ਦੁੱਖ ਪੀੜਾ ਤੇ ਮੌਤ ਤੋਂ ਰਤਾ ਵੀ ਨਹੀਂ ਘਬਰਾਯਾ
ਕੁਦਰਤ ਦੇ ਹਨ ਖੇਲ ਨਿਆਰੇ ਭੇਦ ਨ ਇਸ ਦਾ ਪਾਯਾ ਜਾਇ।
ਪਾਪੀ ਦਾ ਸਿਰ ਉੱਚਾ ਹੋਵੇ, ਧਰਮੀ ਉਸ ਤੋਂ ਚੋਟਾਂ ਖਾਇ।
ਨੀਚ ਕੁਕਰਮੀ ਹਾਕਮ ਬਣ ਕੇ ਸਤਪੁਰਸ਼ਾਂ ਦਾ ਲਹੂ ਵਹਾਇ।
ਕਾਮੀ ਕਪਟੀ ਦੀ ਸਰਦਾਰੀ ਭਗਤਾਂ ਦੇ ਸਿਰ ਉੱਪਰ ਆਇ।
ਇਕ ਈਸ਼੍ਵਰ ਦਾ ਭਗਤ ਪਿਆਰਾ, ਦੂਜਾ ਪੱਥਰ ਦਿਲ ਜੱਲਾਦ।
ਵੱਸ ਪਿਆ ਪਾਪੀ ਦੇ ਧਰਮੀ ਇਹ ਦੇਖੋ ਉਲਟੀ ਮਰਯਾਦ।
ਸਿਦਕੀ, ਪ੍ਰੇਮੀ, ਮਨੀ ਸਿੰਘ ਜੀ ਕੈਸੇ ਬੈਠੇ ਹਨ ਗੰਭੀਰ।
ਮਾਨੋਂ ਦੁਖ ਅਰ ਮੌਤ ਇਨ੍ਹਾਂ ਨੂੰ ਰਤਾ ਨਹੀਂ ਕੀਤਾ ਦਿਲਗੀਰ।
ਹੇ ਜਲਾਦ ! ਤੂੰ ਮਾਲਕ ਦਾ ਹੁਕਮ ਪੂਰਾ ਕਰ
ਫੜ ਤੇਸਾ ਜੱਲਾਦ ਕਸਾਈ ਲੱਗਾ ਵੀਣੀ ਕਰਨ ਜੁਦਾਇ।
ਵੇਖ ਅਨੀਤੀ ਭਾਈ ਜੀ ਨੇ ਪਿੱਛੇ ਲੀਤਾ ਹੱਥ ਹਟਾਇ।
ਕਹਿਣ ਲੱਗੇ, "ਤੂੰ ਬੰਦ ਬੰਦ ਕੱਟਣ ਦਾ ਕੀਤਾ ਹੈ ਇਕਰਾਰ।
ਆਪਣੇ ਸੁਖ ਦੇ ਹੇਤ ਕਰੇਂ ਕਿਉਂ ਉਸ ਆਗਯਾ ਤੋਂ ਉਲਟੀ ਕਾਰ?
ਇਕ ਉਂਗਲ ਵਿਚ ਤਿੰਨ ਤਿੰਨ ਪੋਟੇ, ਏਹ ਭੀ ਸਾਰੇ ਬੰਦ ਕਹਾਣ।
ਪਹਿਲਾਂ ਟੋਟੇ ਕਰ ਏਨ੍ਹਾਂ ਦੇ ਫਿਰ ਵੀਣੀ ਵਲ ਕਰੀਂ ਧਿਆਨ"।
ਵਿਸਮਯ ਹੋ ਜੱਲਾਦ ਉਵੇਂ ਹੀ ਲੱਗਾ ਇਕ ਇਕ ਕੱਟਣ ਬੰਦ।
ਭਾਈ ਜੀ ਦਾ ਚੇਹਰਾ ਹਸਮੁਖ ਦਿੱਸੇ ਚਮਕਦਾ ਵਾਂਗਰ ਚੰਦ।
ਪੋਟੇ ਗੁੱਟ ਅਰਕ ਅਟ ਮੋਢੇ ਕਟ ਕਟ ਲਾਈ ਜਾਵੇ ਢੇਰ।
ਪਰ ਮੂੰਹੋਂ 'ਸੀ' 'ਹਾਇ' ਨ ਕੱਢੇ ਕਲਗੀਧਰ ਦਾ ਦੂਲਾ ਸ਼ੇਰ।
ਨਾਮ ਦੇ ਪ੍ਰੇਮੀ ਵਿਚ ਕੀ ਸੱਤ੍ਯਾ ਹੈ?
ਨਾਮ ਜਪੇ ਅਰ ਧੰਨ ਧੰਨ ਉਚਰੇ ਮੱਥੇ ਪਰ ਨਾ ਵੱਟ ਦਿਸਾਟਿ।
ਪਲ ਦੀ ਪਲ ਵਿਚ ਜੱਲਾਦਾਂ ਨੇ ਕੱਟ ਕੱਟ ਦਿੱਤਾ ਢੇਰ ਲਗਾਇ!
ਧਰਮੀ ਧਰਮ ਹੇਤ ਤਨ ਤਜ ਕੇ ਸੱਚਖੰਡ ਵਿਚ ਪਹੁੰਚਾ ਜਾਇ।
ਧਰਮ ਸਹਾਈ ਪੱਲੇ ਲੈ ਗਿਆ ਕੂੜੇ ਜਗ ਤੋਂ ਕੰਡ ਵਲਾਇ।
ਧੜਕ ਗਿਆ ਧਰਨੀ ਦਾ ਹਿਰਦਾ, ਸੜ ਉੱਠੀ ਛਾਤੀ ਦੁੱਖ ਨਾਲ।
ਧਰਮ ਪੁੱਤਰ ਦਾ ਲਹੂ ਡੁੱਲ੍ਹਦਾ, ਵੇਖ ਹੋ ਗਈ ਬਡ ਲਾਲੋ ਲਾਲ।
ਕੇਰ ਅੱਥਰੂ ਕੰਬ ਕੰਬ ਕੇ, ਦੁਨੀਆ ਨੇ ਇਕ ਦਿੱਤਾ ਸ੍ਰਾਪ।
"ਨਸ਼ਟ ਹੋਇ ਅਨਯਾਇ ਰਾਜ ਉਹ, ਜਿਸ ਵਿਚ ਹੋਵਨ ਐਸੇ ਪਾਪ।