ਪਹਿਲੀ : ਨੀ ਇਹ ਮੂੰਹ ਤੇ ਮਸਰਾਂ ਦੀ ਦਾਲ !
ਦੂਜੀ: ਨੀ ਚੁੱਪ ਕਰ !
ਮੈਂ ਚੰਗੇ ਘਰ ਦੀ ਜਾਈ ਹਾਂ।
ਜਿਥੇ ਮਾਂ ਪਿਓ ਆਖਿਆ, ਓਥੇ ਹੀ ਪਰਣਾਈ ਹਾਂ।
ਵੱਡੇ ਘਰ ਦੀ ਸਰਨਾਈ ਹਾਂ।
ਪਹਿਲੀ : ਨੀ ਕਾਹਦੀ ਸਰਨਾਈ!
ਕੀ ਪਾਉਂਦੀ ਏਂ ਬਾਤ!
ਤੂੰ ਤੇ ਦਿਨ ਵੇਖੀ ਨਾ ਰਾਤ!
ਯਾਰ ਦਾ ਤੂੰ ਬੂਹਾ ਸੈਂ ਮੱਲਦੀ !
ਗਲੀ ਗਲੀ ਤੇਰੀ ਗੱਲ ਸੀ ਚੱਲਦੀ।
ਦੂਜੀ : ਨੀ ਚੁੱਪ ਕਰ !
ਨਾ ਮੇਰਾ ਮੂੰਹ ਖੁਲ੍ਹਵਾ !
ਤੇਰਾ ਕਿੱਸਾ ਸਭ ਨੂੰ ਪਤਾ !
ਪਹਿਲੀ ; ਨਾ ਨੀ ਨਾ !
ਮੈਂ ਕਦੇ ਚੂੰ ਨਾ ਕੀਤੀ ।
ਜਿੱਥੇ ਮਾਂ ਪਿਓ ਆਖਿਆ, ਓਥੇ ਸਿਰ ਨਿਵਾਇਆ।
ਓਥੇ ਹੀ ਵਿਆਹ ਰਚਾਇਆ।
ਦੂਜੀ : ਤੇ ਵਿਆਹ ਤੋਂ ਬਾਅਦ ?
ਪਹਿਲੀ : ਚੁੱਪ ਕਰ ਨੀ ਮਰ ਜਾਣੀਏ!
ਦੂਜੀ: ਹੁਣ ਸੁਣ ਹੀ ਲੈ, ਖ਼ਸਮਾਂ ਖਾਣੀਏ!
ਪਹਿਲੀ : ਚੁੱਪ ਕਰ ਨੀ ! ਨੀ ਚੁੱਪ ਕਰ ਨੀ!
ਦੂਜੀ : ਵਿਆਹ ਤੋਂ ਬਾਅਦ ਪ੍ਰੇਮ ਦੇ ਕਾਰੇ!
ਲਏ ਨੇ ਤੂੰ ਸਵਾਦ ਕਰਾਰੇ!
ਪਹਿਲੀ : ਨੀ ਚੁੱਪ ਕਰ, ਮੈਂ ਤਾਂ ਤੇਰੇ ਵੰਸ਼ ਨੂੰ ਜਾਣਾ!
ਤੇਰੇ ਘਰ ਦੀਆਂ ਭੈੜੀਆਂ ਨਾਰਾਂ!
ਹਰ ਨਾਰ ਦੀ ਮੈਂ ਨਾੜ ਪਛਾਣਾਂ!
ਦੂਜੀ : ਨੀ ਮੂੰਹ ਤੇਰਾ ਮੈਂ ਭੰਨ ਦਿਆਂਗੀ!
ਪਹਿਲੀ : ਨੀ ਮੈਂ ਵੀ ਓਸੇ ਵੰਨ ਦਿਆਂਗੀ!
ਦੂਜੀ : ਤੇਰੀਆਂ ਹੱਡੀਆਂ ਦਾ ਮੈਂ ਸੁਰਮਾ ਬਣਾਵਾਂ!
ਪਹਿਲੀ : ਚੁੱਲ੍ਹੇ ਵਿੱਚ ਮੈਂ ਤੈਨੂੰ ਡਾਹਵਾਂ !
ਦੂਜੀ: ਨੀ, ਜੀਭਾ ਤੂੰ ਆਪਣੀ ਸੰਭਾਲ!
ਪਹਿਲੀ : ਕਰ ਦਊਂਗੀ ਬੁਰਾ ਮੈਂ ਹਾਲ!