ਅੰਕ 3
ਦ੍ਰਿਸ਼ 1
(ਜੰਗਲ ਤੋਂ ਬਾਹਰਵਾਰ ਸਤਿਆਵ੍ਰਤ ਦੀ ਝੌਂਪੜੀ। ਝੋਪੜੀ ਦੇ ਸਾਹਮਣਿਓ ਪਗਡੰਡੀ ਲੰਘਦੀ ਹੈ। ਸਤਿਆਵ੍ਰਤ ਅਤੇ ਚਿਤ੍ਰਲੇਖਾ ਘਰੇਲੂ ਕੰਮ ਕਾਰ ਵਿਚ ਰੁੱਝੇ ਨਾਲ ਨਾਲ ਗੱਲਾਂ ਕਰ ਰਹੇ ਹਨ।)
ਚਿਤ੍ਰਲੇਖਾ: ਕੁਮਾਰ, ਰਾਜਮਹੱਲ ਦੇ ਸੁੱਖਾਂ ਤੋਂ ਵਿਰਵਾ ਜੰਗਲ ਇਹ ਝੌਂਪੜੀ ਤੁਹਾਨੂੰ ਕਿੰਨੇ ਸੁੰਨੇ ਸੁੰਨੇ ਲੱਗਦੇ ਹੋਣਗੇ ?
ਸਤਿਆਵ੍ਰਤ : ਪਿਛਲੇ ਦੇ ਵਰ੍ਹਿਆਂ ਵਿਚ ਇਹ ਗੱਲ ਤੂੰ ਅਨੇਕ ਵਾਰ ਕਹੀ ਏ । ਸੁੱਖ ਕਿਹਨੂੰ ਚੰਗੇ ਨਹੀਂ ਲੱਗਦੇ ? ਤੂੰ ਵੀ ਤਾਂ ਸੁੱਖ ਦੇ ਸੁਫਨੇ ਲਏ ਹੋਣੇ ਨੇ!
ਚਿਤ੍ਰਲੇਖਾ: ਹਾਂ ਲਏ ਤਾਂ ਸੀ । ਕੁੜੀਆ ਏਹੋ ਸੁਫਨੇ ਲੈ ਲੈ ਕੇ ਹੀ ਤਾਂ ਜੀਉਂਦੀਆਂ ਨੇ ।
ਸਤਿਆਵ੍ਰਤ : ਹਰ ਕੋਈ ਸੁੱਖ ਮੰਗਦਾ ਏ । ਜਦ ਅਸੀਂ ਬੱਚੇ ਸਾ ਤਾਂ ਸਵਰਗ ਦੇ ਸੁਫਨੇ ਲੈਂਦੇ ਸਾਂ । ਕਿੱਥੇ ਸਵਰਗ ਤੇ ਕਿੱਥੇ ਇਹ ਝੌਂਪੜੀ
ਚਿਤ੍ਰਲੇਖਾ: (ਹੱਥ ਵਿਚਲਾ ਕੰਮ ਛੱਡਦੀ ਅਤੇ ਲਗਭਗ ਚੀਖਦੀ ਹੋਈ, ਪਗਡੰਡੀ ਵੱਲ ਇਸ਼ਾਰਾ ਕਰਦੀ ਹੈ) ਹੇ ਭਗਵਾਨ! ਏਹ ਕੀ। ਸਵਾਮੀ। ਔਹ ਵੇਖੋ!
(ਸਾਹਮਣੇ ਪਗਡੰਡੀ ਉੱਤੇ ਅਧੇੜ ਉਮਰ ਦੀ ਔਰਤ ਸਤਿਆਵਤੀ ਆਉਂਦੀ ਦਿਸਦੀ ਹੈ। ਉਹਨੇ ਆਪਣੇ ਪੁੱਤਰ ਦੇ ਗਲ ਵਿਚ ਘਾਹ ਦੀਆਂ ਤਿੜ੍ਹਾਂ ਦੀ ਵੱਟੀ ਰੱਸੀ ਪਾਈ ਹੋਈ ਹੈ ਅਤੇ ਪਾਲਤੂ ਜਾਨਵਰ ਵਾਂਗ ਫੜ੍ਹੀ ਉਹਨੂੰ ਨਗਰ ਵੱਲ ਲਿਜਾ ਰਹੀ ਹੈ। ਉਨ੍ਹਾਂ ਦੇ ਫਟੇ ਪੁਰਾਣੇ ਕਪੜੇ ਅਤੇ ਭੁੱਖ ਦੇ ਮਾਰੇ ਸਰੀਰ ਉਨ੍ਹਾਂ ਦੀ ਗਰੀਬੀ ਅਤੇ ਦਰਿਦ੍ਰਤਾ ਦੀ ਕਹਾਣੀ ਸੁਣਾਉਂਦੇ ਹਨ। ਇਹ ਦਿਲ ਹਿਲਾ ਦੇਣ ਵਾਲਾ ਕਰੂਪ ਦ੍ਰਿਸ਼ ਹੈ । ਮਾਤਾ' ਮਾਤਾ' ਪੁਕਾਰਦਾ ਸਤਿਆਵ੍ਰਤ ਭੱਜ ਕੇ ਉਨ੍ਹਾਂ ਵੱਲ ਜਾਂਦਾ ਹੈ ।)