮਾਜ ਬਦਲਦੇ ਹੀ ਸਮਾਜਿਕ ਕੁਰੀਤੀਆਂ ਵੀ ਬਦਲ ਜਾਂਦੀਆਂ ਹਨ ਪਰ ਲਿਖਣ ਪਰਖਣ ਵਾਲੇ ਅੱਜ ਵੀ ਉਹੀ ਪ੍ਰਾਚੀਨ ਕੁਰੀਤੀਆਂ ਬਾਰੇ ਲਿਖ ਲਿਖ ਕੇ ਸਮਾਜ ਨੂੰ ਦੁਬਾਰਾ ਉੱਥੇ ਹੀ ਲਿਆ ਰਹੇ ਹਨ।
-ਲਿਖਣ ਵਾਲਿਆਂ ਲਈ ਲਾਇਬ੍ਰੇਰੀ "ਮੱਕਾ" ਹੁੰਦੀ ਹੈ।
-ਅਮੀਰ ਲੋਕ ਪੈਸੇ ਨੂੰ ਨਹੀਂ ਬਲਕਿ ਆਪਣੇ ਕੀਮਤੀ ਸਮੇਂ ਨੂੰ ਨਿਵੇਸ਼ ਕਰਦੇ ਹਨ।
-ਆਵਿਸ਼ਕਾਰ ਕੁਝ ਚੰਗੇ ਹੁੰਦੇ ਹਨ ਅਤੇ ਕੁਝ ਮਾੜੇ, ਜਿਵੇਂ ਹਲ਼ ਪੰਜਾਲੀ ਦਾ ਕੰਮ ਜਿਸ ਦਿਨ ਤੋਂ ਟਰੈਕਟਰ ਨੇ ਸਾਂਭਿਆ ਹੈ ਉਸ ਦਿਨ ਤੋਂ ਸਾਡੇ ਵੱਡੇ ਵਡੇਰਿਆਂ ਨੂੰ ਗੋਡਿਆਂ ਦੀ ਸ਼ਿਕਾਇਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
-ਜ਼ਿੰਦਗੀ ਵਿੱਚ ਲੋਕ ਪਾਪੜ ਤਾਂ ਬਹੁਤ ਬੇਲ ਦੇ ਹਨ ਪਰ ਪਾਪੜ ਤਲਿਆ ਕੋਈ ਕੋਈ ਹੀ ਜਾਂਦਾ ਹੈ।
-ਸੁਪਨੇ ਵੇਖਣ ਦੇ ਲਈ ਸੌਣਾ ਪੈਂਦਾ ਹੈ ਅਤੇ ਸੁਪਨੇ ਪੂਰੇ ਕਰਨ ਦੇ ਲਈ ਜਾਗਣਾ।
-"ਮਾਂ ਪਿਉ" ਦੀ ਆਪਣੇ ਬੱਚਿਆਂ ਲਈ ਕੀਤੀ ਆਹੂਤੀ ਦੇ ਲਈ ਜੇ ਔਲਾਦ ਆਪਣੇ ਮਾਂ ਪਿਉ ਨੂੰ "ਭਾਰਤ ਰਤਨ" ਦੇ ਕੇ ਸਨਮਾਨਿਤ ਕਰੇ ਤਾਂ ਵੀ ਘੱਟ ਹੈ।
-ਜੋ ਇਨਸਾਨ "ਕੱਲ੍ਹ ਪੱਕਾ ਕੱਲ੍ਹ ਪੱਕਾ ਕੱਲ੍ਹ ਪੱਕਾ" ਕਰਦੇ ਰਹਿੰਦੇ ਹਨ ਉਨ੍ਹਾਂ ਦਾ ਆਉਣ ਵਾਲਾ ਕੱਲ੍ਹ ਕੱਚਾ ਹੀ ਰਹਿ ਜਾਂਦਾ ਹੈ।
-ਮਰਦਾਂ ਨਾਲੋਂ ਔਰਤਾਂ ਕੋਲ ਨੈਤਿਕ ਅਤੇ ਮਨੋਬਲ ਸਹਿਯੋਗ ਜ਼ਿਆਦਾ ਹੁੰਦਾ ਹੈ ਫੇਰ ਉਹ ਕਿਸੇ ਵੀ ਸੂਰਤ ਵਿੱਚ ਹੋ ਸਕਦਾ ਹੈ।
-"ਰਸੋਈ" ਔਰਤ ਦਾ ਦੂਜਾ ਘਰ ਹੁੰਦੀ ਹੈ।
-ਜੋ ਇਨਸਾਨ ਇਹ ਵਾਕ ਕਹਿਕੇ ਕੁਝ ਨਹੀਂ ਕਰਦੇ "ਕਿ ਪੈਸਾ ਕਿਹੜਾ ਨਾਲ ਜਾਣਾ ਹੈ" ਤਾਂ ਉਨ੍ਹਾਂ ਨੂੰ ਮੈਂ ਦੱਸਦਾ ਕਿ ਬਿਨ ਪੈਸੇ ਤੋਂ ਉਹ ਦੁਨੀਆ ਤੋਂ ਵੀ ਨਹੀਂ ਜਾ ਸਕਦੇ।
-ਅਨੁਭਵ, ਜੱਗਬੀਤੀ, ਹੱਡਬੀਤੀ ਅਤੇ ਮਨਘੜਤ ਤੋਂ ਘੜੀਆਂ ਗੱਲਾਂ, ਇੰਨ੍ਹਾਂ ਚਾਰਾਂ ਦਾ ਆਪਣਾ ਹੀ ਵੱਖਰਾ-ਵੱਖਰਾ ਦਾਇਰਾ ਹੈ।
-ਸੱਚੀ ਨੀਅਤ ਨਾਲ ਦਾਨ ਕਰਨ ਵਾਲੇ ਮਨੁੱਖ ਕੰਬਲ ਸਿਰਫ਼ ਸਿਆਲ ਵਿੱਚ ਹੀ ਵੰਡਦੇ ਹਨ ਪਰ ਦਾਨ ਦਿਖਾਵਾ ਕਰਨ ਵਾਲੇ ਕੰਬਲ ਹਾੜ੍ਹ ਵਿੱਚ ਵੀ ਵੰਡੀ ਜਾਂਦੇ ਹਨ।
-ਕੁਝ ਚੀਜ਼ਾਂ ਦੇ ਮਿਲਣ ਤੋਂ ਪਹਿਲਾਂ ਅਤੇ ਮਿਲਣ ਤੋਂ ਬਾਅਦ ਉਨ੍ਹਾਂ ਦੇ ਚਾਅ ਅਤੇ ਸਤਿਕਾਰ ਵਿੱਚ ਤਬਦੀਲੀ ਜ਼ਰੂਰ ਆਉਂਦੀ ਹੈ।
-ਸਮੇਂ ਸਮੇਂ ਦੀ ਗੱਲ ਹੈ ਜੀ, ਮੁੰਡਿਆਂ ਦਾ ਜੂੜਾ ਅੱਗੇ ਤੋਂ ਪਿੱਛੇ ਜਾਣ ਲੱਗ ਪਿਆ ਹੈ ਅਤੇ ਕੁੜੀਆਂ ਦਾ ਜੂੜਾ ਪਿੱਛੇ ਤੋਂ ਅੱਗੇ ਵੱਲ ਨੂੰ ਵੱਧ ਰਿਹਾ ਹੈ।
-ਨਾਰੀਵਾਦ ਤੇ ਬੋਲਣ ਵਾਲੀਆਂ ਨਾਰੀਆਂ ਦੀ ਕਿਸੇ ਇੱਕ ਮਰਦ ਨਾਲ ਚੰਗੀ ਨਾਰਾਜ਼ਗੀ ਹੁੰਦੀ ਹੈ ਜਿਸ ਦੀ ਭੜਾਸ ਉਹ ਵਾਰ-ਵਾਰ ਉਸ ਸ਼ਖ਼ਸ ਉੱਤੇ ਹੀ ਨਹੀਂ ਬਲਕਿ ਸਾਰੇ ਮਰਦਾਂ ਉੱਪਰ ਕੱਢਦੀਆਂ ਹਨ।
-ਲਿਖਣ ਵਾਲਿਆਂ ਦੀ ਇੱਕ ਬੁਰੀ ਆਦਤ ਹੁੰਦੀ ਹੈ, ਇਹ ਸੋਚਦੇ ਬਹੁਤ ਹਨ, ਬਹੁਤ ਜ਼ਿਆਦਾ।
-ਵੱਧ ਬੋਲਣ ਵਿੱਚ ਅਤੇ ਫ਼ਾਲਤੂ ਬੋਲਣ ਵਿੱਚ ਬਹੁਤ ਅੰਤਰ ਹੈ।
-ਕਲਾਕਾਰ ਆਪਣੀ ਕਲਪਨਾ ਦੇ ਜ਼ੋਰ ਨਾਲ ਔਰਤ ਦੀਆਂ ਸਾਧਾਰਨ ਅੱਖਾਂ ਵਿੱਚੋਂ ਸ਼ਰਾਬ ਡੁੱਲ੍ਹਵਾ ਸਕਦਾ ਹੈ, ਉਸ ਦੀ ਗੁੱਤ ਨੂੰ ਸੱਪ ਬਣਾ ਸਕਦਾ ਹੈ ਅਤੇ ਬ੍ਰਹਿਮੰਡ ਤੋਂ ਤਾਰੇ ਤੋੜ ਕੇ ਉਸ ਦੇ ਸਿਰ ਉੱਤੇ ਸਜਾ ਸਕਦਾ ਹੈ।
-ਪਹਿਲਾਂ ਉਸਤਾਦ ਧਾਰੇ ਜਾਂਦੇ ਸੀ, ਅੱਜ ਕੱਲ੍ਹ ਉਧਾਰੇ ਜਾਂਦੇ ਹਨ।
-"ਇਤਫ਼ਾਕ" ਕੁਦਰਤ ਵੱਲੋਂ ਰਚੀ ਗਈ ਸਾਜ਼ਿਸ਼ ਹੁੰਦੀ ਹੈ।
-ਲਿਖਣ ਵਾਲਿਆਂ ਦੇ ਆਪਣੇ ਪਰਿਵਾਰ ਨਾਲ ਵਿਚਾਰਕ ਮਤਭੇਦ ਚੱਲਦੇ ਹੀ ਰਹਿੰਦੇ ਹਨ।
-ਇਸਤਰੀਆਂ ਨਾਲ ਸੰਬੰਧਿਤ ਹੋ ਰਹੀਆਂ ਗੱਲਾਂ ਜਾਂ ਵਸਤੂਆਂ ਵਿੱਚ ਇਸਤਰੀਆਂ ਨਾਲੋਂ ਜ਼ਿਆਦਾ ਦਿਲਚਸਪੀ ਅੱਜ ਕੱਲ੍ਹ ਪੁਰਸ਼ ਵਿਖਾਉਂਦੇ ਹਨ।
-ਹਰ ਕਿਸੇ ਨਾਲ ਬਾਹਲ਼ਾ ਚੰਗਾ ਹੋਣਾ ਵੀ ਕੋਈ, ਬਾਹਲ਼ਾ ਚੰਗਾ ਨਹੀਂ ਹੁੰਦਾ।
-ਇੱਕ ਅਜੀਬ ਗੱਲ ਹੈ ਕਿ ਹਿੰਦੁਸਤਾਨ ਦੇ ਵਿੱਚ ਬੇਰੁਜ਼ਗਾਰੀ ਇੰਨੀ ਕੁ ਹੈ ਕਿ ਜੇ ਕੋਈ ਗੱਡੀ ਬੈਕ ਕਰਦਾ ਹੋਵੇ ਤਾਂ ਉਹ ਨੂੰ "ਆਉਣ ਦੇ ਆਉਣ ਦੇ" ਕਹਿਣ ਲਈ ਹੀ ਭੀੜ ਜੁੜ ਜਾਂਦੀ ਹੈ।
-ਆਮ ਲੋਕਾਂ ਕੋਲ ਪੈਸ਼ਨ ਹੁੰਦਾ ਹੈ, ਪਰ ਲੀਡਰਾਂ ਕੋਲ ਭਾਸ਼ਣ ਹੁੰਦਾ ਹੈ।
-ਕੁਦਰਤ ਸਮੇਂ ਸਮੇਂ ਤੇ ਇਸ ਕਾਇਨਾਤ ਦੇ ਵਸਨੀਕਾਂ ਕੋਲੋਂ ਵਿਆਜ ਸਣੇ ਆਪਣਾ ਭੁਗਤਾਨ ਮੰਗਦੀ ਹੈ।
-ਕਿਰਦਾਰ ਵਿੱਚ ਹਉਮੈ ਦੀ ਮਾਤਰਾ ਟਾਇਰ ਵਿੱਚ ਭਰੀ ਹਵਾ ਬਰਾਬਰ ਹੋਣੀ ਚਾਹੀਦੀ ਹੈ, ਜਿਸ ਨਾਲ ਜ਼ਿੰਦਗੀ ਦੀ ਗੱਡੀ ਆਪਣੇ ਸੰਤੁਲਨ ਵਿੱਚ ਚੱਲੇਗੀ ਅਤੇ ਜੇਕਰ ਟਾਇਰ ਵਿੱਚ ਹਵਾ ਜ਼ਿਆਦਾ ਭਰੀ ਗਈ ਤਾਂ ਸੰਤੁਲਨ ਵਿਗੜ ਸਕਦਾ ਹੈ ਅਤੇ ਟਾਇਰ ਫਟਣ ਦਾ ਸੰਜੋਗ ਵੀ ਬਣ ਸਕਦਾ ਹੈ।
-ਚੰਗੇ ਅਵਸਰ ਸੜਕਾਂ ਉੱਪਰ ਆਮ ਨਹੀਂ ਤੁਰਦੇ ਫਿਰਦੇ ਮਿਲਦੇ।
-ਕੁਝ ਇਨਸਾਨ "ਡਾਊਨ ਟੂ ਅਰਥ" ਹੁੰਦੇ ਹਨ ਅਤੇ ਕੁਝ "ਅਰਥ ਟੂ ਡਾਊਨ”।
-ਜੋ ਡਰਪੋਕ ਹੁੰਦਾ ਹੈ ਜ਼ਰੂਰੀ ਨਹੀਂ ਉਹ ਕਮਜ਼ੋਰ ਵੀ ਹੋਵੇ ਅਤੇ ਜੋ ਕਮਜ਼ੋਰ ਹੁੰਦਾ ਹੈ ਜ਼ਰੂਰੀ ਨਹੀਂ ਉਹ ਡਰਪੋਕ ਵੀ ਹੋਵੇ।
-ਆਮ ਲੋਕ ਜਿਸ ਨੂੰ ਸੋਹਣੀ ਲਿਖਤ ਦਾ ਖ਼ਿਤਾਬ ਦਿੰਦੇ ਹਨ ਅਸਲ ਵਿੱਚ ਉਹ ਕਿਸੇ ਲਿਖਣ ਵਾਲੇ ਦੇ ਮਨ ਦੀ ਭੜਾਸ ਹੁੰਦੀ ਹੈ।
-ਜੇਕਰ ਮਸਲੇ ਸਮੇਂ ਸਿਰ ਚੱਕ ਲਏ ਜਾਣ ਤਾਂ ਭਵਿੱਖ ਵਿੱਚ ਮੋਮਬੱਤੀਆਂ ਚੁੱਕਣ ਦੀ ਲੋੜ ਨਹੀਂ ਪਏਗੀ।
-ਖ਼ਿਆਲਾਂ ਦਾ ਸਵੈਟਰ ਕਿਸੇ ਵੀ ਸਮੇਂ ਕਿਸੇ ਵੀ ਰੁੱਤ ਵਿੱਚ ਬੁਣਿਆ ਜਾ ਸਕਦਾ ਹੈ।
-ਸਵੇਰੇ ਤਿਆਰ ਹੋਣ ਤੋਂ ਬਾਅਦ ਸ਼ੀਸ਼ੇ ਮੂਹਰੇ ਆਕੇ ਆਪਣੇ ਅੱਖਾਂ ਵਿੱਚ ਅੱਖਾਂ ਪਾਕੇ ਇੱਕ ਲਾਈਨ ਜ਼ਰੂਰ ਬੋਲਿਆ ਕਰੋ "ਤੁਸੀਂ ਸੋਹਣੇ ਲੱਗ ਰਹੇ ਹੋ ਜੀ"।
-ਅਜੀਬ ਗੱਲ ਹੈ ਕਿ ਲੋਕਾਂ ਨੂੰ ਅਸੀਂ ਮੂਰਖ ਬਣਾ ਸਕਦੇ ਹਾਂ ਪਰ ਸਮਝਦਾਰ ਨਹੀਂ।
-ਅੰਧ-ਵਿਸ਼ਵਾਸ ਦਾ ਚਸ਼ਮਾ ਲੱਗਣ ਤੋਂ ਬਾਅਦ ਲੋਕਾਂ ਨੂੰ ਉਹ ਦਿਸਣ ਲੱਗ ਜਾਂਦਾ ਹੈ, ਜੋ ਹੁੰਦਾ ਹੀ ਨਹੀਂ।
-ਜ਼ਿੰਦਗੀ ਵਿੱਚ ਜੋ ਕੁਝ ਵੀ ਇਨਸਾਨ ਹਾਸਲ ਕਰਦਾ ਹੈ ਉਸ ਵਿੱਚ 99% ਇਨਸਾਨ ਦੀ ਮਿਹਨਤ ਹੁੰਦੀ ਹੈ ਅਤੇ 1% ਸੰਜੋਗ।
-ਜ਼ਿਆਦਾ "ਮੈਂ ਮੈਂ" ਕਰਨੀ ਮਾੜੀ ਹੈ ਉਦਾਹਰਨ ਵਜੋਂ ਬੱਕਰੇ ਨੂੰ ਹੀ ਵੇਖ ਲਓ।
-ਇਸ ਦੁਨੀਆ ਵਿੱਚ ਜੇਕਰ ਸਭ ਤੋਂ ਤੇਜ਼ ਕੁਝ ਗੁਜ਼ਰਦਾ ਹੈ ਤਾਂ ਉਹ ਸਮਾਂ ਹੈ।
-ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਜੀ, ਸਭ ਕੁਝ ਹੁੰਦੇ ਹੋਏ ਵੀ ਰਾਜ ਕੋਈ ਹੀ ਕਰ ਸਕਦਾ ਹੈ।
-ਕਿਤਾਬ ਦੀ "ਬੁਨਿਆਦ" ਨਾ ਤਾਂ ਉਸ ਵਿੱਚ ਛਪੇ ਸਫ਼ਿਆਂ ਦੀ ਗਿਣਤੀ ਤਹਿ ਕਰ ਸਕਦੀ ਹੈ ਅਤੇ ਨਾ ਹੀ ਉਸ ਦੀ ਕੀਮਤ।
-ਉਮਰ ਦਾ ਹਰ ਸਾਲ ਆਪਣੇ ਨਾਲ ਆਪਣੀਆਂ ਸਖਤ ਹਦਾਇਤਾਂ ਲੈ ਕੇ ਆਉਂਦਾ ਹੈ।
-ਘੱਟ ਤੋਂ ਘੱਟ ਸ਼ਬਦਾਂ ਵਿੱਚ ਗੱਲ ਸਮਝਾਉਣ ਅਤੇ ਸਪਸ਼ਟ ਕਰਨ ਦਾ ਵੱਲ ਹੋਰਨਾਂ ਨਾਲੋਂ, ਨੇਤਾਵਾਂ ਕੋਲ ਜ਼ਿਆਦਾ ਹੁੰਦਾ ਹੈ।
-ਜ਼ਿਆਦਾ ਸਖਤਾਈ ਨਾਲ ਅਤੇ ਜ਼ਿਆਦਾ ਨਰਮਾਈ ਨਾਲ ਬੱਚਾ ਵਿਗੜਦਾ ਹੈ, ਜੇਕਰ ਤੁਸੀਂ ਬੱਚੇ ਨਾਲ ਇੱਕ ਸਮਾਨਾਰਥਕ ਮਿਜ਼ਾਜ ਵਿੱਚ ਰਹੋਗੇ ਤਾਂ ਬੱਚਾ ਵੀ ਤੁਹਾਡੇ ਨਾਲ ਸਮਾਨਾਰਥਕ ਰਹੇਗਾ।
-ਖ਼ਿਆਲਾਂ ਨੂੰ ਖਿਆਲ ਰਹਿਣ ਦੋ, ਖੁਆਬ ਨਾ ਬਣਨ ਦਿਓ।
-ਕਿਸੇ ਨੌਜਵਾਨ ਦਾ ਬਜ਼ੁਰਗਾਂ ਦੀ ਸੰਗਤ ਮਾਣਨਾ ਠੀਕ ਹੈ ਪਰ ਕਿਸੇ ਬਜ਼ੁਰਗ ਦਾ ਨੌਜਵਾਨਾਂ ਦੀ ਸੰਗਤ ਮਾਣਨਾ ਠੀਕ ਨਹੀਂ।
-ਆਪਣੇ ਅੰਦਰ ਦੇ ਸ਼ੋਰ ਨੂੰ ਚੀਕ ਨਹੀਂ ਬਲਕਿ ਗੂੰਜ ਦਾ ਰੂਪ ਬਣਾ ਕੇ ਪੇਸ਼ ਕਰੋ।
-ਅਸਲੀ ਅਦਾਕਾਰੀ ਉਹ ਹੁੰਦੀ ਹੈ ਜਿਸ ਵਿੱਚ ਦੇਖਣ ਵਾਲੇ ਨੂੰ ਆਪਣੇ ਆਪ ਨੂੰ ਦੱਸਣਾ ਪਏ "ਕਿ ਘਬਰਾ ਨਾ ਇਹ ਸਿਰਫ਼ ਅਦਾਕਾਰੀ ਹੈ, ਅਸਲੀਅਤ ਨਹੀਂ"।
-"ਭੋਜਨਾਲਿਆ" ਦਾ ਅਸਲੀ ਮਾਲਕ ਹਲਵਾਈ ਹੁੰਦਾ ਹੈ।
-ਪਾਗਲ ਮੂਰਖ ਨਹੀਂ ਹੋ ਸਕਦੇ ਅਤੇ ਮੂਰਖ ਪਾਗਲ ਨਹੀਂ ਹੋ ਸਕਦੇ।
-ਆਪਣੇ ਜਨਮ ਦਿਨ ਤੇ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਇੱਕ ਸਾਲ ਘਟਣ ਦੀ ਮੁਬਾਰਕਬਾਦ ਮਿਲਦੀ ਹੈ ਜਾਂ ਇੱਕ ਸਾਲ ਵਧਣ ਦੀ?
-ਕਿਤੇ ਨਾ ਕਿਤੇ ਕੁਝ ਕੁ ਹਾਲਾਤਾਂ ਵਿੱਚ ਸਾਨੂੰ ਪੂਰਾ ਨਹੀਂ ਪਰ ਥੋੜ੍ਹਾ ਜਿਹਾ ਤਾਂ ਸਮਾਯੋਜਨ ਕਰ ਹੀ ਲੈਣਾ ਚਾਹੀਦਾ ਹੈ, ਕਿਉਂਕਿ ਹਮੇਸ਼ਾ ਚੀਜ਼ਾਂ ਸਾਡੇ ਹੱਕ ਜਾਂ ਪੱਖ ਵਿੱਚ ਨਹੀਂ ਹੁੰਦੀਆਂ।
-ਹਰ ਪੀੜ੍ਹੀ ਦੇ ਵਿੱਚ ਇੱਕ ਇਨਕਲਾਬੀ ਇਨਸਾਨ ਜਨਮ ਜ਼ਰੂਰ ਲੈਂਦਾ ਹੈ, ਜੋ ਸਭ ਬਦਲ ਕੇ ਰੱਖ ਦਿੰਦਾ ਹੈ।
-ਮੈਂ ਹਰ ਉਸ ਇਨਸਾਨ ਤੋਂ ਡਰਦਾ ਹਾਂ ਜੋ ਕਹਿੰਦਾ ਹੈ "ਕਿ ਮੈਂ ਤੈਨੂੰ ਵੇਖ ਲਊ ਮੇਰੀ ਪਹੁੰਚ ਉੱਪਰ ਤੱਕ ਹੈ” ਮੈਂ ਪੁੱਛਣਾ ਚਾਹੁਣਾ ਕਿ ਇਸ ਉੱਪਰ ਤੱਕ ਦੀ ਪਹੁੰਚ ਦਾ ਮਤਲਬ ਰੱਬ ਹੈ ਜਾਂ ਕੁਝ ਹੋਰ?
-ਕਿਸੇ ਪਾਠਕ ਦੇ ਮਿਜ਼ਾਜ ਅਤੇ ਚਰਿੱਤਰ ਦਾ ਅੰਦਾਜ਼ਾ ਤੁਸੀਂ ਉਸ ਦੀ ਕਿਤਾਬਾਂ ਵਾਲੀ ਅਲਮਾਰੀ ਵਿੱਚ ਰੱਖੀਆਂ ਕਿਤਾਬਾਂ ਤੋਂ ਲਗਾ ਸਕਦੇ ਹੋ।
-ਬਾਰਸ਼ਾਂ, ਨੁਮਾਇਸ਼ਾਂ ਕਰਦੀਆਂ ਹਨ, ਖਾਹਿਸ਼ਾਂ, ਰੰਜਸ਼ਾਂ ਘੜਦੀਆਂ ਹਨ।
-ਜੇਕਰ ਅਭਿਲਾਸ਼ਾ ਹੈ ਤਾਂ ਆਸ਼ਾ ਹੈ, ਨਹੀਂ ਤਾਂ ਸਭ ਤਮਾਸ਼ਾ ਹੈ।
-ਅੱਜ ਕੱਲ੍ਹ ਲੋਕਾਂ ਨੂੰ ਅਫ਼ਸੋਸ ਹੁੰਦਾ ਹੈ, ਰੋਸ ਹੁੰਦਾ ਹੈ ਪਰ ਗ਼ਮ ਨਹੀਂ ਹੁੰਦਾ।
-ਕਈ ਵਾਰ ਕਿਸੇ ਲਈ ਮੁਕਤੀ ਵੀ ਕੈਦ ਬਰਾਬਰ ਹੋ ਨਿੱਬੜਦੀ ਹੈ।
-ਜਦ ਤੱਕ ਕਿਸੇ ਮਾਮਲੇ ਵਿੱਚ ਖੁਦ ਨੂੰ ਸਪਸ਼ਟਤਾ ਨਾ ਹੋਵੇ, ਤਦ ਤੱਕ ਦਾਅਵਾ ਨਾ ਕਰੋ, ਦਿਖਾਵਾ ਨਾ ਕਰੋ।
-ਮਾਂ ਪਿਉ ਕਮਾਉਂਦਾ ਹੈ ਆਪਣੇ ਬੱਚਿਆਂ ਲਈ ਅੱਗੇ ਬੱਚੇ ਕਮਾਉਂਦੇ ਹੈ ਆਪਣੇ ਲਈ, ਹੁਣ ਸਵਾਲ ਇਹ ਹੈ ਕਿ ਇਸ ਵਿਚਕਾਰ ਮਾਂ ਪਿਉ ਲਈ ਕੌਣ ਕਮਾਉਂਦਾ ਹੈ।
-ਮਤਲਬੀ ਅਤੇ ਅਹਿਸਾਨ ਫਰਾਮੋਸ਼ ਇਨਸਾਨ ਹਮੇਸ਼ਾ ਕੌਮਾਂ ਵਿੱਚ ਹੀ ਰਹਿੰਦਾ ਹੈ।
-ਅੱਜ ਕੱਲ੍ਹ ਦੇ ਲੋਕ ਕੇਵਲ ਅੱਖਾਂ ਭਰਦੇ ਹਨ, ਰੋਂਦੇ ਨਹੀਂ।
-ਸਮਾਜ ਵਿੱਚ ਹੁਣ ਇਨਸਾਨ ਦਾ ਇਨਸਾਨੀ ਰੂਪ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।
-ਜਦ ਹਾਲਾਤ ਬੇਵਫ਼ਾ ਹੋ ਜਾਣ ਫੇਰ ਇਨਸਾਨ ਨੂੰ ਕੁਝ ਨਹੀਂ ਦਿਸਦਾ।
-ਸਰੀਰਕ ਕਸਰਤ ਕਰਨ ਵਾਲਿਆਂ ਨੂੰ ਮੈਂ ਕਹਿਣਾ ਚਾਹੁਣਾ ਕਿ ਢਿੱਡ ਮੋਟਾ ਹੁੰਦਾ ਹੋ ਜਾਵੇ ਪਰ ਬੁੱਧੀ ਮੋਟੀ ਨਹੀਂ ਹੋਣੀ ਚਾਹੀਦੀ।
-ਕਈ ਸਾਲ ਪਹਿਲਾਂ ਲਿਖੀ ਕਿਤਾਬ ਵਿੱਚ ਦਿੱਤੀ ਸਲਾਹ, ਜ਼ਰੂਰੀ ਨਹੀਂ ਕਿ ਤੁਹਾਡੀ ਮੌਜੂਦਾ ਹਾਲਤ ਉੱਪਰ ਵੀ ਲਾਗੂ ਹੋ ਜਾਵੇ।
-ਔਰਤ ਜਵਾਨ ਬਹੁਤ ਕਾਹਲੀ ਵਿੱਚ ਹੁੰਦੀ ਹੈ ਪਰ ਬਿਰਧ ਬਹੁਤ ਦੇਰ ਨਾਲ।
-ਆਪਣੀਆਂ ਹਰਕਤਾਂ ਸੁਧਾਰੋ, ਬਰਕਤਾਂ ਆਪੇ ਸੁਧਰ ਜਾਣਗੀਆਂ।
-ਕਲਾ ਨੂੰ ਸਦਾ ਹੀ ਬਰਕਰਾਰ ਰੱਖਣਾ, ਬਹੁਤ ਮੁਸ਼ਕਿਲ ਹੈ।
-ਤੁਸੀਂ ਕਿਸੇ ਦੀ ਜਿੰਨੀ ਜ਼ਿਆਦਾ ਖ਼ਾਤਰ ਕਰੋਗੇ ਉਹ ਤੁਹਾਡੇ ਲਈ ਉਨ੍ਹਾ ਹੀ ਜ਼ਿਆਦਾ ਖਤਰਾ ਬਣਦਾ ਜਾਵੇਗਾ।
-ਕੁਝ ਲੋਕਾਂ ਨੂੰ ਲੱਗਦਾ ਬਹੁਤ ਕੁਝ ਹੁੰਦਾ ਹੈ ਪਰ ਹੁੰਦਾ ਕੁਝ ਵੀ ਨਹੀਂ ਏਵੇਂ ਗੱਲ-ਗੱਲ ਤੇ ਕਹੀ ਜਾਣਗੇ "ਮੈਨੂੰ ਲੱਗਦਾ ਹੈ, ਮੈਨੂੰ ਇਹ ਲੱਗਦਾ ਹੈ"।
-ਗੁੱਸੇ ਅਤੇ ਖੁਸ਼ੀ ਨੂੰ ਹਜ਼ਮ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
-ਸੌ ਵਿੱਚੋਂ ਸੌ ਲੈਣ ਵਾਲੇ ਵੀ ਆਪਣੇ ਆਪ ਵਿੱਚ ਪੂਰੀ ਤਰਾਂ ਸੰਪੂਰਨ ਨਹੀਂ ਹੋ ਸਕਦੇ।
-ਬੱਚਿਆਂ ਲਈ ਸਾਰੇ ਕਿੱਸੇ ਅਤੇ ਕਹਾਣੀਆਂ ਦਾ ਸਭ ਤੋਂ ਬੁਰਾ, ਖਤਰਨਾਕ ਅਤੇ ਨਫ਼ਰਤ ਭਰਿਆ ਪਾਤਰ "ਮਾਊਂ" ਹੁੰਦਾ ਹੈ।
-ਉਸ ਨੇ ਕਿਹਾ ਮੇਰਾ ਦਿਲ ਬਹੁਤ ਵੱਡਾ ਹੈ, ਇਸ ਤੋਂ ਭਾਵ ਹੈ ਕਿ ਉਸ ਨੇ ਇਸ ਅਜ਼ੀਮ ਦਿਲ ਵਿੱਚ ਮੇਰੇ ਨਾਲ-ਨਾਲ ਕੁਝ ਹੋਰ ਪਾਤਰਾਂ ਨੂੰ ਵੀ ਪਨਾਹ ਦਿੱਤੀ ਹੈ, "ਇਸ ਵੱਡੇ ਦਿਲ ਵਿੱਚ"।
-ਮੈਂ ਕਿਹਾ ਜੀ ਰਿਸ਼ਤਿਆਂ ਦੀ ਤੱਕੜੀ ਵਿੱਚ ਮੋਹ ਬਰਾਬਰ ਹੋਣਾ ਚਾਹੀਦਾ ਹੈ।
-ਕੁਝ ਲੋਕਾਂ ਦਾ ਥੀਏਟਰ ਨਾਲ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੁੰਦਾ ਪਰ ਫੇਰ ਵੀ ਉਹ ਨਾਟਕ ਬਹੁਤ ਵਧੀਆ ਕਰ ਲੈਂਦੇ ਹਨ।
-ਗ੍ਰਹਿ ਕਲੇਸ਼ ਦੀ ਇੱਕ ਆਮ ਵਜ੍ਹਾ ਸੋਚ ਵਿੱਚ ਦਖਲਅੰਦਾਜ਼ੀ ਹੁੰਦੀ ਹੈ।
-ਕਿਸੇ ਮਰਦ ਦੇ ਮੂੰਹ ਵਿੱਚੋਂ ਰਹੱਸਪੂਰਨ ਗੱਲਾਂ ਕਢਵਾਉਣ ਦਾ ਵੱਲ ਦੂਜੇ ਨੰਬਰ ਤੇ ਪੁਲਿਸ, ਤੀਜੇ ਤੇ ਪੱਤਰਕਾਰ, ਚੌਥੇ ਤੇ ਵਕੀਲ ਜਦਕਿ ਔਰਤ ਨੂੰ ਇਸ ਮਾਮਲੇ ਵਿੱਚ ਅੱਜ ਵੀ ਪਹਿਲਾ ਸਥਾਨ ਦਿੱਤਾ ਜਾਂਦਾ ਹੈ।
-ਮਰਦ ਚਾਹੁੰਦਾ ਹੈ ਕਿ ਔਰਤ ਹਰ ਬੁਰੀ ਭਲੀ ਗੱਲ ਜਾਂ ਵਿਸ਼ੇ ਉੱਤੇ ਆਪਣੀ ਗਰਦਨ ਨੂੰ ਕੇਵਲ ਉੱਤਰ ਤੋਂ ਦੱਖਣ ਹਿਲਾਏ ਨਾ ਕਿ ਪੂਰਬ ਤੋਂ ਪੱਛਮ।
-ਕੈਲੰਡਰ ਦੇ ਪੰਨਿਆਂ ਦੀ ਤਰ੍ਹਾਂ ਜ਼ਿੰਦਗੀ ਦੇ ਦਿਨ ਵੀ ਪਲਟਦੇ ਰਹਿੰਦੇ ਹਨ।
-ਪੈਸੇ ਦੀ ਕੋਈ ਭਾਸ਼ਾ ਨਹੀਂ ਹੁੰਦੀ, ਕੋਈ ਪਰਿਭਾਸ਼ਾ ਨਹੀਂ ਹੁੰਦੀ।
-ਅਸਲ ਵਿੱਚ ਕੋਸ਼ਿਸ਼ ਕਰਨ ਵਾਲਿਆਂ ਨੂੰ ਕਿਸੇ ਲੜੀ ਵਿੱਚ ਗਿਣਿਆ ਹੀ ਨਹੀਂ ਜਾਂਦਾ, ਗਿਣਿਆ ਕੇਵਲ ਉਨ੍ਹਾਂ ਨੂੰ ਹੀ ਜਾਂਦਾ ਹੈ ਜੋ ਸਫ਼ਲ ਹੁੰਦੇ ਹਨ।
-ਜੇਕਰ ਮਾਂ ਪਿਉ ਦੀ ਡਾਂਟ ਸੁਣ ਲਵੋਗੇ ਤਾਂ ਲੋਕਾਂ ਦੀ ਡਾਂਟ ਸੁਣਨ ਦੀ ਨੌਬਤ ਨਹੀਂ ਆਵੇਗੀ।
-ਕਹਿੰਦੇ ਹਨ ਕਿ ਬੱਚਿਆਂ ਨੂੰ ਮਾਂ ਪਿਉ ਦੀ ਤਨਖਾਹ ਨਹੀਂ ਪੁੱਛਣੀ ਚਾਹੀਦੀ ਪਰ ਮੇਰੇ ਹਿਸਾਬ ਨਾਲ ਬੱਚਿਆਂ ਨੂੰ ਪਰਿਵਾਰ ਦਾ ਆਰਥਿਕ ਪੱਖ ਪਤਾ ਹੋਣਾ ਚਾਹੀਦਾ ਹੈ, ਜਿਸ ਤੋਂ ਬਾਅਦ ਉਹ ਕੋਈ ਅਜਿਹਾ ਕਦਮ ਨਹੀਂ ਚੁੱਕਣਗੇ ਜਿਸ ਨਾਲ ਘਰ ਦੀ ਅਰਥ ਵਿਵਸਥਾ ਉੱਪਰ ਅਸਰ ਪਏ।
-ਅੱਜ ਦਾ ਸਮਾਜ ਇੱਕ ਅਸਮਾਜਿਕ ਅਤੇ ਅਦਾਲਤੀ ਰੂਪ ਧਾਰ ਰਿਹਾ ਹੈ।
-ਜਦ ਤੁਹਾਡਾ ਬਟੂਆ ਖ਼ਾਲੀ ਹੁੰਦਾ ਹੈ, ਵਿੱਚ ਧਨ ਨਹੀਂ ਹੁੰਦਾ ਉਦੋਂ ਉਸ ਵਿੱਚ ਅਨੁਭਵ ਹੁੰਦਾ ਹੈ।
-ਅੱਜ ਕੱਲ੍ਹ ਘਰਾਂ ਦੇ ਵਿੱਚ ਕੇਵਲ ਸਮਾਨ ਹੁੰਦਾ ਹੈ, ਸਨਮਾਨ ਨਹੀਂ।
-ਹਰ ਕਿਸੇ ਦੀ ਜ਼ਿੰਦਗੀ ਨੂੰ ਅੱਜ ਕੱਲ੍ਹ ਲੋਕਾਂ ਨੇ ਇੱਕ "ਖਿੜਕੀ" ਬਣਾ ਰੱਖਿਆ ਹੈ ਜਿਸ ਵਿੱਚੋਂ ਦੀ ਉਹ ਝਾਕਦੇ ਹੀ ਰਹਿੰਦੇ ਹਨ।
-ਕੁਝ ਲੋਕਾਂ ਦੀ ਸਲਾਹ "ਧਮਕੀ" ਵਰਗੀ ਹੁੰਦੀ ਹੈ।
-ਅੰਬਰ ਕੁਦਰਤੀ ਤੰਬੂ ਹੈ, ਜਿਸ ਨੇ ਧਰਤੀ ਦੇ ਕੁੱਲ ਵਾਸੇ ਨੂੰ ਓਟ ਦੇ ਕੇ ਬੁੱਕਲ ਮਾਰ ਰੱਖੀ ਹੈ।
-ਅਸਲ ਵਿੱਚ ਅਕਲ ਜਾੜ੍ਹ ਦਿਮਾਗ਼ ਵਿੱਚ ਹੁੰਦੀ ਹੈ, ਦੰਦਾਂ ਵਿੱਚ ਨਹੀਂ।
-ਜੇਕਰ ਇਨਸਾਨ ਜਲਦੀ ਉੱਠਣ ਦੀ ਆਦਤ ਪਾ ਲਵੇ ਤਾਂ ਉਸ ਦੀਆਂ ਅੱਧੀਆਂ ਸਮੱਸਿਆਵਾਂ ਤਾਂ ਸੁਭਾਵਿਕ ਹੀ ਠੀਕ ਹੋ ਜਾਣਗੀਆਂ।
-ਕਿਤਾਬ ਦੇ ਖੁਦ ਛਪਣ ਵਿੱਚ ਜਾਂ ਛਪਵਾਉਣ ਵਿੱਚ ਧਰਤ ਅਤੇ ਫ਼ਲਕ ਜਿੰਨਾ ਫ਼ਰਕ ਹੈ।
-ਕਿਤੇ ਨਾ ਕਿਤੇ, ਕਿਵੇਂ ਨਾ ਕਿਵੇਂ ਅਸੂਲਾਂ ਉੱਪਰ ਆਪਣੀ ਜਾਂ ਦੂਜਿਆਂ ਦੀ ਸੁਤੰਤਰਤਾ ਖੋਹਣ ਦਾ ਦੋਸ਼ ਜ਼ਰੂਰ ਲੱਗਦਾ ਹੈ।
-ਅੱਜ ਕੱਲ੍ਹ ਦੀ ਗਾਇਕੀ ਦਾ ਅੰਦਾਜ਼ਾ ਅਸੀਂ ਕਾਂ ਅਤੇ ਕੋਇਲ ਦੀ ਆਵਾਜ਼ ਵਿਚਲੀ ਵਿਵਿਧਤਾ ਤੋਂ ਲਗਾ ਸਕਦੇ ਹਾਂ।
-ਬੱਸ ਹੁਣ ਬਹੁਤ ਹੋਇਆ, ਆਉਣ ਵਾਲੇ ਸਮੇਂ ਵਿੱਚ ਅਗਨੀ ਪਰੀਖਿਆ ਦੇਣ ਦੀ ਵਾਰੀ ਹੁਣ ਮਰਦਾਂ ਦੀ ਹੈ, ਤਿਆਰ ਰਹਿਓ।
-ਭੂਚਾਲ ਕੁਝ ਵੀ ਪਲਟਾ ਸਕਦਾ ਹੈ ਸਿਵਾਏ ਯੁੱਗ ਅਤੇ ਉਸ ਦੀ ਸੋਚ ਦੇ।
-ਉੱਲੂ ਸ਼ਬਦ ਇਨਸਾਨਾਂ ਵੱਲੋਂ ਮੂਰਖ ਮਨੁੱਖ ਲਈ ਵਰਤਿਆ ਜਾਂਦਾ ਹੈ ਪਰ ਅਸਲ ਵਿੱਚ ਉੱਲੂ ਬਹੁਤ ਚਲਾਕ ਅਤੇ ਸੂਝਵਾਨ ਜੀਵ ਹੁੰਦਾ ਹੈ।
