ਦ੍ਰਿਸ਼ 6
(ਅਯੋਧਿਆ ਦਾ ਰਾਜਮਹੱਲ । ਅਯੋਧਿਆ ਦਾ ਰਾਜਾ ਅਤੇ ਸਤਿਆਵ੍ਰਤ ਦਾ ਪਿਤਾ ਮਹਾਰਾਜ ਤ੍ਰਿਆਅਰੁਣ, ਅਯੋਧਿਆ ਦਾ ਇਕ ਮੰਤਰੀ, ਸਤਿਆਵ੍ਰਤ ਅਤੇ ਚਿਤ੍ਰਲੇਖਾ ਓਥੇ ਮੌਜੂਦ ਹਨ । ਤ੍ਰਿਆਅਰੁਣ ਬਹੁਤ ਗੁੱਸੇ ਵਿਚ ਹੈ।)
ਤ੍ਰਿਆਅਰੁਣ : ਇਹ ਕੀ ਮੂਰਖਤਾ ਕੀਤੀ ਸਤਿਆਵ੍ਰਤ? ਤੈਨੂੰ ਕੋਈ ਸ਼ਰਮ ਨਾ ਆਈ? ਨਗਰ ਦੇ ਸਾਰੇ ਬ੍ਰਾਹਮਣ ਹੁਣੇ ਹੀ ਮੇਰੇ ਕੋਲ ਆਏ ਸਨ। ਮੈਨੂੰ ਉਨ੍ਹਾਂ ਦੇ ਸਾਹਮਣੇ ਲੱਜਿਆਵਾਨ ਹੋਣਾ ਪਿਆ।
ਸਤਿਆਵ੍ਰਤ : ਪਿਤਾ ਜੀ, ਖਿਮਾਂ ਕਰਨਾ ! ਦੋਸ਼ ਤਾਂ ਸਾਰਾ ਚਿਤ੍ਰਲੇਖਾ ਦੇ ਪਿਤਾ ਦਾ ਹੈ। ਮੈਂ ਉਨ੍ਹਾਂ ਨੂੰ ਸੰਦੇਸ਼ ਭੇਜਿਆ ਸੀ, ਬੇਨਤੀ ਵੀ ਕੀਤੀ ਸੀ। ਪਰ ਉਹ ਤਾਂ ਅਨਿਆਂ ਕਰਨ ਤੇ ਤੁਲੇ ਹੋਏ ਸਨ।
ਤ੍ਰਿਆਅਰੁਣ : ਅਨਿਆਂ ਕਾਹਦਾ ? ਉਹ ਚਿਤ੍ਰਲੇਖਾ ਦੇ ਪਿਤਾ ਨੇ। ਉਨ੍ਹਾਂ ਨੂੰ ਪੂਰਾ ਅਧਿਕਾਰ ਹੈ। ਨਾਲੇ ਤੂੰ ਕੀ ਸੋਚਦਾ ਏਂ. ਮੈਂ ਉਧਾਲ ਕੇ ਲਿਆਂਦੀ ਯੁਵਤੀ ਨੂੰ ਰਾਜਵਧੂ ਬਣਾ ਲਵਾਂਗਾ ?
ਸਤਿਆਵ੍ਰਤ : ਪਰ ਪਿਤਾ ਮਹਾਰਾਜ, ਏਦਾਂ ਤਾਂ ਹੁੰਦਾ ਹੀ ਆਇਐ! ਸਾਡੇ ਵੱਡੇ ਵਡੇਰੇ ਵੀ ਤਾਂ ਏਦਾਂ ਕਰਦੇ ਰਹੇ ਨੇ ।
ਤ੍ਰਿਆਅਰੁਣ : ਹਾਂ ਕਰਦੇ ਰਹੇ ਨੇ। ਨਾਲ ਦੇ ਰਾਜਾਂ ਤੋਂ ਰਾਜਕੁਮਾਰੀਆਂ ਜਿੱਤ ਕੇ ਲਿਆਉਂਦੇ ਰਹੇ ਨੇ.... ਆਪਣੇ ਬਾਹੂਬਲ ਨਾਲ.... ਆਪਣੀ ਸ਼ਕਤੀ ਨਾਲ ।.... ਪਰ ਕਿਸੇ ਨੇ ਤੇਰੇ ਵਾਂਗ ਨਹੀਂ ਸੀ ਕੀਤਾ ! ਆਪਣੇ ਹੀ ਰਾਜ ਦੇ ਬ੍ਰਾਹਮਣ ਦੀ ਧੀ ਨੂੰ ਵਿਆਹ-ਮੰਡਪ ਚੋਂ ਉਠਾ ਲਿਆ ! ਧਿੰਕਾਰ ਹੈ ਤੇਰੇ ਤੇ !
ਸਤਿਆਵ੍ਰਤ : ਪਿਤਾ ਜੀ, ਇਹ ਪੂਰਾ ਸੱਚ ਨਹੀਂ ਹੈ!
ਤ੍ਰਿਆਅਰੁਣ : (ਹੋਰ ਕ੍ਰੋਧ ਨਾਲ) ਤਾਂ ਫੇਰ ਸੱਚ ਕੀ ਏ... ? ਪਰਜਾ ਦੇ ਸਵੈਮਾਣ ਨੂੰ ਹੱਥ ਪਾਉਣਾ ਯੁਵਰਾਜ ਨੂੰ ਸ਼ੋਭਾ ਨਹੀਂ ਦਿੰਦਾ । ਜੋ ਤੂੰ ਕੀਤਾ ਏ ਸਤਿਆਵ੍ਰਤ, ਮੈਨੂੰ ਤਾਂ ਉਸ ਬਾਰੇ ਸੋਚ ਕੇ ਵੀ ਸ਼ਰਮ ਆਉਂਦੀ ਏ।