(ਮੁੱਖ ਚੇਲਾ ਅੰਦਰ ਜਾਂਦਾ ਹੈ। ਬਾਹਰ ਖੜ੍ਹਾ ਚੇਲਾ ਅਤੇ ਰਾਜ-ਕਰਮਚਾਰੀ ਵਿਚ ਗੱਲਾਂ ਕਰਨ ਲੱਗਦੇ ਹਨ।)
ਰਾਜ-ਕਰਮਚਾਰੀ : ਹੋ ਸਕਦੈ, ਧਰਮ ਗੁਰੂ ਇਨ੍ਹਾਂ ਨੂੰ ਮਿਲਣ ਆ ਹੀ ਜਾਣ !
ਚੇਲਾ : ਹਾਂ, ਆ ਵੀ ਸਕਦੇ ਨੇ ।
ਰਾਜ-ਕਰਮਚਾਰੀ : (ਲੋਕਾਂ ਨੂੰ ਸੰਬੋਧਿਤ ਹੁੰਦਾ ਹੋਇਆ) ਸਿੱਧੇ ਹੋ ਜਾਉ ਉਏ ! ਕੋਈ ਊਟ-ਪਟਾਂਗ ਗੱਲ ਨਾ ਕਰੇ ਐਵੇਂ ਨਾ ਰੋਲਾ ਪਾਈ ਜਾਇਓ! ਇਕ ਵੇਲੇ ਇਕੋ ਆਦਮੀ ਹੀ ਬੋਲੇ ! ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ! ਆ ਜਾਂਦੇ ਨੇ ਧਰਮ ਗੁਰੂ ਨੂੰ ਮਿਲਣ....!
ਚੇਲਾ : (ਉਹ ਵੀ ਲੋਕਾਂ ਨੂੰ ਸੰਬੋਧਿਤ ਕਰਦਾ ਹੈ) ਸੁਣ ਲਿਐ। ਥੋੜ੍ਹਾ ਸੋਚ ਸਮਝ ਕੇ ਗੱਲ ਕਰਿਓ! ਸੁਣੋ ! ਤੁਹਾਡੇ 'ਚੋਂ ਕੋਈ ਸੂਦਰ ਤਾਂ ਨਹੀਂ! (ਇਕ ਪਲ ਦੀ ਚੁੱਪ ਚੇਲਾ ਇਕ ਇਕ ਕਰਕੇ ਸਾਰਿਆਂ ਦੇ ਕੋਲ ਜਾਂਦਾ ਹੈ ਤੇ ਉਨ੍ਹਾਂ ਨੂੰ ਸੁੰਘਣ ਦਾ ਅਭਿਨੈ (ਮਾਈਮ) ਕਰਦਾ ਹੈ। ਹੌਲੀ ਹੌਲੀ ਸਾਰਿਆਂ ਦੀਆਂ ਨਜ਼ਰਾਂ ਇਕ ਆਦਮੀ ਤੇ ਕੇਂਦਰਿਤ ਹੋ ਜਾਂਦੀਆ ਹਨ। ਚੇਲਾ ਵੀ ਇਹ ਗੱਲ ਤਾੜ ਜਾਂਦਾ ਹੈ ਅਤੇ ਉਸ ਵੱਲ ਸੰਕੇਤ ਕਰਦਾ ਹੋਇਆ ਰਾਜ-ਕਰਮਚਾਰੀ ਨੂੰ ਸੰਬੋਧਿਤ ਹੁੰਦਾ ਹੈ । ਇਹ ਜੇ ਸੂਦਰ !
ਰਾਜ-ਕਰਮਚਾਰੀ: ਨੀਚ ! ਤੇਰੀ ਹਿੰਮਤ ਕਿਵੇਂ ਹੋਈ! ਤੈਨੂੰ ਪਤਾ ਨਹੀਂ ਸ਼ੂਦਰਾਂ ਦਾ ਆਸ਼ਰਮ 'ਚ ਆਉਣਾ ਮਨ੍ਹਾ ਏ !.... ਦੁਸ਼ਟ ਪਾਪੀ! ਧਰਮ ਗੁਰੂ ਦੇ ਆਉਣ ਤੋਂ ਪਹਿਲਾਂ ਚਲਦਾ ਬਣ, ਨਹੀਂ ਤੇ ਖੜ੍ਹੇ ਖੜ੍ਹੇ ਨੂੰ ਭਸਮ ਕਰ ਦਿਆਂਗਾ । ਦਫਾ ਹੈ। ਜਾ !
(ਚੇਲੇ, ਰਾਜ-ਕਰਮਚਾਰੀ ਅਤੇ ਲੋਕਾਂ ਦੀਆਂ ਨਜ਼ਰਾਂ ਉਸ ਆਦਮੀ ਉੱਤੇ ਕੇਂਦਰਿਤ ਹਨ। ਸ਼ਾਇਦ ਲੋਕਾਂ ਨੂੰ ਵੀ ਇਹ ਮਹਿਸੂਸ ਹੋ ਰਿਹਾ ਹੈ ਕਿ ਉਹਦੇ ਆਉਣ ਨਾਲ ਉਨ੍ਹਾਂ ਦਾ ਵਿਰੋਧ ਭ੍ਰਿਸ਼ਟਿਆ ਗਿਆ ਹੈ। ਉਨ੍ਹਾਂ ਨੇ ਇਸ ਆਦਮੀ ਨੂੰ ਨਾਲ ਲਿਆ ਕੇ ਗ਼ਲਤੀ ਕੀਤੀ ਹੈ। ਚੇਲੇ, ਰਾਜ-ਕਰਮਚਾਰੀ ਤੇ ਲੋਕਾਂ ਦੀਆਂ ਨਜ਼ਰਾਂ ਦਾ ਧਿਰਕਾਰਿਆ ਹੋਇਆ ਉਹ ਆਦਮੀ ਹੌਲੀ ਹੌਲੀ ਪਿੱਛੇ ਜਾਂਦਾ ਹੈ। ਲੋਕਾਂ ਦੀਆਂ ਨਜ਼ਰਾਂ ਨੇਜ਼ੇ ਬਣ ਕੇ ਉਸ ਨੂੰ ਪਿੱਛੇ ਨੂੰ ਧੱਕ ਰਹੀਆਂ ਹਨ। ਉਹਦੀਆ ਨਜ਼ਰਾਂ 'ਚ ਸਹਿਮ ਹੈ। ਪਿੱਛੇ ਜਾ ਕੇ ਉਹ ਦੌੜ ਪੈਂਦਾ ਹੈ ਅਤੇ ਮੰਚ ਤੋਂ ਬਾਹਰ ਚਲਾ ਜਾਂਦਾ ਹੈ ।
ਰਾਜ-ਕਰਮਚਾਰੀ: (ਤਾੜਦਾ ਹੋਇਆ) ਉਏ ਤੁਹਾਡੇ ਚੋਂ ਹੋਰ ਤੇ ਨਹੀਂ ਕੋਈ ਨੀਚ ? (ਲੋਕ ਨਾਹ ਵਿਚ ਸਿਰ ਹਿਲਾਉਂਦੇ ਹਨ। ਉਹ ਡਰ ਗਏ ਹਨ।)