-ਮਿਰਜ਼ਾ ਬਣਨਾ ਅਤੇ ਮਿਰਜ਼ਾ ਗਾਉਣਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ।
-ਦੁਖੀ ਔਰਤ ਸਿੱਧਾ ਰੱਬ ਨਾਲ ਬਗਾਵਤ ਕਰਦੀ ਹੈ, ਸਭ ਨਾਲ ਨਹੀਂ।
-ਉਸਤਾਦਾਂ ਦੇ ਵੀ ਉਸਤਾਦ ਹੁੰਦੇ ਹਨ।
-ਜੱਦੀ ਸਰਦਾਰਾਂ ਨੂੰ ਮੁੱਛ ਮਰੋੜਨ ਦੀ ਲੋੜ ਹੀ ਨਹੀਂ ਪੈਂਦੀ, ਇਹਨਾਂ ਦੀ ਸੁੱਤੇ ਹੋਇਆਂ ਵੀ ਮੁੱਛ ਖੜੀ ਹੀ ਰਹਿੰਦੀ ਹੈ।
-ਕੰਮ ਅਤੇ ਕਰਮ ਵਿੱਚ ਬਹੁਤ ਫਰਕ ਹੁੰਦਾ ਹੈ।
-ਨਿੱਕੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਡਰ ਆਪਣੀ ਹੀ ਪਰਛਾਈਂ ਤੋਂ ਲੱਗਦਾ ਹੁੰਦਾ ਹੈ।
-ਲਿਖਣ ਦਾ ਕੋਈ ਗੁਰਮਤ ਨਹੀਂ ਹੁੰਦਾ, ਇਹ ਕਲਾ ਇੱਕ ਰੱਬ ਵੱਲੋਂ ਦਿੱਤਾ ਗਿਆ ਤੋਹਫ਼ਾ ਹੈ।
-ਰੋਸ਼ਨੀ ਹਨੇਰੇ ਦੀ ਮੁਹਤਾਜ਼ ਨਹੀਂ ਹੁੰਦੀ।
-ਜਦ ਵੀ ਭੂਮਿਕਾ ਬਣਾਈ ਜਾਂਦੀ ਹੈ, ਦਬਾਅ ਪਾਉਣ ਲਈ ਹੀ ਬਣਾਈ ਜਾਂਦੀ ਹੈ।
-ਜੋ ਵਿਦਿਆਰਥੀ ਅਧਿਆਪਕਾਂ ਦੇ ਹਰਮਨ ਪਿਆਰੇ ਨਹੀਂ ਹੁੰਦੇ ਉਹ ਵਿਦਿਆਰਥੀ ਅੱਗੇ ਜਾਕੇ ਜੱਗ ਦੇ ਹਰਮਨ ਪਿਆਰੇ ਬਣ ਜਾਂਦੇ ਹਨ।
-ਕੁਝ ਵਸਤੂਆਂ ਸਿਰਫ਼ ਇਸ ਕਾਰਨ ਵਿਕਦੀਆਂ ਹਨ ਕਿਉਂਕਿ ਉਹ ਮਹਿੰਗੇ ਮੁੱਲ ਦੀਆਂ ਹਨ ਅਤੇ ਕੁਝ ਵਸਤੂਆਂ ਇਸ ਕਾਰਨ ਨਹੀਂ ਵਿਕਦੀਆਂ ਕਿਉਂਕਿ ਉਹ ਸਸਤੀਆਂ ਹਨ।
-ਅੱਜ ਕੱਲ੍ਹ ਅਧਿਆਪਕ ਵਿਦਿਆਰਥੀਆਂ ਨੂੰ ਚੇਲਾ ਸਮਝ ਕੇ ਨਹੀਂ ਬਲਕਿ ਗਾਹਕ ਸਮਝ ਕੇ ਪੜ੍ਹਾਉਂਦੇ ਅਤੇ ਰਟਾਉਂਦੇ ਹਨ।
-ਕਚਹਿਰੀਆਂ ਦੇ ਵਿੱਚ ਅੱਜ ਕੱਲ੍ਹ ਜ਼ਮੀਨ ਜਾਇਦਾਦ ਦੇ ਵਿਗੜੇ ਮਸਲੇ ਘੱਟ, ਵਿਆਹ ਸੰਬੰਧਿਤ ਮਸਲੇ ਵੱਧ ਆਉਂਦੇ ਹਨ।
-ਅੰਗਰੇਜ਼ੀ ਭਾਸ਼ਾ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਸ ਭਾਸ਼ਾ ਵਿੱਚ ਕਿਸੇ ਨੂੰ ਇੱਜ਼ਤ ਦੇਣ ਲਈ "ਜੀ" ਲਗਾਉਣ ਦੀ ਲੋੜ ਨਹੀਂ ਪੈਂਦੀ।
-ਜੇਕਰ ਵਿਦੇਸ਼ਾਂ ਵਿੱਚ ਭਾਰਤੀਆਂ ਦਾ ਲਗਾਤਾਰ ਆਉਣਾ ਜਾਣਾ ਰਿਹਾ ਤਾਂ ਕੁਝ ਦਹਾਕਿਆਂ ਬਾਅਦ ਉਥੋਂ ਦੇ ਸਖਤ ਕਾਨੂੰਨਾਂ ਦੀ ਬੜੀ ਸਖ਼ਤੀ ਨਾਲ ਉਲੰਘਣਾ ਹੋਣੀ ਸ਼ੁਰੂ ਹੋ ਜਾਵੇਗੀ।
-ਘੰਟੇ ਹਰ ਇਨਸਾਨ ਲਈ 24 ਹੀ ਹੁੰਦੇ ਹਨ ਪਰ ਮਿਹਨਤਕਸ਼ ਲੋਕ 24 ਘੰਟਿਆਂ ਨੂੰ ਮਿਹਨਤ ਕਰ ਕਰ ਕੇ 48 ਬਣਾ ਲੈਂਦੇ ਹਨ।
-ਪੂਰੀ ਕਾਇਨਾਤ ਇੱਕ ਦੌੜ ਵਿੱਚ ਲੱਗੀ ਹੈ ਜਿੰਨ੍ਹਾਂ ਨੂੰ ਨਾ ਤਾਂ ਮੰਜ਼ਿਲ ਦਾ ਪਤਾ ਹੈ, ਨਾ ਜਿੱਤ ਦਾ ਅਤੇ ਨਾ ਹੀ ਹਾਰ ਦਾ।
-ਜਿਵੇਂ ਜਿਵੇਂ ਬਿਰਧਾਂ ਦਾ ਸਤਿਕਾਰ ਘਟਦਾ ਜਾ ਰਿਹਾ ਹੈ ਓਵੇਂ ਓਵੇਂ ਬਿਰਧ ਆਸ਼ਰਮ ਵਧਦੇ ਜਾ ਰਹੇ ਹਨ।
-ਕੁਝ ਜੀਅ ਘਰਾਂ ਨੂੰ ਉਡੀਕਦੇ ਹਨ ਅਤੇ ਕੁਝ ਘਰ ਜੀਆਂ ਨੂੰ।
-ਪਿਆਰ ਨਾਲ ਕੀਤੀ ਇੱਜ਼ਤ ਅਤੇ ਡਰ ਨਾਲ ਕੀਤੀ ਇੱਜ਼ਤ ਵਿੱਚ ਬਹੁਤ ਵਿਵਿਧਤਾ ਹੈ।
-ਸਮੱਸਿਆ ਇਹ ਹੈ ਕਿ ਅੱਜ ਕੱਲ੍ਹ ਲੋਕ ਪਿਆਰ ਵਿੱਚ ਜਾਨ ਦੇਣ ਲਈ ਤਾਂ ਤਿਆਰ ਹਨ ਪਰ ਸਮਾਂ ਅਤੇ ਸਾਥ ਦੇਣ ਲਈ ਨਹੀਂ।
-ਕਾਲਜ ਯੂਨੀਵਰਸਿਟੀ ਦਾ ਦੌਰਾ ਕਰਕੇ ਬਜ਼ੁਰਗ ਵੀ ਤਾਜ਼ਗੀ, ਤੰਦਰੁਸਤੀ ਅਤੇ ਜਵਾਨ ਜਵਾਨ ਮਹਿਸੂਸ ਕਰਦੇ ਹਨ।
-ਜੇਕਰ ਹੱਸਣਾ ਯੋਗ ਹੈ ਤਾਂ ਰੋਣਾ ਵਿਜੋਗ ਹੈ।
-ਤੁਹਾਡੀ ਤਰੱਕੀ ਤੁਹਾਡੇ ਦੋਸਤ ਨੂੰ ਤੁਹਾਡਾ ਦੁਸ਼ਮਣ ਬਣਾ ਦਿੰਦੀ ਹੈ ਅਤੇ ਦੁਸ਼ਮਣ ਨੂੰ ਦੋਸਤ।
-ਰਾਹ ਭਾਵੇਂ ਕੱਚਾ ਹੋਵੇ ਪਰ ਤੁਹਾਨੂੰ ਪੱਕੀ ਮੰਜ਼ਿਲ ਹਾਸਲ ਕਰਵਾ ਸਕਦਾ ਹੈ।
-ਕਈਆਂ ਦੇ ਗੁਣ ਵੀ, ਕਈਆਂ ਨੂੰ ਔਗੁਣ ਹੀ ਲੱਗਦੇ ਹਨ।
-ਉਧਾਰ ਵੀ ਉਹੀ ਇਨਸਾਨ ਦੇ ਸਕਦਾ ਹੈ ਜੋ ਉਦਾਰ ਹੈ।
-ਸਿੱਧੀ ਜਿਹੀ ਗੱਲ ਹੈ ਜਵਾਨੋ ਜਾਂ ਤਾਂ ਸੁਪਨੇ ਪੂਰੇ ਕਰ ਲਓ ਜਾਂ ਫਿਰ "ਨੀਂਦ"।
-ਪੈਸਾ ਸਭ ਦਾ ਪਿਉ ਹੁੰਦਾ ਹੈ ਅਤੇ ਸ਼ੌਹਰਤ ਸਭ ਦੀ ਮਾਂ।
-ਜ਼ਿੰਦਗੀ ਦੀ ਤ੍ਰਾਸਦੀ ਹੈ ਕਿ ਪਤਾ ਸਾਨੂੰ ਭਾਵੇਂ ਪਲ ਛਿਣ ਦਾ ਨਹੀਂ ਪਰ ਵਿਉਂਤ ਬੰਦੀ ਅਤੇ ਵਾਅਦੇ ਸਾਨੂੰ ਆਉਣ ਵਾਲੇ ਕੱਲ੍ਹ ਦੇ ਕਰਨੇ ਹੀ ਪੈਂਦੇ ਹਨ।
-ਇਸ ਸੰਸਾਰ ਵਿੱਚ ਕਿਸੇ ਨੂੰ ਰੋਣ ਲਈ ਮੋਢਾ ਚਾਹੀਦਾ ਹੈ ਅਤੇ ਕਿਸੇ ਨੂੰ ਰਵਾਉਣ ਲਈ।
-ਜੀਵਨ, ਆਪਣੇ ਆਪ ਵਿੱਚ ਇੱਕ ਰੱਬ ਵੱਲੋਂ ਬਖ਼ਸ਼ੀ ਮੰਜ਼ਿਲ ਹੈ, ਜਿਸ ਵਿੱਚ ਅਸੀਂ ਸਾਰੇ ਮੰਜ਼ਿਲ ਲੱਭਦੇ ਫਿਰਦੇ ਹਾਂ।
-ਜਿਵੇਂ-ਜਿਵੇਂ ਸਹੂਲਤਾਂ ਵੱਧਦੀਆਂ ਜਾਣਗੀਆਂ, ਓਵੇਂ ਓਵੇਂ ਜ਼ਰੂਰਤਾਂ ਵੱਧ ਦੀਆਂ ਜਾਣਗੀਆਂ।
-ਅੰਦਰ ਕੌਣ ਹੈ ਇਹ ਪਤਾ ਹੈ ਪਰ ਆਪਣੇ ਅੰਦਰ ਕੌਣ ਹੈ ਇਹ ਨਹੀਂ ਪਤਾ, ਬਾਹਰ ਕੌਣ ਹੈ ਇਹ ਪਤਾ ਹੈ ਪਰ ਆਪਣੇ ਤੋਂ ਬਾਹਰ ਕੌਣ ਹੈ ਇਹ ਨਹੀਂ ਪਤਾ।
-ਜੇਕਰ ਹਵਾ ਦੀ ਝੋਕ ਦੇ ਬਜਾਇ ਦੀਵਾ ਸੂਹੇ ਬੁੱਲ੍ਹਾਂ ਦੀ ਫ਼ੂਕ ਨਾਲ ਬੁੱਝੇ ਤਾਂ ਉਹ ਦੀਵਾ ਆਪਣੇ ਆਪ ਵਿੱਚ ਮੁਕੰਮਲ ਮੰਨਿਆ ਜਾਵੇਗਾ।
-ਪ੍ਰਬਲ ਹੌਸਲਾ ਮੁਸੀਬਤਾਂ ਨੂੰ ਸੈਨਤਾਂ ਮਾਰਦਾ ਹੈ ਅਤੇ ਲਲਕਾਰਦਾ ਹੈ।
-ਜ਼ਿਆਦਾ ਇੱਛਾ, ਜ਼ਿਆਦਾ ਹਿੱਸਾ, ਜ਼ਿਆਦਾ ਹਿੰਸਾ ਨੂੰ ਵਧਾ ਦਿੰਦੀ ਹੈ।
-ਕੁਝ ਲੋਕ ਜ਼ਿੰਦਗੀ ਨੂੰ ਬਦਤਰ ਤੋਂ ਬਿਹਤਰ ਬਣਾਉਣਾ ਚਾਹੁੰਦੇ ਹਨ ਅਤੇ ਕੁਝ ਬਿਹਤਰ ਤੋਂ ਬਿਹਤਰੀਨ।
-ਇੰਨੀ ਸੱਟ ਪੈਰ ਤਿਲਕਣ ਤੇ ਨਹੀਂ ਲੱਗਦੀ, ਜਿੰਨੀ ਜੀਭ ਤਿਲਕਣ ਤੇ ਲੱਗ ਜਾਂਦੀ ਹੈ।
-ਅੱਜ ਕੱਲ੍ਹ ਲੋਕ ਅੰਨ ਘੱਟ, ਸਹੁੰ ਜ਼ਿਆਦਾ ਖਾਂਦੇ ਹਨ।
-ਰਸਤੇ ਵਿੱਚ ਰਾਸ ਹੈ ਵਾਸਤੇ ਵਿੱਚ ਵਾਸ ਹੈ, ਪਰ ਕਿਸ ਦਾ?
-ਜੁੱਤੇ ਪਾਲਿਸ਼ ਕਰਨ ਵਾਲੇ ਸਿਰਫ਼ ਜੁੱਤੇ ਨਹੀਂ, ਤੁਹਾਡਾ ਵਿਅਕਤੀਤਵ ਵੀ ਪਾਲਿਸ਼ ਕਰਦੇ ਹਨ।
-ਕਲਪਨਾ ਕਲਪਦੀ ਵੀ ਬਹੁਤ ਹੈ ਅਤੇ ਕਲਪਾਉਂਦੀ ਵੀ ਬਹੁਤ ਹੈ।
-ਕੁਝ ਲੋਕ ਭੈੜੇ ਕੰਮਾਂ ਦੇ ਇੰਨੇ ਆਦੀ ਹੋ ਗਏ ਹਨ ਕਿ ਅੱਧ ਹੀ ਰਹਿ ਗਏ ਹਨ।
-ਵਿਆਹ ਤੋਂ ਬਾਅਦ ਪ੍ਰੇਮੀ ਪ੍ਰੇਮਿਕਾ, ਪਤੀ ਪਤਨੀ ਨਹੀਂ ਬਲਕਿ ਪ੍ਰੇਮੀ ਪ੍ਰੇਮਿਕਾ ਹੀ ਬਣ ਕੇ ਰਹਿੰਦੇ ਹਨ।
-ਸਿਆਣਾ ਬੰਦਾ ਸਿਆਣਾ ਵੀ ਹੋਵੇ, ਇਹ ਜ਼ਰੂਰੀ ਨਹੀਂ ਹੁੰਦਾ।
-ਗਲੀਆਂ ਰਾਹੇ ਰਾਹੇ ਜਿੱਥੇ ਮਰਜ਼ੀ ਆਉਣ ਜਾਣ ਪਰ ਮਿਲਣਾ ਉਨ੍ਹਾਂ ਨੇ ਚੌਂਕ ਵਿੱਚ ਹੀ ਹੁੰਦਾ ਹੈ।
-ਕੁਝ ਲੋਕਾਂ ਦੇ ਕੇਵਲ ਸਿਰ ਹੁੰਦੇ ਹਨ ਦਿਮਾਗ਼ ਨਹੀਂ, ਕੁਝ ਲੋਕਾਂ ਦੇ ਕੇਵਲ ਦਿਮਾਗ਼ ਹੁੰਦੇ ਹਨ ਪਰ ਅਕਲ ਨਹੀਂ।
-ਕਈ ਇਨਸਾਨਾਂ ਦੀ ਸੋਚ ਉਹ ਲੱਭ ਰਹੀ ਹੈ ਜੋ ਅਜੇ ਗਵਾਚਿਆ ਹੀ ਨਹੀਂ।
-ਇਨਸਾਨ ਦਾ ਲਾਲਚ ਕਰਜ਼ੇ ਦੇ ਵਿਆਜ ਦੀ ਤਰ੍ਹਾਂ ਵਧਦਾ ਹੈ, ਜਿਸ ਨੂੰ ਭਰਨਾ ਅਸੰਭਵ ਹੈ।
-ਕੁਝ ਪ੍ਰਸਥਿਤੀਆਂ ਵਿੱਚ ਇਨਸਾਨ ਸਿਰਫ਼ ਝੁਕਦਾ ਹੈ, ਨੀਵਾਂ ਕਦੇ ਨਹੀਂ ਹੁੰਦਾ।
-ਜੋ ਵਸਤੂ ਕਿਸੇ ਦੂਸਰੇ ਇਨਸਾਨ ਕੋਲ ਵਧੀਆ ਲੱਗਦੀ ਹੈ ਜ਼ਰੂਰੀ ਨਹੀਂ ਉਹ ਤੁਹਾਡੇ ਕੋਲ ਵੀ ਵਧੀਆ ਲੱਗੇ।
-ਕਈਆਂ ਦੀ ਕਲਾ, ਕਈਆਂ ਲਈ ਬਲ਼ਾ ਹੁੰਦੀ ਹੈ।
-ਸੋਚਣਾ ਇੱਕ ਕਲਾ ਹੈ ਅਤੇ ਸਿਰਫ਼ ਸੋਚਣਾ ਇੱਕ ਬਲ਼ਾ ਹੈ।
-ਲਿਖਾਰੀ ਸਿਹਤਮੰਦ ਵੀ ਹੋਣਾ ਚਾਹੀਦਾ ਹੈ ਅਤੇ ਸਾਹਿਤ-ਮੰਦ ਵੀ।
-ਗੁਨਾਹਗਾਰ ਇੱਕ ਗੁਨਾਹ ਕਰਦਾ ਹੈ, ਜੋ ਅੱਗੇ ਗੁਣਾ ਹੁੰਦੇ ਜਾਂਦੇ ਹਨ।
-ਪੈਸੇ ਦਾ ਮੋਹ ਇਨਸਾਨ ਨੂੰ ਥੱਕਣ ਨਹੀਂ ਦਿੰਦਾ, ਅੱਕਣ ਨਹੀਂ ਦਿੰਦਾ, ਕਿਧਰੇ ਹੋਰ ਪਲਾਂਘ ਪੁੱਟਣ ਨਹੀਂ ਦਿੰਦਾ।
-ਪਿੱਠ ਪਿੱਛੇ ਗੱਲਾਂ ਵੀ ਉਨ੍ਹਾਂ ਦੀਆਂ ਹੀ ਹੁੰਦੀਆਂ ਹਨ ਜੋ ਕਦੇ ਪਿੱਛੇ ਮੁੜ ਕੇ ਵੇਖਦੇ ਹੀ ਨਹੀਂ।
-ਨਹਿਰਾਂ, ਸਮੁੰਦਰ ਦੀਆਂ ਭੈਣਾਂ ਹੁੰਦੀਆਂ ਹਨ।
-ਅਸਲਾ ਰੱਖਣ ਦਾ ਸ਼ੌਕ ਬੜਿਆਂ ਨੂੰ ਹੁੰਦਾ ਹੈ ਪਰ ਅਸਲਾ ਰੱਖਣ ਦੀ ਜਾਣਕਾਰੀ ਥੋੜਿਆਂ ਨੂੰ ।
-ਜਿੰਨ੍ਹਾਂ ਨੂੰ ਕਿਤਾਬ ਦੇਖਦੇ ਸਾਰ ਹੀ ਨੀਂਦ ਆਉਣ ਲੱਗ ਜਾਂਦੀ ਹੈ, ਉਨ੍ਹਾਂ ਨੂੰ ਕਿਤਾਬਾਂ, ਕਿਤਾਬਾਂ ਨਹੀਂ ਬਲਕਿ ਨੀਂਦ ਦੀਆਂ ਗੋਲੀਆਂ ਜਾਪਦੀਆਂ ਹਨ।
-ਡਾਕਟਰ ਮਰੀਜ਼ ਨੂੰ ਪਹਿਲਾਂ ਪੰਪ ਦਿੰਦਾ ਹੈ, ਜੇ ਕਿਤੇ ਫੇਰ ਵੀ ਕੰਮ ਨਾ ਚੱਲੇ ਫੇਰ ਆਕਸੀਜਨ ਪੰਪ ਦਿੰਦਾ ਹੈ।
-ਬੱਚਿਆਂ ਨੂੰ ਹਾਜ਼ਰ ਜਵਾਬ ਵੀ ਹੋਣਾ ਚਾਹੀਦਾ ਹੈ ਅਤੇ ਹਾਜ਼ਰ ਸਵਾਲ ਵੀ।
-ਬੇਰੰਗ ਵਿਅੰਗ, ਉਮੰਗ ਅਭੰਗ ਕਰ ਦਿੰਦੇ ਹਨ।
-ਸਮਾਂ ਰਫ਼ਤਾਰ ਦਾ ਦੁਸ਼ਮਣ ਹੈ।
-ਮਿਲਨੀ ਵਾਲੀ ਰਾਤ ਜਵਾਨ ਵੀ ਹੁੰਦੀ ਹੈ ਅਤੇ ਬੇਜ਼ਬਾਨ ਵੀ।
-ਅਸੀਂ ਅੱਜ ਦੇ ਬਜ਼ੁਰਗਾਂ ਨੂੰ ਕਹਿੰਦੇ ਹਾਂ ਕਿ "ਤੁਹਾਨੂੰ ਕੁਝ ਨਹੀਂ ਪਤਾ" ਜਿਹੜੀ ਸਾਡੇ ਤੋਂ ਅਗਲੀ ਪੀੜ੍ਹੀ ਆਵੇਗੀ, ਉਹ ਸਾਨੂੰ ਕਹੇਗੀ "ਤੁਹਾਨੂੰ ਕੁਝ ਨਹੀਂ ਪਤਾ”।
-ਜੇਕਰ ਇੱਕ ਮੌਕੇ ਤੇ ਘਰਾਣੇ ਵਿੱਚ ਤਿੰਨ ਜਾਂ ਚਾਰ ਪੀੜ੍ਹੀਆਂ ਸੰਯੁਕਤ ਖੁਸ਼ਹਾਲ ਰਹਿ ਰਹੀਆਂ ਹਨ ਤਾਂ ਉਹ ਘਰਾਣਾ ਕਾਮਯਾਬ ਵੀ ਹੈ ਅਤੇ ਸਿਹਤਯਾਬ ਵੀ।
-ਸਭ ਨੂੰ ਪ੍ਰਣਾਮ ਕਰੋਗੇ ਤਾਂ ਚੰਗਾ ਪਰਿਣਾਮ ਮਿਲੇਗਾ।
-ਇਤਿਹਾਸਿਕ ਇਮਾਰਤ ਦੀਆਂ ਇੱਟਾਂ ਆਪਣਾ ਇਤਿਹਾਸ ਆਪ ਬੋਲਦੀਆਂ ਹਨ।
-ਔਰਤ ਨੂੰ ਸਮਝਣ ਦੇ ਲਈ ਮਰਦ ਨੂੰ ਕਈ ਵਾਰ ਔਰਤ ਵੀ ਬਣਨਾ ਪੈ ਜਾਂਦਾ ਹੈ।
-ਉਡੀਕ ਨੂੰ ਉਡੀਕ, ਉਡੀਕ ਰਹੀ ਹੈ।
-ਪੈਸੇ ਦੀ ਇੱਕ ਵਿਲੱਖਣਤਾ ਹੈ ਕਿ ਇਸ ਨਾਲ ਤੁਸੀਂ ਜੋ ਵੀ ਕਰੋਗੇ, ਇਹ ਤੁਹਾਨੂੰ ਦੁੱਗਣਾ ਦੇਵੇਗਾ।
-ਕਮਜ਼ੋਰ ਯਾਦਦਾਸ਼ਤ ਵਾਲੇ ਇਨਸਾਨ ਨੂੰ ਹੋਰ ਕੁਝ ਯਾਦ ਰਹੇ ਨਾ ਰਹੇ ਪਰ ਇਹ ਜ਼ਰੂਰ ਯਾਦ ਰਹਿੰਦਾ ਹੈ ਕਿ ਉਸ ਦੀ ਯਾਦਦਾਸ਼ਤ ਕਮਜ਼ੋਰ ਹੈ।
-ਮਨ ਪੂਰੀ ਸੁਧ ਬੁਧ ਨਾਲ ਬਚਪਨ ਵਿੱਚ ਜਵਾਨੀ ਭਾਲਦਾ ਹੈ, ਜਵਾਨ ਹੋਣ ਉਪਰੰਤ ਬਚਪਨਾ ਭਾਲਦਾ ਹੈ, ਅਤੇ ਬਜ਼ੁਰਗ ਦੌਰ ਵਿੱਚ ਆਉਣ ਤੋਂ ਬਾਅਦ ਇਨਸਾਨ ਨੂੰ ਇਹ ਦੋਨੋਂ ਰੰਗ ਚਾਹੀਦੇ ਹਨ।
-ਕੁਝ ਲੇਖਕ ਸਵੈ ਜੀਵਨੀ ਵਿੱਚ ਆਪਣਾ ਨਾਮ ਪਾਕੇ ਜੀਵਨ ਗਾਥਾ ਕਿਸੇ ਹੋਰ ਦੀ ਹੀ ਲਿਖ ਦਿੰਦੇ ਹਨ।
-ਇਸ ਮਤਲਬੀ ਸੰਸਾਰ ਸਾਗਰ ਵਿੱਚ ਜੇ ਕੋਈ ਇਨਸਾਨ ਪ੍ਰਸੰਨ ਹੈ ਤਾਂ ਲੋਕਾਂ ਨੂੰ ਉਸੇ ਤੋਂ ਪ੍ਰਸ਼ਨ ਹੈ।
-ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ "ਹਾਲ ਦੀ ਘੜੀ" ਵਿੱਚ ਕੋਈ ਕੋਈ ਹੀ ਜੀਅ ਰਿਹਾ ਹੈ।
-ਗੱਲਾਂ ਦਾ ਕੜਾਹ ਸਵਾਦ ਤਾਂ ਬਹੁਤ ਹੁੰਦਾ ਹੈ ਪਰ ਹਜ਼ਮ ਨਹੀਂ ਆਉਂਦਾ।
-ਮੁਕਾਬਲੇਬਾਜ਼ੀ ਹਰ ਵਕਤ ਤੁਹਾਡੇ ਮਨ ਅੰਦਰ ਕੁਝ ਨਾ ਕੁਝ ਨਵਾਂ ਕਰਨ ਦੀ ਤਾਂਘ ਬਣਾਈ ਰੱਖਦੀ ਹੈ।
-ਬੱਚਾ ਜਦੋਂ ਜੰਮਦਾ ਹੈ ਤਾਂ ਸਾਰੇ ਕਹਿੰਦੇ ਹਨ, ਮਾਂ ਤੇ ਗਿਆ ਹੈ, ਪਿਉ ਤੇ ਗਿਆ ਹੈ, ਕੋਈ ਕਹਿੰਦਾ ਹੈ ਨੱਕ ਭੂਆ ਤੇ ਗਿਆ ਹੈ ਪਰ ਜਦ ਉਹੀ ਬੱਚਾ ਵੱਡਾ ਹੋਕੇ ਕੋਈ ਘੋਟਾਲਾ ਕਰ ਆਉਂਦਾ ਹੈ ਤਾਂ ਸਾਰੇ ਕਹਿੰਦੇ ਹਨ "ਇਹ ਕੀਹਦੇ ਤੇ ਗਿਆ ਹੈ?”
-ਅੱਜ ਕੱਲ੍ਹ ਲਛਮਣ ਰੇਖਾ ਦੁਨੀਆ ਨੇ ਇੱਜ਼ਤ ਦੇ ਇਰਧ-ਗਿਰਧ ਨਹੀਂ ਬਲਕਿ ਮੋਹ ਮਾਇਆ ਦੇ ਆਲ਼ੇ ਦੁਆਲੇ ਖਿੱਚੀ ਹੋਈ ਹੈ।
-ਹੁਸਨ ਦਾ ਨਜ਼ਾਰਾ ਤੱਕ ਕੇ "ਤੌਬਾ ਤੌਬਾ" ਜ਼ੁਬਾਨ ਨਹੀਂ ਬਲਕਿ ਅੱਖਾਂ ਕਹਿੰਦੀਆਂ ਹਨ।
-ਅੱਜ ਕੱਲ੍ਹ ਅੱਗ ਨੂੰ ਅੱਗ ਤੋਂ ਖ਼ਤਰਾ ਹੈ, ਰੱਬ ਨੂੰ ਰੱਬ ਤੋਂ ਖ਼ਤਰਾ ਹੈ।
-ਮੁਕਾਬਲੇ ਦੀ ਗੱਲ ਕੀ ਕਰਦੇ ਹੋ ਜਨਾਬ, ਇੱਥੇ ਤਾਂ ਹਾਰੇ ਨੂੰ ਵੀ ਹਾਰ ਮਿਲੇ, ਜਿੱਤੇ ਨੂੰ ਵੀ ਹਾਰ ਮਿਲੇ।
-ਦੱਸ ਕੀ ਪਰਦਾ ਹੈ, ਅੱਜ ਕੱਲ੍ਹ ਜਿੰਨਾ ਸਰਦਾ ਹੈ, ਉਨੀ ਕੁ ਸ਼ਰਧਾ ਹੈ।
-ਬੰਦੇ ਤੋਂ ਭਾਵ ਹੈ ਨਰ ਵਿਚਾਰਾਂ ਵਿੱਚ ਬੰਧਿਆ ਹੋਇਆ, ਬੰਦ ਬੰਦਗੀ ਕਰਦਾ "ਬੰਦਾ"।
-ਹੱਕਾਂ ਖਾਤਿਰ ਉੱਠੀ ਤਲਵਾਰ ਖੂਨ ਦੇ ਸੋਹਿਲੇ ਗਾਉਂਦੀ ਹੈ ਅਤੇ ਗਾਉਂਦੀ ਰਹੇਗੀ।
-ਜਿੱਦਾਂ ਦੇ ਰਾਹ ਓਦਾਂ ਦੇ ਵਾਹ।
-ਇੱਕ ਮਹਿਬੂਬ ਆਪਣੀ ਮਹਿਬੂਬਾ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਕੋਲੋਂ ਕੀ ਗੁਜ਼ਰੀ, ਮੈਂ ਗੁਜ਼ਰ ਗਿਆ ਖੜ੍ਹਾ-ਖੜ੍ਹਾ।
-ਚੋਰ ਅਤੇ ਆਸ਼ਕ ਦੇ ਹੱਥ ਕਿਤੇ ਵੀ ਨਿਚਲੇ ਨਹੀਂ ਰਹਿੰਦੇ।
-ਪੰਛੀ ਕੁਦਰਤ ਦੇ ਸੁਰੀਲੇ ਗਾਇਕ ਹੁੰਦੇ ਹਨ।
-ਚਮਚੇ ਕਦੋਂ ਚਾਕੂ ਬਣ ਜਾਣ, ਕੋਈ ਪਤਾ ਨਹੀਂ ਚਲਦਾ।
-ਦਹਿਸ਼ਤਗਰਦ ਇਨਸਾਨ ਦੇ ਦਿਲ ਦੀ ਥਾਂ ਤੇ ਦਿਮਾਗ਼ ਹੁੰਦਾ ਹੈ ਅਤੇ ਦਿਮਾਗ਼ ਦੀ ਥਾਂ ਤੇ ਦਿਲ ਅਤੇ ਇਸ ਦਿਲ ਵਿੱਚ ਕੋਈ ਜਜ਼ਬਾਤ ਜਾਂ ਭਾਵਨਾ ਨਹੀਂ ਹੁੰਦੀ।
-ਕੁਦਰਤ ਦੀ ਅਦਾ ਦਾ ਫ਼ਰਜ਼, ਕਦੇ ਅਦਾ ਨਹੀਂ ਹੋ ਸਕਦਾ।
-ਕੋਈ ਚੀਜ਼ ਜੇ ਸਾਨੂੰ ਪਸੰਦ ਹੋਵੇ ਤਾਂ ਨਾ ਚਾਹੁੰਦੇ ਹੋਏ ਵੀ ਸਾਨੂੰ ਉਸ ਦੀਆਂ ਕਮੀਆਂ ਨਹੀਂ ਦਿਸਦੀਆਂ ਪਰ ਜੇ ਕੋਈ ਚੀਜ਼ ਉਸ ਦੇ ਚੰਗੇ ਹੋਣ ਦੇ ਬਾਵਜੂਦ ਵੀ ਸਾਨੂੰ ਨਾ ਪਸੰਦ ਹੋਵੇ ਤਾਂ ਫੇਰ ਸਾਨੂੰ ਉਸ ਦੀਆਂ ਕਮੀਆਂ ਹੀ ਕਮੀਆਂ ਦਿਸਦੀਆਂ ਹਨ।
-ਜੋ ਹਰ ਵਸਤੂ ਜਾਂ ਵਿਚਾਰ ਦੇ ਆਲੋਚਕ ਹੁੰਦੇ ਹਨ, ਉਹ ਬੜੇ ਰੌਚਕ ਹੁੰਦੇ ਹਨ।
-ਪਤਝੜ ਰੁੱਖਾਂ ਦੀ, ਪੱਤ ਲੁੱਟ ਕੇ ਲੈ ਜਾਂਦੀ ਹੈ।
-ਹਰ ਆਸ਼ਕ ਦੀ ਸੋਚ "ਪੁਲਾੜ ਯਾਤਰੀ" ਵਰਗੀ ਹੁੰਦੀ ਹੈ।
-ਇਕਪੱਖੀ ਪਿਆਰ ਦਾ ਖ਼ਿਆਲ ਰੇਤ ਦੇ ਬਣਾਏ ਕਿਲ੍ਹੇ ਵਾਂਗ ਹੁੰਦਾ ਹੈ, ਜੋ ਪਲਕ ਝਪਕ ਦੇ ਹੀ ਢਹਿ ਜਾਂਦਾ ਹੈ।
-ਤੁਹਾਨੂੰ ਸੱਚਾ ਚਾਹੁਣ ਵਾਲੇ ਤੁਹਾਡੇ ਲਈ ਜਾਨ ਦੇਣਗੇ ਪਰ ਤੁਹਾਨੂੰ ਜਾਣ ਨਹੀਂ ਦੇਣਗੇ।
-ਜੇਕਰ ਜ਼ਿੰਦਗੀ ਵਿੱਚ ਕੁਝ ਮਾੜਾ ਵਾਪਰ ਜਾਵੇ ਤਾਂ ਲੋਕ ਕਹਿੰਦੇ ਹਨ ਕਿ ਕਿਸਮਤ ਦੇ ਰੰਗ ਹਨ ਪਰ ਮੈਂ ਇਹ ਗੱਲ ਨਹੀਂ ਮੰਨਦਾ, ਮੇਰਾ ਮੰਨਣਾ ਇਹ ਹੈ ਕਿ ਜੇ ਕੰਧ ਵਿੱਚ ਸਿਰ ਮਾਰੋਗੇ ਤਾਂ ਸਿਰ ਤਾਂ ਫੁੱਟੇਗਾ ਹੀ ਤਾਂ ਇਹ ਕਿਸਮਤ ਦੇ ਨਹੀਂ, ਕੁਦਰਤ ਦੇ ਰੰਗ ਹਨ।
-ਬਲ ਵਿੱਚ ਵਰਤੋਂ ਵਲ ਨਹੀਂ ਹੁੰਦਾ?
-ਨੈਣਾਂ ਦੀ ਲੁਕ-ਛਿਪ ਨੂੰ ਨਜ਼ਰ-ਅੰਦਾਜ਼ੀ ਕਹਿੰਦੇ ਹਨ।
-ਚਾਅ ਵਿੱਚ ਬਜ਼ੁਰਗਾਂ ਦੇ ਗੋਡੇ ਨਹੀਂ ਨੱਚਦੇ ਬਲਕਿ ਮੋਢੇ ਨੱਚਦੇ ਹਨ।
-ਵੀਹ ਤੋਂ ਲੈ ਕੇ ਤੀਹ ਤੱਕ ਦੀ ਉਮਰ ਦੁੱਧ ਦੇ ਉਬਾਲ ਵਰਗੀ ਹੁੰਦੀ ਹੈ।
-ਅੱਜ ਕੱਲ੍ਹ ਹਵਾ, ਆਪਣੀ ਹੀ ਹਵਾ ਵਿੱਚ ਹੈ।
-ਵਿਚਾਰੇ ਨੂੰ ਵਿਚਾਰਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਸ ਕੋਲ ਕੋਈ ਚਾਰਾ ਨਹੀਂ ਹੁੰਦਾ ਸਿਰਫ਼ ਵਿਚਾਰ ਹੀ ਹੁੰਦੇ ਹਨ।
-ਅਗਰ ਮਗਰ ਕਰਨ ਵਾਲੇ ਸਦਾ ਤੁਹਾਡੇ ਮਗਰ ਮਗਰ ਰਹਿਣਗੇ।
-ਜੇਕਰ ਚਿਰਾਗ਼ ਹਵਾ ਨਾਲ ਦੋਸਤੀ ਕਰ ਲੈਣ ਤਾਂ ਉਨ੍ਹਾਂ ਦਾ ਬੁੱਝਣਾ ਅਸੰਭਵ ਹੈ।
-ਦਬਵੀਂ ਮੁੱਠੀ ਵਿੱਚ ਮਿਲੀ ਬਖ਼ਸ਼ੀਸ਼ ਨੂੰ ਕਦੇ ਨਾ ਨਹੀਂ ਕਹੀਦਾ ਹੁੰਦਾ।
-ਬਦਲੇ ਬਦਲੇ ਬਦਲਾਅ ਨੂੰ ਬਦਲੇ ਤੋਂ "ਬਦਲਾ" ਚਾਹੀਦਾ ਹੈ।
-ਔਰਤ ਆਪਣੀ ਜ਼ੁਲਫਾਂ ਦੀ ਗੁੱਥੀ ਸੁਲਝਾਉਂਦੇ ਸੁਲਝਾਉਂਦੇ ਪਤਾ ਨਹੀਂ ਕਿੰਨੇ ਹੀ ਮਰਦਾਂ ਨੂੰ ਉਲਝਾ ਦਿੰਦੀ ਹੈ।
-ਹੁਣ ਸਬਰ ਵਿੱਚ ਸਬਰ, ਮੁੱਕ ਚੁੱਕਾ ਹੈ, ਸਬਰ ਬੇਸਬਰ ਹੋ ਚੁੱਕਾ ਹੈ।
-ਪੈਸਾ ਗੁਬਾਰੇ ਵਰਗਾ ਹੁੰਦਾ ਹੈ, ਇੱਕ ਵਾਰ ਜੋ ਉੱਡ ਗਿਆ ਸੋ ਉੱਡ ਗਿਆ, ਮੁੜ ਕੇ ਹੱਥ ਨਹੀਂ ਆਉਂਦਾ।
-ਜਿਸ ਦੀ ਕੋਈ ਦਿਸ਼ਾ ਨਹੀਂ ਹੁੰਦੀ, ਉਸ ਦੀ ਦੁਰਦਸ਼ਾ ਬਹੁਤ ਹੁੰਦੀ ਹੈ।
-ਸ਼ਬਦਾਂ ਦਾ ਇੱਕ ਆਪਣਾ ਲਿਬਾਸ ਹੁੰਦਾ ਹੈ ਜੋ ਸ਼ਬਦਾਂ ਦੀ ਮੱਤ-ਪਤ ਦੀ ਹਿਫ਼ਾਜ਼ਤ ਕਰਦਾ ਹੈ, ਇਸ ਲਈ ਸ਼ਬਦਾਂ ਦੇ ਘੁੰਡ ਚੁੱਕਣ ਦੀ ਜੁਅਰਤ ਨਾ ਹੀ ਕਰੋ ਤਾਂ ਚੰਗਾ ਹੈ।
-ਜਿਹੜੇ ਲੋਕਾਂ ਨੂੰ ਸਾਨੂੰ ਮੂੰਹ ਨਹੀਂ ਲਾਉਣਾ ਚਾਹੀਦਾ, ਕਈ ਵਾਰ ਅਸੀਂ ਉਨ੍ਹਾਂ ਦੀਆਂ ਗੱਲਾਂ ਦਿਲ ਤੇ ਲਾ ਬੈਠਦੇ ਹਾਂ।
-ਕੱਪੜਾ ਰਫ਼ੂ ਹੋ ਸਕਦਾ ਹੈ, ਇੱਜ਼ਤ ਨਹੀਂ।
-ਝਾਂਜਰਾਂ ਦੀ ਛਣਕਾਹਟ ਵਿੱਚ ਨਾ ਸੁਰ ਹੁੰਦਾ ਹੈ, ਨਾ ਤਾਲ ਪਰ ਫਿਰ ਵੀ ਇਹ ਛਣ-ਛਣ ਵੱਡੇ-ਵੱਡੇ ਸੰਗੀਤਕਾਰਾਂ ਦੇ ਹੋਸ਼ ਭੁਲਾ ਦਿੰਦੀ ਹੈ।
-ਜੇਬ ਕਤਰੇ ਦਾ ਕਹਿਣਾ ਹੈ ਕਿ ਹੁਣ ਆਮ ਆਦਮੀ ਦੀ ਜੇਬ ਹੀ ਨਹੀਂ ਰਹੀ, ਕਤਰਾਂ ਕੀ?
