ਦ੍ਰਿਸ਼ 3
(ਰਾਜਮਹੱਲ। ਰਾਜਕੁਮਾਰ ਸਤਿਆਵ੍ਰਤ ਕਮਰੇ 'ਚ ਟਹਿਲ ਰਿਹਾ ਹੈ। ਸਾਹੋ- ਸਾਹ ਹੋਇਆ ਸੁਧਰਮਾ "ਰਾਜਕੁਮਾਰ", "ਰਾਜਕੁਮਾਰ" ਪੁਕਾਰਦਾ ਪ੍ਰਵੇਸ਼ ਕਰਦਾ ਹੈ।)
ਸਤਿਆਵ੍ਰਤ : ਮਿੱਤਰ ਸੁਧਰਮਾ, ਕੀ ਗੱਲ ਹੈ?
ਸੁਧਰਮਾ : ਕੁਮਾਰ, ਕੁਝ ਕਰੋ! ਚਿਤ੍ਰਲੇਖਾ ਦਾ ਵਿਆਹ ਹੋ ਰਿਹਾ ਏ !
ਸਤਿਆਵ੍ਰਤ : ਹੈਂ ! ਇਹ ਕੀ ਕਹਿ ਰਿਹੈਂ ?.
ਸੁਧਰਮਾ : ਹਾਂ ਕੁਮਾਰ ! ਮੈਨੂੰ ਤਾਂ ਰਾਜੇਂਦਰ ਨੇ ਦੱਸਿਆ, ਬਿੰਦ ਕੁ ਪਹਿਲਾਂ। ਭੱਜਾ ਭੱਜਾ ਮੈਂ ਉਨ੍ਹਾਂ ਦੇ ਘਰ ਗਿਆ। ਉਹਦੇ ਪਿਤਾ ਚੁੱਪ-ਚਾਪ ਉਹਦਾ ਵਿਆਹ ਕਰ ਰਹੇ ਨੇ ।
ਸਤਿਆਵ੍ਰਤ : ਮੈਂ ਤਾਂ ਉਨ੍ਹਾਂ ਨੂੰ ਸੰਦੇਸ਼ ਵੀ ਭੇਜਿਆ ਸੀ ! ਪਰ ਪਤਾ ਨਹੀਂ... ਕੀ ਗੱਲ ਹੋਈ.... ਉਨ੍ਹਾਂ ਨੇ ਕੋਈ ਉੱਤਰ ਈ ਨਹੀਂ ਦਿੱਤਾ। ਚਿਤ੍ਰਲੇਖਾ ਨੇ ਵੀ ਕੋਈ ਸੁਨੇਹਾ ਨਹੀਂ ਭੇਜਿਆ।
ਸੁਧਰਮਾ : ਸੁਨੇਹਾ ਕਿਵੇਂ ਭੇਜਦੀ! ਚਿਤ੍ਰਲੇਖਾ ਨੂੰ ਉਨ੍ਹਾਂ ਕਈ ਦਿਨਾਂ ਤੋਂ ਘਰੋਂ ਹੀ ਨਹੀਂ ਨਿਕਲਣ ਦਿੱਤਾ।
ਸਤਿਆਵ੍ਰਤ : ਮਿੱਤਰ ਸੁਧਰਮਾ, ਮੈਂ ਏਹ ਸ਼ਾਦੀ ਨਹੀਂ ਹੋਣ ਦਿਆਂਗਾ! ਚਿਤ੍ਰਲੇਖਾ ਮੇਰੀ ਏ ਤੇ ਮੇਰੀ ਰਹੇਗੀ !
ਸੁਧਰਮਾ : ਕੁਮਾਰ, ਇਹ ਗੱਲਾਂ ਦਾ ਵੇਲਾ ਨਹੀਂ । ਬਰਾਤ ਬ੍ਰਾਹਮਣ ਦੀਆਂ ਬਰੂਹਾਂ ਤੇ ਖੜ੍ਹੀ ਏ ।
ਸਤਿਆਵ੍ਰਤ : ਚਲੋ, ਮੈਂ ਵੇਖਦਾ ਆ. ਕਿਵੇਂ ਹੁੰਦਾ ਏ ਇਹ ਵਿਆਹ....!
(ਸੁਧਰਮਾ ਦੇ ਨਾਲ ਜਾਂਦਾ ਹੈ ।)