

-ਰੂਹ ਤੋਂ ਲਿਖਣ ਦਾ ਮਤਲਬ ਹੈ, ਸ਼ਬਦਾਂ ਦੀ ਪਰੋਈ ਮਾਲਾ ਦਾ ਜਾਪ ਕਰਨਾ।
-ਰਾਹ ਦੋ ਰਾਹੇ ਪੈ ਕੇ ਗੁੰਮਰਾਹ ਹੋ ਗਿਆ, ਜਦ ਅਤਾ ਪਤਾ ਲੱਗਿਆ ਤਾਂ ਰਹਿਨੁਮਾ ਹੋ ਗਿਆ।
-ਗ਼ਜ਼ਲਾਂ ਕਵਿਤਾਵਾਂ ਬਹੁਤ ਥੋੜੇ ਸ਼ਬਦਾਂ ਵਿੱਚ ਵੱਡੇ ਅਰਥ ਸੁਲਝਾ ਅਤੇ ਸਮਝਾ ਦਿੰਦੀਆਂ ਹਨ, ਜਦ ਕਿ ਵਾਰਤਕ ਇਸ ਮਾਮਲੇ ਵਿੱਚ ਮੱਧਮ ਅਤੇ ਕਮਜ਼ੋਰ ਹੈ।
-ਫ਼ਿਕਰ ਨਾ ਕਰੋ ਜੋ ਪੂਰਾ ਹੈ, ਉਹ ਵੀ ਅਧੂਰਾ ਹੈ।
-ਹਰ ਪੁਸਤਕ ਦੇ ਪੰਨੇ ਪਾਠਕ ਲਈ ਪੰਨੇ ਨਹੀਂ ਬਲਕਿ ਇੱਕ ਦਰਿਆ ਦੀ ਲਹਿਰ ਵਾਂਗ ਹੁੰਦੇ ਹਨ, ਜਿਵੇਂ-ਜਿਵੇਂ ਪਾਠਕ ਪੰਨੇ ਪਲਟਦਾ ਹੈ ਓਵੇਂ-ਓਵੇਂ ਉਹ ਵਿਚਾਰਾਂ ਦੀ ਡੂੰਘਾਈ ਵਿੱਚ ਡੁੱਬਦਾ ਚਲਾ ਜਾਂਦਾ ਹੈ।
-ਜੋ ਲਾਜਵਾਬ ਹੈ ਉਸ ਵਿੱਚ ਕਈ ਸਵਾਲਾਂ ਦਾ ਜਵਾਬ ਹੈ।
-ਕਈ ਵਾਰ ਕੁਝ ਸਵਾਲ ਪੁੱਛਣ ਤੇ ਕੇਵਲ ਸਵਾਲ ਹੀ ਉਪਜਦੇ ਹਨ, ਜਵਾਬ ਨਹੀਂ ਉਪਜਦੇ, ਜਿਵੇਂ ਇੱਕ ਸਵਾਲ ਹੈ "ਰੱਬ ਹੈ ਜਾਂ ਨਹੀਂ”?
-ਜੇਕਰ ਸ਼ੀਸ਼ੇ ਵਿੱਚ ਇਜ਼ਹਾਰ ਕਰਨ ਦੀ ਸਮਰੱਥਾ ਹੁੰਦੀ ਤਾਂ ਆਫ਼ਤ ਹੋ ਜਾਣੀ ਸੀ।
-ਪਿਆਰ ਵਿੱਚ ਬੇਵਫ਼ਾਈ ਦਾ ਆਰੰਭ ਲਾਰਿਆਂ ਤੋਂ ਹੁੰਦਾ ਹੈ।