-ਇਸ ਵਕਤ ਭਾਰਤ ਦੇਸ਼ ਨੂੰ ਨਵੇਂ ਦੇਸ਼ ਦੀ ਨਹੀਂ, ਨਵੇਂ ਉਪਦੇਸ਼ ਅਤੇ ਉਦੇਸ਼ ਦੀ ਲੋੜ ਹੈ।
-ਜੋ ਮਹਾਨ ਹੈ, ਉਸ ਦਾ ਕੋਈ ਹਾਣ ਨਹੀਂ, ਕੋਈ ਪ੍ਰਵਾਨ ਨਹੀਂ।
-ਨਕਾਰਾਤਮਕ ਇਨਸਾਨ ਕਹਿੰਦਾ "ਜੋ ਜਿਵੇਂ ਚੱਲਦਾ ਹੈ ਚੱਲੀ ਜਾਣ ਦੋ" ਜਦਕਿ ਸਕਾਰਾਤਮਕ ਇਨਸਾਨ ਕਹਿੰਦਾ ਹੈ "ਇੱਦਾਂ ਕਿੱਦਾਂ ਚੱਲੀ ਜਾਣ ਦੋ"।
-ਸ਼ਬਦਾਂ ਦੀ ਅਮੀਰੀ ਨਾਲ ਲੇਖਕ ਲਿਖਤਮ ਦੌਲਤ ਕਮਾਉਂਦਾ ਹੈ।
-ਸਮੱਸਿਆ ਇਹ ਹੈ ਕਿ ਹਰ ਕੋਈ ਰਾਜਾ ਬਣਨਾ ਚਾਹੁੰਦਾ ਹੈ, ਵਜ਼ੀਰ ਵਿਚਾਰੇ ਦਾ ਤਾਂ ਕੋਈ ਨਾਮ ਵੀ ਲੈ ਕੇ ਰਾਜ਼ੀ ਨਹੀਂ।
-ਇਸ ਯੁੱਗ ਵਿੱਚ ਥੋੜ੍ਹਿਆਂ ਨੂੰ ਸਾਧਨਾਂ ਦੀ ਲੋੜ ਹੈ ਅਤੇ ਬਹੁਤਿਆਂ ਨੂੰ ਸਾਧਨਾ ਦੀ।
-ਅੱਜ ਦੇ ਸਮੇਂ ਵਿੱਚ ਮਰਦਾਂ ਲਈ ਵੀ ਲਛਮਣ ਰੇਖਾ ਹੋਣੀ ਚਾਹੀਦੀ ਹੈ।
-ਜੋ ਅੱਜ ਪਤੰਗਾ ਹੈ ਉਹ ਕੱਲ੍ਹ ਅੱਗ ਬਣ ਕੇ ਨਿਕਲੇਗਾ।
-ਕੁਦਰਤ ਦੀ ਸੁਗੰਧ ਨੂੰ "ਸੁਗੰਦ" ਬਣਾਉਣ ਵਿੱਚ ਅੱਜ ਦੇ ਲੋਕਾਂ ਦਾ ਵਿਸ਼ੇਸ਼ ਯੋਗਦਾਨ ਹੈ।
-ਸਮਾਜ ਨੂੰ ਸਭ ਤੋਂ ਜਲਦੀ ਜੋੜਨ ਦਾ ਕੰਮ ਵੀ ਧਰਮ ਕਰਦਾ ਹੈ ਅਤੇ ਸਭ ਤੋਂ ਜਲਦੀ ਤੋੜਨ ਦਾ ਕੰਮ ਵੀ ਧਰਮ ਹੀ ਕਰਦਾ ਹੈ।
-ਰੂਹ ਤੋਂ ਲਿਖਣ ਦਾ ਮਤਲਬ ਹੈ, ਸ਼ਬਦਾਂ ਦੀ ਪਰੋਈ ਮਾਲਾ ਦਾ ਜਾਪ ਕਰਨਾ।
-ਰਾਹ ਦੋ ਰਾਹੇ ਪੈ ਕੇ ਗੁੰਮਰਾਹ ਹੋ ਗਿਆ, ਜਦ ਅਤਾ ਪਤਾ ਲੱਗਿਆ ਤਾਂ ਰਹਿਨੁਮਾ ਹੋ ਗਿਆ।
-ਗ਼ਜ਼ਲਾਂ ਕਵਿਤਾਵਾਂ ਬਹੁਤ ਥੋੜੇ ਸ਼ਬਦਾਂ ਵਿੱਚ ਵੱਡੇ ਅਰਥ ਸੁਲਝਾ ਅਤੇ ਸਮਝਾ ਦਿੰਦੀਆਂ ਹਨ, ਜਦ ਕਿ ਵਾਰਤਕ ਇਸ ਮਾਮਲੇ ਵਿੱਚ ਮੱਧਮ ਅਤੇ ਕਮਜ਼ੋਰ ਹੈ।
-ਫ਼ਿਕਰ ਨਾ ਕਰੋ ਜੋ ਪੂਰਾ ਹੈ, ਉਹ ਵੀ ਅਧੂਰਾ ਹੈ।
-ਹਰ ਪੁਸਤਕ ਦੇ ਪੰਨੇ ਪਾਠਕ ਲਈ ਪੰਨੇ ਨਹੀਂ ਬਲਕਿ ਇੱਕ ਦਰਿਆ ਦੀ ਲਹਿਰ ਵਾਂਗ ਹੁੰਦੇ ਹਨ, ਜਿਵੇਂ-ਜਿਵੇਂ ਪਾਠਕ ਪੰਨੇ ਪਲਟਦਾ ਹੈ ਓਵੇਂ-ਓਵੇਂ ਉਹ ਵਿਚਾਰਾਂ ਦੀ ਡੂੰਘਾਈ ਵਿੱਚ ਡੁੱਬਦਾ ਚਲਾ ਜਾਂਦਾ ਹੈ।
-ਜੋ ਲਾਜਵਾਬ ਹੈ ਉਸ ਵਿੱਚ ਕਈ ਸਵਾਲਾਂ ਦਾ ਜਵਾਬ ਹੈ।
-ਕਈ ਵਾਰ ਕੁਝ ਸਵਾਲ ਪੁੱਛਣ ਤੇ ਕੇਵਲ ਸਵਾਲ ਹੀ ਉਪਜਦੇ ਹਨ, ਜਵਾਬ ਨਹੀਂ ਉਪਜਦੇ, ਜਿਵੇਂ ਇੱਕ ਸਵਾਲ ਹੈ "ਰੱਬ ਹੈ ਜਾਂ ਨਹੀਂ”?
-ਜੇਕਰ ਸ਼ੀਸ਼ੇ ਵਿੱਚ ਇਜ਼ਹਾਰ ਕਰਨ ਦੀ ਸਮਰੱਥਾ ਹੁੰਦੀ ਤਾਂ ਆਫ਼ਤ ਹੋ ਜਾਣੀ ਸੀ।
-ਪਿਆਰ ਵਿੱਚ ਬੇਵਫ਼ਾਈ ਦਾ ਆਰੰਭ ਲਾਰਿਆਂ ਤੋਂ ਹੁੰਦਾ ਹੈ।
-ਨੱਕ ਵਿੱਚ ਮਹਿਕ ਨੂੰ ਵੇਖਣ ਦੀ ਸਮਰੱਥਾ ਹੁੰਦੀ ਹੈ।
-ਪਾਵਰ ਆਉਣ ਤੋਂ ਬਾਅਦ ਕੁਝ ਲੋਕਾਂ ਨੂੰ ਉੱਚਾ ਸੁਣਨ ਲੱਗ ਜਾਂਦਾ ਹੈ।
-ਜ਼ਿੰਦਗੀ ਦੇ ਅਨੁਭਵ ਦਾ ਕੋਈ ਉਪਾਧੀ ਪੱਤਰ ਨਹੀਂ ਹੁੰਦਾ।
-ਚਿੰਤਾ ਨਹੀਂ, ਚਿੰਤਨ ਕਰੋ।
-ਆਲ੍ਹਣਿਆਂ ਨੂੰ ਇੰਨ੍ਹਾਂ ਖ਼ਤਰਾ ਹਨੇਰੀਆਂ ਤੋਂ ਨਹੀਂ ਜਿੰਨਾ ਆਰੀਆਂ ਤੋਂ ਹੈ।
-ਜੇ ਕੋਈ ਸਿਧਾਂਤ ਜਾਂ ਵਿਚਾਰ ਸਮਝਾਉਣ ਵਿੱਚ ਨਹੀਂ ਆ ਰਿਹਾ ਤਾਂ ਉਸ ਨੂੰ ਉਦਾਹਰਨ ਦੇ ਕੇ ਸਮਝਾਉਣ ਦੀ ਖੇਚਲ ਕਰੋ, ਸਮਝਣਾ ਆਸਾਨ ਹੋ ਜਾਵੇਗਾ।
-ਊਸ਼ਾ ਇੱਕ ਦੁਆ ਹੈ, ਨਿਸ਼ਾ ਇੱਕ ਨਸ਼ਾ ਹੈ।
-ਅੱਜ ਦੇ ਸਮੇਂ ਵਿੱਚ ਅਸਲ ਗਿਆਨ ਤਾਂ ਕਿਸੇ ਕਿਸੇ ਕੋਲ ਹੀ ਹੈ ਬਾਕੀ ਸਭ ਤਾਂ ਏਵੇਂ ਬੱਸ ਸੁਣੀਆਂ ਸੁਣਾਈਆਂ ਗੱਲਾਂ ਹੀ ਕਰਦੇ ਹਨ।
-ਜ਼ਿੰਦਗੀ ਦੀ ਗਤੀ ਦੀ, ਗਤੀਵਿਧੀ ਪਹਿਚਾਣੋ।
-ਸਿਆਸੀ ਪਾਰਟੀਆਂ ਕਦੇ ਨਹੀਂ ਚਾਹੁੰਦੀਆਂ ਕਿ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਕਿਉਂਕਿ ਜੇਕਰ ਜ਼ਰੂਰਤਾਂ ਪੂਰੀਆਂ ਹੋ ਗਈਆਂ ਤਾਂ ਵੋਟਾਂ ਕੌਣ ਪੂਰੀਆਂ ਕਰੇਗਾ, ਸੋ ਹਰ ਵਾਰ ਕੇਵਲ ਨਾਅਰਾ ਬਦਲਿਆ ਜਾਂਦਾ ਹੈ, ਲਾਰਾ ਉਹੀ ਰਹਿੰਦਾ ਹੈ।
-ਜਦ ਜੋਬਨ ਆਪਣੇ ਜੋਬਨ ਵਿੱਚ ਹੈ ਤਦ ਅਣਹੋਣੀ ਕੋਈ ਹੋਵਣ ਵਿੱਚ ਹੈ।
-ਜੇਕਰ ਕਲਯੁਗ ਦੀ ਕੋਈ ਸੀਮਾ ਹੁੰਦੀ ਤਾਂ ਭਗਤੀ ਕੇਂਦਰਾਂ ਦੇ ਦਰਾਂ ਨੂੰ ਕੁੰਡਾ ਨਾ ਹੁੰਦਾ, ਹਿਫ਼ਾਜ਼ਤ ਲਈ ਪਹਿਰੇਦਾਰ ਨਾ ਹੁੰਦੇ।
-ਚਾਬੀ ਭਰਿਆ ਤੋਤਾ ਸਿਰਫ਼ ਆਪਣੇ ਪਰ ਹਿਲਾ ਸਕਦਾ ਹੈ ਪਰ ਉੱਡ ਨਹੀਂ ਸਕਦਾ।
-ਬਹੁਤੇ ਚੰਗੇ ਦੀ ਰਾਏ ਅਤੇ ਹੋਛੇ ਬੰਦੇ ਦੀ ਹਾਏ, ਭੱਠਾ ਬਠਾ ਦਿੰਦੀ ਹੈ।
-ਉਮਰ ਦੇ ਇੱਕ ਪੜਾਅ ਤੇ ਸਮਾਂ ਆਪਣੇ ਵਿੱਚ ਹੀ ਸਮਾ ਜਾਂਦਾ ਹੈ ਅਤੇ ਸ਼ਮਾਂ ਵਾਂਗ ਜਲਦਾ ਰਹਿੰਦਾ ਹੈ।
-ਜੇਕਰ ਇਨਸਾਨ ਪਹਿਲਾਂ ਆਪਣੀ ਕਮਜ਼ੋਰੀ ਨੂੰ ਮਿਲੇ ਤਾਂ ਫਿਰ ਸਫ਼ਲਤਾ ਨੂੰ ਅਸਾਨੀ ਨਾਲ ਮਿਲ ਸਕਦਾ ਹੈ।
-ਅੱਜ ਕੱਲ੍ਹ ਕੰਡੇ ਗੁਲਾਬ ਦੀ ਰਾਖੀ ਨਹੀਂ ਕਰਦੇ ਬਲਕਿ ਉਸ ਲਈ ਹੋਰ ਕੰਡੇ ਬੀਜ ਦਿੰਦੇ ਹਨ।
-ਜੋ ਬੇ-ਤਰਕ ਹੈ ਉਹ ਬੇ-ਧੜਕ ਹੈ।
-ਲਾਲਚ ਵਫ਼ਾਦਾਰੀ ਨੂੰ ਖਰੀਦਣ ਦੀ ਸਮਰੱਥਾ ਰੱਖਦਾ ਹੈ।
-ਕਾਮਯਾਬ ਹੋਣ ਤੋਂ ਪਹਿਲਾਂ ਤੁਹਾਡੀ ਮਿਹਨਤ ਦਾ ਰਾਹ ਖਾਲੀ ਹੁੰਦਾ ਹੈ ਅਤੇ ਕਾਮਯਾਬ ਹੋਣ ਤੋਂ ਬਾਅਦ ਉਸ ਰਾਹ ਤੇ ਮੇਲੇ ਲੱਗ ਜਾਂਦੇ ਹਨ।
-ਕੁੱਖ ਨੂੰ ਕੱਖ ਨਾ ਬਣਾਓ।
-ਚਿਣਗ ਨੂੰ ਚਿੰਗਾਰੀ ਬਣਦੇ ਦੇਰ ਨਹੀਂ ਲੱਗਦੀ।
-ਸਦਾ ਵੱਡੀਆਂ ਚੀਜ਼ਾਂ ਤੇ ਹੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ, ਛੋਟੀਆਂ ਚੀਜ਼ਾਂ ਵੱਲ ਕੋਈ ਮੂੰਹ ਵੀ ਨਹੀਂ ਕਰਦਾ, ਇਸ ਕਰ ਕੇ ਜ਼ਿਆਦਾ ਘੋਟਾਲੇ ਛੋਟੀਆਂ ਚੀਜ਼ਾਂ ਵਿੱਚ ਹੀ ਵਾਪਰਦੇ ਹਨ ਜੋ ਅੱਗੇ ਜਾ ਕੇ ਵੱਡੇ ਪੱਧਰ ਦੇ ਹੋ ਜਾਂਦੇ ਹਨ।
-ਮਿਹਨਤ ਕਰਦੇ ਕਰਦੇ ਤੁਹਾਨੂੰ ਔਕੜਾਂ ਦਾ ਸਾਹਮਣਾ ਵੀ ਕਰਨਾ ਪਏਗਾ ਅਤੇ ਆਕੜਾਂ ਦਾ ਵੀ।
-ਚੰਗੇ ਕੰਮ ਲਈ ਕਿਸੇ ਕੋਲ ਲੋੜੀਂਦਾ ਵਕਤ ਨਹੀਂ ਹੁੰਦਾ, ਬੱਸ ਬਹਾਨਾ ਹੁੰਦਾ ਹੈ ਜਦਕਿ ਮਾੜੇ ਕੰਮ ਲਈ ਸਾਰੇ ਵਿਹਲੇ ਹਨ।
-ਬੇੜੀਆਂ ਦੀ ਛਣਕਾਹਟ ਗ਼ੱਦਾਰਾਂ ਲਈ ਗੂੰਜ ਹੈ।
-ਜੋ ਇਨਸਾਨ ਵਾਰ-ਵਾਰ ਇਹ ਕਹਿਕੇ ਕੰਮ ਟਾਲ ਦਿੰਦਾ ਹੈ ਕਿ "ਮੇਰੇ ਤੋਂ ਨਹੀਂ ਹੋਣਾ", ਅਸਲ ਵਿੱਚ ਉਹ ਇਨਸਾਨ ਆਪਣੇ ਆਪ ਤੋਂ ਅਜੇ ਵਾਕਿਫ ਹੀ ਨਹੀਂ ਹੁੰਦਾ।
-ਲਾਇਬ੍ਰੇਰੀ ਵਿੱਚ ਆਉਣ ਜਾਣ ਵਾਲੇ ਵਾਚਕਾਂ ਨੂੰ ਕਿਤਾਬਾਂ ਧਾਰਮਿਕ ਸਥਾਨ ਤੇ ਮਿਲੇ ਪ੍ਰਸ਼ਾਦ ਵਾਂਗ ਲੱਗਦੀਆਂ ਹਨ।
-ਅਸਲ ਵਿੱਚ ਬੱਸ ਕਰਨਾ ਇਨਸਾਨ ਦੇ, ਵੱਸ ਵਿੱਚ ਹੀ ਨਹੀਂ ਹੈ।
-ਜੋ ਅਜੇ ਹੀਲਾ-ਵਸੀਲਾ ਇਕੱਠਾ ਕਰ ਰਹੇ ਹਨ, ਉਹ ਅਜੇ ਉਨ੍ਹਾਂ ਨੂੰ ਖਰਚਣ ਦੀ ਤਿਆਰੀ ਵਿੱਚ ਹਨ, ਸ਼ਾਇਦ ਖ਼ਰਚ ਪਾਉਣ ਸ਼ਾਇਦ ਨਾ।
-ਜ਼ਿੰਦਗੀ ਵਿੱਚ ਲਗਭਗ ਹਰ ਕੋਈ ਸਫ਼ਲ ਹੁੰਦਾ ਹੈ, ਪਰ ਜ਼ਿੰਦਗੀ ਤੋਂ ਅਸਫ਼ਲ।
-ਇਸ਼ਕ ਵਿੱਚ ਸਵਾਲਾਂ ਦੇ ਜਵਾਬ ਨਹੀਂ ਬਲਕਿ ਜਵਾਬਾਂ ਦੇ ਸਵਾਲ ਲੱਭਣੇ ਪੈਂਦੇ ਹਨ।
-ਵਿਅਸਤ ਲੰਘਦੇ ਦਿਨਾਂ ਦੇ ਵਿਚਾਲੇ ਆਉਣ ਵਾਲੇ ਐਤਵਾਰ ਤੇ ਹੁਣ ਕਿਸੇ ਨੂੰ ਇਤਬਾਰ ਨਹੀਂ ਰਿਹਾ।
-ਨੀਅਤ ਬਦਲੋ, ਤਬੀਅਤ ਬਦਲ ਜਾਵੇਗੀ, ਹੈਸੀਅਤ ਬਦਲ ਜਾਵੇਗੀ।
-ਛੱਲੇ ਪੁੱਤ ਨੂੰ ਕਿਨਾਰੇ ਅੱਜ ਵੀ ਉਡੀਕ ਰਹੇ ਹਨ, ਅੱਜ ਵੀ "ਜੱਲਾ" ਮਲਾਹ ਗਾ ਰਿਹਾ ਹੈ, "ਜਾਵੋ ਨੀ ਕੋਈ ਮੋੜ ਲਿਆਵੋ"।
-ਚਾਹੇ ਜਿੰਨੇ ਮਰਜ਼ੀ ਵੱਡੇ-ਵੱਡੇ ਗੀਤ ਤਰਾਨੇ ਆ ਜਾਣ ਪਰ ਪੰਜਾਬੀ ਵਿਆਹ ਕੁਝ ਦੋ ਤਿੰਨ ਗੀਤਾਂ ਬਿਨਾਂ ਅਧੂਰੇ ਹਨ ਅਤੇ ਅਧੂਰੇ ਹੀ ਰਹਿਣੇ ਹਨ।
-ਗੋਲਕ ਜਦ ਵੀ ਟੁੱਟਿਆ ਹੈ, ਟੁੱਟੀ ਮੁਰਾਦ ਨੂੰ ਜੋੜਨ ਲਈ ਹੀ ਟੁੱਟਿਆ ਹੈ।
-ਕੁਝ ਵੀ ਬਣੋ ਪਰ ਚੰਗਾ ਅਤੇ ਕਾਬਲ ਉਦਾਹਰਨ ਬਣੋ।
-ਮੌਤ ਅਮਰ ਹੈ।
-ਰਿਸ਼ਵਤਖੋਰੀ ਇਨਸਾਨ ਨੂੰ ਖੋਰ ਕੇ ਰੱਖ ਦਿੰਦੀ ਹੈ।
-ਉੱਚੇ ਫਲਾਂ ਦੇ ਮੁਕਾਬਲੇ, ਨੀਵੇਂ ਫਲਾਂ ਨੂੰ ਤੋੜਨ ਵਾਲੇ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਅਤੇ ਗਿਰੇ ਹੋਏ ਫਲਾਂ ਨੂੰ ਲੋਕ ਇਹ ਕਹਿਕੇ ਛੱਡ ਦਿੰਦੇ ਹਨ ਕਿ "ਛੱਡੋ ਇਹ ਤਾਂ ਹੁਣ ਖਾਣ ਯੋਗ ਨਹੀਂ ਰਹੇ”।
-ਕੌੜਾ ਸੱਚ ਹੈ ਕਿ ਜਿਸ ਗੱਲ ਦੀ ਇਨਸਾਨ ਨੂੰ ਸਮਝ ਨਹੀਂ ਆਉਂਦੀ, ਉਸ ਗੱਲ ਨੂੰ ਇਨਸਾਨ ਬੇਅਰਥ ਕਹਿਕੇ ਟਾਲ ਦਿੰਦਾ ਹੈ।
-ਅੱਜ ਕੱਲ੍ਹ ਲੋਕ ਕਰਤੱਵ ਪੂਰਾ ਕਰਦੇ-ਕਰਦੇ ਕਰਤਬ ਕਰ ਦਿੰਦੇ ਹਨ।
-ਜ਼ਿਆਦਾ ਅਚਵੀ ਕਰਨ ਵਾਲਾ ਇਨਸਾਨ, ਹਮੇਸ਼ਾ ਕਾਹਲੀ ਵਿੱਚ ਹੀ ਰਹਿੰਦਾ ਹੈ।
-ਅੱਜ ਦੇ ਨੌਜਵਾਨ ਵਰਗ ਨੂੰ ਸਲਾਹ, ਗ਼ਮਾਂ ਵਿੱਚ ਨਾ ਰਿਹਾ ਕਰੋ, ਗ਼ਮਾਂ ਨੂੰ ਤੁਸੀਂ ਰਿਹਾ ਕਰੋ।
-ਜਿਸ ਦੇ ਮਨ ਵਿੱਚ ਚੋਰ ਹੈ, ਉਹ ਬਾਹਰ ਤੁਰਦੇ ਫਿਰਦੇ ਚੋਰ ਤੋਂ ਵੀ ਖਤਰਨਾਕ ਹੈ।
-ਜਦ ਰੂਹ, ਰੂਹ ਦੇ ਰੂਬਰੂ ਹੁੰਦੀ ਹੈ ਤਦ ਜ਼ਿੰਦਗੀ ਆਪਣੇ ਆਪ ਵਿੱਚ ਸੁਰਖਰੂ ਹੁੰਦੀ ਹੈ।
-ਵਰਦਾਨ, ਦਾਨ ਵਿੱਚ ਨਹੀਂ ਦਿੱਤੇ ਜਾ ਸਕਦੇ ਹਨ।
-ਅਸਲ ਬੁੱਧੀਮਾਨ ਉਹ ਹੈ ਜਿਸ ਨੂੰ ਆਪਣੀ ਬੁੱਧੀ ਤੇ ਜਰਾ ਵੀ ਮਾਣ ਨਹੀਂ ਹੈ "ਬੁੱਧੀਮਾਨ"।
-ਭ੍ਰਿਸ਼ਟ ਇਨਸਾਨ ਦਾ ਹਾਜ਼ਮਾ ਕਮਜ਼ੋਰ ਹੁੰਦਾ ਹੈ।
-ਇਨਸਾਨ ਉੱਪਰ ਜਾਣਾ ਚਾਹੁੰਦਾ ਹੈ, ਉੱਪਰ ਪੁੱਜਣ ਤੋਂ ਬਾਅਦ ਉਹ ਹੋਰ ਉੱਪਰ ਜਾਣਾ ਚਾਹੁੰਦਾ ਹੈ, ਫੇਰ ਇਸ ਤੋਂ ਵੀ ਉੱਪਰ, ਉਸ ਤੋਂ ਵੀ ਉੱਪਰ ਕਰਦਾ ਕਰਦਾ ਇਨਸਾਨ ਇੱਕ ਦਿਨ ਉੱਪਰ ਪਹੁੰਚ ਹੀ ਜਾਂਦਾ ਹੈ।
-ਸਿਆਸਤ ਦੀ ਵਿਰਾਸਤ ਹੈ ਕਿ ਸਿਆਸਤ ਦੀ ਹਿਫ਼ਾਜ਼ਤ ਲਈ ਰਿਆਸਤ ਨੂੰ ਸਦਾ ਸ਼ਹਾਦਤ ਦੇਣੀ ਪੈਂਦੀ ਹੈ।
-ਖੁਸ਼ ਹੋਣਾ ਅਤੇ ਸੰਤੁਸ਼ਟ ਹੋਣਾ, ਇਹ ਦੋਨੋਂ ਅਲੱਗ-ਅਲੱਗ ਗੱਲਾਂ ਹਨ।
-ਜੇਕਰ ਅੰਗਰੇਜ਼ੀ ਮਾਧਿਅਮ ਮੰਡਲ ਦਾ ਜ਼ੋਰ ਚੱਲੇ ਤਾਂ ਉਹ ਮਾਂ ਬੋਲੀ ਭਾਸ਼ਾ ਵੀ ਅੰਗਰੇਜ਼ੀ ਵਿੱਚ ਹੀ ਪੜ੍ਹਾਉਣ ਲੱਗ ਜਾਣ।
-ਅੱਜ ਕੱਲ੍ਹ ਨਿੱਕੇ ਨਿਆਣਿਆਂ ਦੇ ਚਾਅ, ਨਿਆਣੇ ਨਹੀਂ ਰਹੇ।
-ਪ੍ਰਾਚੀਨ ਜ਼ਮਾਨੇ ਵਿੱਚ ਔਰਤਾਂ ਖੁੱਲ ਕੇ ਸਿਰਫ਼ ਰੋ ਸਕਦੀਆਂ ਸੀ, ਹੱਸ ਨਹੀਂ।
-ਜਦ ਤੱਕ ਤਲਵਾਰ ਮਿਆਨ ਵਿੱਚ ਹੈ, ਤਦ ਤੱਕ ਜਾਨ ਜਾਨ ਵਿੱਚ ਹੈ।
-ਮੋਹ ਮਾਇਆ ਅੱਖਾਂ ਦਾ ਧੋਖਾ ਹੈ।
-ਕਾਰ ਕਰੋ, ਕਾਰੇ ਨਹੀਂ।
-ਸੋਨੇ ਦਾ ਅੰਡਾ ਦੇਣ ਵਾਲੀ ਮੁਰਗ਼ੀ ਦਾ ਨਾਮ "ਮਿਹਨਤ" ਹੈ।
-ਬਹੁਤਾਤ, ਦੁਰਉਪਯੋਗ ਅਤੇ ਫ਼ਜ਼ੂਲ ਵਰਤੋਂ ਨੂੰ ਵਧਾਵਾ ਦਿੰਦੀ ਹੈ।
-ਅੱਜ ਦੇ ਯੁੱਗ ਦੇ ਅੱਧ ਲੋਕ ਪਦਾਰਥਵਾਦੀ ਹੋ ਚੁੱਕੇ ਹਨ।
-ਜਦ ਹਨ੍ਹੇਰਾ ਤਾਰਿਆਂ ਦੀ ਮੁਖ਼ਬਰੀ ਕਰ ਦਿੰਦਾ ਹੈ ਤਾਂ ਫੇਰ ਚਾਨਣੀ ਰਾਤ ਨੂੰ ਆਪਣੇ ਰਾਜ ਉਗਲਣੇ ਹੀ ਪੈਂਦੇ ਹਨ।
-ਕਿਸੇ ਨਾਲ ਮੂੰਹ ਇੰਨਾ ਵੀ ਨਾ ਜੋੜੋ ਕਿ ਕੱਲ੍ਹ ਨੂੰ ਉਹ ਮੂੰਹ ਜ਼ੋਰ ਹੋ ਜਾਵੇ।
-ਇਹ ਭੰਡਾਂ ਦੀ ਦੁਨੀਆ ਵਿੱਚ ਹਰ ਇਨਸਾਨ ਮਦਾਰੀ ਹੈ ਅਤੇ ਜ਼ਿੰਦਗੀ ਇੱਕ ਤਮਾਸ਼ਾ ਹੈ।
-ਕਿਸੇ ਵੀ ਭਾਸ਼ਾ ਉੱਪਰ ਹੱਕ ਇਨਸਾਨ ਦਾ ਹੁੰਦਾ ਹੈ, ਧਰਮ ਦਾ ਨਹੀਂ।
-ਅੱਡੀਆਂ ਚੁੱਕੇ ਤੋਂ ਇਨਸਾਨ ਕੇਵਲ ਲੰਬਾ ਦਿਸਦਾ ਹੈ ਪਰ ਉਹ ਉੱਚ ਪੱਧਰ ਜਾਂ ਅਹੁਦੇ ਦਾ ਨਹੀਂ ਬਣ ਸਕਦਾ।
-ਭਾਰਤ ਵਿੱਚ ਕੁਝ ਵਿਚਾਰ ਕੇਵਲ ਸੁਣਨ ਨੂੰ ਹੀ ਚੰਗੇ ਲੱਗਦੇ ਹਨ ਪਰ ਜਦ ਉਨ੍ਹਾਂ ਨੂੰ ਅਸਲ ਵਿੱਚ ਲਿਆਇਆ ਜਾਵੇਗਾ ਤਾਂ ਉਹ ਸਮਾਜ ਦੀ ਸੋਚ ਤੇ ਖਰੇ ਨਹੀਂ ਉੱਤਰ ਪਾਉਣਗੇ।
-ਹਰ ਇਸ਼ਕ ਮੁਹੱਬਤ ਦੇ ਕਿੱਸੇ ਵਿੱਚ ਕੋਈ ਨਾ ਕੋਈ "ਕੈਦੋਂ" ਜ਼ਰੂਰ ਹੁੰਦਾ ਹੈ।
-ਵਿਕਰੇਤਾ ਨੂੰ ਸਲਾਹ, ਕੋਈ ਵੀ ਚੀਜ਼ ਜੇਕਰ ਨਹੀਂ ਵਿਕ ਰਹੀ ਤਾਂ ਉਸ ਨੂੰ ਖਰੀਦਦਾਰ ਬਣ ਕੇ ਵੇਚੋ।
-ਵਰਦੀ ਦਾ ਰੋਹਬ ਘੱਟ, ਧੌਂਸ ਜ਼ਿਆਦਾ ਹੁੰਦੀ ਹੈ।
-ਚੜ੍ਹਦੀ ਜਵਾਨੀ ਵਿੱਚ ਨਸ਼ੇ ਦੀ ਲੱਤ ਦਾ, ਕੁੱਤੇ ਦੀ ਹੱਡੀ ਵਾਲਾ ਸਵਾਦ ਹੁੰਦਾ ਹੈ।
-ਅਹੁਦਾ ਕਿੰਨਾ ਵੀ ਮਰਜ਼ੀ ਵੱਡਾ ਹੋ ਜਾਵੇ ਪਰ ਕਿਸੇ ਵੀ ਧਰਮ ਤੋਂ ਵੱਡਾ ਨਹੀਂ ਹੋ ਸਕਦਾ ਹੈ।
-ਜਦੋਂ ਸਹੀ ਰਾਹ ਨਾ ਪਤਾ ਹੋਵੇ ਫੇਰ ਬਿਲਕੁਲ ਨਜ਼ਦੀਕ ਦਾ ਸਫ਼ਰ ਵੀ ਦੂਰ-ਦੂਰ ਅਤੇ ਹੰਬਣ ਵਾਲਾ ਲੱਗਦਾ ਹੈ।
-ਜਦ ਮਾਲਕ ਵਪਾਰ ਤੇ ਬੈਠਣਾ ਬੰਦ ਕਰਦੇ ਫੇਰ ਉਸ ਵਪਾਰ ਤੇ ਖਰੀਦਦਾਰ ਘੱਟ ਮੱਖੀਆਂ ਜ਼ਿਆਦਾ ਆਉਂਦੀਆਂ ਹਨ।
-ਵਾਰਤਾਲਾਪ ਬਜ਼ੁਰਗ ਨੂੰ ਤੰਦਰੁਸਤ ਰੱਖਦਾ ਹੈ ਅਤੇ ਬੁਢੇਪਾ ਮਹਿਸੂਸ ਨਹੀਂ ਹੋਣ ਦਿੰਦਾ।
-ਸਮਾਜ ਨੂੰ ਯੋਗਦਾਨ ਨਾਲੋਂ ਯੋਗ-ਧਿਆਨ ਦੀ ਲੋੜ ਹੈ।
-ਜਦ ਚੇਲਾ ਉਸਤਾਦ ਦੇ ਉੱਤੋਂ ਦੀ ਹੋ ਜਾਵੇ ਫੇਰ ਉਸਤਾਦ ਦਾ ਈਰਖਾਲੂ ਹੋਣਾ ਆਮ ਗੱਲ ਹੈ।
-ਜ਼ਿੰਮੇਵਾਰੀ ਸ਼ੌਕ ਦੀ ਦੁਸ਼ਮਣ ਹੁੰਦੀ ਹੈ।
-ਹਾਲਾਤ ਅਤੇ ਹਾਲਤ ਦਾ ਸੁਮੇਲ ਅਜੀਬ ਹੈ।
-ਜ਼ਿੱਦ ਅੱਗੇ ਮਜਬੂਰੀ ਨੂੰ ਸਿਰ ਝੁਕਾਉਣਾ ਹੀ ਪੈਂਦਾ ਹੈ।
-ਲਾਲਚੀ ਅਤੇ ਕੰਜੂਸ ਵਪਾਰੀ ਦਾ ਕਹਿਣਾ ਹੈ ਕਿ ਜਿੱਥੇ ਮੁਨਾਫ਼ਾ ਨਹੀਂ ਹੁੰਦਾ ਉੱਥੇ ਇਜ਼ਾਫਾ ਵੀ ਨਹੀਂ ਹੁੰਦਾ।
-ਇੱਕ ਕਾਰੀਗਰ ਹਮੇਸ਼ਾ ਦੂਜੇ ਕਾਰੀਗਰ ਦਾ ਵੈਰੀ ਹੁੰਦਾ ਹੈ।
-ਖੁਸ਼ੀ ਹੈ ਕਿ ਦੁਨੀਆ ਉਮੀਦ ਤੇ ਕਾਇਮ ਹੈ ਪਰ ਦੁੱਖ ਹੈ ਕਿ ਦੁਨੀਆ ਕੇਵਲ ਉਮੀਦ ਤੇ ਹੀ ਕਾਇਮ ਹੈ।
-ਜੂਆ, ਲਾਟਰੀ, ਸੱਟਾ ਇਨਸਾਨ ਦੀ ਸੋਚ ਸ਼ੇਖਚਿਲੀ ਵਰਗੀ ਕਰ ਦਿੰਦਾ ਹੈ।
-ਪਹਿਲਾਂ ਦੇ ਮਨੁੱਖ ਨੂੰ ਰੋਟੀ ਕੱਪੜਾ ਮਕਾਨ ਚਾਹੀਦਾ ਸੀ ਤੇ ਅੱਜ ਦੇ ਮਨੁੱਖ ਨੂੰ ਸਿਰਫ਼ "ਮੋਬਾਇਲ"।
-ਮਿਹਨਤ ਦੀ ਕਮਾਈ ਉੱਪਰ ਜੇਕਰ ਵਾਧੂ ਦਾ ਫ਼ਾਲਤੂ ਟੈਕਸ ਲਗਾਇਆ ਜਾਵੇ ਤਦ ਇਨਸਾਨ ਆਪਣੀ ਜੇਬ ਕੱਟੀ ਕੱਟੀ ਮਹਿਸੂਸ ਕਰਦਾ ਹੈ।
-ਬਰਾਬਰੀ ਕਰਨ ਵਿੱਚ ਅਤੇ ਬਰਾਬਰ ਹੋਣ ਵਿੱਚ ਫ਼ਰਕ ਹੀ ਫ਼ਰਕ ਹੈ।
-ਥੋੜੇ ਇਤਿਹਾਸ ਰਚ ਰਹੇ ਹਨ ਅਤੇ ਬਹੁਤੇ ਇਤਿਹਾਸ ਰਟ ਰਹੇ ਹਨ।
-ਅੱਜ ਕੱਲ੍ਹ ਰਿਸ਼ਤੇ ਸਾਥ ਅਨੁਸਾਰ ਨਹੀਂ, ਲੋੜ ਅਨੁਸਾਰ ਹਨ।
-ਤੁਸੀਂ ਕਾਮਯਾਬੀ ਦੀ ਸਿਖਰ ਤੇ ਪਹੁੰਚਣ ਲਈ ਜਿਸ ਪੌੜੀ ਦਾ ਸਹਾਰਾ ਲਿਆ ਹੈ, ਤੁਹਾਡੇ ਵਿਰੋਧੀਆਂ ਨੇ ਉਸ ਪੌੜੀ ਨੂੰ ਵੱਢਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ।
-ਬੱਚਿਆਂ ਲਈ ਸ਼ਨੀਵਾਰ ਦੀ ਰਾਤ ਬੜੀ ਹਸੀਨ ਹੁੰਦੀ ਹੈ ਅਤੇ ਐਤਵਾਰ ਦੀ ਰਾਤ ਬੜੀ ਗ਼ਮਗੀਨ ਹੁੰਦੀ ਹੈ।
-ਜੇਕਰ ਡੋਰ ਕੱਚੀ ਹੋਵੇ, ਫੇਰ ਹਵਾ ਨੂੰ ਕੀ ਦੋਸ਼?
