

-ਹੁਣ ਸਬਰ ਵਿੱਚ ਸਬਰ, ਮੁੱਕ ਚੁੱਕਾ ਹੈ, ਸਬਰ ਬੇਸਬਰ ਹੋ ਚੁੱਕਾ ਹੈ।
-ਪੈਸਾ ਗੁਬਾਰੇ ਵਰਗਾ ਹੁੰਦਾ ਹੈ, ਇੱਕ ਵਾਰ ਜੋ ਉੱਡ ਗਿਆ ਸੋ ਉੱਡ ਗਿਆ, ਮੁੜ ਕੇ ਹੱਥ ਨਹੀਂ ਆਉਂਦਾ।
-ਜਿਸ ਦੀ ਕੋਈ ਦਿਸ਼ਾ ਨਹੀਂ ਹੁੰਦੀ, ਉਸ ਦੀ ਦੁਰਦਸ਼ਾ ਬਹੁਤ ਹੁੰਦੀ ਹੈ।
-ਸ਼ਬਦਾਂ ਦਾ ਇੱਕ ਆਪਣਾ ਲਿਬਾਸ ਹੁੰਦਾ ਹੈ ਜੋ ਸ਼ਬਦਾਂ ਦੀ ਮੱਤ-ਪਤ ਦੀ ਹਿਫ਼ਾਜ਼ਤ ਕਰਦਾ ਹੈ, ਇਸ ਲਈ ਸ਼ਬਦਾਂ ਦੇ ਘੁੰਡ ਚੁੱਕਣ ਦੀ ਜੁਅਰਤ ਨਾ ਹੀ ਕਰੋ ਤਾਂ ਚੰਗਾ ਹੈ।
-ਜਿਹੜੇ ਲੋਕਾਂ ਨੂੰ ਸਾਨੂੰ ਮੂੰਹ ਨਹੀਂ ਲਾਉਣਾ ਚਾਹੀਦਾ, ਕਈ ਵਾਰ ਅਸੀਂ ਉਨ੍ਹਾਂ ਦੀਆਂ ਗੱਲਾਂ ਦਿਲ ਤੇ ਲਾ ਬੈਠਦੇ ਹਾਂ।
-ਕੱਪੜਾ ਰਫ਼ੂ ਹੋ ਸਕਦਾ ਹੈ, ਇੱਜ਼ਤ ਨਹੀਂ।
-ਝਾਂਜਰਾਂ ਦੀ ਛਣਕਾਹਟ ਵਿੱਚ ਨਾ ਸੁਰ ਹੁੰਦਾ ਹੈ, ਨਾ ਤਾਲ ਪਰ ਫਿਰ ਵੀ ਇਹ ਛਣ-ਛਣ ਵੱਡੇ-ਵੱਡੇ ਸੰਗੀਤਕਾਰਾਂ ਦੇ ਹੋਸ਼ ਭੁਲਾ ਦਿੰਦੀ ਹੈ।
-ਜੇਬ ਕਤਰੇ ਦਾ ਕਹਿਣਾ ਹੈ ਕਿ ਹੁਣ ਆਮ ਆਦਮੀ ਦੀ ਜੇਬ ਹੀ ਨਹੀਂ ਰਹੀ, ਕਤਰਾਂ ਕੀ?
-ਇਸ ਵਕਤ ਭਾਰਤ ਦੇਸ਼ ਨੂੰ ਨਵੇਂ ਦੇਸ਼ ਦੀ ਨਹੀਂ, ਨਵੇਂ ਉਪਦੇਸ਼ ਅਤੇ ਉਦੇਸ਼ ਦੀ ਲੋੜ ਹੈ।