ਪ੍ਰਸਤਾਵਨਾ
(ਮੰਚ ਉੱਤੇ ਹਨੇਰਾ ਹੈ। ਹੱਥਾ ਉੱਤੇ ਜਗਦੇ ਦੀਵੇ ਰੱਖੀ ਸੂਤਰਧਾਰ, ਨਟ ਤੇ ਨਟੀਆਂ ਗਾਉਂਦੇ ਹੋਏ ਪ੍ਰਵੇਸ਼ ਕਰਦੇ ਹਨ ।)
ਸੂਤਰਧਾਰ, ਨਟ ਅਤੇ ਨਟੀਆਂ:
ਕਥਾ ਸੁਣਾਉਣੀ ਔਖੀ ਲੋਕੇ!
ਕਥਾ ਇਹ ਕਿਵੇਂ ਸੁਣਾਈਏ ?
ਕਥਾ ਇਹ ਕਿਵੇਂ ਸੁਣਾਈਏ ?
ਕਥਾ ਸੁਣਾਉਣੀ ਔਖੀ ਹੈ ਬੜੀ
ਕਥਾ ਇਹ ਕਿਵੇਂ ਸੁਣਾਈਏ ?
ਕਥਾ......
ਇਹ ਕਥਾ ਹੈ ਆਦਿ-ਧਰਮ ਦੀ
ਬੰਦੇ ਦੇ ਆਪਣੇ ਕਰਮ ਦੀ
ਔਝੜ ਪੰਥ ਧਰਮ ਦੇ ਪੈਂਡੇ
ਕਿਵੇਂ ਕਥਾ ਤਕ ਜਾਈਏ ?
ਕਿਵੇਂ ਕਥਾ ਤਕ ਜਾਈਏ ?
ਕਿਵੇਂ ਇਹ ਕਥਾ ਸੁਣਾਈਏ ?
ਕਿਵੇਂ.....
ਇਹ ਕਥਾ ਹੈ ਪੁੰਨ ਪਾਪ ਦੀ,
ਇਕ ਰਿਸ਼ੀ ਦੇ ਮਹਾਂ-ਸਰਾਪ ਦੀ,
ਪਾਪ ਪੁੰਨ ਦੇ ਨੁਕਤੇ ਔਖੇ
ਨੁਕਤੇ ਕਿਵੇਂ ਉਠਾਈਏ ?
ਨੁਕਤੇ ਕਿਵੇਂ ਉਠਾਈਏ ?
ਕਥਾ ਇਹ ਕਿਵੇਂ ਸੁਣਾਈਏ ?
ਕਥਾ....