-ਭੁਲੇਖਾ ਇਹ ਪੈ ਗਿਆ ਕਿ ਜਿਸ ਨੂੰ ਅਸੀਂ ਨਦੀ ਸਮਝ ਰਹੇ ਸੀ ਅਸਲ ਵਿੱਚ ਉਹ ਤਾਂ ਦਰਿਆ ਹੈ।
-ਜੇ ਆਦਮ ਨੂੰ ਆਮਦ ਹੋਈ ਤਾਂ ਇਨਸਾਨ ਬਣਿਆ ਅਤੇ ਇਨਸਾਨ ਨੂੰ ਆਮਦ ਹੋਈ ਤਾਂ ਹੈਵਾਨ ਬਣਿਆ।
-ਮੁੱਢੋਂ ਚੱਲ ਦੀ ਪਰੰਪਰਾ ਉੱਪਰ ਕਈ ਵਾਰ ਹੱਕਾਂ ਨੂੰ ਖੋਹਣ ਦਾ ਦੋਸ਼ ਲੱਗਿਆ ਹੈ ਅਤੇ ਲੱਗਦਾ ਰਹਿਣਾ ਹੈ।
-ਭਾਰਤ ਵਿੱਚ ਧਰਮ ਇੱਕ ਰਾਜਨੀਤਕ ਹਥਿਆਰ ਹੈ।
-ਤਿਆਗੀ ਨੂੰ ਸਵਾਦ ਮਾੜਾ ਹੈ।
-ਅੱਲੜ੍ਹ ਕੁਆਰੀ ਨੂੰ ਆਸ਼ਕ ਦਾ ਦਿੱਤਾ ਗਲ ਦਾ ਹਾਰ, ਗਲੇ ਤੇ ਰੱਖੀ ਛੁਰੀ ਵਰਗਾ ਹੁੰਦਾ ਹੈ।
-ਗੁੱਸੇ ਦੀ ਨੀਂਹ ਕੱਚੀ ਹੁੰਦੀ ਹੈ।
-ਜ਼ਿੰਦਗੀ ਦਾ ਸਮਾਂ ਵਿਅਰਥ ਗਵਾਉਣ ਦਾ ਜੁਰਮਾਨਾ ਬਹੁਤ ਭਾਰੀ ਹੈ।
-ਹਾਦਸੇ, ਜ਼ਿੰਦਗੀ ਵਿੱਚ ਸ਼ਸ਼ੋਪੰਜ ਨੂੰ ਬਰਕਰਾਰ ਰੱਖਦੇ ਹਨ।
-ਕੁਝ ਜਵਾਨਾਂ ਨੇ ਸਾਰਾ ਜ਼ੋਰ ਤੀਰ ਤਿੱਖੇ ਕਰਨ ਉੱਪਰ ਲਗਾ ਰੱਖਿਆ ਹੈ, ਜਦ ਕਿ ਕਮਾਨ ਫੜਨ ਦਾ ਉਨ੍ਹਾਂ ਨੂੰ ਅਜੇ ਵਲ ਹੀ ਨਹੀਂ।
-ਭਾਰਤ ਨੂੰ, ਭਾਰਤ ਦੀ ਆਬਾਦੀ ਹੀ ਲੈ ਬੈਠੀ।
-ਸ੍ਰਿਸ਼ਟੀ ਨਾਲ ਖਫ਼ਾ ਹੋਇਆ ਸੂਰਜ ਢਲ ਨਹੀਂ ਰਿਹਾ, ਟੱਲ ਰਿਹਾ ਹੈ।
-ਜੇਕਰ ਟੋਲੀ ਦੀ ਆਪਸੀ ਸਮਝ ਇਕਸੁਰ ਨਹੀਂ ਹੈ ਤਾਂ ਹਾਰ ਜਿੱਤ ਦਾ ਤਾਂ ਪਤਾ ਨਹੀਂ ਪਰ ਉਹ ਟੋਲੀ ਆਪਸੀ ਝਮੇਲਿਆਂ ਵਿੱਚ ਹੀ ਬੱਧੀ ਰਹਿ ਜਾਵੇਗੀ।
-ਜ਼ਿੰਦਾਬਾਦ ਤੋਂ ਮੁਰਦਾਬਾਦ ਦੇ ਅਤੇ ਮੁਰਦਾਬਾਦ ਤੋਂ ਜ਼ਿੰਦਾਬਾਦ ਦੇ ਨਾਅਰੇ, ਤਬਦੀਲ ਹੋਕੇ, ਅੱਜ ਕੱਲ੍ਹ ਆਮ ਹੀ ਸੁਣੇ ਜਾਂਦੇ ਹਨ।
-ਆਪਣੀ ਚਾਲ ਸੰਤੁਲਿਤ ਰੱਖੋ, ਚਾਲ ਚੱਲਣ ਆਪੇ ਸੰਤੁਲਿਤ ਰਹੇਗਾ।
-ਹਿੰਸਾ ਸ਼ਾਂਤੀ ਦੀ ਸੌਂਕਣ ਹੁੰਦੀ ਹੈ।
-ਇਸ਼ਕ ਮੁਹੱਬਤ ਭਰੀਆਂ ਚਿੱਠੀਆਂ ਵਿੱਚ ਅਜ਼ੀਜ਼, ਸ਼ਬਦਾਂ ਨਾਲ ਸ਼ਰਾਰਤਾਂ ਕਰਦੇ ਹਨ।
-ਸੱਪਾਂ ਨਾਲੋਂ ਵੱਧ ਅੱਜ ਕੱਲ੍ਹ ਸਪੇਰੇ ਤੁਰੇ ਫਿਰਦੇ ਹਨ।
-ਆਪਣੇ ਲਕਸ਼ ਨੂੰ ਪਾਉਣ ਲਈ ਕਈ ਵਾਰ ਜ਼ਿੰਦਗੀ ਤੋਂ ਫ਼ਰਾਰ ਹੋਣਾ ਪੈ ਜਾਂਦਾ ਹੈ।
-ਜਿੰਨ੍ਹਾਂ ਦੇ ਦੁਨੀਆ ਛੱਡ ਜਾਣ ਤੋਂ ਬਾਅਦ ਬੁੱਤ ਬਣਦੇ ਹਨ, ਅਸਲ ਵਿੱਚ ਉਹ ਜਿਉਂਦੇ ਜੀ ਵੀ ਆਪਣਾ ਬੁੱਤ ਬਣਵਾਉਣ ਦੇ ਹੱਕ ਵਿੱਚ ਹੀ ਨਹੀਂ ਹੁੰਦੇ।
-ਅੱਗ ਪਾਣੀ ਹਵਾ, ਇਹ ਤਿੰਨੋਂ ਪ੍ਰਕਿਰਤੀ ਦਾ ਪਹਿਰਾਵਾ ਹਨ।
-ਹਵਸ ਨਾਲ ਭਰੀ ਅੱਖਾਂ ਦੀ ਨਜ਼ਰ ਨੂੰ ਸਾਰੇ ਮੁਖੜੇ ਹੀ ਕਾਮ ਲੋਭੀ ਦਿਸਦੇ ਹਨ।
-ਰਾਜਨੀਤੀ ਦੀ ਕੁਰਸੀ ਦੀਆਂ ਚਾਰ ਵਿਚੋਂ ਦੋ ਲੱਤਾਂ ਕਮਜ਼ੋਰ ਹੁੰਦੀਆਂ ਹਨ।
-ਕਾਗ਼ਜ਼ੀ ਫੁੱਲਾਂ ਦੇ ਬਾਗ਼ ਦੇ ਮਾਲੀ ਲਾਪਰਵਾਹ ਹੁੰਦੇ ਹਨ।
-ਕਈ ਸੰਵਿਧਾਨਾਂ ਨੇ ਬੋਲਣ ਦੇ ਅਧਿਕਾਰ ਦੀ ਆਜ਼ਾਦੀ ਦੇ ਕੇ ਜਨ ਮਨ ਦੇ ਬੁੱਲ੍ਹ ਸੀ ਦਿੱਤੇ ਹਨ।
-ਆਉਣ ਵਾਲੇ ਸਮੇਂ ਵਿੱਚ "ਘੁੰਡ" ਔਰਤਾਂ ਨੂੰ ਨਹੀਂ ਬਲਕਿ ਮਰਦਾਂ ਨੂੰ ਕੱਢਣੇ ਪੈਣਗੇ।
-ਮੋਟਾਪਾ ਇਨਸਾਨ ਦੀ ਉਮਰ ਅੰਨੀ ਕਰ ਦਿੰਦਾ ਹੈ।
-ਛੜਾ ਬੰਦਾ ਰੋਟੀ, ਦੋਵੇਂ ਪਾਸਿਉਂ ਚੋਪੜ ਕੇ ਖਾਂਦਾ ਹੈ।
-ਜੇਕਰ ਤੁਸੀਂ ਸ਼ਰਾਬੀ ਨੂੰ ਸ਼ਰਾਬ ਪੀਣ ਦੇ ਨੁਕਸਾਨ ਦੱਸੋਗੇ ਤਾਂ ਅੱਗੋਂ ਉਹ ਤੁਹਾਨੂੰ ਦੁੱਧ ਪੀਣ ਦੇ ਨੁਕਸਾਨ ਦੱਸਣ ਲੱਗ ਪਵੇਗਾ।
-ਕਰਜ਼ਾ ਅਤੇ ਬਦਲਾ, ਲੱਕੜ ਦਾਦਿਆਂ ਨੂੰ ਵੀ ਯਾਦ ਰੱਖਦਾ ਹੈ।
-ਜੇਕਰ ਅਰਾਧਨਾ ਵੀ ਘੜੀ ਵੇਖ ਕੇ ਕੀਤੀ ਤਾਂ ਕੀ ਕੀਤੀ।
-ਮਾੜੇ ਸੰਗ ਦੇ ਸੰਘ ਨੂੰ ਹੱਥ ਪਾਉਣਾ, ਸੌਖਾ ਨਹੀਂ ਹੁੰਦਾ।
-ਫ਼ਾਇਦਾ ਨਿਆਣੇ ਜੁਆਕ ਵਰਗਾ ਹੁੰਦਾ ਹੈ, ਜਿਸ ਨੂੰ ਹਲਕਾ ਸਮਝ ਕੇ ਹਰ ਕੋਈ ਚੁੱਕਣਾ ਚਾਹੁੰਦਾ ਹੈ।
-ਕੱਲੀਆਂ ਸੁੱਖਾਂ ਸੁੱਖਣ ਨਾਲ ਮੁਕਾਮ ਹਾਸਲ ਨਹੀਂ ਹੁੰਦੇ, ਮਿਹਨਤ ਕਰੋ।
-ਜਦ ਸਿੱਧੀ ਉਂਗਲ ਨਾਲ ਘਿਉ ਨਾ ਨਿਕਲੇ ਤਾਂ ਰੱਬ ਦਾ ਭਾਣਾ ਮੰਨ ਕੇ ਰੋਟੀ ਬਿਨ ਚੋਪੜੇ ਹੀ ਖਾ ਲੈਣੀ ਚਾਹੀਦੀ ਹੈ।
-ਭਾਰਤ ਵਿੱਚ ਨਾ ਰੋਜ਼ਗਾਰ ਦੀ ਕਮੀ ਹੈ ਅਤੇ ਨਾ ਹੀ ਬੇਰੁਜ਼ਗਾਰ ਦੀ।
-ਆਲਸੀ ਇਨਸਾਨ ਦੀ ਨਿਸ਼ਾਨੀ ਹੈ ਕਿ ਉਹ ਧਰਤੀ ਉੱਪਰ ਪਹਿਲਾ ਪੱਬ ਧਰਦਾ ਹੀ ਪੁੱਛਦਾ ਹੈ “ਅਜੇ ਹੋਰ ਕਿੰਨਾ ਤੁਰਨਾ ਹੈ"।
-ਡਾਕਟਰਾਂ ਲਈ ਸੁਝਾਅ, ਹਸਪਤਾਲਾਂ ਨੂੰ ਹਸਪਤਾਲ ਰਹਿਣ ਦਿਓ, ਦੁਕਾਨ ਨਾ ਬਣਾਓ।
-ਜਿਸ ਪਰਿਵਾਰ ਵਿੱਚ ਸਾਰੇ ਸਦੱਸਿਆਂ ਦੀ ਚੱਲ ਦੀ ਹੋਵੇ, ਉਹ ਪਰਿਵਾਰ ਕਿਸੇ ਵੀ ਮਾਮਲੇ ਵਿੱਚ ਕਦੇ ਉਚਿੱਤ ਨਿਰਣੇ ਨਹੀਂ ਲੈ ਪਾਉਂਦਾ ਅਤੇ ਅੰਤ ਬਹਿਸਬਾਜ਼ੀ ਵਿੱਚ ਹੀ ਬੱਧਿਆ ਰਹਿ ਜਾਂਦਾ ਹੈ।
-"ਪੁੱਛਾ” ਲੈਣ ਵਾਲਾ ਇਨਸਾਨ ਕਦੇ ਬਹਾਲ ਨਹੀਂ ਹੋ ਸਕਦਾ, ਕਦੇ ਵੀ ਨਹੀਂ ।
-ਦਾਦਾ ਬਣਨ ਦੀ ਖੁਸ਼ੀ ਅਤੇ ਨਾਨਾ ਬਣਨ ਦੀ ਖੁਸ਼ੀ ਅਲੱਗ-ਅਲੱਗ ਤਰ੍ਹਾਂ ਦੀ ਕੁਸ਼ਲਤਾ ਲੈ ਕੇ ਆਉਂਦੀ ਹੈ।
-ਵੱਡੇ ਨੋਟ ਦੇਖਣ ਤੋਂ ਬਾਅਦ ਲੋਕ ਸਿੱਕੇ ਛਿੱਲੜਾਂ ਨੂੰ ਪਛਾਣਨਾ ਹੀ ਬੰਦ ਕਰ ਦਿੰਦੇ ਹਨ।
-ਤੁਹਾਡੇ ਕੁਝ ਸ਼ੁੱਭਚਿੰਤਕ ਤੁਹਾਡੇ ਜੀਵਨ ਵਿੱਚ ਵਾਧਾ ਚਾਹੁੰਦੇ ਹਨ ਅਤੇ ਕੁਝ ਸ਼ੁੱਭਚਿੰਤਕ ਬਾਧਾ।
-ਕੁਝ ਇਨਸਾਨ ਤੁਹਾਡੀ ਜ਼ਿੰਦਗੀ ਵਿੱਚ ਇਉਂ ਆਉਂਦੇ ਹਨ ਜਿਉਂ ਟੀ ਵੀ ਚੱਲ ਦੇ ਚੱਲ ਦੇ ਵਿੱਚ ਮਸ਼ਹੂਰੀ।
-ਜੋ ਇਨਸਾਨ ਚੁੱਕ ਤੇ ਚੱਲ ਦਾ ਹੈ, ਉਹ ਇਨਸਾਨ ਕਦੇ ਨਾ ਕਦੇ ਚੁੱਕਿਆ ਹੀ ਜਾਂਦਾ ਹੈ।
-"ਭੁਲੇਖਾ” ਰਿਸ਼ਤਿਆਂ ਦੀ ਭੰਡੀ ਕਰਨ ਦਾ ਪਹਿਲਾ ਕਦਮ ਹੁੰਦਾ ਹੈ।
-ਆਉਣ ਵਾਲੀ ਸਦੀ ਵਿੱਚ ਸ਼ਾਇਦ ਹੀ ਕੋਈ ਹੋਵੇਗਾ, ਜੋ ਆਪਣੀ ਉਮਰ ਦੀ ਸ਼ਤਾਬਦੀ ਪੂਰੀ ਕਰੇਗਾ।
-ਪਿਆਰ ਉੱਪਰ ਪਰਦਾ ਚਾਹੀਦਾ ਹੈ, ਪਿਆਰ ਵਿੱਚ ਪਰਦਾ ਨਹੀਂ ਚਾਹੀਦਾ।
-ਜਿੰਦ ਨਾਲ ਜੱਦੋ ਜਹਿਦ ਕਰਦੇ ਤੁਹਾਨੂੰ ਉਹ ਲੋਕ ਵੀ ਮਿੱਠੀ ਗੋਲੀ ਦੇਣ ਦੀ ਕੋਸ਼ਿਸ਼ ਕਰਨਗੇ, ਜਿੰਨਾ ਦੀ ਆਪਣੀ ਉਮਰ ਜਲੇਬੀਆਂ ਖਵਾਉਣ ਦੀ ਹੋਈ ਪਈ ਹੈ।
-ਨਿੰਦਕਾਂ ਅਤੇ ਚੁਗ਼ਲਾਂ ਦੀ ਢਾਣੀ ਚੋਰੀ ਨੂੰ, ਡਾਕਾ ਬਣਾ ਦਿੰਦੀ ਹੈ।
-ਕੁਝ ਵਿਸ਼ਿਆਂ ਉੱਪਰ ਕੇਵਲ ਬਹਿਸ ਹੋ ਸਕਦੀ ਹੈ, ਉਨ੍ਹਾਂ ਦਾ ਹੱਲ ਹੀਲਾ ਨਹੀਂ ਹੋ ਸਕਦਾ।
-ਕਈਆਂ ਦੇ ਦੁੱਧ ਵਾਲੇ ਦੰਦ ਬੁਢੇਪੇ ਵਿੱਚ ਜਾ ਕੇ ਟੁੱਟਦੇ ਹਨ।
-ਛੋਟਾ ਹਾਦਸਾ ਕੋਈ ਵੱਡਾ ਹਾਦਸਾ ਵਾਪਰਨ ਦਾ ਸੰਕੇਤ ਹੁੰਦਾ ਹੈ।
-ਮੰਗਵਾ ਤਾਂ ਪਾਣੀ ਨਹੀਂ ਪੂਰਾ ਹੁੰਦਾ ਵੀਰ ਦਾਰੂ ਤਾਂ ਦੂਰ ਦੀ ਗੱਲ ਹੈ।
-ਜੇਕਰ ਨੂੰਹ ਆਪਣੇ ਸੱਸ ਸਹੁਰੇ ਨੂੰ ਸੱਸ ਸਹੁਰਾ ਨਾ ਮੰਨ ਕੇ, ਆਪਣਾ ਮਾਂ ਪਿਓ ਮੰਨੇ ਤਾਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਸੁਧਰ ਜਾਣਗੀਆਂ।
-ਜੋ ਅਸਲ ਪੜ੍ਹਦਾ ਹੈ, ਉਹ ਆਪਣੇ ਆਪ ਵਿੱਚ ਪਰਦਾ ਹੈ।
-ਮਿੱਤਰਾ ਨਹੁੰ ਵੱਡੇ ਹੋਣ ਤੇ, ਨਹੁੰ ਕੱਟੀਦੇ ਆ ਉਂਗਲਾਂ ਨਹੀਂ ਅਤੇ ਸਿਰ ਦੇ ਬਾਲ ਵੱਡੇ ਹੋਣ ਤੇ ਬਾਲ ਕੱਟੀਦੇ ਆ ਸਿਰ ਨਹੀਂ।
-ਖਿਡਾਰੀ ਦੇ ਵਧੇ ਢਿੱਡ ਨੂੰ ਉਸ ਦੀ ਖੇਡ ਇੱਕ ਵਾਰ ਸਖਤ ਮੇਹਣਾ ਜ਼ਰੂਰ ਮਾਰਦੀ ਹੈ।
-ਉਦਯੋਗ ਵਿਗਿਆਨ ਨੇ ਅੱਜ ਨਹੀਂ ਤਾਂ ਕੱਲ੍ਹ ਜਨਤਾ ਨੂੰ ਅਤੇ ਜਨਤਾ ਦੀ ਸੋਚ ਨੂੰ ਅਧਰੰਗ ਕਰ ਹੀ ਦੇਣਾ ਹੈ।
-ਅੱਜ ਕੱਲ੍ਹ ਦੇ ਬੇਝਿਜਕ ਲੋਕ ਕੁਦਰਤ ਦੇ ਹੱਕਦਾਰ ਬਣ ਕੇ ਪੰਛੀ ਪੰਖੇਰੂਆਂ ਤੋਂ ਦਰਖਤਾਂ ਉੱਪਰ ਰਹਿਣ ਦਾ ਕਿਰਾਇਆ ਮੰਗ ਰਹੇ ਹਨ।
-ਜਿੱਥੇ ਪਿਆਰ ਹੈ ਉੱਥੇ ਪਰਵਾਹ ਹੈ ਅਤੇ ਜਿੱਥੇ ਪਰਵਾਹ ਹੈ, ਉੱਥੇ ਵਿਚਾਰਾਂ ਦੀ ਲੜਾਈ ਹੋਣੀ ਤਾਂ ਲਾਜ਼ਮੀ ਹੈ।
-ਜਿਹੜੇ ਅੱਜ ਚੋਰ ਹਨ, ਕੱਲ੍ਹ ਨੂੰ ਉਹ ਡਾਕੂ ਬਣ ਜਾਣਗੇ।
-ਕਈ ਵਾਰ ਬਦਲਣਾ ਸਾਨੂੰ ਜ਼ਰੀਆ ਚਾਹੀਦਾ ਹੁੰਦਾ ਹੈ ਪਰ ਬਦਲ ਅਸੀਂ ਨਜ਼ਰੀਆ ਦਿੰਦੇ ਹਾਂ।
-ਬਜ਼ੁਰਗਾਂ ਦੇ ਪੈਰਾਂ ਦੀ ਜੁੱਤੀ ਦੱਸਦੀ ਹੈ ਕਿ ਪੀੜ੍ਹੀਆਂ ਦੀਆਂ ਪੀੜ੍ਹੀਆਂ ਕਿੰਨੀਆਂ ਕੁ ਕਾਮਯਾਬ ਅਤੇ ਸਿਹਤਯਾਬ ਹਨ ਅਤੇ ਹੋਣਗੀਆਂ।
-ਬਜ਼ੁਰਗਾਂ ਦੇ ਹੱਥਾਂ ਦੀਆਂ ਲਕੀਰਾਂ ਸਾਡੀ ਆਉਣ ਵਾਲੀ ਨਸਲ ਦੀਆਂ ਤਕਦੀਰਾਂ ਹੁੰਦੀਆਂ ਹਨ।
-ਲਾਟਰੀ ਵੀ ਤਾਂ ਹੀ ਨਿਕਲੇਗੀ, ਜੇ ਪਾਓਗੇ।
-ਕਈ ਆਲਸ ਭਰੇ ਇਨਸਾਨ ਇੱਦਾਂ ਦੇ ਹੁੰਦੇ ਆ ਕਿ ਜੇ ਉਨ੍ਹਾਂ ਨੂੰ ਕੋਈ ਸੋਨੇ ਦੀ ਖ਼ਾਨ ਦਾ ਰਾਹ ਟਿਕਾਣਾ ਦੱਸ ਦੇਵੇ ਤਾਂ ਵੀ ਉਨ੍ਹਾਂ ਨੇ ਇੰਝ ਹੀ ਕਹਿਣਾ ਹੈ ਕਿ "ਛੱਡ ਯਾਰ ਪੱਟਣੀ ਪਊ"।
-"ਆਸ" ਆਸਤਿਕ ਇਨਸਾਨ ਨੂੰ ਵੀ ਹੁੰਦੀ ਹੈ ਅਤੇ ਨਾਸਤਿਕ ਇਨਸਾਨ ਨੂੰ ਵੀ।
-“ਪ੍ਰਸਿੱਧੀ” ਭਲੇ ਮਹਿਮਾਨ ਵਰਗੀ ਹੁੰਦੀ ਹੈ ਜਿਸ ਨੇ ਇੱਕ ਨਾ ਇੱਕ ਦਿਨ ਮੁੜ ਜਾਣਾ ਹੈ।
-ਕਹਿੰਦੇ ਹਨ ਕਿ ਪੈਸਾ ਹੱਥਾਂ ਦੀ ਮੈਲ ਹੁੰਦੀ ਹੈ ਪਰ ਇਹ ਮੈਲ ਨਸੀਬ ਉਨ੍ਹਾਂ ਨੂੰ ਹੀ ਹੁੰਦੀ ਹੈ, ਜੋ ਕੋਸ਼ਿਸ਼ ਦੀ ਸਾਬਣ ਨਾਲ ਅਤੇ ਮਿਹਨਤ ਦੇ ਪਸੀਨੇ ਨਾਲ ਆਪਣੇ ਆਪ ਨੂੰ ਰਗੜਦੇ ਮਸਲਦੇ ਹਨ।
-ਕਾਮਯਾਬੀ ਦਾ ਖੜਕਾ, ਮਿਹਣਿਆਂ ਦੇ ਕੰਨ ਪਾੜ ਦਿੰਦਾ ਹੈ।
-ਜੇ ਕਿਸ਼ਤੀ ਵਿੱਚ ਹੀ ਛੇਕ ਹੋਵੇ ਫੇਰ ਚੱਪੂਆਂ ਨੂੰ ਦੋਸ਼ ਦੇਣ ਦਾ ਕੋਈ ਫ਼ਾਇਦਾ ਨਹੀਂ।
-ਕੁਰਸੀਨਾਮੇ ਤੇ ਚੱਲਦਿਆਂ ਪੀੜ੍ਹੀਦਾਰਾਂ ਨੂੰ ਆਉਣ ਵਾਲੀ ਪੀੜੀ ਤੋਂ ਇਹ ਉਮੀਦ ਰਹਿੰਦੀ ਹੈ ਕਿ ਅਗਲੀ ਪੀੜੀ ਭਾਵੇਂ ਕੁਝ ਬਣਾਵੇ ਨਾ ਬਣਾਵੇ ਪਰ ਜੋ ਸਾਡੇ ਹੱਥੋਂ ਬਣੀ ਹੋਈ ਹੈ, ਉਹ ਨਾ ਗਵਾ ਦੇਵੇ।
-ਗਿਆਨ ਤੁਹਾਨੂੰ ਕਿਤਾਬ ਸਿਖਾ ਦੇਵੇਗੀ ਅਤੇ ਗਾਲਾਂ ਤੁਹਾਨੂੰ ਸਮਾਜ ਸਿਖਾ ਦੇਵੇਗਾ।
-"ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ", ਅੱਜ ਦੇ ਸਮੇਂ ਵਿੱਚ ਇਹੀ ਸਭ ਤੋਂ ਵੱਡਾ ਝੂਠ ਹੈ।
-ਜਿਹੜੇ ਤੁਹਾਡੇ ਉੱਪਰ ਲੱਗਦੇ ਹਨ, ਉਹ ਤੁਹਾਡੇ ਦੱਸੋ ਕੀ ਲੱਗਦੇ ਹਨ?
-ਜੇਕਰ ਮਰਦਾਂ ਕੋਲ "ਸਿਕਸ ਸੈਂਸ" ਹੁੰਦੀ ਹੈ ਤਾਂ ਔਰਤਾਂ ਕੋਲ "ਸੈਵਨ ਸੈਂਸ" ਹੁੰਦੀ ਹੈ।
-ਗ਼ਮਾਂ ਗਿਲੇ ਦਾ ਸਿਰਫ਼ ਇਨਸਾਨ ਆਪ ਹੀ ਜਾਣਦਾ ਹੈ ਬਾਕੀ ਲੋਕ ਤਾਂ ਏਵੇਂ ਅੱਖਾਂ ਨੂੰ ਥੁੱਕ ਹੀ ਲਾਉਂਦੇ ਆ।
-ਮੁੰਡਿਆਂ ਦੇ ਹਿਸਾਬ ਨਾਲ ਕੁੜੀਆਂ ਦੀ ਅਕਲ ਗਿੱਟਿਆਂ ਵਿੱਚ ਹੁੰਦੀ ਹੈ ਅਤੇ ਕੁੜੀਆਂ ਦੇ ਹਿਸਾਬ ਨਾਲ ਮੁੰਡਿਆਂ ਨੂੰ ਅਕਲ ਹੁੰਦੀ ਹੀ ਨਹੀਂ।
-ਮਾਂ ਬਾਪ ਦੇ ਨਾਮ ਤੇ ਮਿਲਿਆ ਅਹੁਦਾ, ਸਤਿਕਾਰ ਅਤੇ ਇੱਜ਼ਤ, ਔਲਾਦ ਨੂੰ ਉਹ ਹਾਸਲ ਨਹੀਂ ਕਰਨ ਦਿੰਦੀ ਜੋ ਉਹ ਅਸਲ ਵਿੱਚ ਹਾਸਲ ਕਰ ਸਕਦੇ ਹਨ ਜਾਂ ਕਰਨਾ ਚਾਹੁੰਦੇ ਹਨ।
-ਚੁਗਲੀ, ਗੰਡੋਇਆਂ ਨੂੰ ਸੱਪ ਬਣਾ ਦਿੰਦੀ ਹੈ।
-ਜਵਾਨੀ ਦੇ ਜੀ ਟੀ ਰੋਡ ਉੱਤੇ ਕੇਲੇ ਦੇ ਛਿਲਕੇ ਆਮ ਹੀ ਡਿੱਗੇ ਮਿਲਣਗੇ, ਪੱਬ ਬੋਚ ਕੇ ਰੱਖਿਓ ਸੱਜਣੋ, ਕਿਤੇ ਤਿਲਕ ਨਾ ਜਾਇਓ।
-ਹਾਥੀ ਚਾਲ ਵਾਲੇ ਥੋੜ੍ਹੇ ਹਨ ਅਤੇ ਭੇਡ ਚਾਲ ਵਾਲਿਆਂ ਦੀ ਕਮੀ ਨਹੀਂ।
-ਗਿਆਨ ਦੇ ਸਾਗਰ ਵਿੱਚ ਕੋਈ-ਕੋਈ ਹੀ ਤੈਰ ਪਾਉਂਦਾ ਹੈ ਕਿਉਂਕਿ ਕਈ ਤਾਂ ਇਸ ਸਾਗਰ ਵਿੱਚੋਂ ਗਾਗਰ ਭਰਦੇ ਹੀ ਰਹਿ ਜਾਂਦੇ ਹਨ ਅਤੇ ਕਈ ਗੋਤੇ ਲਗਾਉਂਦੇ ਅਤੇ ਉਹ ਬਹੁਤ ਥੋੜੇ ਤਾਰੂ ਹਨ ਜੋ ਇਸ ਗਿਆਨ ਸਾਗਰ ਵਿੱਚ ਕਿਸੇ ਕਿਨਾਰੇ ਆ ਪੁੱਜਦੇ ਹਨ।
-ਕੁਝ ਗੱਲਾਂ ਕੇਵਲ ਲਿਖੀਆਂ ਜਾ ਸਕਦੀਆਂ ਹਨ, ਕਹੀਆਂ ਨਹੀਂ।
-ਸਬਰ ਤੇ ਸਵਰ ਨੂੰ ਹਮੇਸ਼ਾ ਸੂਖਮ ਰੱਖੋ।
-ਪਹਿਲਾਂ ਵਿਆਹ ਤੋਂ ਬਾਅਦ ਤਲਾਕ ਹੁੰਦੇ ਸੀ, ਅੱਜ ਕੱਲ੍ਹ ਵਿਆਹ ਤੋਂ ਪਹਿਲਾਂ ਹੀ ਹੋਈ ਜਾਂਦੇ ਹਨ।
-ਦਹੇਜ ਨੂੰ ਰਸਮ ਰਿਵਾਜ ਬਣਾਉਣ ਵਿੱਚ ਅਹਿਮ ਯੋਗਦਾਨ ਬਣਾਉਟੀ ਮਾਨ ਸਤਿਕਾਰ ਦਾ ਹੈ।
-ਕੁਝ ਇਨਸਾਨਾਂ ਦੀ ਸੋਚ "ਸੋਚ" ਨਹੀਂ ਸੌਚਾਲਾ ਬਣ ਚੁੱਕੀ ਹੈ।
-ਤਜ਼ਰਬਾ ਅਤੇ ਗਿਆਨ, ਇੰਨਾ ਦੋਹਾਂ ਦੀ ਆਪਸ ਵਿੱਚ ਕੁਝ ਜ਼ਿਆਦਾ ਨਹੀਂ ਬਣਦੀ।
-ਜੇਕਰ ਤੁਹਾਨੂੰ ਜ਼ਿੰਦਗੀ ਵਿੱਚ ਤਿੰਨ ਟਾਈਮ ਰੋਟੀ ਮਿਲ ਰਹੀ ਹੈ, ਅੱਠ ਘੰਟਿਆਂ ਦੀ ਨੀਂਦ ਮਿਲ ਰਹੀ ਹੈ ਤਾਂ ਤੁਹਾਨੂੰ ਰੱਬ ਤੋਂ ਸੰਤੁਸ਼ਟ ਅਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।
-ਜਿਹੜਾ ਮਨੁੱਖ ਆਪਣੀ ਇੱਕ ਜੇਬ ਵਿੱਚ ਕੰਘੀ ਰੱਖਦਾ ਹੈ ਅਤੇ ਦੂਜੀ ਜੇਬ ਵਿੱਚ ਸ਼ੀਸ਼ਾ, ਉਸ ਨੂੰ ਆਪਣੇ ਕੋਲ ਬਟੂਆ ਰੱਖਣ ਦੀ ਲੋੜ ਨਹੀਂ ਪੈਂਦੀ।
-ਕੁਝ ਵਸਤੂਆਂ ਦਾ ਨਿਰਮਾਣ ਕਰ ਕੇ ਨਿਰਮਾਤਾ ਸੋਚਦਾ ਤਾਂ ਜ਼ਰੂਰ ਹੋਵੇਗਾ ਕਿ "ਕਾਸ਼ ਮੈਂ ਇਹ ਕਾਢ ਨਾ ਹੀ ਕਰਦਾ ਤਾਂ ਕਿੰਨਾ ਚੰਗਾ ਹੋਣਾ ਸੀ"।
-ਕੁਝ ਲੋਕ ਪੈਸੇ ਲਈ ਕੰਮ ਕਰਦੇ ਹਨ ਅਤੇ ਕੁਝ ਲੋਕਾਂ ਲਈ ਪੈਸਾ ਕੰਮ ਕਰਦਾ ਹੈ।
-ਸਫ਼ਲ ਪੱਤਰਕਾਰ ਉਹ ਹੈ, ਜਿਸ ਨੂੰ ਇੱਕ ਸਵਾਲ ਸੌ ਤਰੀਕਿਆਂ ਨਾਲ ਪੁੱਛਣਾ ਆਉਂਦਾ ਹੈ।
-ਵਸਤੂਆਂ ਦੀ ਕੀਮਤ ਮਾਨਵਤਾ ਨਾਲ ਹੈ, ਮਾਨਵਤਾ ਦੀ ਕੀਮਤ ਵਸਤੂਆਂ ਨਾਲ ਨਹੀਂ।
-ਕੁਝ ਲੋਕਾਂ ਨੂੰ ਕੇਵਲ ਉਨ੍ਹਾਂ ਨੂੰ ਖੁਦ ਨੂੰ ਸੁਣਨ ਵਾਲੇ ਇਨਸਾਨਾਂ ਦੀ ਲੋੜ ਹੁੰਦੀ ਹੈ ਕਿਉਂਕਿ ਉਹ ਦੂਜਿਆਂ ਨੂੰ ਸੁਣਨ ਵਿੱਚ ਦਿਲਚਸਪੀ ਨਹੀਂ ਵਿਖਾਉਂਦੇ, ਇਸ ਲਈ ਜਿੱਥੇ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਉਹ ਸ਼ੁਰੂ ਹੋ ਜਾਂਦੇ ਹਨ।
-ਪੂਰੀ ਦੁਨੀਆ ਵਿੱਚ ਕਿਤੇ ਵੀ ਵੇਖ ਲਿਓ ਕੇਵਲ ਵਿਹਲੇ ਮਨੁੱਖ ਦੇ ਹੀ ਹੱਡ ਪੈਰ ਦੁਖਦੇ ਹਨ ਜਦਕਿ ਕੰਮ ਧੰਦਾ ਕਰਨ ਵਾਲੇ ਮਨੁੱਖ ਦਾ ਕਦੇ ਕੁਝ ਨਹੀਂ ਦੁਖਦਾ।
-ਇਸ਼ਕ ਉਹ ਮੰਜ਼ਿਲ ਹੈ, ਜੋ ਦੋ ਚਾਹੁਣ ਵਾਲਿਆਂ ਨੂੰ ਆਪਸ ਵਿੱਚ ਉਮਰ ਭਰ ਮੁਸਾਫ਼ਰ ਬਣਾ ਕੇ ਰੱਖਦੀ ਹੈ।
-ਇੱਕ ਆਸ਼ਕ ਲਈ ਜੇਕਰ ਮੁਟਿਆਰ ਦੇ ਪੈਰਾਂ ਵਿੱਚ ਝਾਂਜਰ ਹੈ ਤਾਂ ਉਸ ਦੇ ਪੈੜਾਂ ਵਿੱਚ ਸੰਗੀਤ ਹੈ।
-ਜ਼ਿਆਦਾਤਰ ਕੰਜਰੀ ਨੂੰ ਬੁਢੇਪਾ ਨਸੀਬ ਹੀ ਨਹੀਂ ਹੁੰਦਾ।
-ਭੁਲੇਖੇ ਨੂੰ ਵਹਿਮ ਵਿੱਚ ਤਬਦੀਲ ਹੁੰਦਿਆਂ ਕੋਈ ਜ਼ਿਆਦਾ ਦੇਰੀ ਨਹੀਂ ਲੱਗਦੀ।
-ਮੈਂ ਮੰਨਦਾ ਲੋੜ ਕਾਢ ਦੀ ਮਾਂ ਹੁੰਦੀ ਹੈ ਪਰ ਬੇਲੋੜ ਕਾਢ ਦੀ ਮਤਰੇਈ ਮਾਂ ਹੁੰਦੀ ਹੈ।
-ਕੁਦਰਤ ਦਾ ਨਿਯਮ ਹੈ ਕਿ ਜੋ ਦਿਸਦਾ ਹੈ, ਉਹ ਤੁਸੀਂ ਖੁਦ ਮੰਨੋਗੇ ਪਰ ਜੋ ਨਹੀਂ ਦਿਸਦਾ ਉਹ ਤੁਹਾਨੂੰ ਹਰ ਹਾਲ ਵਿੱਚ ਨਾ ਚਾਹੁੰਦੇ ਹੋਏ ਵੀ ਮੰਨਣਾ ਹੀ ਪਵੇਗਾ।
-ਹਉਮੈ ਵਿੱਚ ਲਏ ਫ਼ੈਸਲੇ ਇਨਸਾਨ ਦੀ ਹੋਂਦ ਹਿਲਾ ਕੇ ਰੱਖ ਦਿੰਦੇ ਹਨ।
-ਮੰਗਵੀਂ ਚੀਜ਼ ਦੀ ਕਦੇ ਕੀਮਤ ਨਹੀਂ ਪੁੱਛੀਦੀ ਹੁੰਦੀ।
-ਜੇ ਤੁਸੀਂ ਅਧਿਆਪਕ ਹੋ ਅਤੇ ਵਿਦਿਆਰਥੀ ਨੂੰ ਆਪਣਾ 100 ਪ੍ਰਤੀਸ਼ਤ ਗਿਆਨ ਪੜ੍ਹਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ 200 ਪ੍ਰਤੀਸ਼ਤ ਗਿਆਨ ਹੋਣਾ ਚਾਹੀਦਾ ਹੈ।
-ਸਾਡਾ ਜੀਵਨ ਪੂਰੀ ਤਰ੍ਹਾਂ ਰੱਬ ਦੇ ਹੱਥ ਵਿੱਚ ਨਹੀਂ ਹੈ ਬਲਕਿ ਕੁਝ ਕੁਦਰਤ ਦੇ ਹੱਥ ਵਿੱਚ ਵੀ ਹੈ, ਅਤੇ ਕੁਦਰਤ ਸਾਡੇ ਹੱਥ ਵਿੱਚ ਹੈ।
-“ਇਨਸਾਨ ਤਾਂ ਗਲਤੀਆਂ ਦਾ ਪੁਤਲਾ ਹੁੰਦਾ ਹੈ", ਕਈ ਇਸ ਵਾਕ ਨੂੰ ਮੰਨ ਕੇ ਵਾਰ-ਵਾਰ, ਕਈ ਵਾਰ, ਲਗਾਤਾਰ ਗਲਤੀਆਂ ਕਰ ਰਹੇ ਹਨ।
-ਮੁਸੀਬਤ ਆਈ ਤੇ ਸੁਝਾਅ ਦੇਣ ਵਾਲਿਆਂ ਦੇ ਮੁਕਾਬਲੇ, "ਤੁਸੀਂ ਇਸ ਮੁਸੀਬਤ ਵਿੱਚ ਫਸੇ ਹੀ ਕਿਉਂ" ਕਹਿਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ।
-ਜੇਕਰ ਦਿਸ਼ਾ ਨਿਰਦੇਸ਼ ਉਚਿੱਤ ਹੋਵੇ ਤਾਂ ਸਾਗਰ ਤਾਂ ਕੀ ਮਹਾਂਸਾਗਰ ਦਾ ਜਲ ਵੀ ਪੁਣਿਆ ਜਾ ਸਕਦਾ ਹੈ।
-ਮਰਦਾਂ ਨਾਲੋਂ ਔਰਤਾਂ ਦੇ ਵਿੱਚ ਮਨਾਉਣ ਯੋਗ ਸ਼ਕਤੀ ਜ਼ਿਆਦਾ ਹੁੰਦੀ ਹੈ, ਬਹੁਤ ਜ਼ਿਆਦਾ।
-ਜੇ ਆਧੁਨਿਕਤਾ ਦਾ ਨਸ਼ਾ ਏਦਾਂ ਹੀ ਚੜ੍ਹਿਆ ਰਿਹਾ ਫੇਰ ਆਉਣ ਵਾਲੇ ਸਮੇਂ ਵਿੱਚ ਭਿਖਾਰੀਆਂ ਕੋਲ ਵੀ ਭੀਖ ਮੰਗਣ ਲਈ ਆਨਲਾਈਨ ਬੈਂਕਿੰਗ ਵਿਕਲਪ ਜ਼ਰੂਰ ਹੋਣਗੇ।
-ਇੱਜ਼ਤ, ਅਕਲ ਅਤੇ ਕਲਾ ਇਹ ਤਿੰਨ ਤੱਤ ਕਦੇ ਚੋਰੀ ਤਾਂ ਨਹੀਂ ਹੋ ਸਕਦੇ, ਪਰ ਭੰਡੇ ਜ਼ਰੂਰ ਜਾ ਸਕਦੇ ਹਨ।
-ਹੁਣ ਸ਼ਬਦਾਂ ਦੀ ਢਾਲ ਉੱਪਰ ਖੂਨੀ ਸਿਆਹੀ ਲੱਗ ਚੁੱਕੀ ਹੈ, ਇਤਿਹਾਸ ਦਾ ਤਾਂ ਪਤਾ ਨਹੀਂ ਹੁਣ ਮਿਥਿਹਾਸ ਜ਼ਰੂਰ ਬਦਲੇਗਾ।
-ਲੋਕਾਂ ਕੋਲ ਜ਼ਿਆਦਾ ਸੁਣਵਾਈਆਂ ਕਰਨ ਵਾਲੇ ਇਨਸਾਨ ਪ੍ਰਸ਼ੰਸਾ ਦੇ ਭੁੱਖੇ ਹੁੰਦੇ ਹਨ।
-ਹੀਰ ਵਿਚਾਰੀ ਰਾਂਝਣ ਰਾਂਝਣ ਕਰਦੀ ਪੂਰੀ ਹੋ ਗਈ, ਕਿਸੇ ਨੇ ਇੱਕ ਨਹੀਂ ਸੁਣੀ ਪਰ ਅੱਜ ਹੀਰ ਨੂੰ ਸਾਰੇ ਬੜੇ ਮਾਨ ਨਾਲ ਲਿਖਦੇ, ਪੜ੍ਹਦੇ ਅਤੇ ਸੁਣਦੇ ਹਨ।
-ਉਪਜਾਊ ਦਿਮਾਗ਼ ਇੱਕ ਲਾਟਰੀ ਹੈ।
-ਜ਼ਿੱਦ ਨਾਲ ਕੀਤਾ ਪਿਆਰ ਕਦੇ ਨਾ ਕਦੇ, ਕਿਵੇਂ ਨਾ ਕਿਵੇਂ ਨਫ਼ਰਤ ਵਿੱਚ ਤਬਦੀਲ ਜ਼ਰੂਰ ਹੋ ਜਾਂਦਾ ਹੈ।
-ਪਹਿਲਾਂ ਇਰਾਦਾ ਕਰੋ ਫੇਰ ਵਾਅਦਾ ਕਰੋ, ਵਾਅਦਾ ਕਰਕੇ, ਇਰਾਦਾ ਕਰਨ ਦਾ ਕੋਈ ਫ਼ਾਇਦਾ ਨਹੀਂ।
-ਅਮੀਰੀ ਦੀ ਕੋਈ ਵਰਦੀ ਨਹੀਂ ਹੁੰਦੀ।
-ਧਰਮ ਅਤੇ ਵਿਗਿਆਨ ਦੀ ਆਪਸ ਵਿੱਚ ਅਣਬਣ ਰਹਿੰਦੀ ਹੈ, ਅਤੇ ਸਦਾ ਰਹਿਣੀ ਹੈ।
-ਜੇ ਕੁਝ ਹਾਸਲ ਕਰਨਾ ਹੈ ਫੇਰ ਆਪਣੇ ਆਰਾਮ ਨਾਲ ਸਮਝੌਤਾ ਤਾਂ ਕਰਨਾ ਹੀ ਪੈਣਾ ਹੈ।
-ਅੱਜ ਮਸ਼ੀਨਾਂ ਮਨੁੱਖੀ ਦਰਜੇ ਤੋਂ ਕਾਫ਼ੀ ਉੱਪਰ ਦੀਆਂ ਹੋ ਗਈਆਂ ਹਨ, ਬੇਸ਼ੱਕ ਜਨਮ ਉਨ੍ਹਾਂ ਨੂੰ ਮਨੁੱਖ ਨੇ ਹੀ ਦਿੱਤਾ ਹੈ।
-ਜਿੰਨਾ ਦੀ ਸਮੇਂ ਨਾਲ ਦੋਸਤੀ ਹੁੰਦੀ ਹੈ, ਉਨ੍ਹਾਂ ਦੇ ਵੈਰ ਥੋੜ੍ਹੇ ਹੁੰਦੇ ਹਨ।
-ਤੋਹਫ਼ੇ ਵਜੋਂ ਮਿਲੀ ਵਸਤੂ ਹਮੇਸ਼ਾ ਸਸਤੀ ਹੀ ਲੱਗਦੀ ਹੁੰਦੀ ਹੈ।
-ਸਾਡਾ ਸੁਭਾਅ ਮਨੁੱਖ ਤੋਂ ਮਨੁੱਖ, ਪਰਿਵਰਤਨ ਭਰਿਆ ਹੁੰਦਾ ਹੈ, ਜੇਕਰ ਅਸੀਂ ਇੱਕ ਇਨਸਾਨ ਨਾਲ ਕੌੜਾ ਬੋਲਦੇ ਹਾਂ ਜ਼ਰੂਰੀ ਨਹੀਂ ਅਸੀਂ ਦੂਜਿਆਂ ਨਾਲ ਵੀ ਉਸ ਤਰ੍ਹਾਂ ਹੀ ਪੇਸ਼ ਆਈਏ ਬੱਸ ਇੱਥੋਂ ਹੀ ਸਾਡੇ ਚੰਗੇ ਮਾੜੇ ਸੁਭਾਅ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।
-ਪ੍ਰਸ਼ੰਸਾ ਕਰਨ ਦਾ ਅਹਿਸਾਨ ਜਾਨਲੇਵਾ ਹੋ ਸਕਦਾ ਹੈ।
-ਹਾਸਲ ਹੋਣ ਤੋਂ ਪਹਿਲਾਂ ਅਤੇ ਹਾਸਲ ਹੋਣ ਤੋਂ ਬਾਅਦ, ਕੁਝ ਚੀਜ਼ਾਂ ਦਾ ਚਾਅ, ਅਵਿਸ਼ਵਾਸ ਯੋਗ ਹੋ ਜਾਂਦਾ ਹੈ।
-ਜੇਕਰ ਭਾਰਤੀ ਸਕੂਲਾਂ ਵਿੱਚ ਮੁੰਡਿਆਂ ਨੂੰ ਕੁੜੀਆਂ ਨਾਲ, ਕੁੜੀਆਂ ਨੂੰ ਮੁੰਡਿਆਂ ਨਾਲ, ਬਿਠਾਇਆ ਜਾਵੇ ਤਾਂ ਦੋਹੇ ਧਿਰਾਂ ਦੀ ਸੰਗ ਖੁੱਲ ਜਾਵੇਗੀ ਅਤੇ ਔਰਤਾਂ ਪ੍ਰਤੀ ਮਰਦਾਂ ਦਾ ਅਤੇ ਮਰਦਾਂ ਪ੍ਰਤੀ ਔਰਤਾਂ ਦਾ ਵਿਸ਼ਵਾਸ ਅਤੇ ਵਿਚਾਰ ਪੂਰੀ ਤਰ੍ਹਾਂ ਨਿਰਪੱਖ ਹੋ ਜਾਵੇਗਾ।
-ਕਈ ਵਾਰ ਕਦਰ ਕੇਵਲ ਅਹੁਦੇ ਦੀ ਹੁੰਦੀ ਹੈ, ਇਨਸਾਨ ਦੀ ਨਹੀਂ ਅਤੇ ਕਈ ਵਾਰ ਕਦਰ ਕੇਵਲ ਇਨਸਾਨ ਦੀ ਹੁੰਦੀ ਹੈ, ਫੇਰ ਚਾਹੇ ਉਹ ਕਿਸੇ ਵੀ ਅਹੁਦੇ ਤੇ ਹੋਵੇ।
-ਅੱਜ ਕੱਲ੍ਹ ਈਰਖਾ ਦਾ ਮਾਰਿਆ ਹਰ ਇਨਸਾਨ ਜੇਬ ਵਿੱਚ ਮਾਚਿਸ ਲੈ ਕੇ ਘੁੰਮਦਾ ਹੈ, ਜਿੱਥੇ ਵੀ ਉਸ ਦਾ ਜੀ ਕਰਦਾ ਹੈ, ਉਹ ਉੱਥੇ ਹੀ ਅੱਗ ਲਗਾ ਦਿੰਦਾ ਹੈ।
-ਧੂੰਏਂ ਦੇ ਖੰਭ ਤਾਂ ਨਹੀਂ ਹੁੰਦੇ ਪਰ ਫੇਰ ਵੀ ਇਹ ਉੱਡ-ਉੱਡ ਕੇ ਕਾਫ਼ੀ ਉੱਪਰ ਤੱਕ ਪੁੱਜ ਜਾਂਦਾ ਹੈ।
-ਉਧਾਰ ਇੱਕ ਅਜਿਹੀ ਦੁਰਘਟਨਾ ਹੈ, ਜਿਸ ਦੇ ਵਾਪਰਨ ਤੋਂ ਬਾਅਦ ਲੋਕ ਕੋਮਾ ਵਿੱਚ ਚਲੇ ਜਾਂਦੇ ਹਨ।
-ਜੋ ਲੋਕ ਹਮੇਸ਼ਾ ਸ਼ਾਂਤ ਰਹਿੰਦੇ ਹਨ, ਉਨ੍ਹਾਂ ਦਾ ਦਿਮਾਗ਼ ਕਦੇ ਸ਼ਾਂਤ ਨਹੀਂ ਰਹਿੰਦਾ।
-ਸਪਸ਼ਟਤਾ ਜਿੰਨੀ ਕੌੜੀ ਹੁੰਦੀ ਹੈ, ਉਨ੍ਹੀ ਹੀ ਸੂਖ਼ਮ ਹੁੰਦੀ ਹੈ।
-ਅੱਜ ਦੇ ਸਮੇਂ ਵਿੱਚ ਸਿਹਤ ਵੀ ਤਾਂ ਹੀ ਤੰਦਰੁਸਤ ਹੈ ਜੇਕਰ ਬਟੂਆ ਤੰਦਰੁਸਤ ਹੈ।
-ਕਾਨੂੰਨ ਦੇ ਇਕੱਲੇ ਹੱਥ ਹੀ ਲੰਬੇ ਨਹੀਂ ਹੁੰਦੇ, ਕਾਨੂੰਨੀ ਕਾਰਵਾਈ ਵਿੱਚ ਲੱਗਣ ਵਾਲੀ ਸਮੇਂ ਦੀ ਮਿਆਦ ਵੀ ਬਹੁਤ ਲੰਬੀ ਹੁੰਦੀ ਹੈ।
-ਪੁਰਸ਼ ਦੇ ਅੱਖਾਂ ਦੇ ਹੰਝੂਆਂ ਦੇ ਮੁਕਾਬਲੇ, ਔਰਤ ਦੇ ਅੱਖਾਂ ਦੇ ਹੰਝੂ ਜ਼ਿਆਦਾ ਕੀਮਤੀ ਅਤੇ ਸਤਿ ਮੰਨੇ ਜਾਂਦੇ ਹਨ।
-ਭਾਵੇਂ ਇੱਕ ਤੇ ਇੱਕ ਦੋ ਹੁੰਦੇ ਹਨ, ਪਰ ਮੁਹੱਬਤ ਦਾ ਗਣਿਤ ਥੋੜ੍ਹਾ ਕਮਜ਼ੋਰ ਹੈ, ਜੋ ਇੱਕ ਤੇ ਇੱਕ ਨੂੰ ਇੱਕ ਹੀ ਮੰਨਦਾ ਹੈ।
-ਮਨੁੱਖ ਪੈਸੇ ਪਿੱਛੇ ਇਸ ਕਦਰ ਭੱਜ ਰਿਹਾ ਹੈ ਜਿਵੇਂ ਗਧਾ ਆਪਣੀ ਧੋਣ ਅੱਗੇ ਟੰਗੀ ਗਾਜਰ ਪਿੱਛੇ ਭੱਜਦਾ ਹੈ।
-ਪੰਜਾਬੀ ਭਾਸ਼ਾ ਦੇ ਅੱਧੇ ਸ਼ਬਦ ਅੱਜ ਵੀ ਜਾਣ ਪਛਾਣ ਦੇ ਮੁਹਤਾਜ਼ ਹਨ ਜਿਵੇਂ ਕਿ ਘਸਮਾਨ, ਭਸੂੜੀ, ਘਾਉਂ-ਮਾਉਂ ਆਦਿ।
-ਆਪਣੇ ਚਾਹੁਣ ਵਾਲੇ ਤੋਂ ਹੋਰ ਕੁਝ ਪੁੱਛਿਓ ਭਾਵੇਂ ਨਾ ਪੁੱਛਿਓ ਪਰ ਇੱਕ ਸਵਾਲ ਜ਼ਰੂਰ ਪੁੱਛਿਓ ਕਿ "ਮੈਂ ਹੀ ਕਿਉਂ”?
