ਦ੍ਰਿਸ਼ 2
(ਸੂਤਰਧਾਰ ਮੰਚ ਉੱਤੇ ਆਉਂਦਾ ਹੈ । ਉਸ ਦੇ ਨਾਲ ਹੀ ਮਾਲਣ ਅਤੇ ਕੁਝ ਕੁੜੀਆਂ ਨ੍ਰਿਤ ਕਰਦੀਆਂ ਪ੍ਰਵੇਸ਼ ਕਰਦੀਆਂ ਹਨ। ਫੁੱਲਾਂ ਦੀਆਂ ਲੜੀਆਂ ਬੰਨ੍ਹ ਕੇ ਉਹ ਬਾਗ਼ ਦਾ ਮਾਹੌਲ ਬਣਾਉਂਦੀਆਂ ਹਨ।)
ਸੂਤਰਧਾਰ: ਸਮਾਂ ਬੀਤਦਾ ਗਿਆ। ਅਯੋਧਿਆ ਰਾਜ ਨੇ ਕਈ ਬਸੰਤਾਂ ਅਤੇ ਕਈ ਪੱਤਝੜਾਂ ਵੇਖੀਆਂ। ਰਾਜਕੁਮਾਰ ਸਤਿਆਵ੍ਰਤ ਨੇ ਮਹਾਂਰਿਸ਼ੀ ਵਸਿਸ਼ਠ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਜਵਾਨੀ ਦੀ ਵਰੇਸ ਵਿਚ ਪੈਰ ਧਰਿਆ। (ਸੰਗੀਤ ਦੇ ਨਾਲ ਰਾਜਕੁਮਾਰ ਸਤਿਆਵ੍ਰਤ ਦਾ ਪ੍ਰਵੇਸ਼) ਸੋਹਣੇ ਅਤੇ ਸਖੀ ਰਾਜਕੁਮਾਰ ਸਤਿਆਵ੍ਰਤ ਦਾ ਬ੍ਰਾਹਮਣ ਕੰਨਿਆ ਚਿਤ੍ਰਲੇਖਾ ਨਾਲ ਪਿਆਰ ਹੋ ਗਿਆ। (ਸੰਗੀਤ ਦੇ ਨਾਲ ਚਿਤ੍ਰਲੇਖਾ ਦਾ ਪ੍ਰਵੇਸ਼ ।)
(ਸੰਗੀਤ ਉੱਚਾ ਹੁੰਦਾ ਹੈ। ਸਤਿਆਵ੍ਰਤ ਅਤੇ ਚਿਤ੍ਰਲੇਖਾ ਨ੍ਰਿਤ ਕਰਦੇ ਹੋਏ ਪ੍ਰੇਮ- ਕਲੋਲ ਕਰਦੇ ਹਨ। ਕੋਣੇ ਵਿਚ ਸੂਤਰਧਾਰ ਜੜ੍ਹਵਤ (ਫਰੀਜ਼) ਹੈ। ਮਾਲਣ ਅਤੇ ਕੁੜੀਆਂ ਨ੍ਰਿਤ ਕਰਦੀਆਂ ਹੋਈਆਂ ਗਾਉਂਦੀਆਂ ਹਨ।)
ਕੁੜੀਆਂ: ਚੰਬਾ ਖਿੜੇ
ਮਾਲਣੇ ਨੀ !
ਚੰਬਾ ਕਦ ਖਿੜੇ ?
ਮਾਲਣ : ਜਦ ਕੋਈ ਪ੍ਰੇਮ ਕਰੇ
ਕੁੜੀਓ ਨੀ !
ਜਦ ਕੋਈ ਪ੍ਰੇਮ ਕਰੋ
(ਸਤਿਆਵ੍ਰਤ ਅਤੇ ਚਿਤ੍ਰਲੇਖਾ ਨ੍ਰਿਤ ਕਰਦੇ ਮੁਦਰਾ ਬਦਲਦੇ ਹਨ।)