-ਬਾਜ਼ਾਰ ਨੂੰ ਚਲਾਉਂਦੇ ਭਾਵੇਂ ਵਪਾਰੀ ਹਨ ਪਰ ਬਾਜ਼ਾਰ ਚੱਲ ਦਾ ਜਨਤਾ ਦੇ ਸਵਾਦ ਅਤੇ ਪਸੰਦ ਦੇ ਆਧਾਰ ਤੇ ਹੈ।
-ਕੁੱਟ ਮਾਰਕੇ ਵਿਦਿਆਰਥੀ ਨੂੰ ਪੜ੍ਹਾਇਆ ਨਹੀਂ, ਕੇਵਲ ਰਟਾਇਆ ਜਾ ਸਕਦਾ ਹੈ।
-ਮੱਛੀਆਂ ਨੂੰ ਵੀ ਕਦੇ ਕਦਾਈਂ ਪਿਆਸ ਲੱਗਦੀ ਹੈ।
-ਪੈਸਾ ਨਿਵੇਸ਼ ਕਰ ਕੇ ਭੁੱਲ ਜਾਓ, ਸਮੇਂ ਨਾਲ ਪੈਸੇ ਦੀ ਕਦਰ ਪਵੇਗੀ ਪਰ ਜੇਕਰ ਤੁਸੀਂ ਨਹੀਂ ਭੁੱਲੋਗੇ ਤਾਂ ਪ੍ਰਾਪਤ ਕੁਝ ਨਹੀਂ ਹੋਣਾ ਸਿਵਾਏ ਤਣਾਅ ਦੇ।
-ਪਛਤਾਵਾ ਸਦਾ ਉਸ ਗ਼ਲਤੀ ਦਾ ਹੁੰਦਾ ਹੈ ਜੋ ਪੂਰੇ ਹੋਸ਼ ਵਿੱਚ ਸੋਚ ਸਮਝ ਕੇ ਕੀਤੀ ਜਾਵੇ।
-ਰਾਹ ਜਾਂਦੇ ਸਫ਼ਰ ਵਿੱਚ ਕੋਈ ਸੜਕ ਦੁਰਘਟਨਾ ਘਟੀ ਹੋਵੇ ਦਿਸੇ ਤਾਂ ਲੋਕਾਂ ਵੱਲੋਂ ਫ਼ੈਸਲੇ ਦੇ ਆਧਾਰ ਤੇ ਬੋਲਿਆ ਜਾਣ ਵਾਲਾ ਸਭ ਤੋਂ ਪਹਿਲਾ ਆਮ ਵਾਕ ਇਹ ਹੁੰਦਾ ਹੈ ਕਿ "ਵਾਹਨ ਚਲਾਉਣ ਵਾਲਾ ਜ਼ਰੂਰ ਖਾਧੀ ਪੀਤੀ ਵਿੱਚ ਹੋਵੇਗਾ", ਭਾਵੇਂ ਅਗਲਾ ਸ਼ੁੱਧ ਵੈਸ਼ਨੂੰ ਹੋਵੇ।
-ਜ਼ਿੰਦਗੀ ਵਿੱਚ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਹਨ, ਪਹਿਲੇ ਜੋ ਕੇਵਲ ਰਾਹ ਦਿਖਾਉਂਦੇ ਹਨ ਅਤੇ ਦੂਜੇ ਜੋ ਰਾਹ ਪਾਉਂਦੇ ਹਨ।
-ਆਮ ਮਾਂ ਬਾਪ ਆਪਣੇ ਬੱਚੇ ਨੂੰ ਕੇਵਲ ਪੈਸੇ ਦੀ ਬੱਚਤ ਕਰਨਾ ਸਿਖਾਉਂਦੇ ਹਨ ਪਰ ਵਪਾਰਕ ਮਾਂ ਬਾਪ ਬੱਚੇ ਨੂੰ ਪੈਸਾ ਬਚਾ ਕੇ ਨਿਵੇਸ਼ ਕਿਵੇਂ ਤੇ ਕਿੱਥੇ ਕਰਨਾ ਹੈ, ਇਹ ਵੀ ਸਿਖਾਉਂਦੇ ਹਨ।
-ਖ਼ਿਆਲ ਕਰੋ ਸਵਾਲ ਕਰੋ, ਵਿਅਕਤੀਤਵ ਵਿੱਚ ਤਰੱਕੀ ਜ਼ਰੂਰ ਹੋਵੇਗੀ।
-ਉਹ ਦਿਨ ਵੀ ਦੂਰ ਨਹੀਂ ਜਦ ਮੁੰਡੇ ਵਾਲਿਆਂ ਨੂੰ ਕੁੜੀ ਵਾਲਿਆਂ ਨੂੰ ਦਹੇਜ ਦੇਣਾ ਪਵੇਗਾ।
-ਜਦ ਕੋਈ ਝੂਠ ਬੋਲਦਾ ਹੈ ਤਦ ਉਹ ਆਪਣੀਆਂ ਅੱਖਾਂ ਆਪਣੇ ਮੱਥੇ ਵੱਲ ਨੂੰ ਇੱਕ ਵਾਰ ਉਤਾਂਹ ਕਰ ਕੇ ਬੋਲਦਾ ਹੈ।
-ਅਸੀਂ ਭਾਵੇਂ ਅੱਜ ਆਜ਼ਾਦ ਹਾਂ ਪਰ ਅੱਜ ਵੀ ਭਾਰਤ ਵਿੱਚ ਅਸੀਂ ਅੰਗਰੇਜ਼ਾਂ ਦੀਆਂ ਬਣਾਈਆਂ ਵਸਤੂਆਂ ਦੇ ਹੀ ਗ਼ੁਲਾਮ ਹਾਂ, ਜਿੰਨ੍ਹਾਂ ਦਾ ਉਪਯੋਗ ਸਾਡੇ ਸਵੇਰੇ ਉੱਠਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ।
-ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਜਨੂੰਨ ਹੁੰਦਾ ਹੈ।
-ਘਰ ਵਿੱਚ ਆਪਣੇ ਬੱਚੇ ਨੂੰ ਉਸ ਦੀ ਪਲੇਟ ਵਿੱਚ ਉਸ ਨੂੰ ਖ਼ੁਦ ਨੂੰ ਖਾਣਾ ਪਰੋਸਣ ਦੋ, ਇਸ ਨਿੱਕੇ ਜਿਹੇ ਬਦਲਾਅ ਨਾਲ ਬੱਚੇ ਨੂੰ ਆਪਣੀ ਸਹੀ ਲੋੜ ਅਤੇ ਸੰਤੁਸ਼ਟਤਾ ਦਾ ਅਨੁਮਾਨ ਲੱਗ ਜਾਵੇਗਾ, ਜੋ ਅੱਗੇ ਜਾ ਕੇ ਉਸ ਨੂੰ ਕੁਝ ਵੀ ਬੇਲੋੜ ਕਰਨ ਤੋਂ ਟਾਲੇਗਾ।
-ਜਦ ਬਿੱਲੀ ਰਾਹ ਕੱਟ ਜਾਂਦੀ ਹੈ ਤਾਂ ਲੋਕ ਰਾਹ ਬਦਲ ਲੈਂਦੇ ਹਨ ਪਰ ਬਦਲਣੀ ਉਨ੍ਹਾਂ ਨੂੰ ਸੋਚ ਚਾਹੀਦੀ ਹੈ।
-ਜਦ ਕੋਈ ਪੱਚੀ ਵਰ੍ਹਿਆਂ ਦਾ ਨੌਜਵਾਨ ਪੰਜਾਹ ਵਰ੍ਹਿਆਂ ਵਾਲੇ ਇਨਸਾਨ ਵਾਂਗ ਗੱਲਾਂ ਕਰਦਾ ਹੈ, ਫੇਰ ਉਸ ਨੌਜਵਾਨ ਨੂੰ ਤੁਸੀਂ ਪੰਜਾਹ ਵਰ੍ਹਿਆਂ ਦਾ ਹੀ ਮੰਨੋ।
-ਫ਼ਿਰੰਗੀ ਲੋਕ ਪੰਜ ਦਿਨ ਮਨ ਲਗਾ ਕੇ ਕੰਮ ਕਰਦੇ ਹਨ ਅਤੇ ਛੇਵੇਂ ਸੱਤਵੇਂ ਦਿਨ ਉਹ ਰੱਜ ਕੇ ਅਨੰਦ ਮਾਣਦੇ ਹਨ ਪਰ ਭਾਰਤੀ ਲੋਕ ਉਮਰ ਭਰ ਕੰਮ ਕਰਦੇ ਹਨ, ਪਹਿਲਾਂ ਆਪਣੇ ਲਈ ਫੇਰ ਆਪਣੀ ਅਗਲੀ ਪੀੜ੍ਹੀ ਲਈ ਅਤੇ ਜਦ ਉਨ੍ਹਾਂ ਦਾ ਅਨੰਦ ਮਾਣਨ ਦਾ ਸਮਾਂ ਆਉਂਦਾ ਹੈ ਤਦ ਤੱਕ ਉਨ੍ਹਾਂ ਦੇ ਜਾਣ ਦਾ ਸਮਾਂ ਆ ਜਾਂਦਾ ਹੈ।
-ਤੁਹਾਡੀ ਲਿਖਾਈ ਚੰਗੀ ਹੈ ਜਾਂ ਬੁਰੀ ਇਹ ਮਾਅਨੇ ਨਹੀਂ ਰੱਖਦਾ ਬਲਕਿ ਮਾਅਨੇ ਤੁਹਾਡੇ ਲਿਖੇ ਸ਼ਬਦ ਅਤੇ ਵਾਕ ਰੱਖਦੇ ਹਨ।
-ਜਦ ਕਿਸੇ ਨੂੰ ਡਰਾ ਧਮਕਾ ਕੇ ਧੱਕੇ ਨਾਲ ਦੂਸਰਾ ਧਰਮ ਅਪਣਾਉਣ ਲਈ ਕਿਹਾ ਜਾਵੇ ਤਾਂ ਉਸ ਤੋਂ ਵੱਡਾ ਅਧਰਮ ਕੋਈ ਵੀ ਨਹੀਂ।
-ਜਿਸ ਦਾ ਗੁਆਂਢੀ ਗਾਇਕ ਜਾਂ ਸੰਗੀਤਕਾਰ ਹੋਵੇ, ਫੇਰ ਉਸ ਵਿਚਾਰੇ ਦਾ ਸੰਗੀਤ ਨਾਲ ਰੁੱਸਣਾ ਤਾਂ ਬਣਦਾ ਹੈ ਜੀ।
-ਦੁਨੀਆ ਤੇ ਪਹਿਲਾਂ ਕੌਣ ਆਇਆ ਇਸ ਦੀ ਸਭ ਨੂੰ ਖ਼ਬਰ ਹੈ ਪਰ ਪਹਿਲਾਂ ਕੌਣ ਜਾਵੇਗਾ, ਇਸ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ।
-ਜਿਸ ਇਨਸਾਨ ਦਾ ਜਾਣੇ ਅਨਜਾਣੇ ਵਿੱਚ ਤੀਰ ਤੁੱਕਾ ਲੱਗ ਜਾਂਦਾ ਹੈ ਉਸ ਨੂੰ ਮਿਹਨਤੀ ਲੋਕ ਪਾਗਲ ਲੱਗਣ ਲੱਗ ਜਾਂਦੇ ਹਨ।
-ਸਿਆਣੇ ਬਣੋ, ਬਾਹਲੇ ਸਿਆਣੇ ਨਾ ਬਣੋ।
-ਭਾਰਤੀ ਲੋਕ ਕਿਸੇ ਵੀ ਚੀਜ਼ ਨੂੰ ਖ਼ਰੀਦਣ ਤੋਂ ਪਹਿਲਾਂ ਉਸ ਦੀ ਖ਼ਰੀਦ ਕੀਮਤ ਮਗਰੋਂ ਪੁੱਛਦੇ ਹਨ, ਪਹਿਲਾਂ ਵੇਚਣ ਦੀ ਕੀਮਤ ਪੁੱਛਣ ਤੇ ਵਿਚਾਰ ਵਿਮਰਸ਼ ਕੀਤਾ ਜਾਂਦਾ ਹੈ।
-ਆਪਣੇ ਪਾਤਰ ਤੋਂ ਬਾਹਰ ਹੋਕੇ ਕਦੇ ਵੀ, ਕੋਈ ਵੀ ਕੰਮ ਨਾ ਕਰੋ।
-ਇੰਟਰਨੈੱਟ ਸਾਨੂੰ ਬੰਬ ਬਣਾਉਣਾ ਵੀ ਸਿਖਾਉਂਦਾ ਹੈ ਅਤੇ ਬੰਬ ਮਿਟਾਉਣਾ ਵੀ, ਹੁਣ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ।
-ਇੱਕ ਵਾਰ ਕੈਮਰੇ ਦੀ ਅੱਖ ਜਿਸ ਦ੍ਰਿਸ਼ ਨੂੰ ਵੇਖ ਲੈਂਦੀ ਹੈ, ਮਗਰੋਂ ਉਸ ਦ੍ਰਿਸ਼ ਨੂੰ ਬੇਅੰਤ ਅੱਖਾਂ, ਵਾਰ-ਵਾਰ ਵੇਖ ਦੀਆਂ ਹਨ।
-ਏਕਾਧਿਕਾਰ ਵਪਾਰ ਸਥਾਪਤ ਕਰੋ ਜਿਸ ਦਾ ਆਪਣਾ ਹੀ ਅਨੁਸ਼ਾਸਨ ਹੋਵੇਗਾ, ਨਾ ਕਿਸੇ ਦੀ ਦਖ਼ਲ ਹੋਵੇਗੀ ਅਤੇ ਨਾ ਹੀ ਕੋਈ ਮੁਕਾਬਲੇਬਾਜ਼ੀ ।
-ਜੇਕਰ ਸੱਚ ਜਾਣਨਾ ਹੈ ਤਾਂ ਪੂਰਾ ਜਾਣੋ, ਅੱਧਾ ਸੱਚ ਹਮੇਸ਼ਾ ਝੂਠ ਬਰਾਬਰ ਹੀ ਹੁੰਦਾ ਹੈ।
-ਜੇਕਰ ਤੁਸੀਂ ਆਪਣੀ ਅਮੀਰੀ ਨੂੰ ਖ਼ੁਦ ਆਪਣੀ ਜ਼ੁਬਾਨੋ, ਆਪ ਬਿਆਨ ਕਰੋਗੇ ਤਾਂ ਤੁਹਾਡੇ ਤੋਂ ਵੱਡਾ ਗ਼ਰੀਬ ਕੋਈ ਵੀ ਨਹੀਂ।
-ਵਿਦਿਆਰਥੀਆਂ ਵੱਲੋਂ ਅਧਿਆਪਕ ਨੂੰ ਬੋਲਿਆ ਜਾਣ ਵਾਲਾ ਆਮ ਝੂਠ, "ਕੰਮ ਤਾਂ ਕੀਤਾ ਸੀ ਜੀ, ਪਰ ਕਾਪੀ ਘਰ ਰਹਿ ਗਈ”।
-ਜੇਕਰ ਤੁਸੀਂ ਪੂਰੇ ਮਨ ਨਾਲ ਕਿਸੇ ਨੂੰ ਕੋਈ ਚੀਜ਼ ਮੁਫ਼ਤ ਵਿੱਚ ਦੇਵੋਗੇ ਤਾਂ ਲੈਣ ਵਾਲੇ ਨੂੰ ਲੱਗੇਗਾ ਕਿ ਇਹ ਦੇਣ ਵਾਲੇ ਦੇ ਕਿਸੇ ਕੰਮ ਦੀ ਨਹੀਂ ਸੀ, ਇਸ ਲਈ ਉਸ ਨੇ ਇਹ ਚੀਜ਼ ਮੈਨੂੰ ਮੁਫ਼ਤ ਵਿੱਚ ਹੀ ਦੇ ਦਿੱਤੀ ਹੈ, ਜਿਸਦੀ ਉਹ ਕੋਈ ਕਦਰ ਨਹੀਂ ਸਮਝੇਗਾ।
-ਸੱਜਣੋ ਹਾਰਨ ਤੋਂ ਪਹਿਲਾਂ ਨਾ ਹਾਰੋ।
-ਭਾਰਤ ਵਿੱਚ ਜਦ ਤਕ ਕੁਝ ਬੁਰਾ ਨਹੀਂ ਹੁੰਦਾ, ਉਦੋਂ ਤਕ ਕੁਝ ਚੰਗਾ ਵੀ ਨਹੀਂ ਹੁੰਦਾ।
-ਸੰਗੀਤਕ ਧੁਨ ਕਿਸੇ ਨੂੰ ਸ਼ੋਰ ਜਾਪਦੀ ਹੈ ਅਤੇ ਕਿਸੇ ਨੂੰ ਸਕੂਨ।
-ਗਾਹਕ ਰੱਬ ਦਾ ਰੂਪ ਹੁੰਦਾ ਹੈ, ਇਸ ਲਈ ਦੁਕਾਨਦਾਰ ਤੋਂ ਉਧਾਰ ਮੰਗ ਕੇ ਉਸ ਨੂੰ ਨਾਸਤਿਕ ਬਣਨ ਲਈ ਮਜਬੂਰ ਨਾ ਕਰੋ ਜੀ।
-ਹਉਮੈ ਦੀ ਭੁੱਖ ਨੂੰ ਸੰਤੁਸ਼ਟ ਕਰਨ ਦੀ ਖੁਰਾਕ ਬਹੁਤ ਮਹਿੰਗੀ ਹੁੰਦੀ ਹੈ।
-ਸਰਕਾਰਾਂ ਜੇਕਰ ਕੇਵਲ ਉੱਤਮ ਵਿੱਦਿਆ ਦਾ ਮੁੱਦਾ ਸੁਲਝਾ ਦੇਣ ਤਾਂ ਦੇਸ਼ ਦੇ ਬਾਕੀ ਮੁੱਦੇ ਆਪੇ ਸੁਲਝ ਜਾਣਗੇ।
-ਇੱਛਾ ਦਾ ਕਾਸਾ ਕਦੇ ਵੀ ਭਰਦਾ ਨਹੀਂ ਅਤੇ ਮੇਰੇ ਹਿਸਾਬ ਨਾਲ ਕਦੇ ਭਰਨਾ ਚਾਹੀਦਾ ਵੀ ਨਹੀਂ।
-ਦੁਨੀਆ ਤੇ ਜਿੰਨਾ ਹੌਸਲਾ ਮੌਕੇ ਦੇ ਪੈਸੇ ਅਤੇ ਹਥਿਆਰ ਦਾ ਹੁੰਦਾ ਹੈ, ਉਨ੍ਹਾਂ ਕਿਸੇ ਸ਼ੈਅ ਦਾ ਨਹੀਂ ਹੁੰਦਾ।
-ਪਹਿਲਾ ਪਿਆਰ, ਕਮਾਈ ਅਤੇ ਬੇਵਫ਼ਾਈ ਇਨਸਾਨ ਨੂੰ ਕਦੇ ਨਹੀਂ ਭੁੱਲਦੀ।
-ਕਈ ਵਾਰ ਲੱਗਦਾ ਹੈ ਕਿ ਨਸਬੰਦੀ ਲੋਕਾਂ ਦੀ ਨਹੀਂ, ਉਨ੍ਹਾਂ ਦੀ ਸੋਚ ਦੀ ਹੋਣੀ ਚਾਹੀਦੀ ਹੈ।
-ਸੱਚ ਨੂੰ ਵਾਰ-ਵਾਰ ਸੋਚਣ ਦੀ ਲੋੜ ਨਹੀਂ ਪੈਂਦੀ, ਪਰ ਝੂਠ ਨੂੰ ਬਾਰ ਬਾਰ ਸੋਚਣਾ ਪੈਂਦਾ ਹੈ।
-ਗ਼ਲਤ ਸੇਧ ਦੇਣ ਵਾਲੀ ਕਿਤਾਬ ਉਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਰਾਹ ਪੁੱਛਦੇ ਪੁੱਛਦੇ ਤੁਹਾਨੂੰ ਕਿਸੇ ਨੇ ਗ਼ਲਤ ਰਾਹ ਪਾ ਦਿੱਤਾ ਹੋਵੇ।
-ਜਿੱਥੇ ਏਕਤਾ ਹੋਵੇ ਉੱਥੇ ਰਾਜਨੀਤੀ ਨਹੀਂ ਹੋ ਸਕਦੀ ਅਤੇ ਜਿੱਥੇ ਰਾਜਨੀਤੀ ਹੋਵੇ ਉੱਥੇ ਏਕਤਾ ਨਹੀਂ ਹੋ ਸਕਦੀ।
-ਜੇ ਆਲਸ ਨਾਲ ਲਿਹਾਜ਼ ਪਾਉਗੇ ਤਾਂ ਸਫ਼ਲਤਾ ਨਾਲ ਅਣ-ਬਣ ਜ਼ਰੂਰ ਹੋਵੇਗੀ।
-ਸਭ ਤੋਂ ਪਹਿਲਾਂ ਆਪਣੇ-ਆਪ ਨੂੰ ਬਰਦਾਸ਼ਤ ਕਰਨਾ ਸਿੱਖੋ, ਬਾਕੀਆਂ ਨੂੰ ਬਰਦਾਸ਼ਤ ਕਰਨਾ ਆਪਣੇ ਆਪ ਆ ਜਾਵੇਗਾ।
-ਭੇਦ ਭਾਵ ਨਾਮ ਦੀ ਇੱਕ ਜੋਕ ਹੈ ਜੋ ਇਨਸਾਨੀਅਤ ਦਾ ਖੂਨ ਚੂਸਦੀ ਹੈ।
-ਵੈਸੇ ਕਹਿਣਾ ਤਾਂ ਨਹੀਂ ਚਾਹੀਦਾ ਪਰ ਅੱਜ ਅਮਰੀਕਾ ਦੇ ਹੱਥ ਵਿੱਚ ਪੂਰੇ ਕਾਇਨਾਤ ਦੀ ਧੌਣ ਹੈ।
-ਬਟਵਾਰੇ ਦੀ ਕੰਧ ਰਿਸ਼ਤਿਆਂ ਵਿੱਚ ਪਹਿਲਾਂ ਨਿਕਲਦੀ ਹੈ ਅਤੇ ਘਰਾਂ ਵਿਚਾਲੇ ਮਗਰੋਂ।
-ਕਿਸੇ ਆਸ਼ਕ ਦੀ ਇੱਕ ਤਰਫ਼ਾ ਮੁਹੱਬਤ ਵਾਲੀ ਇਸਤਰੀ ਜਦ ਉਸ ਦਾ ਪਿਆਰ ਨਾ ਮਨਜ਼ੂਰ ਕਰ ਜਾਂਦੀ ਹੈ ਤਦ ਉਸ ਆਸ਼ਕ ਦੀ ਸੋਚ ਵਿੱਚ ਉਹ ਇਸਤਰੀ ਦੁਨੀਆ ਦੀ ਸਭ ਤੋਂ ਬੁਰੀ ਇਸਤਰੀ ਬਣ ਜਾਂਦੀ ਹੈ।
-ਦੁਨੀਆ ਤੇ ਇਹੋ ਜਿਹਾ ਕੋਈ ਇਨਸਾਨ ਨਹੀਂ, ਜਿਸ ਨੂੰ ਕਦੇ ਪਿਆਰ ਨਹੀਂ ਹੋਇਆ।
-ਜੇ ਔਰਤ ਨੂੰ ਜਿੱਤਣਾ ਹੈ ਤਾਂ ਪਹਿਲਾਂ ਉਸ ਦੇ ਜਜ਼ਬਾਤਾਂ ਨੂੰ ਜਿੱਤੋ।
-ਨਾਲ ਹੋਣ ਅਤੇ ਇਕੱਠੇ ਹੋਣ ਦੀ ਪਰਿਭਾਸ਼ਾ ਨੂੰ ਅੱਜ ਤਕ ਕੁਝ ਪਰਿਵਾਰ ਸਮਝ ਹੀ ਨਹੀਂ ਪਾਏ।
-ਜਦ ਸਮਾਂ ਥੱਪੜ ਮਾਰਦਾ ਹੈ ਤਾਂ ਚਿਹਰੇ ਤੋਂ ਅਹਿਸਾਨਾਂ ਦੀ ਮਿੱਟੀ, ਫ਼ਾਲਤੂ ਦੇ ਹੰਕਾਰ ਦਾ ਸ਼ਿੰਗਾਰ ਅਤੇ ਵਾਧੂ ਦੇ ਵਡੱਪਣ ਦਾ ਨਕਾਬ ਉੱਤਰ ਹੀ ਜਾਂਦਾ ਹੈ।
-ਜਦ ਵੀ ਜ਼ਿੰਦਗੀ ਵਿੱਚ ਇਹ ਲੱਗਣ ਲੱਗ ਜਾਵੇ ਕਿ ਮੇਰੇ ਤੋਂ ਉੱਪਰ ਕੁਝ ਵੀ ਨਹੀਂ, ਉਸ ਵਕਤ ਆਪਣੇ ਅੰਦਰ ਝਾਤ ਮਾਰ ਕੇ ਖੁਦ ਤੋਂ ਇੱਕ ਸਵਾਲ ਪੁੱਛਿਓ ਕਿ "ਤੂੰ ਹੈਂ ਕੌਣ”।
-ਜਦ ਜ਼ਿੰਦਗੀ ਇਨਸਾਨ ਨੂੰ ਝਿੜਕਦੀ ਹੈ ਉਦੋਂ ਇਨਸਾਨ ਰੋਣ ਜੋਗਾ ਵੀ ਨਹੀਂ ਰਹਿੰਦਾ।
-ਅੱਜ ਵੀ ਕਈ ਜਿਉਂਦੇ ਖਿਆਲਾਂ ਨੂੰ ਸ਼ਾਸਨ ਦੀਆਂ ਬੇੜੀਆਂ ਨੇ ਜਕੜ ਰੱਖਿਆ ਹੈ।
-ਜਿੰਨੀ ਨਫ਼ਰਤ ਫੈਲਾਉਣੀ ਸੌਖੀ ਹੈ, ਪਿਆਰ ਵੰਡਣਾ ਉਨਾ ਹੀ ਔਖਾ ਹੈ।
-ਚਾਅ ਕੁਆਰੇ ਵੀ ਮਾੜੇ ਹਨ ਅਤੇ ਅਧੂਰੇ ਵੀ।
-"ਮਿਰਜ਼ਾ ਸਾਹਿਬਾ' ਦੇ ਕਿੱਸੇ ਵਿੱਚ ਕੇਵਲ ਇਸ਼ਕ ਦੀ ਕਹਾਣੀ ਹੀ ਨਹੀਂ ਬਲਕਿ ਭੈਣ ਅਤੇ ਭਾਈਆਂ ਦੇ ਪਿਆਰ ਦੀ ਦਾਸਤਾਨ ਵੀ ਛੁਪੀ ਹੋਈ ਹੈ।
-ਬਿਨਾਂ ਰਜ਼ਾਮੰਦੀ ਦੇ ਟਾਹਣੀਓਂ ਟੁੱਟਿਆ ਹੋਇਆ ਫੁੱਲ ਵੀ ਦੋ ਵਿੱਛੜੀਆਂ ਰੂਹਾਂ ਨੂੰ ਆਪਸ ਵਿੱਚ ਜੋੜ ਦਿੰਦਾ ਹੈ, ਇੱਕ ਰਿਸ਼ਤੇ ਤੋਂ ਮੂੰਹ ਮੋੜ ਕੇ ਉਹ ਦੂਜੇ ਰਿਸ਼ਤੇ ਨੂੰ ਤੋਰ ਦਿੰਦਾ ਹੈ।
-ਜੇ ਯਾਦਾਂ ਨੂੰ ਪਾਲੋਗੇ ਤਾਂ ਪਾਣੀ ਨੂੰ ਤਰਸੋਗੇ।
-ਆਪਣਾ ਨੱਕ ਬਚਾਉਂਦੇ-ਬਚਾਉਂਦੇ ਸਿਰ ਤੱਕ ਕਟਵਾ ਲੈਣਾ ਘਾਟੇ ਦਾ ਸੌਦਾ ਨਹੀਂ ਪਰ ਆਪਣਾ ਸਿਰ ਬਚਾਉਂਦੇ-ਬਚਾਉਂਦੇ ਨੱਕ ਕਟਵਾ ਲੈਣਾ ਕੋਈ ਵਾਧੇ ਦਾ ਸੌਦਾ ਨਹੀਂ।
-ਜਦ ਅੱਖੀਆਂ ਦਾ ਮੀਂਹ ਪੈਂਦਾ ਹੈ, ਉਸ ਵਿੱਚ ਛਲਕਦੀਆਂ ਕਣੀਆਂ ਦਾ ਜ਼ਿੰਮੇਵਾਰ ਬਿਰਹਾ ਦਾ ਬੱਦਲ ਹੁੰਦਾ ਹੈ।
-ਆਪਣੀ ਕਾਮਨਾ ਨੂੰ ਸਬਰ ਦਾ ਤਾਲਾ ਲਗਾ ਕੇ ਰੱਖਿਆ ਕਰੋ ਜੀ।
-ਜਿੱਥੇ ਚੂੜੀਆਂ ਦੀ ਖੜਾਕ ਗ਼ਰਜ਼ਾਂ ਮਾਰਦੀ ਹੋਵੇ, ਉਸ ਸ਼ਹਿਰ ਵਣਜਾਰੇ ਦਾ ਆਉਣਾ ਸਖ਼ਤ ਮਨਾ ਹੈ।
-ਪੜ੍ਹਨ ਵਿੱਚ ਇੰਨਾ ਸਮਾਂ ਨਹੀਂ ਲੱਗਦਾ, ਜਿੰਨਾ ਲਿਖਣ ਵਿੱਚ ਲੱਗਦਾ ਹੈ ਅਤੇ ਲਿਖਣ ਵਿੱਚ ਇੰਨਾ ਸਮਾਂ ਨਹੀਂ ਲੱਗਦਾ, ਜਿੰਨਾ ਸਮਝਣ ਵਿੱਚ ਲੱਗਦਾ ਹੈ।
-ਫ਼ਕੀਰਾਂ ਦਾ ਨੇਤਾ ਰੱਬ ਹੁੰਦਾ ਹੈ।
-ਜਿਹਦੀ ਖ਼ੁਦ ਨਾਲ ਨਹੀਂ ਬਣਦੀ, ਉਹ ਦੀ ਕਿਸੇ ਨਾਲ ਵੀ ਨਹੀਂ ਬਣਦੀ।
-ਇਨਸਾਨ ਦੇ ਦਿਮਾਗ਼ ਵਿੱਚ ਵੀ ਇੱਕ ਜੀਭ ਹੁੰਦੀ ਹੈ, ਉਹ ਜਦ ਵੀ ਬੋਲਦੀ ਹੈ ਤਾਂ ਖ਼ਿਆਲ ਉਪਜਦੇ ਹਨ।
-ਇਸ਼ਕ ਮੁਹੱਬਤ ਵਿੱਚ ਕੇਵਲ ਮੋਹ ਦੀ ਰਿਸ਼ਵਤ ਚੱਲ ਦੀ ਹੈ।
-ਕਾਮਯਾਬੀ ਨੂੰ ਖ਼ਰੀਦਣ ਲਈ ਨੀਂਦਾਂ ਵੇਚਣੀਆਂ ਪੈਂਦੀਆਂ ਹਨ।
-ਅੱਖਾਂ ਦੀ ਭੁੱਖ ਖ਼ਤਰਨਾਕ ਸਾਬਤ ਹੋ ਸਕਦੀ ਹੈ।
-ਸਾਰੀਆਂ ਨਹੀਂ ਪਰ ਕੁਝ ਕੁ ਔਰਤਾਂ ਨੂੰ ਲੱਗਦਾ ਹੈ ਕਿ ਸਾਰੇ ਮਰਦਾਂ ਦਾ ਦਿਮਾਗ਼ ਇੱਕੋ ਤਰਾਂ ਕੰਮ ਕਰਦਾ ਹੈ, ਸਾਰੇ ਮਰਦਾਂ ਦੀਆਂ ਇੱਕੋ ਹੀ ਤਰ੍ਹਾਂ ਦੀਆਂ ਲੋੜਾਂ ਹਨ ਪਰ ਔਰਤਾਂ ਦੀ ਇਹ ਧਾਰਨਾ ਪੂਰੀ ਤਰਾਂ ਗ਼ਲਤ ਹੈ।
-ਦੁਨੀਆ ਵਿੱਚ ਕੁਝ ਵੀ ਮਨਘੜਤ ਨਹੀਂ ਹੈ, ਕੋਈ ਵੀ ਕਹਾਣੀ ਕਾਲਪਨਿਕ ਨਹੀਂ ਹੁੰਦੀ ਕੇਵਲ ਉਸ ਦੇ ਪਾਤਰਾਂ ਦੇ ਨਾਂ ਕਾਲਪਨਿਕ ਬਣਾਏ ਜਾਂਦੇ ਹਨ।
-ਇਸ਼ਕ ਦੇ ਮੁਕੱਦਮਿਆਂ ਵਿੱਚ ਨੈਣ ਸਲਾਖਾਂ ਦੀ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਜ਼ਮਾਨਤ ਸੌਖੀ ਨਹੀਂ ਮਿਲਦੀ ਹੁੰਦੀ।
-ਸ਼ਬਦਾਂ ਵਿੱਚ ਹੀ ਅਦਬ ਹੈ, ਸ਼ਬਦਾਂ ਵਿੱਚ ਹੀ ਨਫ਼ਰਤ, ਸ਼ਬਦਾਂ ਵਿੱਚ ਹੀ ਧਰਮ ਹੈ, ਸ਼ਬਦਾਂ ਵਿੱਚ ਹੀ ਉਲਫ਼ਤ, ਸ਼ਬਦਾਂ ਵਿੱਚ ਹੀ ਕਾਸ਼ ਹੈ, ਸ਼ਬਦਾਂ ਵਿੱਚ ਹੀ ਆਸ ਹੈ, ਸ਼ਬਦਾਂ ਵਿੱਚ ਹੀ ਵਿਕਾਸ ਹੈ, ਸ਼ਬਦਾਂ ਵਿੱਚ ਹੀ ਨਾਸ਼ ਹੈ।
-ਚਿੜੀ ਉੱਡ ਕਾਂ ਉੱਡ ਕਹਿੰਦੇ-ਕਹਿੰਦੇ ਅਸੀਂ ਆਪਣਾ ਬਚਪਨ ਉਡਾ ਲਿਆ, ਜਦ ਆਈ ਜਵਾਨੀ ਹੁਣ ਚਾਹੁਣੇ ਹਾਂ, ਉਸੇ ਤਰਾਂ ਸਾਡੀਆਂ ਫ਼ਿਕਰਾਂ ਵੀ ਉੱਡਣ।
-ਅੱਜ ਦੇ ਸਮੇਂ ਵਿੱਚ ਲੋਕ ਆਪਣੇ ਸਾਹ ਵੀ ਕਿਸ਼ਤਾਂ ਤੇ ਕਰੀ ਫਿਰਦੇ ਹਨ।
-ਇਸ ਦੁਨੀਆ ਤੇ ਹਰ ਇਨਸਾਨ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ, ਚਾਹੇ ਉਹ ਇਨਸਾਨ ਚੰਗਾ ਹੈ ਜਾਂ ਮਾੜਾ, ਪਰ ਉਸ ਤੋਂ ਸਿੱਖਣਾ ਕੀ ਹੈ ਇਹ ਸਿੱਖਣ ਵਾਲੇ ਤੇ ਨਿਰਭਰ ਕਰਦਾ ਹੈ।
-ਕਿਸੇ ਨੂੰ ਚਾਹੁਣ ਦਾ ਇੱਕ ਕਾਰਨ ਹੁੰਦਾ ਹੈ ਅਤੇ ਨਾ ਚਾਹੁਣ ਦੇ ਸੌ।
-"ਲੋਭ" ਸੁਨਹਿਰੀ ਪਿੰਜਰੇ ਦੀ ਕੈਦ ਹੈ।
-ਉਹ ਵੀ ਦਿਨ ਦੂਰ ਨਹੀਂ ਜਦੋਂ ਇੱਕੋ ਘਰ ਵਿੱਚ ਰਹਿੰਦੇ ਪਰਿਵਾਰਾਂ ਦੇ ਜੀਅ ਇੱਕ ਦੂਸਰੇ ਨੂੰ ਬੜੀ ਹੈਰਾਨੀ ਨਾਲ ਕਿਹਾ ਕਰਨਗੇ, "ਤੁਹਾਨੂੰ ਪਹਿਲਾਂ ਕਿਤੇ ਵੇਖਿਆ ਲੱਗਦਾ ਹੈ ਜੀ"।
-ਮੇਰਾ ਮੰਨਣਾ ਹੈ ਕਿ ਪੂਰੇ ਵਿਸ਼ਵ ਵਿੱਚ ਹਰ ਇਨਸਾਨ ਦਾ ਆਪਣਾ ਧਰਮ ਸੁਭਾਵਿਕ ਹੈ ਅਤੇ ਬੇਗਾਨਾ ਧਰਮ ਸਮਾਜਿਕ ਹੈ।
-ਵਿਰਸੇ ਵਿੱਚ ਕੇਵਲ ਵਸੀਅਤ ਮਿਲਦੀ ਹੈ, ਸ਼ਖਸੀਅਤ ਨਹੀਂ।
-ਕੁਦਰਤ ਅਧਰਮ ਹੈ।
-"ਕੋਸ਼ਿਸ਼" ਕਿਸੇ ਵੀ ਮਾਮਲੇ ਵਿੱਚ ਜਿੱਤ ਹਾਸਲ ਕਰਨ ਦੀ ਸਭ ਤੋਂ ਵੱਡੀ ਗਿੱਦੜਸਿੰਘੀ ਹੈ।
-ਤੁਸੀਂ ਚੰਗੇ ਹੋ ਇਹ ਗੱਲ ਸਿਰਫ਼ ਤੁਸੀਂ ਜਾਣਦੇ ਹੋ ਪਰ ਲੋਕਾਂ ਨੂੰ ਯਕੀਨ ਕਰਵਾਉਣ ਲਈ ਸਮਾਂ ਲੱਗਦਾ ਹੈ ਸੋ ਆਪਣੇ ਆਪ ਤੇ ਯਕੀਨ ਰੱਖੋ, ਬੇਕਰਾਰ ਨਾ ਹੋਵੇ।
-ਸਿੱਖੇ ਨੂੰ ਸਿਖਾਉਣਾ ਸਭ ਤੋਂ ਔਖਾ ਕੰਮ ਹੈ।
-ਜੇਕਰ ਤੁਹਾਡਾ ਬੱਚਾ ਤੁਹਾਡੇ ਤੋਂ 100 ਰੁਪਏ ਮੰਗ ਰਿਹਾ ਹੈ ਅਤੇ ਤੁਸੀਂ ਆਪਣੇ ਬੱਚੇ ਨੂੰ 500 ਰੁਪਏ ਦੇ ਰਹੇ ਹੋ ਤਾਂ ਤੁਹਾਡੀ ਅਤੇ ਤੁਹਾਡੇ ਬੱਚੇ ਦੀ ਪੈਸੇ ਸੰਬੰਧਿਤ ਸਮਝ ਖਤਰੇ ਵਿੱਚ ਹੈ।
-ਹਰ ਧਰਮ ਦੇ ਆਪਣੇ-ਆਪਣੇ ਅਸੂਲ ਹੁੰਦੇ ਹਨ, ਕਾਨੂੰਨ ਨਹੀਂ।
-ਖ਼ਾਹਿਸ਼ ਦੀ ਔਕਾਤ, ਇਨਸਾਨ ਦੀ ਔਕਾਤ ਨਾਲੋਂ ਕਿਤੇ ਵੱਡੀ ਹੁੰਦੀ ਹੈ।
-ਜ਼ਿੱਦ ਅਤੇ ਜਨੂੰਨ ਜੇਕਰ ਮਿੱਤਰਤਾ ਬਣਾ ਲੈਣ ਫੇਰ ਕੁਝ ਵੀ ਹਾਸਲ ਹੋ ਸਕਦਾ ਹੈ।
-ਅੱਜ ਅਸੀਂ ਸਾਰੇ ਗਲ਼ਾ ਪਾੜ ਪਾੜ ਕੇ ਆਪਣੇ ਬੱਚਿਆਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਆਪਣੇ ਸਭਿਆਚਾਰ ਨੂੰ ਭੁੱਲ ਰਹੇ ਹੋ, ਮੈਂ ਕਹਿਣਾ ਇਹੋ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛ ਕੇ ਵੇਖੋ।
-ਇੰਤਜ਼ਾਰ ਅਤੇ ਸਬਰ, ਇਹ ਦੋਨੋਂ ਇੱਕੋ ਸਮੇਂ ਤੇ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।
-ਕੋਈ ਵੀ ਕਿਰਿਆ ਕਰਨ ਤੋਂ ਪਹਿਲਾਂ, ਸਾਨੂੰ ਉਸ ਦੇ ਅੰਜਾਮ ਦਾ ਪਤਾ ਹੋਣਾ ਚਾਹੀਦਾ ਹੈ।
-ਇਨਸਾਨ ਦੇ ਅਸਲੀ ਕਿਰਦਾਰ ਦਾ ਪਤਾ ਉਸ ਨਾਲ ਵਾਰਤਾਲਾਪ ਕਰ ਕੇ ਅਤੇ ਉਸ ਨਾਲ ਵਰਤ ਕੇ ਹੀ ਲੱਗਦਾ ਹੈ, ਨਹੀਂ ਤਾਂ ਸਕੂਲ ਅਤੇ ਕਾਲਜ ਦੇ ਕਿਰਦਾਰ ਸਰਟੀਫਿਕੇਟ ਉੱਪਰ ਤਾਂ ਸਭ ਦੇ "ਚੰਗਾ ਵਿਦਿਆਰਥੀ" ਹੀ ਲਿਖਿਆ ਹੁੰਦਾ ਹੈ।
-ਗ਼ੁੱਸੇ ਵਿੱਚ ਜਿਸ ਇਨਸਾਨ ਨੂੰ ਤੁਸੀਂ ਮਾਰਨ ਤੱਕ ਜਾਂਦੇ ਹੋ, ਕੁਝ ਪਲਾਂ ਬਾਅਦ ਗੁੱਸਾ ਸ਼ਾਂਤ ਹੋਣ ਤੇ ਉਸੇ ਇਨਸਾਨ ਨੂੰ ਤਰਸ ਵਜੋਂ ਮਨਾਉਣ ਨੂੰ ਦਿਲ ਜ਼ਰੂਰ ਕਰਦਾ ਹੈ, ਇਸ ਕਰਕੇ ਗੁੱਸੇ ਨੂੰ ਪਾਲਣਾ ਸਿੱਖੋ।
-ਇਸ਼ਾਰਿਆਂ ਦੀ ਵੀ ਆਪਣੀ ਹੀ ਇੱਕ ਦੁਰਲੱਭ ਭਾਸ਼ਾ ਹੁੰਦੀ ਹੈ।
-ਪੜ੍ਹਿਆ ਲਿਖਿਆ ਇਨਸਾਨ ਬਣਨਾ ਅਤੇ ਇੱਕ ਚੰਗਾ ਇਨਸਾਨ ਬਣਨਾ, ਇਹ ਦੋ ਵੱਖ-ਵੱਖ ਗੱਲਾਂ ਹਨ।
-ਜਿਹੜਾ ਨਵਾਂ-ਨਵਾਂ ਅਮੀਰ ਅਤੇ ਨਵਾਂ-ਨਵਾਂ ਫ਼ਕੀਰ ਹੋਇਆ ਹੁੰਦਾ ਹੈ, ਉਹ ਆਮ ਲੋਕਾਂ 'ਚ ਬੈਠਣਾ ਬੰਦ ਕਰ ਦਿੰਦਾ ਹੈ।
-ਮਾਂ ਬੋਲੀ ਦੀ ਦਰਗਾਹ ਤੇ ਸ਼ਬਦਾਂ ਦਾ ਚੜ੍ਹਾਵਾ ਚੜ ਦਾ ਹੈ।
-ਕਿਸੇ ਨੇ ਮੈਨੂੰ ਪੁੱਛਿਆ ਕਿ "ਤੁਸੀਂ ਕੀ ਖਾਂਦੇ ਹੋ ਜਨਾਬ ਹਮੇਸ਼ਾ ਖਿੜੇ ਖਿੜੇ ਰਹਿੰਦੇ ਹੋ” ਤਾਂ ਅੱਗੋਂ ਮੈਂ ਜਵਾਬ ਦਿੱਤਾ ਇੱਕ ਤਾਂ ਮੈਂ ਪੂਰਾ ਸ਼ਾਕਾਹਾਰੀ ਹਾਂ, ਦੂਜਾ ਮੈਂ ਝੂਠੀਆਂ ਸੌਹਾਂ ਨਹੀਂ ਖਾਂਦਾ, ਕਿਸੇ ਦੇ ਹੱਕ ਦੀ ਕਮਾਈ ਨਹੀਂ ਖਾਂਦਾ ਅਤੇ ਚੌਥਾ ਮੈਂ ਕਿਸੇ ਦਾ ਦਿਮਾਗ਼ ਵੀ ਨਹੀਂ ਖਾਂਦਾ।
-ਕਹਿੰਦੇ ਸਾਡੇ ਦੇਸ਼ ਦੀਆਂ "ਧੀਆਂ" ਕਮਜ਼ੋਰ ਹਨ, ਮੈਂ ਕਹਿਣਾ ਸਾਡੇ ਦੇਸ਼ ਦੀਆਂ "ਨੀਂਹਾਂ" ਕਮਜ਼ੋਰ ਹਨ।
-ਕੁਝ ਇਨਸਾਨ ਹੁੰਦੇ ਤਾਂ ਅਸੂਲੀ ਹਨ, ਪਰ ਕਈਆਂ ਨੂੰ ਉਹ ਇਨਸਾਨ ਉਨ੍ਹਾਂ ਦੇ ਅਸੂਲਾਂ ਕਰ ਕੇ ਹੰਕਾਰੀ ਲੱਗਦੇ ਹਨ।
-ਕੁਝ ਲੋਕ ਤੁਹਾਡੀ ਨਜ਼ਰ ਉਤਾਰਦੇ ਹਨ ਅਤੇ ਕੁਝ ਲੋਕ ਤੁਹਾਨੂੰ ਨਜ਼ਰ ਤੋਂ ਉਤਾਰਦੇ ਹਨ।
-ਅੱਜ ਕੱਲ੍ਹ ਇੰਨੀ ਗਰਮੀ ਰੁੱਤਾਂ ਵਿੱਚ ਨਹੀਂ ਹੁੰਦੀ, ਜਿੰਨੀ ਇਨਸਾਨਾਂ ਵਿੱਚ ਹੁੰਦੀ ਹੈ।
-ਸਾਡੇ ਦੇਸ਼ ਦੀਆਂ ਸਰਕਾਰਾਂ ਤੱਕ ਪਹੁੰਚਣ ਵਾਲੇ ਕੇਵਲ ਰਾਹ ਪੱਕੇ ਹਨ, ਸਰਕਾਰਾਂ ਦੇ ਇਰਾਦੇ ਨਹੀਂ।
-ਵਪਾਰਕ ਸੋਚ ਦੇ ਹਿਸਾਬ ਨਾਲ ਤੁਸੀਂ ਕਿਸੇ ਇਨਸਾਨ ਦੀ ਮਨੋਬਿਰਤੀ ਨੂੰ ਠੇਸ ਪਹੁੰਚਾ ਕੇ ਉਸ ਨੂੰ ਕੁਝ ਵੀ ਖ਼ਰੀਦਣ ਲਈ ਮਜ਼ਬੂਰ ਕਰ ਸਕਦੇ ਹੋ।
-ਭਾਰਤ ਵਿੱਚ ਇੱਕ ਪਾਸੇ ਨਾਰੀ ਸ਼ਕਤੀ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਹਨ ਅਤੇ ਦੂਜੇ ਪਾਸੇ ਮਹਿਲਾ ਸਹਾਇਤਾ ਸੰਪਰਕ ਨੰਬਰ ਸਥਾਪਤ ਕੀਤਾ ਜਾ ਰਿਹਾ ਹੈ।
-ਕਿਸੇ ਦੇ ਪਿਆਰ ਵਿੱਚ ਮਹਿਬੂਬ ਨਹੀਂ ਮੰਨਦਾ, ਜੇ ਮਹਿਬੂਬ ਮੰਨ ਜਾਵੇ ਫੇਰ ਮਾਪੇ ਨਹੀਂ ਮੰਨਦੇ, ਜੇ ਮਾਪੇ ਮੰਨ ਜਾਣ ਫੇਰ ਸਮਾਜ ਨਹੀਂ ਮੰਨਦਾ, ਸੋ ਮੁੱਕਦੀ ਗੱਲ ਇਹ ਹੈ ਕਿ ਇਸ਼ਕ ਮੁਹੱਬਤ ਸ਼ੁਰੂ ਤੋਂ ਅੰਤ ਤੱਕ ਪੂਰਾ ਅਨਿਸ਼ਚਿਤ ਹੈ।
-ਖੜਿਆ ਪਾਣੀ ਅਤੇ ਖੜਿਆ ਪ੍ਰਾਣੀ ਦੋਵੇਂ ਖ਼ਤਰਨਾਕ ਹਨ।
-ਪੁਨਰ ਜਨਮ ਕੇਵਲ ਇਨਸਾਨ ਦਾ ਸੰਭਵ ਹੈ, ਇਨਸਾਨੀਅਤ ਦਾ ਨਹੀਂ।
-ਇੰਨੀ ਸੱਟ ਲੱਤ ਟੁੱਟੇ ਤੇ ਨਹੀਂ ਲੱਗਦੀ, ਜਿੰਨੀ ਦਿਲ ਟੁੱਟੇ ਤੇ ਲੱਗਦੀ ਹੈ।
-ਬੰਦਿਆ ਥੋੜ੍ਹਾ ਸਬਰ ਕਰ ਜੇ ਨਹੀਂ ਕਰਨਾ ਫੇਰ ਜ਼ਬਰ ਕਰ।
-ਕੈਂਚੀ ਸਾਈਕਲ ਚਲਾਉਣ ਵਾਲੇ ਲਈ, ਕਾਠੀ ਉੱਪਰ ਬੈਠਣਾ ਬਹੁਤ ਵੱਡੀ ਉਪਲੱਬਧੀ ਹੁੰਦੀ ਹੈ।
-ਇਸ਼ਕ ਦੇ ਬੂਟੇ ਬੀਜਣੇ ਹੀ ਸੌਖੇ ਹਨ ਪਰ ਪਾਲਣੇ ਬਹੁਤ ਔਖੇ ਹਨ।
-ਜਿਸ ਚੰਗੇ ਭਲੇ ਇਨਸਾਨ ਨੇ ਆਪਣੇ ਲਈ ਬਿਨਾਂ ਕਿਸੇ ਮਤਲਬ ਤੋਂ ਰਫ਼ਲ ਖ਼ਰੀਦ ਲਈ ਸਮਝ ਲਓ ਉਸ ਨੇ ਆਪਣੇ ਲਈ ਅਤੇ ਆਪਣੇ ਪਰਵਾਰ ਲਈ, ਮੁੱਲ ਦੀ ਲੜਾਈ ਲੈਣ ਦਾ ਪ੍ਰਬੰਧ ਕਰ ਲਿਆ।
-ਕਈ ਵਾਰ, ਜਿਹੜੀ ਗੱਲ ਆਪਾਂ ਸੋਚਦੇ ਹਾਂ, ਉਹ ਹੁੰਦੀ ਨਹੀਂ ਅਤੇ ਜਿਹੜੀ ਗੱਲ ਹੁੰਦੀ ਹੈ, ਉਹ ਆਪਾਂ ਕਦੇ ਸੋਚਦੇ ਹੀ ਨਹੀਂ।
-ਗੋਲਾ, ਭਾਵੇਂ ਪਾਣੀ ਵਿੱਚ ਜਿੰਨੇ ਮਰਜ਼ੀ ਗੋਤੇ ਲਾ ਲਵੇ, ਪਰ ਕਦੇ ਚੀਨਾ ਨਹੀਂ ਬਣ ਸਕਦਾ।
-ਜਿਹੜੇ ਭੌਂਕਦੇ ਹੈ ਉਹ ਵੱਢਦੇ ਨਹੀਂ, ਜਿਹੜੇ ਵੱਢਦੇ ਹੈ ਉਹ ਭੌਂਕਦੇ ਨਹੀਂ।
-ਕੁਝ ਲੋਕਾਂ ਲਈ ਖੂਬਸੂਰਤੀ ਦੀ ਪਰਿਭਾਸ਼ਾ ਕੇਵਲ "ਗੋਰਾ ਰੰਗ" ਹੁੰਦੀ ਹੈ।
-ਹਨੇਰੇ ਵਿੱਚ ਵੀ ਕਈ ਰੰਗ ਸ਼ਾਮਿਲ ਹੁੰਦੇ ਹਨ, ਜੋ ਸਾਡੀਆਂ ਨਜ਼ਰਾਂ ਸਾਹਮਣੇ ਹੁੰਦੇ ਹੋਇਆਂ ਵੀ ਸਾਨੂੰ ਦਿਸਦੇ ਨਹੀਂ।
-ਮੱਛੀਆਂ ਨੂੰ ਨਹਾਉਣ ਦੀ ਕੀ ਲੋੜ ਹੈ?
-ਇਨਸਾਨ ਕੇਵਲ ਘੜੀ ਬੰਨ੍ਹ ਸਕਦਾ ਹੈ ਪਰ ਸਮੇਂ ਨੂੰ ਨਹੀਂ ਬੰਨ੍ਹ ਸਕਦਾ।
-ਇੱਕ ਮਹਿਬੂਬਾ ਨੇ ਆਪਣੇ ਮਹਿਬੂਬ ਨੂੰ ਕਿਹਾ ਕਿ "ਦੁਨੀਆ ਮਾੜੀ ਹੈ" ਅਤੇ ਅੱਗੋਂ ਮਹਿਬੂਬ ਕਹਿੰਦਾ "ਮੇਰੀ ਤਾਂ ਦੁਨੀਆ ਹੀ ਤੂੰ ਹੈ"।
-ਸਿਆਣਾ ਇਨਸਾਨ ਬਣਨ ਦਾ ਫ਼ਾਇਦਾ ਹੀ ਫ਼ਾਇਦਾ ਹੁੰਦਾ ਹੈ, ਨੁਕਸਾਨ ਬੱਸ ਇੱਕੋ ਹੀ ਹੁੰਦਾ ਹੈ ਕਿ ਸਿੱਖਣ ਦੀ ਇੱਛਾ ਮੁੱਕ ਜਾਂਦੀ ਹੈ।
-ਦਿਲ ਅਤੇ ਦਿਮਾਗ਼ ਦੀ ਲੜਾਈ ਵਿੱਚ ਅਕਸਰ ਇਨਸਾਨ ਮਾਰਿਆ ਜਾਂਦਾ ਹੈ।
-ਸਾਡੀ ਜ਼ਿੰਦਗੀ ਵਿੱਚ ਕੁਝ ਲੋਕਾਂ ਦੀ ਓਨੀ ਕੁ ਹੈਸੀਅਤ ਹੁੰਦੀ ਹੈ, ਜਿੰਨੀ ਕੁ ਤਾਸ਼ ਦੀ ਖੇਡ ਵਿੱਚ ਜੋਕਰ ਦੀ ਹੁੰਦੀ ਹੈ।
-ਕੁਝ ਲੋਕ ਦਿਲ ਤੋਂ ਗੱਲਾਂ ਕਰਦੇ ਹਨ ਅਤੇ ਕੁਝ ਲੋਕ ਦਿਲ ਦੀਆਂ ਗੱਲਾਂ ਕਰਦੇ ਹਨ।
-ਨੰਗੀ ਤਲਵਾਰ ਇੰਨੀ ਖ਼ਤਰਨਾਕ ਨਹੀਂ ਜਨਾਬ, ਜਿੰਨੀ ਨੰਗੀ ਨਜ਼ਰ ਖ਼ਤਰਨਾਕ ਹੈ।
-ਸੱਚੇ ਬੰਦੇ ਦਾ ਰੱਬ ਗਵਾਹ ਹੁੰਦਾ ਹੈ।
-ਤਸਵੀਰਾਂ ਜਿਉਂਦਿਆਂ ਜਾਗਦੀਆਂ ਯਾਦਾਂ ਹੁੰਦੀਆਂ ਹਨ।
-ਸੰਤੁਸ਼ਟੀ ਦਾ ਕੋਈ ਅੰਤ ਨਹੀਂ ਹੁੰਦਾ।
-ਨੇੜੇ ਅਤੇ ਦੂਰ ਦੀ ਨਜ਼ਰ ਦਾ ਨਿਰੀਖਣ ਹੋ ਸਕਦਾ ਹੈ ਪਰ ਨਜ਼ਰ ਚੰਗੀ ਹੈ ਜਾਂ ਮਾੜੀ ਇਸ ਦਾ ਨਿਰੀਖਣ ਕਿਤੇ ਵੀ ਕਿਵੇਂ ਵੀ ਸੰਭਵ ਨਹੀਂ ਹੈ।
-ਜ਼ਿੰਦਗੀ ਵਿੱਚ ਜਦ ਕੋਲ ਪੈਸਾ ਹੁੰਦਾ ਹੈ ਉਦੋਂ ਸਮਾਂ ਨਹੀਂ ਹੁੰਦਾ ਜਦ ਸਮਾਂ ਹੁੰਦਾ ਹੈ ਉਦੋਂ ਪੈਸਾ ਨਹੀਂ ਹੁੰਦਾ।
-"ਸੀ" ਅਤੇ "ਹੈ" ਵਿਚਲਾ ਮਤਲਬ ਸਮਝ ਲਓ ਪਛਤਾਵਾ ਆਪਣੇ ਆਪ ਘੱਟ ਜਾਵੇਗਾ।
-ਕੁਝ ਦੇਸ਼ਾਂ ਦਾ ਇਨ੍ਹਾਂ ਬੁਰਾ ਹਾਲ ਹੈ ਕਿ ਜੇ ਕੋਈ ਮੁਫ਼ਤ ਵਿੱਚ ਜ਼ਹਿਰ ਵੀ ਵੰਡੇ ਤਾਂ ਵੀ ਲੋਕਾਂ ਦੀਆਂ ਲਾਈਨਾਂ ਲੱਗ ਜਾਣਗੀਆਂ।
-ਜਿੱਥੇ ਕਦਰ ਹੁੰਦੀ ਹੈ ਉੱਥੇ ਸਬਰ ਨਹੀਂ ਹੁੰਦਾ ਜਿੱਥੇ ਸਬਰ ਹੁੰਦਾ ਹੈ ਉੱਥੇ ਕਦਰ ਨਹੀਂ ਹੁੰਦੀ।
-ਜੇਕਰ ਪਿਆਰ ਕਰਦੇ ਕਰਦੇ ਵਿੱਚ ਮਜਬੂਰੀ ਆ ਜਾਵੇ ਫੇਰ ਉਹ ਪਿਆਰ ਨਹੀਂ ਸਮਝੌਤਾ ਬਣ ਜਾਂਦਾ ਹੈ।
-ਵੱਡਾ ਸੀਨਾ, ਛੋਟਾ ਦਿਲ।
-ਭੂਤਾਂ ਨੂੰ ਭੂਤ ਬਥੇਰੇ ਹੁੰਦੇ ਹਨ।
-ਜੋ ਲੰਘ ਗਿਆ ਉਸ ਦਾ ਗ਼ਮ ਨਹੀਂ, ਜੋ ਆ ਰਿਹਾ ਉਸ ਨੂੰ ਵੇਖਾਂਗੇ, ਸਮਾਂ।
-ਜਦੋਂ ਫੁੱਲ ਆਪਣੀ ਹੀ ਖੁਸ਼ਬੂ ਭੁੱਲ ਜਾਣ, ਫੇਰ ਉਹ ਬਹੁਤਾ ਚਿਰ ਨਹੀਂ ਖਿੜਦੇ।
-ਚੰਗਾ ਬੋਲਣ ਵਾਲਾ ਬਣਨ ਤੋਂ ਪਹਿਲਾਂ, ਚੰਗਾ ਸੁਣਨ ਵਾਲਾ ਬਣੋ।
-ਇੱਕ ਟੁੱਟੇ ਆਸ਼ਕ ਨੇ ਭਰੀ ਮਹਿਫ਼ਲ ਵਿੱਚ ਕਿਹਾ ਕਿ "ਪਹਿਲਾਂ ਉਹ ਮੇਰੇ ਦਿਲ ਵਿੱਚ ਉੱਤਰੀ, ਫੇਰ ਮੇਰੇ ਦਿਲ ਤੋਂ ਉੱਤਰੀ"।
-ਯਾਦਾਂ ਦੀ ਉਮਰ ਬਹੁਤ ਲੰਬੀ ਹੁੰਦੀ ਹੈ।
-ਮੌਕਿਆਂ ਦੀ ਉਡੀਕ ਨਾ ਕਰੋ, ਮੌਕੇ ਉਪਜਾਉਣਾ ਸਿੱਖੋ।
-ਆਪਣੇ ਆਪ ਵਿੱਚ ਕੋਈ ਗੁਣ ਨਾ ਹੋਣਾ ਵੀ ਇੱਕ ਗੁਣ ਹੁੰਦਾ ਹੈ।
-ਕੁਝ ਲੋਕ ਮਰਨ ਤੋਂ ਬਾਅਦ, ਜਿਉਂਦੇ ਹੁੰਦੇ ਹਨ।
-ਕਦੇ ਕਦਾਈਂ ਲੱਗਦਾ ਹੈ ਕਿ ਇਹ ਵੀ ਠੀਕ ਹੈ ਕਿ "ਕੁਝ ਠੀਕ ਨਹੀਂ"।
-ਜਿਸ ਨੂੰ ਸਭ ਕੁਝ ਪਤਾ ਹੁੰਦਾ ਹੈ, ਉਸ ਨੂੰ ਕੁਝ ਵੀ ਪਤਾ ਨਹੀਂ ਹੁੰਦਾ।
-ਜੋ ਛੋਹ ਨਜ਼ਰਾਂ ਵਿੱਚ ਹੁੰਦੀ ਹੈ, ਉਹ ਹੱਥਾਂ ਵਿੱਚ ਕਿੱਥੇ?
-ਖੰਡ ਅਤੇ ਨਮਕ ਦੋਨੋਂ ਚਿੱਟੇ ਰੰਗ ਦੇ ਹੁੰਦੇ ਹਨ, ਫ਼ਰਕ ਕੇਵਲ ਉਨ੍ਹਾਂ ਦੇ ਸਵਾਦ ਦਾ ਹੈ, ਪਰ ਰੰਗ ਵਜੋਂ ਦੋਹਾਂ ਦੀ ਪਰਖ ਕਰਨੀ ਔਖੀ ਹੈ, ਜਿਸ ਤਰਾਂ ਅੱਜ ਕੱਲ੍ਹ ਇਨਸਾਨਾਂ ਦੀ।
-ਤੈਨੂੰ ਪਤਾ, ਮੈਨੂੰ ਪਤਾ ਹੈ ਕਿ ਤੈਨੂੰ ਪਤਾ ਹੈ।
-ਹਮੇਸ਼ਾ ਦੋ ਝੂਠਾਂ ਨੂੰ ਜੋੜ ਕੇ, ਇੱਕ ਸੱਚ ਬਣਦਾ ਹੈ।
-ਅੱਜ ਕੱਲ੍ਹ ਦੀ ਯੁਵਾ ਪੀੜ੍ਹੀ ਨੂੰ "ਕੀ ਚਾਹੀਦਾ ਹੈ" ਕੇਵਲ ਇਹ ਪਤਾ ਹੈ ਪਰ "ਕਿਉਂ ਚਾਹੀਦਾ ਹੈ" ਇਸ ਬਾਰੇ ਉਹ ਕੁਝ ਨਹੀਂ ਜਾਣਦੇ।
-ਦਿਮਾਗ਼ ਦਾ ਚਾਕੂ ਵਰਗਾ ਕੰਮ ਹੈ, ਜਿੰਨਾ ਚਲਾਓਗੇ ਉਨ੍ਹਾਂ ਜ਼ਿਆਦਾ ਤੇਜ਼ ਹੋਵੇਗਾ।
-ਕਿਸੇ ਹੋਰ ਨੂੰ ਆਈਡਲ ਮੰਨਣ ਨਾਲੋਂ ਆਪਣੇ ਆਈਡਲ, ਆਪ ਬਣੋ।
-ਅਮੀਰ ਲੋਕਾਂ ਦੇ ਕੁੱਤੇ ਵੀ ਸਿਆਣੇ ਹੁੰਦੇ ਹਨ।
-ਜਿਵੇਂ ਆਪਾਂ ਸਭ ਨੂੰ ਛੋਟੇ ਹੁੰਦੇ, ਘਰ ਤੋਂ ਬਾਹਰ ਜਾਣ ਲੱਗੇ, ਆਪਣੇ ਘਰ ਦੇ ਕਹਿੰਦੇ ਹੁੰਦੇ ਸੀ ਕਿ ਬਾਹਰ ਜਾ ਕਿਸੇ ਦਾ ਹੱਥ ਨਾ ਫੜਿਓ, ਬਾਰੀ ਚੋਂ ਹੱਥ ਬਾਹਰ ਨਾ ਕੱਢਿਓ, ਕਿਸੇ ਨਾਲ ਫਾਲਤੂ ਗੱਲ ਬਾਤ ਨਾ ਕਰਿਓ, ਕਿਸੇ ਤੋਂ ਕੁਝ ਲੈਕੇ ਨਾ ਖਾਇਓ, ਕਿਸੇ ਉੱਤੇ ਯਕੀਨ ਨਾ ਕਰਿਓ, ਜੇਕਰ ਆਹ ਸਭ ਅਸੀਂ ਵੱਡੇ ਹੋਣ ਤੋਂ ਬਾਅਦ ਵੀ ਜ਼ਿੰਦਗੀ ਵਿੱਚ ਬਰਕਰਾਰ ਰੱਖੀਏ ਤਾਂ ਸਾਡੀ ਜ਼ਿੰਦਗੀ ਵਿੱਚ ਬਹੁਤ ਨੁਕਸਾਨ ਹੋਣ ਤੋਂ ਬਚ ਜਾਵੇਗਾ।
-ਕਿਸੇ ਨੂੰ ਪਿਆਰ ਕਰਨਾ ਅਤੇ ਆਤਮ ਸਮਰਪਣ ਕਰਨਾ ਇੱਕੋ ਗੱਲ ਹੈ।
-ਮਿਰਜ਼ੇ ਦੀ ਅੱਖ ਦੋ ਵਾਰ ਲੱਗੀ ਸੀ, ਜਦ ਪਹਿਲੀ ਵਾਰ ਲੱਗੀ ਤਦ ਸ਼ੁਰੂਆਤ ਹੋਈ ਅਤੇ ਜਦ ਦੂਜੀ ਵਾਰ ਲੱਗੀ ਉਦੋਂ ਅੰਤ।
-ਜਵਾਨੀ ਵਿੱਚ ਜਿਸ ਨੇ ਕੰਧਾਂ ਟੱਪੀਆਂ ਹੁੰਦੀਆਂ ਹਨ, ਬੁਢਾਪੇ ਵਿੱਚ ਉਹ ਪੁਲ ਟੱਪਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਨ।
-"ਗੁਲਾਬ ਖਰੀਦਣ ਦੇ ਪੈਸੇ ਨਹੀਂ ਤੇ ਇਸ਼ਕ ਕਰਨ ਚੱਲੇ ਹੋ", ਵਾਹ ਜੀ ਵਾਹ।
-ਗ਼ਰੀਬ-ਮਾਰ ਹੁੰਦੀ ਤੁਸੀਂ ਸਭ ਨੇ ਆਮ ਹੀ ਸੁਣੀ ਹੋਣੀ, ਪਰ ਜਦ ਕਿਸੇ ਅਮੀਰ ਇਨਸਾਨ ਨੂੰ ਤੁਸੀਂ ਇਹ ਕਹਿੰਦੇ ਹੋ ਕਿ "ਤੁਹਾਡੇ ਕੋਲ ਤਾਂ ਬਹੁਤ ਪੈਸਾ ਹੈ, ਤੁਹਾਡੇ ਕੋਲ ਕਿਸ ਚੀਜ਼ ਦੀ ਕਮੀ ਹੈ" ਤਾਂ ਇਹ ਸ਼ਬਦ ਉਸ ਅਮੀਰ ਇਨਸਾਨ ਲਈ ਅਮੀਰ-ਮਾਰ ਸਾਬਤ ਹੁੰਦੇ ਹਨ।
-ਥੋੜੇ ਅਕਲਾਂ ਤੋਂ ਕੰਮ ਲੈਂਦੇ ਹਨ, ਬਹੁਤੇ ਸ਼ਕਲਾਂ ਤੋਂ ਕੰਮ ਲੈਂਦੇ ਹਨ, ਬਾਕੀ ਨਕਲਾਂ ਤੋਂ ਕੰਮ ਲੈਂਦੇ ਹਨ।
-ਇਨਸਾਨ ਦੀ ਜ਼ਿੰਦਗੀ ਵਿੱਚ "ਜੇ" ਸ਼ਬਦ ਕਈ ਵਾਰ ਇਨਸਾਨ ਨੂੰ ਬਹੁਤ ਬੁਰੀ ਤਰ੍ਹਾਂ ਜਿਤਾ ਵੀ ਦਿੰਦਾ ਹੈ ਅਤੇ ਕਈ ਵਾਰ ਇਨਸਾਨ ਨੂੰ ਬਹੁਤ ਬੁਰੀ ਤਰ੍ਹਾਂ ਹਰਾ ਵੀ ਦਿੰਦਾ ਹੈ।
-ਜਿਹੜੇ ਆਪਣੀਆਂ ਜੁਰਾਬਾਂ ਤੱਕ ਨਹੀਂ ਬਦਲਦੇ, ਉਹ ਭਲਾ ਆਪਣੀ ਸੋਚ ਕੀ ਬਦਲਣਗੇ।
-ਜ਼ਿੰਦਗੀ ਦਾ ਇੱਕ ਅਸੂਲ ਹੈ ਕਿ ਜਿੰਨਾ ਚਿਰ ਨਜ਼ਰਾਂ ਵਿੱਚ ਰਹੋਗੇ, ਉਨ੍ਹਾਂ ਚਿਰ ਖ਼ਬਰਾਂ ਵਿੱਚ ਰਹੋਗੇ।
-ਅੱਜ ਦਾ ਮਨੁੱਖ ਨਾ ਚਾਹੁੰਦੇ ਹੋਇਆਂ ਵੀ ਆਪਣੇ ਹੱਥਾਂ ਵਿੱਚ ਬੰਬ ਲੈਕੇ ਘੁੰਮ ਰਿਹਾ ਹੈ।
-ਲਾਰਿਆਂ ਦਾ ਮਤਲਬ "ਨਾ" ਹੀ ਹੁੰਦਾ ਹੈ।
-ਤੰਦਰੁਸਤੀ ਨਾਲ ਤਰੱਕੀ ਹੈ, ਤਰੱਕੀ ਨਾਲ ਤੰਦਰੁਸਤੀ ਹੈ।
-ਇੱਕ ਹਸਰਤ ਤੈਨੂੰ ਪਾਉਣ ਦੀ ਆ, ਦੂਜੀ ਹਸਰਤ ਹੈ ਕਿ ਤੂੰ ਮਿਲ ਜਾਵੇ।
-ਪਹਿਲਾਂ ਜ਼ਿੰਦਗੀ ਨਖਰੇ ਕਰਦੀ ਹੈ, ਜਹਾਨ ਨਖ਼ਰੇ ਕਰਦਾ ਹੈ, ਫੇਰ ਇਨਸਾਨ ਨਖਰੇ ਕਰਦਾ ਹੈ।
-ਸੁਹੱਪਣ, ਇਸ਼ਕ, ਮੁਹੱਬਤ, ਪੈਸਾ, ਸ਼ੁਹਰਤ ਚਾਰ ਚੁਫੇਰੇ ਨੇ, ਇਹ ਖ਼ਜ਼ਾਨੇ, ਹਰਜਾਨੇ ਮੰਗਦੇ ਨੇ ਜੇ ਭਰ ਦੇਂਗਾ ਇਹ ਤੇਰੇ ਨੇ।
-ਰੱਬ ਕਈਆਂ ਨੂੰ ਮਾਇਆ ਬਖ਼ਸ਼ਦਾ ਹੈ, ਪਰ ਸਬਰ ਨਹੀਂ ਬਖ਼ਸ਼ਦਾ, ਕਈਆਂ ਨੂੰ ਸਬਰ ਬਖ਼ਸ਼ਦਾ ਹੈ, ਪਰ ਮਾਇਆ ਨਹੀਂ ਬਖ਼ਸ਼ਦਾ।
-ਪੂਰੇ ਬ੍ਰਹਿਮੰਡ ਵਿੱਚ ਰੱਬ ਤੋਂ ਵੱਡੀ ਦੁਨੀਆ ਉੱਪਰ ਕਿਸੇ ਦੀ ਕੋਈ ਸਿਫ਼ਾਰਿਸ਼ ਨਹੀਂ ਹੈ।
-ਜਿਸ ਇਨਸਾਨ ਦਾ ਜ਼ਮੀਰ ਮਰ ਜਾਂਦਾ ਹੈ, ਉਹ ਇਨਸਾਨ ਜ਼ਿੰਦਗੀ ਵਿੱਚ ਦੋ ਵਾਰ ਮਰਦਾ ਹੈ।
-ਜਦ ਲੋਕਾਂ ਨੂੰ ਸੁਣਨਾ ਬੰਦ ਹੋ ਜਾਵੇ, ਫੇਰ ਖੜਾਕਾ ਜਰੂਰੀ ਹੈ।
-ਰੁੱਖਾਂ ਦੀ ਵੰਡੀ ਪੈ ਸਕਦੀ ਹੈ, ਛਾਵਾਂ ਦੀ ਨਹੀਂ।
-ਰਿਸ਼ਵਤ ਦੇ ਪੈਸੇ ਗਿਣੀ ਦੇ ਨਹੀਂ ਹੁੰਦੇ।
-ਕੁਝ ਲੋਕ ਚੰਗੇ ਕੰਮ ਇਸ ਲਈ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਮਾੜੇ ਕੰਮ ਲੁਕੇ ਰਹਿਣ।
-ਇਨਸਾਨ ਦੀ ਜ਼ੁਬਾਨ ਦਾ ਪੱਧਰ ਡਿੱਗਦਾ-ਡਿੱਗਦਾ ਡਿੱਗਿਆ ਜਿਵੇਂ ਪਹਿਲਾਂ ਜ਼ੁਬਾਨ ਦੇਣ ਦਾ ਮਤਲਬ ਬਹੁਤ ਉੱਪਰ ਦਾ ਹੁੰਦਾ ਸੀ, ਉਸ ਤੋਂ ਬਾਅਦ ਫੇਰ ਜਦ ਜ਼ੁਬਾਨ ਦਾ ਮਿਆਰ ਥੋੜ੍ਹਾ ਘਟਿਆ ਫੇਰ ਗਵਾਹ ਆਏ, ਤੇ ਫੇਰ ਜਦ ਗਵਾਹਾਂ ਤੇ ਵੀ ਗੱਲ ਨਹੀਂ ਖੜੀ ਫੇਰ ਸਟਾਮ ਪੇਪਰ ਦਾ ਦੌਰ ਚੱਲਿਆ, ਹੁਣ ਡਰ ਇਸ ਗੱਲ ਦਾ ਹੈ ਕਿ ਹੁਣ ਅਗਲਾ ਤੌਰ ਤਰੀਕਾ ਕੀ ਹੋਵੇਗਾ, ਜੋ ਜ਼ੁਬਾਨ ਦੇ ਇਮਾਨ ਨੂੰ ਸੰਤੁਲਿਤ ਰੱਖੇਗਾ।
-ਪਿਆਰ ਕਰਨੇ ਕਿਹੜਾ ਸੌਖੇ ਹੈ ਸੱਜਣਾ, ਦਿਲ ਨੂੰ ਗਿਰਵੀ ਰੱਖਣਾ ਪੈਂਦਾ ਹੈ ਤਦ ਕਿਤੇ ਜਾ ਕੇ ਮੁੱਲ ਮੁੜਦਾ ਹੈ ਮੁਹੱਬਤ ਦਾ।
-ਜ਼ਿਆਦਾ ਡਾਊਨ ਟੂ ਅਰਥ ਹੋਣ ਦਾ ਵੀ ਕੋਈ ਫ਼ਾਇਦਾ ਨਹੀਂ, ਕਿਉਂਕਿ ਦੁਨੀਆ ਧਰਤੀ ਚ ਗੱਡਣ ਨੂੰ ਮਿੰਟ ਨਹੀਂ ਲਾਉਂਦੀ।
-ਔਰਤਾਂ ਬਸਤਰ ਖਰੀਦਦਿਆਂ ਭਾਵੇਂ ਪੰਜਾਹ ਤਰ੍ਹਾਂ ਦੇ ਬਸਤਰ ਵੇਖ ਲੈਣ, ਪਰ ਜਦੋਂ ਤਕ ਉਹ ਕਵੰਜਵਾਂ ਬਸਤਰ ਨਾ ਦੇਖ ਲੈਣ ਉਦੋਂ ਤਕ ਉਨ੍ਹਾਂ ਦਾ ਮਨ ਨਹੀਂ ਭਰਦਾ।
-ਵਿਆਹ ਤੋਂ ਬਾਅਦ ਬੰਦੇ ਦੀ ਆਮਦਨ ਤਾਂ ਭਾਵੇਂ ਘੱਟ ਜਾਂਦੀ ਹੈ, ਪਰ ਬਟੂਏ ਬੰਦਾ ਦੋ-ਦੋ ਸਾਂਭਣ ਲੱਗ ਜਾਂਦਾ ਹੈ।
-ਜਿੱਥੇ ਯਾਰੀ ਲਾਓਗੇ ਉੱਥੇ ਵਪਾਰ ਨਾ ਕਰਿਓ, ਜਿੱਥੇ ਵਪਾਰ ਕਰੋਗੇ ਉੱਥੇ ਯਾਰੀ ਨਾ ਲਾਇਓ।
-ਕੁਝ ਗੱਲਾਂ ਦਿਲ ਨੂੰ ਲੱਗਦੀਆਂ ਹਨ, ਕੁਝ ਗੱਲਾਂ ਦਿਲ ਤੇ ਲੱਗਦੀਆਂ ਹਨ।
-ਧਰਤੀ ਉੱਪਰ ਘਰ ਬਣਾਉਣਾ ਬਹੁਤ ਸੌਖਾ ਹੈ, ਪਰ ਲੋਕਾਂ ਦੇ ਦਿਲਾਂ ਵਿੱਚ ਘਰ ਬਣਾਉਣਾ ਬਹੁਤ ਔਖਾ ਹੈ।
-ਵੈਲੀ, ਆਸ਼ਕ ਅਤੇ ਅਮਲੀ ਇਹ ਤਿੰਨੇ ਉਮਰ ਦੇ ਕੱਚੇ ਹੁੰਦੇ ਹਨ।
-ਮੌਤ ਦਾ ਦੂਜਾ ਨਾਮ ਜ਼ਿੰਦਗੀ ਹੈ, ਜੁੱਗ ਜੁੱਗ ਜੀਓ।
-ਪਿਛਲੇ ਐਤਵਾਰ ਮੇਰੇ ਘਰ ਮੈਨੂੰ ਕੋਈ ਮਿਲਣ ਆਇਆ, ਉਹ ਮੇਰੇ ਲਈ ਮਿੱਠਾ ਲੈ ਕੇ ਆਏ ਸੀ, ਆਪਣੇ ਮਨ ਚ ਕੁੜੱਤਣ ਲੈ ਕੇ।
-ਦੋਸਤੀ ਦੀ ਗੱਲ ਸੁਣ ਲਓ, ਜਾਨ ਦੇਣ ਨੂੰ ਸਾਰੇ ਤਿਆਰ ਹਨ, ਸਾਥ ਦੇਣ ਨੂੰ ਕੋਈ ਨਹੀਂ।
-ਜਦੋਂ ਪਿਆਸ ਲੱਗੀ ਹੁੰਦੀ ਹੈ ਉਦੋਂ ਪਾਣੀ ਵੀ ਦੁੱਧ ਵਾਂਗ ਲੱਗਦਾ ਹੈ।
-ਕਈ ਵਾਰ ਮੈਂ ਸੋਚਦਾ ਹਾਂ ਕਿ ਜਿਸ ਨੇ ਘੜੀ ਦੀ ਖੋਜ ਕੀਤੀ, ਉਸ ਵਕਤ ਉਸ ਇਨਸਾਨ ਦਾ ਸਮਾਂ ਚੰਗਾ ਚੱਲ ਰਿਹਾ ਹੋਵੇਗਾ।
-ਜਦੋਂ ਪੈਸਾ ਤੁਹਾਡੇ ਹੱਥ 'ਚ ਹੁੰਦਾ ਹੈ, ਉਦੋਂ ਜੱਗ ਤੁਹਾਡੇ ਹੱਕ 'ਚ ਹੁੰਦਾ ਹੈ।
-ਅੱਜ ਦੀ ਪੀੜ੍ਹੀ ਸ਼ਾਰਟਕੱਟ ਭਾਲਦੀ ਹੈ, ਪਹਿਲਾਂ ਵਾਲੀ ਪੀੜ੍ਹੀ ਹਾਲੇ, ਮਿਹਨਤਕਸ਼ ਸੀ।
-ਜਦੋਂ ਜਨਤਾ ਤੁਹਾਡੇ ਨਾਲ ਬਿਨਾਂ ਮਤਲਬ ਤੋਂ ਖਾਰ ਖਾਣ ਲੱਗ ਜਾਵੇ, ਫੇਰ ਸਮਝ ਲਓ ਤਰੱਕੀ ਨੇੜੇ ਤੇੜੇ ਹੀ ਹੈ।
-ਜੇਕਰ ਸ਼ਰਦਾ ਮੰਨ ਜਾਂਦੀ ਹੈ ਤਾਂ ਪੁੱਗਤ ਨਹੀਂ ਮੰਨਦੀ, ਜੇਕਰ ਪੁੱਗਤ ਮੰਨ ਜਾਂਦੀ ਹੈ ਤਾਂ ਸ਼ਰਦਾ ਨਹੀਂ ਮੰਨਦੀ।
-ਹੱਥ ਦੇ ਯਾਰ ਨੂੰ "ਹਥਿਆਰ" ਕਹਿੰਦੇ ਹਨ।
-ਜ਼ਿੰਦਗੀ ਵਿੱਚ ਇੱਕ ਗੱਲ ਯਾਦ ਰੱਖਿਓ, ਜਿੰਨੇ ਤੁਸੀਂ ਕਿਸੇ ਚੀਜ਼ ਨੂੰ ਹਾਸਲ ਕਰਨ ਲਈ ਹਾੜੇ ਅਤੇ ਤਰਲੇ ਕੱਢੋਗੇ, ਉਹ ਚੀਜ਼ ਤੁਹਾਡੇ ਤੋਂ ਉੱਨੀ ਹੀ ਦੂਰ ਹੁੰਦੀ ਜਾਵੇਗੀ।
-ਇੱਕ ਗੱਲ ਯਾਦ ਰੱਖੋ ਕਿ ਇੱਕ ਇਨਸਾਨ ਸਭ ਨੂੰ ਮਾੜਾ ਨਹੀਂ ਲੱਗ ਸਕਦਾ, ਅਤੇ ਉਹੀ ਇੱਕ ਇਨਸਾਨ ਸਭ ਨੂੰ ਚੰਗਾ ਨਹੀਂ ਲੱਗ ਸਕਦਾ।
-ਕਦੇ ਕਦੇ, ਕਿਸੇ ਮੌਕੇ, ਕਿਸੇ ਦਾ ਕੀਤਾ ਅਹਿਸਾਨ, ਭੀਖ ਬਰਾਬਰ ਹੀ ਗਿਣਿਆ ਜਾਂਦਾ ਹੈ।
-ਜਨਮ ਲੈਣ ਤੋਂ ਬਾਅਦ ਇਨਸਾਨ ਆਪਣੇ ਆਪ ਵਿੱਚ ਤਿੰਨ ਵਾਰ ਦੁਬਾਰਾ ਜਨਮ ਲੈਂਦਾ ਹੈ, ਪਹਿਲਾਂ ਜਵਾਨੀ ਵਿੱਚ, ਬੁਢਾਪੇ ਵਿੱਚ ਫੇਰ ਆਪਣੀ ਮੌਤ ਵਿੱਚ।
-ਜੋ ਸੁੱਚੇ ਇਸ਼ਕ 'ਚ ਪੈ ਗਏ, ਉਹ ਯਾਦਾਂ ਦੇ ਕੈਦੀ, ਜੋ ਨਹੀਂ ਪਏ, ਉਹ ਸਵਾਦਾਂ ਦੇ ਕੈਦੀ।
-ਕਦੇ ਕਦੇ ਲੱਗਦਾ ਹੈ, ਰੱਬ ਦਾ ਵੀ ਕੋਈ ਨਾ ਕੋਈ ਰੱਬ ਜ਼ਰੂਰ ਹੋਵੇਗਾ?
-ਉਹ ਲੋਕ ਬਹੁਤ ਖੁਸ਼ਨਸੀਬ ਹੁੰਦੇ ਹਨ ਜਿੰਨ੍ਹਾਂ ਨੂੰ ਮਰਨ ਤੋਂ ਬਾਅਦ ਵੀ ਉਨ੍ਹਾਂ ਦੇ ਆਪਣੇ ਜਨਮ ਦਿਵਸ ਦੀਆਂ ਮੁਬਾਰਕਾਂ ਮਿਲਦੀਆਂ ਰਹਿੰਦੀਆਂ ਹਨ।
-ਚੋਰੀ ਕਰ ਕੇ ਖਾਣਾ, ਚੋਰ ਦੇ ਹੱਕ ਦੀ ਕਮਾਈ ਹੈ।
-ਜਿੰਨਾ ਚਿਰ ਤੁਸੀਂ ਯੋਗ ਵਿੱਚ ਹੋ, ਉਨ੍ਹਾਂ ਚਿਰ ਹੀ ਪ੍ਰਯੋਗ ਵਿੱਚ ਹੋ।
-ਬਟਰ ਬਰੈਡਾਂ ਨੂੰ ਲਾਈਦੇ ਮੱਖਣਾ, ਯਾਰਾਂ ਨੂੰ ਨਹੀਂ।
-ਅੱਜ ਕੱਲ੍ਹ ਸਵੇਰੇ ਸਵੇਰੇ ਘਰ ਵਿੱਚ ਆਇਆ ਅਖ਼ਬਾਰ ਪੜ੍ਹਕੇ ਇੰਜ ਲੱਗਦਾ ਹੈ ਜਿਵੇਂ ਮਰਗ ਦੇ ਭੋਗ ਦਾ ਸੱਦਾ ਪੱਤਰ ਪੜ੍ਹ ਰਹੇ ਹੋਈਏ।
-ਜਦੋਂ ਪੈਸਾ ਜੇਬ ਦੇ ਅੰਦਰ ਜਾਂਦਾ ਹੈ ਉਦੋਂ ਇਨਸਾਨ ਆਪਣੀ ਜੇਬ ਤੋਂ ਬਾਹਰ ਆਉਣ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ।
-ਕੁਝ ਰੋਗੀਆਂ ਦੇ ਰੋਗ ਦੀ ਦਵਾਈ ਸਵੇਰੇ ਸ਼ਾਮ "ਗੱਲਾਂ ਬਾਤਾਂ" ਕਰਨਾ ਹੀ ਹੁੰਦੀ ਹੈ।
-ਇਨਸਾਨ ਦੀ ਹੱਦ ਦਾ ਖ਼ੁਦ ਇਨਸਾਨ ਨੂੰ ਵੀ ਨਹੀਂ ਪਤਾ ਹੁੰਦਾ।
-ਜਿਹੜੀ ਗੱਲ ਸੋਚ ਕੇ ਲਿਖੀ ਜਾਵੇਗੀ, ਕਹੀ ਜਾਵੇਗੀ, ਉਹ ਗੱਲ ਇੱਕ ਵਾਰ ਸੋਚਣ ਤੇ ਮਜਬੂਰ ਜ਼ਰੂਰ ਕਰੇਗੀ।
-ਹਰ ਪੀੜ੍ਹੀ ਦਾ ਆਪਣਾ-ਆਪਣਾ ਸਭਿਆਚਾਰ ਹੁੰਦਾ ਹੈ, ਹੋਵੇਗਾ, ਅਤੇ ਹੁੰਦਾ ਰਹੇਗਾ।
-"ਪ੍ਰੈਕਟਿਸ ਮੇਕਸ ਆ ਮੈਨ ਪ੍ਰਫੈਕਟ" ਇਸ ਵਾਕ ਨੂੰ ਵੇਖ ਕੇ ਤੁਹਾਡਾ ਔਰਤਾਂ ਬਾਰੇ ਕੀ ਵਿਚਾਰ ਹੈ।
-ਕਿਤਾਬ ਲਿਖਣੀ ਸੌਖੀ ਹੈ, ਪਰ ਚੰਗੀ ਕਿਤਾਬ ਲਿਖਣੀ ਔਖੀ ਹੈ।
-ਸੋਚ ਦਾ ਕੋਈ ਲਿੰਗ ਪੁਲਿੰਗ ਨਹੀਂ ਹੁੰਦਾ, ਕੇਵਲ ਸਰੀਰਾਂ ਦਾ ਹੁੰਦਾ ਹੈ।
-ਚੰਗੇ ਸੁਭਾਅ ਨੂੰ "ਰੂਹ ਦਾ ਅਤਰ" ਮੰਨਿਆ ਜਾਂਦਾ ਹੈ।
-ਕੁਝ ਚੀਜ਼ਾਂ ਜਿਵੇਂ ਦਿਸਦੀਆਂ ਹਨ ਓਦਾਂ ਹੁੰਦੀਆਂ ਨਹੀਂ, ਜਿਵੇਂ ਬ੍ਰਿਟਿਸ਼ ਹਿੰਦੁਸਤਾਨ ਤੇ ਵਿਆਪਾਰ ਕਰਨ ਆਏ ਸਨ, ਪਰ ਕਰ ਕੇ ਰਾਜ ਗਏ।
-ਜ਼ਿੰਦਗੀ ਵਿੱਚ ਕੁਝ ਚੀਜ਼ਾਂ ਦੀ ਖਰਚ ਨਹੀਂ, ਵਰਤ ਸਮਝਣੀ ਜ਼ਰੂਰੀ ਹੁੰਦੀ ਹੈ।
-ਇਨਸਾਨ ਦੇ ਮਨ ਨੂੰ ਮੰਦਿਰ ਮੰਨਿਆ ਜਾਂਦਾ ਹੈ, ਜਿਸ ਦਾ ਪੁਜਾਰੀ ਉਹ ਖੁਦ ਆਪ ਹੈ।
-ਚਿੱਤਰ ਦਾ ਚਰਿੱਤਰ, ਚਿੱਤਰਕਾਰ ਦੇ ਹੱਥ ਹੁੰਦਾ ਹੈ, ਫੇਰ ਉਹ ਭਾਵੇਂ ਸੱਚ ਝੂਠ, ਰੰਗ, ਵਰਤਾਰਾ ਜਾਂ ਸੰਗ-ਸ਼ਰਮ ਕੁਝ ਵੀ ਹੋਵੇ।
-ਰੱਬ ਨੇ ਇਨਸਾਨ ਨੂੰ ਬਣਾਇਆ, ਇਨਸਾਨ ਨੇ ਫੇਰ ਤੋਂ ਰੱਬ ਨੂੰ ਬਣਾ ਲਿਆ।
-ਜਦੋਂ ਤੁਸੀਂ ਮਰਦੇ ਮਰਦੇ ਬਚਦੇ ਹੋ ਤਾਂ ਸਮਝ ਲਓ, ਮੌਤ ਤੁਹਾਡੇ ਨਾਲ ਰਿਹਰਸਲ ਕਰ ਰਹੀ ਹੈ।
-ਹੋਰ ਮੁਲਕ ਜਾਂ ਸੂਬਿਆਂ ਵਿੱਚ ਜਦ ਤੁਹਾਨੂੰ ਕੋਈ ਆਪਣੇ ਘਰ ਸੱਦ ਦਾ ਹੈ ਤਾਂ ਕਹੇਗਾ, 'ਚਲੋ ਮੇਰੇ ਘਰ ਚੱਲ ਦੇ ਹਾਂ” ਪਰ ਜੇ ਇਹੀ ਗੱਲ ਪੰਜਾਬ ਰਿਆਸਤ 'ਚ ਹੋਵੇ ਤਾਂ ਕਿਹਾ ਜਾਏਗਾ, "ਚਲੋ ਜੀ ਆਪਣੇ ਘਰ ਚੱਲ ਦੇ ਹਾਂ"।
-ਇਸ਼ਕ ਦਾ ਕੀ ਹੈ ਜਨਾਬ, ਕਿਸੇ ਨੂੰ ਚੂਰੀਆਂ ਉਡੀਕਦੀਆਂ ਹਨ ਤੇ ਕਿਸੇ ਨੂੰ ਛੁਰੀਆਂ ਉਡੀਕਦੀਆਂ ਹਨ।
-ਜਦੋਂ ਕੋਈ ਕੁੜੀ ਕਿਸੇ ਮੁੰਡੇ ਨੂੰ ਮਿਲਣ ਆਉਂਦੀ ਹੈ ਤਾਂ ਉਹ ਆਪਣੀ ਇੱਜ਼ਤ ਦੀ ਦਹਿਲੀਜ਼ ਟੱਪ ਕੇ ਆਉਂਦੀ ਹੈ।
-ਇੱਜ਼ਤ ਜਦ ਦਹਿਲੀਜ਼ ਟੱਪ ਜਾਵੇ ਫੇਰ ਅਗਲੇ ਪਿਛਲੇ ਨਹੀਂ ਦੇਖਦੀ ਹੁੰਦੀ।
-ਰੂਹ ਦੀ ਮੈਲ ਨੂੰ ਸਾਫ਼ ਕਰਨ ਵਾਲੀ ਸਾਬਣ ਦਾ ਨਾਮ "ਪ੍ਰਾਰਥਨਾ" ਹੈ।
-ਹੁਸਨ ਪਹਿਲਾਂ ਧਿਆਨ ਦੀ ਮੰਗ ਕਰਦਾ ਹੈ, ਫੇਰ ਧਿਆਨ ਖਿੱਚਦਾ ਹੈ, ਅੰਤ ਧਿਆਨ ਨੂੰ ਭੰਗ ਕਰਦਾ ਹੈ।
-ਔਰਤ ਨੂੰ ਪ੍ਰਸੰਸਾ ਦੇ ਕਲਾਵੇ ਵਿੱਚ ਬੰਨ੍ਹ ਕੇ, ਉਸ ਨੂੰ ਆਪਣੀ ਕਾਮ ਵਾਸ਼ਨਾ ਦਾ ਸ਼ਿਕਾਰ ਬਣਾਉਣਾ, ਔਰਤ ਦਾ ਅਪਮਾਨ ਕਰਨਾ ਹੀ ਹੈ।
-"ਫੇਰ ਕਦੇ ਸਹੀ" ਵਾਕ ਨੂੰ ਬੋਲਦੇ ਬੋਲਦੇ ਕਈਆਂ ਨੇ ਆਪਣੀ ਜ਼ਿੰਦਗੀ, ਕਈ ਮਹੱਤਵਪੂਰਨ ਕੰਮ ਕੀਤੇ ਬਿਨਾਂ ਹੀ ਲੰਘਾ ਲਈ ਹੈ।
-ਮੈਨੂੰ ਇੱਕ ਸੱਜਣ ਮਿਲਿਆ, ਮੈਨੂੰ ਕਹਿੰਦਾ ਮੈਂ ਭਵਿੱਖ ਵਿੱਚ ਜੀ ਰਿਹਾ ਹਾਂ, ਮੈਂ ਕਿਹਾ ਉਹ ਕਿਵੇਂ, ਕਹਿੰਦਾ ਮੈਂ ਆਪਣੀ ਘੜੀ ਪੰਜ ਮਿੰਟ ਅੱਗੇ ਕਰ ਕੇ ਰੱਖਦਾ ਹਾਂ।
-ਲੋੜ, ਮਜ਼ਬੂਰੀ ਅਤੇ ਮਗ਼ਰੂਰੀ ਤਿੰਨੋਂ ਇਕੱਠੀਆਂ ਵਧਦੀਆਂ ਹਨ।
-ਪੁਰਸ਼ ਦੀ ਅਸਲੀ ਸਹਿਣਸ਼ੀਲਤਾ ਉਦੋਂ ਪਰਖੀ ਜਾਂਦੀ ਹੈ ਜਦ ਉਹ ਕਿਸੇ ਔਰਤ ਨੂੰ ਬਾਜ਼ਾਰ ਲੈ ਕੇ ਜਾਂਦਾ ਹੈ।
-ਹਰ ਇਨਸਾਨ ਦੇ ਦੋ ਪੱਕੇ ਦੋਸਤ ਜ਼ਰੂਰ ਹੁੰਦੇ ਹਨ, ਇੱਕ ਉਹ ਆਪ ਤੇ ਦੂਜਾ ਉਹ ਦਾ ਰੱਬ।
-ਕੁਝ ਕੰਮ ਇਨਸਾਨ ਆਪਣੇ ਪੇਟ ਲਈ ਕਰਦਾ ਹੈ ਅਤੇ ਕੁਝ ਆਪਣੇ ਦਿਲ ਲਈ ਅਤੇ ਜਦ ਇਨ੍ਹਾਂ ਦੋਹਾਂ ਤੋਂ ਖ਼ਿਲਾਫ਼ ਹੋ ਕੇ ਕੋਈ ਕੰਮ ਕਰਦਾ ਹੈ ਤਾਂ ਉਹ ਕੰਮ ਭੁੱਖ ਅਤੇ ਪਿਆਰ ਨੂੰ ਮਾਰ ਕੇ ਕੀਤਾ ਜਾਂਦਾ ਹੈ।
-ਕੈਲਕੂਲੇਟਰ ਦਿਮਾਗ਼ ਵਿੱਚ ਹੁੰਦਾ ਹੈ, ਦਿਲ ਵਿੱਚ ਨਹੀਂ।
-ਤੁਹਾਡੇ ਵੱਲੋਂ ਔਰਤ ਲਈ ਖੋਲ੍ਹਿਆ ਇੱਕ ਬੂਹਾ, ਤੁਹਾਡੀ ਜ਼ਿੰਦਗੀ ਦੇ ਸਾਰੇ ਬੂਹੇ ਖੋਲ ਦੇਵੇਗਾ।
-ਕੁਝ ਰਿਸ਼ਤਿਆਂ ਦਾ ਜ਼ਿਕਰ ਨਹੀਂ ਕੇਵਲ ਫ਼ਿਕਰ ਕੀਤਾ ਜਾਂਦਾ ਹੈ।
-ਕਿਤੇ ਵੀ ਚਲੇ ਜਾਇਓ, ਮੁਕਾਬਲੇ ਦੇ ਹਿਸਾਬ ਨਾਲ ਤੁਹਾਡੇ ਲਈ ਕੁਰਸੀ ਛੱਡਣ ਵਾਲਿਆਂ ਦੀ ਗਿਣਤੀ ਘੱਟ ਅਤੇ ਕੁਰਸੀ ਖਿੱਚਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੀ ਹੋਵੇਗੀ।
-ਜਿੰਨ੍ਹਾ ਦੇ ਮਾਪੇ ਜ਼ਿਆਦਾ ਸਖ਼ਤ ਹੁੰਦੇ ਹਨ, ਉਨ੍ਹਾਂ ਦੇ ਬੱਚੇ ਕਦੇ ਵੀ ਨਰਮ ਨਹੀਂ ਹੋ ਸਕਦੇ।
-ਕੁਝ ਫ਼ੈਸਲੇ ਇਨਸਾਨ ਨੂੰ ਕਾਨੂੰਨ ਅਤੇ ਮਜਬੂਰੀ ਹੇਠ ਆਕੇ ਕਰਨੇ ਪੈਂਦੇ ਹਨ, ਨਹੀਂ ਤਾਂ ਜੇ ਸੱਚ ਪੁੱਛੋ ਤਾਂ ਤਲਾਕ ਦੇ ਮਾਮਲੇ ਵਿੱਚ ਖੁਦ ਜੱਜ ਵੀ ਨਹੀਂ ਚਾਹੁੰਦਾ ਹੁੰਦਾ ਕਿ ਪਤੀ ਪਤਨੀ ਵੱਖ ਹੋਣ।
-ਵਿੱਦਿਆ ਅਤੇ ਸੁਭਾਅ ਦਾ ਕੋਈ ਮੇਲ ਨਹੀਂ, ਪਰ ਵਿਹਾਰ ਦਾ ਹੋ ਸਕਦਾ ਹੈ।
-ਜੇ ਕਿਸੇ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੈ ਤਾਂ ਇਸ ਲਈ ਤੁਸੀਂ ਅੱਧੀ ਰਾਤ ਦਾ ਸਮਾਂ ਚੁਣ ਸਕਦੇ ਹੋ, ਕੀ ਪਤਾ ਉਹ ਇਨਸਾਨ ਆਪਣੀ ਗੂੜ੍ਹੀ ਨੀਂਦ ਵਿੱਚ ਤੁਹਾਨੂੰ "ਹਾਂ" ਹੀ ਕਰ ਦੇਵੇ।
-ਸਭ ਨੂੰ ਇਨਸਾਨ ਦੇ ਬਾਹਰੀ ਵਾਤਾਵਰਨ ਦੀ ਪਈ ਹੈ, ਕੋਈ ਇਨਸਾਨ ਦੇ ਅੰਦਰ ਦੇ ਵਾਤਾਵਰਨ ਤੇ ਵੀ ਨਿਗਾਹ ਮਾਰੋ।
-ਮਰਦ ਕੇਵਲ ਸ਼ੀਸ਼ਾ ਵੇਖਦੇ ਹਨ, ਔਰਤ ਸ਼ੀਸ਼ੇ ਨਾਲ ਗੱਲਾਂ ਵੀ ਕਰਦੀ ਹੈ।
-ਬਾਲ ਰੰਗਣ ਨਾਲ ਜਾਂ ਬਾਲ ਕੱਟਣ ਨਾਲ, ਅਕਲ 'ਚ ਕੋਈ ਫ਼ਰਕ ਨਹੀਂ ਪੈਂਦਾ ਹੁੰਦਾ।
-ਜੋ ਲੋਕ ਕਹਿੰਦੇ ਹਨ, ਔਰਤਾਂ ਦਾ ਦਿਮਾਗ਼ ਗਿੱਟਿਆਂ ਵਿੱਚ ਹੁੰਦਾ ਹੈ, ਦਿਮਾਗ਼ ਮੈਨੂੰ ਟਿਕਾਣੇ ਉਹ ਲੋਕਾਂ ਦਾ ਵੀ ਨਹੀਂ ਲੱਗਦਾ।
-ਜਦੋਂ ਇਨਸਾਨ ਤਰੱਕੀ ਕਰਦਾ ਹੈ ਤਾਂ ਉਸ ਦੇ ਪੈਰਾਂ ਹੇਠ ਤਿਲਕਣ ਦਾ ਪੈਦਾ ਹੋਣਾ, ਸਾਧਾਰਨ ਗੱਲ ਹੈ।
-ਇਨਸਾਨ ਦਾ ਸਭ ਤੋਂ ਵੱਡਾ ਸਲਾਹਕਾਰ ਕੋਈ ਹੋਰ ਨਹੀਂ ਬਲਕਿ ਉਹ ਆਪ ਹੀ ਹੁੰਦਾ ਹੈ।
-ਕਲਾ ਦੀ ਕੁੱਖ ਹਮੇਸ਼ਾ ਹਰੀ ਭਰੀ ਰਹੇਗੀ, ਨਵੇਂ ਕਲਾਕਾਰ ਜਨਮ ਲੈਂਦੇ ਰਹਿਣਗੇ।
-"ਇੱਕ ਚੁੱਪ ਸੌ ਸੁੱਖ" ਵਾਕ, ਵਕਾਲਤ ਵਿੱਚ ਫੇਲ੍ਹ ਹੈ।
-ਅੱਜ ਕੱਲ੍ਹ ਲੋਕ ਆਪ ਢਕੇ ਰਹਿੰਦੇ ਹਨ, ਪਰ ਆਪਣੀ ਸੋਚ ਨੰਗੀ ਰੱਖਦੇ ਹਨ।
-ਜ਼ੁਲਫਾਂ ਦੀ ਛਾਂ, ਦਰਖਤਾਂ ਦੀ ਮੌਤ।
-ਅਸਲੀ ਖੂਬਸੂਰਤੀ ਉਹ ਹੁੰਦੀ ਹੈ ਜਿਹੜੀ ਨੇਤਰਹੀਣ ਨੂੰ ਵੀ ਦਿਸੇ।
-ਕਿਸੇ ਨੇ ਮੈਨੂੰ ਪੁੱਛਿਆ ਕਿ ਕਿਸੇ ਇੱਕ ਇਨਸਾਨ ਨੂੰ ਚੁਣੋ ਜੋ ਤੁਹਾਨੂੰ ਹਮੇਸ਼ਾ ਖੁਸ਼ ਵੇਖਣਾ ਚਾਹੁੰਦਾ ਹੈ, ਮੈਂ ਆਪਣੇ ਆਪ ਨੂੰ ਹੀ ਚੁਣ ਲਿਆ।
-ਬਚਪਨ, ਖੁੱਲ੍ਹੀਆਂ ਅੱਖਾਂ ਦਾ ਖੁਆਬ ਹੈ।
-ਪੱਕੇ ਅਸੂਲਾਂ ਵਾਲੀ ਜੁੱਤੀ, ਚਾਪਲੂਸ ਬੰਦੇ ਦੇ ਪੈਰੀਂ, ਲੱਗਦੀ ਹੀ ਹੁੰਦੀ ਹੈ।
-ਇਨਸਾਨ ਰਿਟਾਇਰ ਹੋ ਜਾਂਦਾ ਹੈ ਪਰ ਉਸਦੀਆਂ ਆਦਤਾਂ ਨਹੀਂ।
-ਰਾਜਨੀਤੀ, ਸਮਾਜ ਨੀਤੀ ਨਹੀਂ ਸਮਝ ਸਕਦੀ।
-ਸਾਡੀਆਂ ਸੱਧਰਾਂ ਨੂੰ ਬੁਲਡੋਜ਼ਰ ਕੁਚਲਣਾ ਚਾਹੁੰਦਾ ਹੈ, "ਕੋਈ ਨਾ ਆਉਣ ਦੇ", ਕੁਚਲੇ ਹੋਇਆਂ ਨੂੰ ਵੀ ਉੱਠਣਾ ਆਉਂਦਾ ਹੈ।
-ਕਿਸੇ ਖ਼ਾਸ ਲਈ, ਤੇਰੇ ਰੋਣ ਤੋਂ ਬਾਅਦ ਤੇਰਾ ਚਿਹਰਾ ਇਨ੍ਹਾਂ ਖੂਬਸੂਰਤ ਹੋ ਜਾਂਦਾ ਹੈ ਜਿੰਨਾ ਮੀਂਹ ਪੈਣ ਤੋਂ ਬਾਅਦ ਖੂਬਸੂਰਤ ਮੌਸਮ ਹੋ ਜਾਂਦਾ ਹੈ।
-ਅੱਜ ਦੇ ਸਮੇਂ ਵਿੱਚ ਕਲਾਕਾਰ ਬਹੁਤ ਹਨ ਜਦਕਿ ਕਲਾ ਦੀ ਘਾਟ ਹੈ।
-ਕੁਝ ਜ਼ੁਲਫਾਂ ਦੇ ਸੰਗਲ਼ਾਂ 'ਚ ਜਕੜੇ ਪਏ ਨੇ, ਕੁਝ ਬੇੜੀਆਂ 'ਚ ਲਿਪਟੇ ਆਜ਼ਾਦ ਜਾਪਦੇ।
-ਅੱਜ ਦੀ ਪਨੀਰੀ ਵਿਰਸੇ ਵਿੱਚ ਮਿਲੀ ਜ਼ਮੀਨ ਨਹੀਂ ਸੰਭਾਲ ਸਕਦੀ, ਵਿਰਸਾ ਕੀ ਸੰਭਾਲੇਗੀ।
-ਜਿਸ ਦਿਨ ਦੇ ਮੈਂ ਤੁਸੀਂ ਤੋਂ "ਆਪਾਂ" ਹੋ ਗਏ ਹਾਂ, ਸੱਚੀ ਦੱਸਾਂ ਅਸੀਂ, ਆਪਣਾ “ਆਪਾ” ਖੋ ਗਏ ਹਾਂ।
-ਕਈ ਵਾਰ ਅੱਖਾਂ ਦੀ ਲੜਾਈ 'ਚ ਦਿਲ ਮੱਲੋ ਮੱਲੀ ਮਾਰਿਆ ਜਾਂਦਾ ਹੈ।
-ਮੈਨੂੰ ਪੂਰਾ ਯਕੀਨ ਹੈ ਕਿ ਤਕੜੇ ਬੰਦੇ ਦੀ ਰੱਬ ਕੋਲ ਵੀ ਪੂਰੀ ਚੱਲ ਦੀ ਹੋਵੇਗੀ।
-ਪਰਦੇਸੀਆਂ ਦਾ ਸਾਰਾ ਘਰ ਬਾਰ ਉਨ੍ਹਾਂ ਦੀ ਅਟੈਚੀ ਵਿੱਚ ਹੁੰਦਾ ਹੈ।
-ਜਦ ਕੋਈ ਕਹਿੰਦਾ ਹੈ ਕਿ ਮੈਨੂੰ ਤੇਰੀ ਲੋੜ ਹੈ, ਇਸ ਵਾਕ ਵਿੱਚ, "ਕਿਸੇ ਹੋਰ ਦੇ ਆਉਣ ਤੱਕ" ਸ਼ਬਦ ਖਾਮੋਸ਼ ਹੁੰਦੇ ਹਨ।
-ਇਨਸਾਨ ਆਪਣੀ ਖੁਦ ਦੀ ਜ਼ਿੰਦਗੀ ਗਵਾ ਬੈਠਦਾ ਹੈ, ਜਦ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਬਣਾ ਬੈਠਦਾ ਹੈ।
-ਜਦ ਦਿਲਾਂ ਦਾ ਨੈੱਟਵਰਕ ਕਮਜ਼ੋਰ ਹੋਵੇ, ਫੇਰ ਮੋਬਾਇਲ ਫ਼ੋਨ ਦਾ ਨੈੱਟਵਰਕ ਹੋਵੇ ਜਾਂ ਨਾ ਹੋਵੇ, ਫ਼ਰਕ ਨਹੀਂ ਪੈਂਦਾ ਹੁੰਦਾ।
-ਇਜ਼ਹਾਰ ਕਰਨ ਆਏ ਸ਼ਖ਼ਸ ਦੀ ਅੱਧੀ ਗੱਲ ਆਪ ਬੁੱਝਣੀ ਪੈਂਦੀ ਹੈ।
-ਇੰਤਜ਼ਾਰ ਕਰਵਾਉਣਾ ਔਰਤ ਦੇ ਅਨੁਸ਼ਾਸਨ ਦਾ ਹਿੱਸਾ ਹੈ।
-ਜਦੋਂ ਚੁੰਨ੍ਹੀਆਂ ਭਾਰੀ ਲੱਗਣ ਲੱਗ ਜਾਣ ਫੇਰ ਇੱਜ਼ਤਾਂ ਹੌਲ਼ੀਆਂ ਹੋ ਹੀ ਜਾਂਦੀਆਂ ਹਨ।
-ਬੇਸਬਰੇ, ਬੇਫ਼ਿਕਰੇ, ਬੇਸ਼ੁਕਰੇ ਹੁੰਦੇ ਹਨ।
-ਕੱਲ੍ਹ ਪਰਸੋਂ ਨੂੰ ਛੱਡੋ, ਮੁੱਲ ਕੇਵਲ ਅੱਜ ਦਾ ਹੈ।
-ਇਨਸਾਨ ਦਾ ਮਨ ਬਾਂਦਰ ਵਰਗਾ ਹੁੰਦਾ ਹੈ, ਇੱਕ ਥਾਂ ਟਿਕਦਾ ਹੀ ਨਹੀਂ।
-ਸਿਆਸਤ ਚ ਪਿਆਰ ਹੋ ਸਕਦਾ ਹੈ ਪਰ ਪਿਆਰ ਚ ਸਿਆਸਤ ਨਹੀਂ ਹੋ ਸਕਦੀ।
-ਅਹਿਮ ਅਤੇ ਅਹਿਮੀਅਤ ਵਿੱਚ ਬੜਾ ਫ਼ਾਸਲਾ ਹੁੰਦਾ ਹੈ।
-ਪੁਰਾਣੀ ਸੋਚ ਰੀਤਾਂ ਨੂੰ ਮੰਨਦੀ ਸੀ ਅਤੇ ਅੱਜ ਵਾਲੀ ਸੋਚ ਰਿਵਾਜ਼ਾਂ ਨੂੰ।
-ਆਪਣੇ "ਆਪ" 'ਚੋਂ ਬਾਹਰ ਹੋਣਾ ਸਿੱਖੋ, ਆਪਣੇ "ਆਪੇ" 'ਚੋਂ ਬਾਹਰ ਹੋਣਾ ਨਹੀਂ।
-ਘਰ ਬਣਾਉਣਾ ਸੌਖਾ ਹੈ ਪਰ ਯਕੀਨ ਬਣਾਉਣਾ ਔਖਾ ਹੈ।
-ਅੱਜ ਦਾ ਇਨਸਾਨ ਸਵੇਰੇ ਨਿਕਲਦਾ ਹੈ, ਸਕੂਨ ਲੱਭਣ, ਆਪਣਾ ਸਕੂਨ ਮਾਰ ਕੇ।
-ਦਸ, ਗਿਆਰਾਂ, ਬਾਰ੍ਹਾਂ, ਇਨਸਾਨੀ ਨੀਅਤ ਵਿਗੜਨ ਵਾਲੀਆਂ ਤਿੰਨ ਜਮਾਤਾਂ।
-ਰਾਤ ਕੀ ਪ੍ਰਭਾਤ ਅੱਗੇ, ਜ਼ਹਿਰ ਕੀ ਸੁਕਰਾਤ ਅੱਗੇ।
-"ਸਕੂਨ ਅਤੇ ਕਮਾਈ" ਦੀ ਆਪਸ ਵਿੱਚ ਬੜੀ ਸ਼ਰੀਕੇਬਾਜ਼ੀ ਹੈ।
-ਆਪਣੀਆਂ ਇੱਛਾਵਾਂ ਦਾ ਕਤਲ ਸਭ ਤੋਂ ਜ਼ਿਆਦਾ, ਔਰਤ ਕਰਦੀ ਹੈ।
-ਦੁਨੀਆ ਕਿੱਦਾਂ ਦੀ ਹੈ, ਦੁਨੀਆ ਓਦਾਂ ਦੀ ਹੈ, ਦੁਨੀਆ ਜਿੱਦਾਂ ਦੀ ਹੈ।
-ਸੂਰਜ ਅਤੇ ਚੰਨ ਦੇ ਪਰਛਾਵੇਂ ਨੂੰ ਵੇਖਣਾ ਵੀ ਇੱਕ ਰਹੱਸਿਆ ਹੀ ਹੈ।
-ਅੱਜ ਦੇ ਲੋਕ ਅਤੇ ਉਨ੍ਹਾਂ ਦੀ ਲੋਕ-ਧਾਰਾ, ਇੱਕ ਦੂਸਰੇ ਦੇ ਵਿਰੁੱਧ ਚੱਲ ਰਹੀ ਹੈ।
-ਕਮਜ਼ੋਰ ਸਰੀਰ ਦਾ ਇਲਾਜ ਹੈ, ਪਰ ਕਮਜ਼ੋਰ ਵਿਚਾਰ ਦਾ ਨਹੀਂ।
-ਤੁਹਾਡੇ ਨਾਲ ਤੁਰਨ ਵਾਲਾ ਹਰ ਇਨਸਾਨ ਤੁਹਾਡਾ ਹਮਸਫ਼ਰ ਨਹੀਂ ਹੋ ਸਕਦਾ, ਰਾਹਗੀਰ ਵੀ ਹੋ ਸਕਦਾ ਹੈ।
-ਰੱਬ ਨੇ ਹਾਥੀ ਨੂੰ ਤਾਕਤ ਬਖ਼ਸ਼ੀ ਹੈ, ਪਰ ਰੱਬ ਨੇ ਹਾਥੀ ਨੂੰ ਵੱਡੇ ਕੰਨਾਂ ਨਾਲ ਸਾਜਿਆ ਹੈ, ਜੋ ਉਸ ਦੀ ਤਾਕਤ ਨੂੰ ਉਸ ਕੋਲੋਂ ਢੱਕ ਕੇ ਰੱਖਦੇ ਹਨ, ਪਰ ਜੇ ਕਿਤੇ ਹਾਥੀ ਨੂੰ ਆਪਣੀ ਵਿਸ਼ਾਲਤਾ ਦਾ, ਆਪਣੀ ਤਾਕਤ ਦਾ, ਅੰਦਾਜ਼ਾ ਲੱਗ ਜਾਵੇ, ਤਾਂ ਉਹ ਤਬਾਹੀ ਠਾਲ ਦੇਵੇਗਾ।
-ਕੁਝ ਲੋਕ ਤੁਹਾਨੂੰ ਜਾਣਦੇ ਹਨ ਪਰ ਅਫ਼ਸੋਸ ਜਾਣਦੇ ਨਹੀਂ।
-ਤੁਹਾਡੀਆਂ ਬੁਰੇ ਵਕਤ ਦੀਆਂ ਯਾਦਾਂ ਨੂੰ ਯਾਦਗਾਰ ਬਣਨ ਦਾ ਮੌਕਾ ਨਾ ਦਿਓ।
-ਕੁਝ ਚੀਜ਼ਾਂ ਦੇ ਮੁੱਲ ਘੱਟ, ਮਾਅਨੇ ਜ਼ਿਆਦਾ ਹੁੰਦੇ ਹਨ।
-ਇਨਸਾਨ ਨੂੰ ਆਪਣੀ ਔਕਾਤ ਭੁੱਲਣੀ ਨਹੀਂ ਚਾਹੀਦੀ ਅਤੇ ਮਿਹਰਬਾਨੀ ਯਾਦ ਰੱਖਣੀ ਨਹੀਂ ਚਾਹੀਦੀ।
-ਇਹ ਵੀ ਸੋਚਣ ਵਾਲੀ ਗੱਲ ਹੈ ਕਿ ਅਸੀਂ ਇੰਨਾ ਜ਼ਿਆਦਾ, ਕਿਉਂ ਸੋਚਦੇ ਹਾਂ।
-ਹਾਵਾਂ ਤੋਂ ਬਚੋ, ਹਵਾਵਾਂ ਤੋਂ ਬਚੋ, ਬੇਲੋੜੀਆਂ ਇੱਛਾਵਾਂ ਤੋਂ ਬਚੋ।
-ਨਫ਼ਰਤ ਦੀ ਕੰਧ ਜਿੰਨੀ ਉੱਚੀ ਹੋਵੇਗੀ, ਰਿਸ਼ਤਿਆਂ ਦੀ ਨੀਂਹ ਓਨੀ ਹੀ ਕਮਜ਼ੋਰ ਹੁੰਦੀ ਜਾਵੇਗੀ।
-ਅੱਜ ਦੇ ਇਸ਼ਕ ਹਕੀਕੀ ਦਾ ਇਹ ਹਾਲ ਹੈ ਕਿ "ਚੂਰੀ ਖਾਣ ਨੂੰ ਰਾਂਝੇ ਬਥੇਰੇ, ਮੱਝਾਂ ਚਾਰਨ ਨੂੰ ਕੋਈ ਨਹੀਂ।
-ਮੰਗਾਂ, ਉਮੰਗਾਂ ਉਪਜਾਉਂਦੀਆਂ ਹਨ, ਉਮੰਗਾਂ ਫੇਰ ਦੁਬਾਰਾ ਮੰਗਾਂ ਉਪਜਾਉਂਦੀਆਂ ਹਨ।
-ਇਨਸਾਨ ਮਰਦਾ ਲਾਜ਼ਮੀ ਹੈ, ਅਕਸ਼ ਮਾਰ ਕੇ ਵਿਖਾ, ਰੂਪ ਬਦਲੇ ਬਥੇਰੇ, ਰੂਪ ਧਾਰ ਕੇ ਵਿਖਾ।
-ਉੱਡਣ ਨੂੰ ਸਾਰਾ ਆਸਮਾਨ ਪਿਆ, ਭੱਜਣ ਨੂੰ ਸਾਰੀ ਧਰਤੀ, ਪਰ ਜੋ ਨੱਸਣਾ ਨਹੀਂ ਜਾਣਦੇ, ਉਹ ਨਹੀਂ ਨੱਸਦੇ।
-ਜਵਾਨੀ, ਇੱਕ ਪਾਣੀ ਦਾ ਭਰਿਆ ਗਿਲਾਸ ਹੈ, ਜੋ ਕੰਗਣੀ ਤੱਕ ਨੱਕੋਂ ਨੱਕ ਭਰਿਆ ਪਿਆ ਹੈ, ਜਿਸ ਨੂੰ ਸੰਭਾਲਣਾ ਮੁਸ਼ਕਿਲ ਹੀ ਨਹੀਂ, ਅਸੰਭਵ ਵੀ ਹੈ।
-ਹੌਂਸਲੇ, ਆਲਸ ਦੇ ਮੁਹਤਾਜ਼ ਨਹੀਂ ਹੁੰਦੇ।
-ਮਿਹਨਤਕਸ਼ ਅਤੇ ਧਿਆਨੀ ਇਨਸਾਨ ਆਪਣੇ ਸਿਰਹਾਣੇ ਜ਼ਿੰਮੇਵਾਰੀ ਰੱਖ ਕੇ ਸੌਂਦਾ ਹੈ, ਅਲਾਰਮ ਨਹੀਂ।
-ਰੱਸੀਆਂ ਦੇ ਸੱਪ ਬਣਾਉਣੇ ਬੰਦ ਕਰੋ, ਕਿਉਂਕਿ ਰੱਸੀਆਂ ਦੇ ਸੱਪ ਜ਼ਹਿਰ ਨਹੀਂ ਉਗਲਦੇ ਹੁੰਦੇ।
-ਵਿਆਹ ਮਗਰੋਂ ਕੁਝ ਇਨਸਾਨਾਂ ਦੀ ਸਾਹਿਬਾ ਵਾਲੀ ਹਾਲਤ ਹੋ ਜਾਂਦੀ ਹੈ।
-"ਚੁੱਪ ਅਤੇ ਸਬਰ" ਦੋਹਾਂ ਦੀ ਦੋਸਤੀ ਹੋਣੀ ਚਾਹੀਦੀ ਹੈ, ਤਾਂ ਹੀ ਸਹਿਣਸ਼ੀਲਤਾ ਆਵੇਗੀ, ਨਹੀਂ ਤਾਂ ਨਹੀਂ।
-ਜਿਹੜਾ ਇਨਸਾਨ ਛੇਤੀ ਹੀ ਪੈਰ ਛੱਡ ਜਾਂਦਾ ਹੈ, ਸੰਗਮਰਮਰ ਉਨ੍ਹਾਂ ਪੈਰਾਂ ਲਈ ਨਹੀਂ ਬਣੇ।
-ਔਰਤ ਆਪਣੀ ਗੁੱਤ ਵਿੱਚ, ਆਪਣੇ ਜੂੜੇ ਵਿੱਚ, ਸਾਰੇ ਘਰ-ਪਰਿਵਾਰ ਦੀ ਸਪੁਰਦਗੀ ਗੁੰਦ ਕੇ ਰੱਖਦੀ ਹੈ।
-ਅੱਜ ਦੇ ਸਮੇਂ ਦੀ ਮੰਗ ਇਹ ਹੈ, ਕਿ ਜਿੰਨੀ ਹੈਸੀਅਤ ਹੋਵੇਗੀ, ਉਨੀ ਹੀ ਅਹਿਮੀਅਤ ਹੋਵੇਗੀ, ਹੁਣ ਇਹ ਦੋਵੇਂ ਬੰਧਨ ਨਾਲ ਨਾਲ ਹੀ ਚੱਲਣਗੇ।
-ਸ਼ਾਂਤੀ ਜਿਸ ਦੀ ਭੰਗ ਹੈ, ਉਸ ਲਈ ਸ਼ੋਰ ਦੇ ਵਿੱਚ ਅਨੰਦ ਹੈ।
-ਪਤੀ ਜਿੱਤੀ ਹੋਈ ਸਰਕਾਰ ਵਰਗਾ ਹੁੰਦਾ ਹੈ ਅਤੇ ਆਸ਼ਕ ਆਉਣ ਵਾਲੀ ਸਰਕਾਰ ਵਰਗਾ।
-ਇਸ਼ਕ ਕਰਨਾ ਨਹੀਂ, ਭੁਗਤਣਾ ਪੈਂਦਾ ਹੈ।
-ਉਹ ਅੱਜ ਬਦਲੂ ਜਾਂ ਕੱਲ੍ਹ ਬਦਲੂ, ਪਹਿਲਾਂ ਦਿਲ ਬਦਲੂ ਫੇਰ ਦਲ ਬਦਲੂ।
-ਦਿਲ ਰੱਖਿਆ ਕਰ ਮਿੱਤਰਾ ਕਿਉਂਕਿ ਦਿਲ ਦਾ ਵੀ ਇੱਕ, ਦਿਲ ਹੁੰਦਾ ਹੈ।
-ਇਹ ਹੋ ਸਕਦਾ ਸੀ, ਉਹ ਹੋ ਸਕਦਾ ਸੀ, ਕਹਿਣ ਦੀ ਬਜਾਏ ਜੇਕਰ ਇਨਸਾਨ, ਇਹ ਹੋ ਸਕਦਾ ਹੈ, ਉਹ ਹੋ ਸਕਦਾ ਹੈ ਕਹੇ, ਤਾਂ ਚੰਗਾ ਹੈ।
-ਔਰਤਾਂ ਨੂੰ ਨਾ ਤਾਂ ਹੰਝੂ ਦੇਣ ਵਾਲਿਆਂ ਦੀ ਕਮੀ ਹੈ ਅਤੇ ਨਾ ਹੀ ਹੰਝੂ ਪੂੰਝਣ ਵਾਲਿਆਂ ਦੀ।
-ਆਮ ਖਾਸ ਦੀਆਂ ਗੱਲਾਂ ਹੀ ਛੱਡਦੇ, ਮੈਂ ਤਾਂ ਤੈਨੂੰ ਰੱਬ ਮੰਨਿਆ ਸੀ।
-“ਚੱਲ ਕੋਈ ਨਾ, ਚੱਲ ਕੋਈ ਨਾ”, ਜੇ ਹਰ ਵਾਰ ਇਹੀ ਵਾਕ ਬੋਲ ਕੇ ਸ਼ਿਕਵੇ ਟਾਲੀ ਜਾਵੋਗੇ ਤਾਂ ਲੋਕਾਂ ਨੇ ਤੁਹਾਡਾ ਫ਼ਾਇਦਾ ਚੁੱਕਣਾ ਬੰਦ ਨਹੀਂ ਕਰਨਾ।
-ਜਜ਼ਬੇ ਦੀ ਬਾਂਹ ਛੱਡੀ ਨਾ, ਹੌਸਲੇ ਨੂੰ ਜੱਫੀ ਪਾਈ ਰੱਖ, ਕੋਈ ਮੰਜ਼ਿਲ ਦੂਰ ਨਹੀਂ, ਬੱਸ ਆਪਣੇ ਆਪ ਨੂੰ ਕੰਮ ਲਾਈ ਰੱਖ।
-ਕੁਝ ਚੀਜ਼ਾਂ, ਕੁਝ ਗੱਲਾਂ, ਅਰਥ ਨਾਲ ਨਹੀਂ, ਮਤਲਬ ਨਾਲ ਸਮਝੀਆਂ ਜਾਂਦੀਆਂ ਹਨ।
-ਕੋਸ਼ਿਸ਼ ਜ਼ਰੂਰ ਹੁੰਦੀ ਹੈ, ਪਰ ਸੂਰਜ ਅਤੇ ਰਾਤ ਕਦੇ ਵੀ ਇਕੱਠੇ ਨਹੀਂ ਹੋ ਪਾਏ।
-ਰੁਤਬਾ ਅਤੇ ਔਕਾਤ, ਦੋਵੇਂ ਸਕੇ ਵੀਰ ਹਨ।
-ਜੇਕਰ ਔਰਤ ਨਾਲ ਗੱਲ ਕਰਦੇ ਤੁਸੀਂ ਆਪਣੀਆਂ ਨਜ਼ਰਾਂ, ਉਤਾਂਹ ਨੂੰ ਰੱਖੋਗੇ ਤਾਂ ਯਕੀਨ ਮੰਨਿਓ ਔਰਤ ਦੀਆਂ ਨਜ਼ਰਾਂ ਚ ਤੁਸੀਂ, ਉਤਾਂਹ ਹੀ ਰਹੋਗੇ।
-ਚੰਗੀ ਵਸੀਅਤ ਅਤੇ ਚੰਗੀ ਨਸੀਹਤ, ਚੰਗੀ ਵਿਰਾਸਤ ਹੀ ਪ੍ਰਧਾਨ ਕਰਦੀ ਹੈ।
-ਅੱਜ ਕਲ ਦੇ ਨੌਜਵਾਨ ਨੂੰ ਹਰ ਪੰਜ ਮਿੰਟ ਬਾਅਦ ਪਿਆਰ ਹੋ ਜਾਂਦਾ ਹੈ, ਵੈਸੇ ਪੰਜ ਵੀ ਮੈਂ ਜ਼ਿਆਦਾ ਕਹਿ ਗਿਆ।
-ਫ਼ੱਕਰਾਂ ਦੀਆਂ ਰੂਹਾਂ ਬਹੁਤ ਪਹੁੰਚੀਆਂ ਹੋਈਆਂ ਹੁੰਦੀਆਂ ਹਨ, ਜਿੰਨ੍ਹਾਂ ਨੂੰ ਨਾ ਸਫ਼ਰਾਂ ਦੀ ਫ਼ਿਕਰ ਹੁੰਦੀ ਹੈ ਅਤੇ ਨਾ ਹੀ ਮੰਜ਼ਿਲਾਂ ਦੀ।
-ਮਿੱਤਰੋ ਜ਼ਿੰਦਗੀ ਨੂੰ ਜੀ ਲਓ, ਅਜ਼ਮਾਉਣ ਤੋਂ ਪਹਿਲਾਂ ਕਿਉਂਕਿ ਮੌਤ ਨੇ ਇਹ ਮੌਕਾ ਨਹੀਂ ਦੇਣਾ।
-ਪਿਆਰ ਵਿੱਚ ਧੋਖਾ ਖਾਣ ਤੋਂ ਬਾਅਦ ਜਿਹੜੀ ਮਰ੍ਹਮ ਲੱਗਦੀ ਹੈ, ਉਸ ਨੂੰ "ਸਵੈ ਪਿਆਰ" ਕਹਿੰਦੇ ਹਨ।
-ਇਨਸਾਨ ਨੂੰ ਜਾਂ ਤਾਂ ਆਪਣੇ ਸ਼ੱਕ ਤੇ ਯਕੀਨ ਹੁੰਦਾ ਹੈ ਜਾਂ ਫੇਰ ਆਪਣੇ ਯਕੀਨ ਤੇ ਸ਼ੱਕ ਹੁੰਦਾ ਹੈ।
-ਹਰ ਥਾਂ ਚੋਗਾ ਚੁਗਣ ਵਾਲੇ ਪੰਛੀ ਨਾ ਆਸਮਾਨ ਦੇ ਹੋ ਪਾਉਂਦੇ ਹੈ ਤੇ ਨਾ ਹੀ ਜਹਾਨ ਦੇ ਹੋ ਪਾਉਂਦੇ ਹੈ।
-ਮੈਂ ਤੈਨੂੰ ਰੱਬ ਸਮਝਿਆ ਸੀ ਪਰ ਮੈਨੂੰ ਲੋਕਾਂ ਨੇ ਕਿਹਾ ਕਿ ਰੱਬ ਨੂੰ ਕੋਈ ਮਿਲ ਨਹੀਂ ਸਕਦਾ, ਤੇ ਅੰਤ ਵੀ ਇਹੀ ਹੋਇਆ।
-ਰਿਸ਼ਤੇ ਦਾ ਪਿਆਰ ਬਰਾਬਰ, ਜੇਬ ਦੇ ਭਾਰ ਬਰਾਬਰ।
-ਵਫ਼ਾ, ਸਾਦਗੀ ਅਤੇ ਇਤਬਾਰ, ਜਿੱਥੇ ਇਹ ਤਿੰਨੇ ਹੋਣ ਉੱਥੇ ਖੂਬਸੂਰਤੀ, ਕੱਖ ਨਹੀਂ।
-ਜੋ ਦਾਨ ਦੱਸ ਕੇ ਜਾਂ ਦਿਖਾ ਕੇ ਕੀਤਾ ਜਾਵੇ, ਉਹ ਦਾਨ ਦਾਨ ਨਹੀਂ, ਗੁਮਾਨ ਬਣ ਜਾਂਦਾ ਹੈ।
-ਕੁਝ ਗੱਲਾਂ ਸਿੱਖੇ ਤੋਂ ਸਮਝ ਆਉਂਦੀਆਂ ਹਨ ਅਤੇ ਕੁਝ ਗੱਲਾਂ ਆਪਣੇ ਆਪ ਤੇ ਬੀਤੇ ਤੋਂ ਸਮਝ ਆਉਂਦੀਆਂ ਹਨ।
-ਕਿਸੇ ਕਿਸੇ ਪੰਖੇਰੂ ਨੂੰ ਭਰਮ ਹੁੰਦਾ ਹੈ ਕਿ ਆਲ੍ਹਣਾ ਪਾਉਣ ਤੋਂ ਬਾਅਦ ਰੁੱਖ ਉਹ ਦਾ ਹੀ ਹੋ ਗਿਆ ਹੈ।
-ਆਸ਼ਕੀ ਦੀ ਉਮਰ ਲੰਮੀ ਹੈ, ਆਸ਼ਕਾਂ ਦੀ ਨਹੀਂ।
-ਘੜਾ ਕੱਚਾ ਸੀ, ਪਿਆਰ ਸੱਚਾ ਸੀ ਪਰ ਅਫ਼ਸੋਸ ਪਾਰ ਫੇਰ ਵੀ ਨਾ ਲੱਗਾ।
-ਕਿਸੇ ਦਾ ਵਕਤ ਆਉਣਾ, ਕਿਸੇ ਤੇ ਵਕਤ ਪੈਣਾ, ਇਹ ਸਭ ਚੱਲ ਦਾ ਹੀ ਰਹਿਣਾ ਹੈ।
-ਜਦ ਝੂਠ ਸੱਚ ਦੇ ਭਾਅ ਵਿਕਣ ਲੱਗ ਜਾਵੇ, ਫੇਰ ਕਾਹਦਾ ਇਨਸਾਫ਼?
-ਝਾਂਜਰ ਦੇ ਬੋਰ ਦੇ ਪੱਟੇ, ਅਸਲੇ ਦੇ ਬੋਰ ਖੁੱਲਣ ਤੇ ਅੱਖਾਂ ਨਹੀਂ ਖੋਲਦੇ ਹੁੰਦੇ।
-ਮਾਂਵਾਂ ਨੂੰ ਬੁਲਾਉਣ ਲਈ ਹਾਕ ਨਹੀਂ ਮਾਰਨੀ ਪੈਂਦੀ।
-ਪਰਿੰਦਿਆਂ ਨੂੰ ਇਹ ਬਹੁਤ ਵੱਡਾ ਵਹਿਮ ਹੈ ਕਿ ਬਨ੍ਹੇਰੇ ਉਨ੍ਹਾਂ ਨੂੰ ਉਡੀਕ ਰਹੇ ਹਨ।
-ਜੇ ਰੋਗ ਮੁੱਲ ਖਰੀਦਣੇ ਚਾਹੁੰਦੇ ਹੋ ਤਾਂ ਕਰਜ਼ਾ ਲੈ ਲੋ।
-ਜੇ ਇਨਸਾਨ ਰੱਬ ਨਾਲ ਸਹਿਮਤ ਹੈ ਤਾਂ ਰਹਿਮਤ ਹੈ।
-ਮੂੰਹ ਮੀਆਂ ਮਿੱਠੂ ਤੋਤੇ ਨੂੰ ਸੁਣਨ ਲਈ, ਮਿਰਚ ਖਲ਼ਾਉਣ ਦੀ ਵੀ ਲੋੜ ਨਹੀਂ ਪੈਂਦੀ।
-ਹਰ ਕੁੜੀ ਨੂੰ ਆਪਣੇ ਪ੍ਰੇਮੀ ਤੇ ਇੰਨਾ ਵਿਸ਼ਵਾਸ ਨਹੀਂ ਹੁੰਦਾ, ਜਿੰਨਾ ਆਪਣੇ ਦੋਸਤ ਉੱਤੇ ਹੁੰਦਾ ਹੈ।
-ਇਸ਼ਕ ਹੋਣਾ ਅਤੇ ਇਸ਼ਕ ਕਰਨਾ, ਇਹ ਇੱਕ ਵਿਅਕਤੀਗਤ ਗੱਲ ਹੈ।
-ਉਹ ਮੈਨੂੰ ਕਹਿੰਦੀ ਮੇਰੇ ਲਈ ਤਾਜ ਬਣਵਾ ਦਿਓਗੇ, ਮੈਂ ਕਿਹਾ ਤੂੰ ਮੇਰੇ ਬਿਨਾਂ ਮਰ ਨਹੀਂ ਸਕਦੀ, ਮੈਂ ਤੇਰੇ ਬਿਨਾਂ ਜਿਉਂ ਨਹੀਂ ਸਕਦਾ, ਅੱਗੋਂ ਕਹਿੰਦੀ ਮੈਨੂੰ ਸਿਰ ਦਾ ਤਾਜ ਬਣਾ ਲਵੋ ਜੇ, ਤੁਹਾਨੂੰ ਤਾਜ ਬਣਵਾਉਣ ਦੀ ਲੋੜ ਨਹੀਂ"।
-ਮੱਤ ਪੱਤ ਸਾਡੇ ਵੱਸ, ਬਾਕੀ ਸਭ ਰੱਬ ਹੱਥ।
-ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਦੇ ਉਮਰ ਦੇ ਤਕਾਜ਼ੇ ਵਿੱਚ ਫ਼ਾਸਲਾ ਹੈ ਅਤੇ ਸਦਾ ਹੀ ਰਹਿਣਾ ਹੈ।
-ਜੇ ਬੰਦਾ ਕਲ ਹੈ, ਤਾਂ ਔਰਤ ਆਉਣ ਵਾਲਾ ਕਲ ਹੈ।
-ਜਿੱਥੇ ਹਵਸ ਹੋਵੇਗੀ ਉੱਥੇ ਜਿੰਨਾ ਮਰਜ਼ੀ ਜ਼ੋਰ ਲਾ ਲਓ, ਮੁਹੱਬਤ ਨਹੀਂ ਉੱਸਰ ਸਕਦੀ।
-ਕੁਝ ਦੇਸ਼ ਹੀ ਆਜ਼ਾਦ ਹੋਏ ਹੈ ਪਰ ਉਨ੍ਹਾਂ ਦੀ ਸੋਚ ਨਹੀਂ।
-ਜਿੰਨ੍ਹਾਂ ਦੀ ਤੂਫ਼ਾਨਾਂ ਨਾਲ ਯਾਰੀ ਹੈ ਉਹ ਨੇਰ੍ਹੀਆਂ ਤੋਂ ਨਹੀਂ ਡਰਦੇ ਹੁੰਦੇ।
-ਇਸ ਦੁਨੀਆ ਤੇ ਹੱਥਾਂ ਵਿੱਚ ਹੱਥ ਪਾਉਣ ਵਾਲੇ ਬੜੇ ਮਿਲ ਜਾਣਗੇ ਪਰ ਹਮਰਾਹੀ ਕੋਈ ਨਹੀਂ ਮਿਲਣਾ।
-ਜੇ ਪਿਆਰ ਹੈ ਤਾਂ ਸਾਬਤ ਕਰਨ ਦੀ ਲੋੜ ਨਹੀਂ, ਜੇ ਪਿਆਰ ਨਹੀਂ ਹੈ ਤਾਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਤੁਹਾਡਾ ਪਿਆਰ ਸਾਬਤ ਨਹੀਂ ਹੋਣਾ।
-ਜ਼ਮੀਨੀ ਕਿੱਲਿਆਂ ਵਾਲੇ ਇਨਸਾਨ ਨਾਲੋਂ, ਧੌਣ ਚ ਕਿੱਲੇ ਵਾਲਾ ਇਨਸਾਨ ਜ਼ਿਆਦਾ ਤਾਕਤਵਰ ਹੁੰਦਾ ਹੈ।
-ਜੇਕਰ ਸੰਗਾਂ ਨੀਵੀਂਆਂ ਰਹਿਣ ਤਾਂ ਕੰਧਾਂ ਉੱਚੀਆਂ ਕਰਨ ਦੀ ਲੋੜ ਹੀ ਨਾ ਪਏ।
-ਔਰਤ ਨਰ ਦੋਸਤ ਬਣਾਉਣਾ ਚਾਹੁੰਦੀ ਹੈ ਪਰ ਕੋਈ ਵੀ ਨਰ, ਔਰਤ ਦਾ ਦੋਸਤ ਨਹੀਂ ਬਣਨਾ ਚਾਹੁੰਦਾ। ਸਭ ਮਹਿਬੂਬ ਬਣਨਾ ਚਾਹੁੰਦੇ ਹਨ।
-ਕਈਆਂ ਨੂੰ ਕਿਤਾਬਾਂ ਖਰੀਦਣ ਅਤੇ ਸਾਂਭਣ ਦਾ ਹੀ ਸ਼ੌਕ ਹੁੰਦਾ ਹੈ, ਪੜ੍ਹਨ ਦਾ ਨਹੀਂ।
-ਮਾੜੇ ਵਜ਼ੀਰ, ਚੰਗਾ ਰਾਜਾ ਨਹੀਂ ਵਿਕਸਿਤ ਕਰ ਸਕਦੇ।
-ਪਹਿਲਾਂ ਰੱਬ ਜ਼ਾਹਿਰ, ਫੇਰ ਜੱਗ ਜ਼ਾਹਿਰ ਕਰੋ।
-ਹੱਕਾਂ ਲਈ ਲਾਇਆ ਧਰਨਾ, ਵੱਡਿਆਂ-ਵੱਡਿਆਂ ਦੇ ਧਰਨ ਪਾਕੇ ਰੱਖ ਦਿੰਦਾ ਹੈ।
-ਕਾਮੀਆਂ ਵੱਲੋਂ, ਬੇਸ਼ੱਕ ਜਨੂੰਨ ਜਜ਼ਬੇ ਉੱਠ ਲਲਕਾਰ ਦੇ ਨੇ, ਪਰ ਸਾਡੀਆਂ ਉਮੀਦਾਂ ਭੁੱਖ ਹੜਤਾਲ ਤੇ ਨੇ।
-ਨਿਆਣੇ ਦੇ ਹੱਥ ਮਾੜੀ ਕਿਤਾਬ ਫੜਾਉਣਾ, ਉਸ ਦੇ ਹੱਥ ਬੰਦੂਕ ਫੜਾਉਣ ਦੇ ਬਰਾਬਰ ਹੈ।
-ਜੇਕਰ ਕਲਾਕਾਰ, ਕਲਾਕਾਰ ਰਹੇ ਤਾਂ ਠੀਕ ਹੈ, ਜੇਕਰ ਕਲਾਕਾਰੀਆਂ ਕਰਨ ਲੱਗ ਜਾਵੇ, ਫੇਰ ਕੰਮ ਵਿਗੜ ਜਾਂਦਾ ਹੈ।
-“ਆਹ ਵੀ ਲੈਣਾ ਹੈ, ਉਹ ਵੀ ਲੈਣਾ ਹੈ, ਜੇ ਬਚਪਨ ਵਿੱਚ ਨਿਆਣੇ ਦੀ ਇਸ ਆਦਤ ਨੂੰ ਟੋਕਿਆ ਨਾ ਜਾਵੇ, ਤਾਂ ਵੱਡਾ ਹੋਕੇ ਉਹੀ ਨਿਆਣਾ ਆਪਣੀਆਂ ਮੰਗਾਂ ਦਾ ਵਿਸ਼ਲੇਸ਼ਣ ਨਹੀਂ ਕਰ ਪਾਏਗਾ।
-ਬਰਾਬਰੀ ਦੀ ਗੱਲ ਨਾ ਕਰ ਸੱਜਣਾ, ਇੱਥੇ ਕੋਈ ਮੋਮਬੱਤੀ ਹੈ, ਕੋਈ ਦੀਵਾ ਹੈ ਅਤੇ ਕੋਈ ਸੂਰਜ ਹੈ, ਸਭ ਦੀ ਆਪਣੀ ਆਪਣੀ ਲੋਅ ਹੈ, ਆਪਣੀ ਆਪਣੀ ਚਮਕ ਹੈ।
-ਔਰਤ ਨੂੰ ਕਈ ਵਾਰ ਤਾਰੀਫ਼ ਵੀ ਲੈ ਕੇ ਬਹਿ ਜਾਂਦੀ ਹੈ।
-ਮਹਾਰਾਣੀ ਜ਼ਿੰਦਾ ਜੀ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਾਂ ਹੋਰ ਯੋਧਿਆਂ ਨੂੰ ਪੜ੍ਹਨ ਵਾਲੇ, ਮੋੜਾਂ ਉੱਤੇ ਨਹੀਂ ਖੜਦੇ ਹੁੰਦੇ।
-ਸੱਪ ਚੰਗੇ ਨੇ, ਬੁੱਕਲ ਦੇ ਸੱਪ ਨਾਲੋਂ।
-ਇੱਕ ਪੱਖੀ ਪਿਆਰ ਦਾ ਮਾਰਿਆ ਆਸ਼ਕ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਦੇ ਦਿਓ ਮੈਨੂੰ ਆਪਣੇ ਦਿਲ ਵਿੱਚ ਥੋੜ੍ਹੀ ਜਗ੍ਹਾ, ਮੈਂ ਵਿਚਾਰਾ ਤੁਹਾਡੇ ਦਿਲ ਦੇ ਕਿਸੇ ਖੂੰਜੇ ਵਿੱਚ ਚੁੱਪ ਕਰ ਕੇ ਬਹਿ ਜਾਵਾਂਗਾ।
-ਪਹਿਲਾਂ ਪੜ੍ਹਿਆ ਲਿਖਿਆ ਉਹ ਸੀ ਜਿਸ ਨੂੰ ਆਪਣੀ ਮਾਂ ਬੋਲੀ ਪੜ੍ਹਨੀ, ਲਿਖਣੀ ਅਤੇ ਬੋਲਣੀ ਆਉਂਦੀ ਸੀ ਅਤੇ ਅੱਜ ਕੱਲ੍ਹ ਪੜ੍ਹਿਆ ਲਿਖਿਆ ਉਹ ਹੈ, ਜਿਸ ਨੂੰ ਆਪਣੀ ਤਾਂ ਨਹੀਂ ਪਰ ਕੋਈ ਹੋਰ ਬੋਲੀ ਪੜ੍ਹਨੀ, ਲਿਖਣੀ ਅਤੇ ਬੋਲਣੀ ਆਉਂਦੀ ਹੋਵੇ।
-ਉੱਚੇ ਲੋਕ, ਵੱਡੇ ਲੋਕ ਹੁੰਦੇ ਹਨ ਜਾਂ ਫੇਰ ਉੱਚੀ ਵੱਡੀ ਸੋਚ ਹੀ ਹੁੰਦੀ ਹੈ?
-ਹਰ ਕਿਸੇ ਨਾਲ ਸਮਾਨਤਾ ਨਾ ਕਰਿਆ ਕਰ ਮਿੱਤਰਾ ਕਿਉਂਕਿ ਇੱਥੇ ਕਿਸੇ ਹੱਥ ਗੁਲੇਲ ਹੈ, ਕਿਸੇ ਹੱਥ ਕਮਾਨ ਹੈ, ਅਤੇ ਇੱਕ ਦੇ ਹੱਥ ਬੰਦੂਕ ਹੈ, ਜਿਸ ਨੂੰ ਇੰਨਾ ਦੋਹਾਂ ਤੋਂ ਕੋਈ ਮਤਲਬ ਨਹੀਂ।
-ਪਿਆਰ, ਇੱਕ ਸੁਪਨਾ ਹੈ ਅਤੇ ਪਿਆਰ ਵਿੱਚ ਧੋਖਾ ਮਿਲਣਾ, ਇੱਕ ਦੁਰਘਟਨਾ ਹੈ।
-ਆਪਣੀ ਖੁਦਦਾਰੀ ਜਾਂ ਖੁਦਾ ਕਰਦਾ ਹੈ ਜਾਂ ਖੁਦ ਇਨਸਾਨ ਕਰਦਾ ਹੈ।
-ਜ਼ਿੱਦ ਤੋਂ ਅੱਕੀ ਕੁੜੀ ਦੇ ਸ਼ਬਦ "ਮੈਨੂੰ ਰਾਤ ਤੋਂ ਡਰ ਨਹੀਂ ਲੱਗਦਾ, ਹਨੇਰੇ ਤੋਂ ਲੱਗਦਾ ਹੈ, ਮੈਨੂੰ ਤੇਰੇ ਤੋਂ ਡਰ ਨਹੀਂ ਲੱਗਦਾ, ਮੈਨੂੰ ਮੇਰੇ ਤੋਂ ਲੱਗਦਾ ਹੈ"।
-ਚੁੰਨੀ ਫੜਨ ਵਾਲੇ ਬੜੇ ਮਿਲ ਜਾਣਗੇ ਪਰ "ਚੁੰਨੀ ਦਾ ਪੱਲਾ" ਫੜਨ ਵਾਲੇ, ਬਹੁਤੇ ਨਹੀਂ ਮਿਲਣੇ।
-ਹੱਦਾਂ ਟੱਪਣ ਵਾਲੀਆਂ ਤੇ, ਟੂਣੇ ਟੱਪੇ ਅਸਰ ਨਹੀਂ ਕਰਦੇ ਹੁੰਦੇ।
-ਰੋਂਦੀ ਔਰਤ ਨੂੰ ਰੁਮਾਲ ਪੁੱਛੀਦਾ ਹੈ, ਸਵਾਲ ਨਹੀਂ ਪੁੱਛੀਦਾ।
-ਆਕੜ ਅਤੇ ਅਸਲਾ ਰੱਖਣਾ ਸੌਖਾ ਹੈ, ਸਾਂਭਣਾ ਨਹੀਂ।
-ਮੁਹੱਬਤ ਕਿਸੇ ਕਿਸੇ ਨੂੰ ਹੁੰਦੀ ਹੈ, ਇਸ਼ਕ ਸਾਰੇ ਕਰਦੇ ਹਨ।
-ਇਸ ਜਹਾਨ ਵਿੱਚ ਉੱਚਾ ਉਹੀ ਹੈ ਜੋ ਨੀਵਾਂ ਹੈ।
-ਲੋਹੇ ਨੂੰ ਲੋਹਾ ਕੱਟਦਾ ਹੈ, ਬੰਦੇ ਨੂੰ ਬੰਦਾ ਕੱਟਦਾ ਹੈ।
-ਉਹ ਆਇਆ ਨਹੀਂ ਅਜੇ ਉਡੀਕ ਹੀ ਹੈ, ਸਭ ਕੁਝ ਠੀਕ ਹੈ ਜਾਂ ਠੀਕ ਹੀ ਹੈ?
-ਹੁਸ਼ਿਆਰ ਬਣਨਾ ਠੀਕ ਹੈ ਪਰ ਹੁਸ਼ਿਆਰੀ ਕਰਨਾ ਨਹੀਂ।
-ਜ਼ਮੀਨ ਨਾਲ ਜੁੜੇ ਹੋਣ ਲਈ ਪੱਲੇ ਜ਼ਮੀਨ ਦਾ ਹੋਣਾ, ਲਾਜ਼ਮੀ ਨਹੀਂ ਹੈ।
-ਇੱਜ਼ਤ ਦਾ ਮੁੱਲ, ਮਹਿੰਗੇ ਸਸਤੇ ਲੀੜੇ ਨਹੀਂ ਤਹਿ ਕਰ ਸਕਦੇ।
-ਅੱਜ ਕੀਤੇ ਅਹਿਸਾਨ, ਕੱਲ੍ਹ ਨੂੰ ਮਿਹਣੇ ਬਣ ਜਾਣਗੇ।
***
ਅਸੀਂ ਇਤਿਹਾਸ ਲਿਖਣ ਵਾਲਿਆਂ 'ਚ ਨਹੀਂ,
ਲਿਖਵਾਉਣ ਵਾਲਿਆਂ 'ਚ ਹਾਂ।
-ਅਮਰਿੰਦਰ ਮਾਨ