ਜਾਏ ਮੇਰੇ ਖਾਏ ਜੇੜ੍ਹਾ, ਉਸ ਦਾ ਬੀਜ ਨਾਸ਼ ਹੋ ਜਾਇ।
ਮੇਰੇ ਪੁਤ੍ਰਾਂ ਦਾ ਜੋ ਮੇਰੇ ਸਿਰ 'ਤੇ ਬਹਿ ਕੇ ਲਹੂ ਵਹਾਇ"।
ਪੌਣ ਚੜ੍ਹੀ ਆਕਾਸ਼ ਜਿਸ ਸਮੇਂ ਦੇਵਤਿਆਂ ਨੇ ਫੁੱਲ ਵਸਾਇ।
ਧਰਮੀ ਦੀ ਜੈਕਾਰ ਗਜਾਈ ਵਿਚ ਬਿਬਾਣਾਂ ਲਿਆ ਬਿਠਾਇ।
ਸੱਚ-ਖੰਡ ਵਿਚ ਜਾਇ ਪੁਚਾਯਾ ਮੁਖ ਉੱਜਲ ਪੈਂਧਾ ਗੁਰ ਲਾਲ।
ਪਰਮ ਜੋਤ ਵਿਚ ਜੋਤ ਮਿਲ ਗਈ ਧਰਮ ਬਚਾ ਕੇ ਆਪਣੇ ਨਾਲ।
ਧਰਮ ਦੀ ਸੁਗੰਧੀ ਕਿਸ ਤਰ੍ਹਾ ਖਿਲਰਦੀ ਹੈ?
ਹੇ ਮੰਦ ਪਾਪੀ ! ਸੋਚ ਰਤਾ, ਵਡਿਆਂ ਦੇ ਗੁਣ ਅਰ ਆਪਣੀ ਕਾਰ।
ਆਪਣੇ ਪਾਪ ਕੁਕਰਮ ਵੇਖ, ਅਰ ਵੇਖ ਉਨ੍ਹਾਂ ਦਾ ਧਰਮ ਪਿਆਰ।
ਜਾਇ ਲਾਹੌਰ ਸ਼ਹੀਦ ਗੰਜ ਵਿਚ ਵੇਖ ਉਨ੍ਹਾਂ ਦੇ ਖੜੇ ਨਿਸ਼ਾਨ।
ਗੰਧੀ ਲੈ ਉਸ ਬਗੀਚੇ ਦੀ ਜਿਸ ਦੀ ਓਵੇਂ ਦਿੱਸੇ ਸ਼ਾਨ!
ਰਹਿੰਦੀ ਦੁਨੀਆਂ ਤੀਕ ਰਹੇਗਾ, ਜੱਸ ਉਨ੍ਹਾਂ ਦਾ ਓਸੇ ਭਾਇ।
ਲੈ ਲੈ ਨਾਮ ਜੀਏਗੀ ਖਲਕਤ ਨੇਕੀ ਜੋ ਜਨ ਗਏ ਕਮਾਇ।
ਪਏ ਪੂਰਨੇ ਵੇਖ ਉਨ੍ਹਾਂ ਦੇ, ਆਪਣਾ ਭੀ ਕਰ ਮਨਾਂ ਸੁਧਾਰ।
ਪਾਪ ਕੁਸੱਤ ਜਿਧੇ ਹਿਤ ਕਰੀਏ, ਉਹ ਜੀਵਨ ਹੈ ਘੜੀਆਂ ਚਾਰ।
ਧਰਮ ਸਦਾ ਦਾ ਸਾਥੀ ਹੈ ਇਹ ਧਰਮ ਅਮੋਲਕ ਸੁੱਚਾ ਲਾਲ।
ਮਾਯਾ ਦੀ ਛਾਯਾ ਵਿਚ ਅੰਨ੍ਹਾ ਹੋ ਨ ਵਟਾਈਂ ਕੱਚਾਂ ਨਾਲ।
ਨਾਸਮਾਨ ਜੀਵਨ ਦੀਆਂ ਘੜੀਆਂ, ਧਰਮ ਕਰਮ ਵਿਚ ਲਈਂ ਗੁਜ਼ਾਰ।
ਫਿਰ ਇਹ ਜੀਵਨ ਹੱਥ ਨਾ ਆਸੀ, ਪਛਤਾਵੇਂਗਾ ਜੂਏ ਹਾਰ।
ਜੋ ਨੇਕੀ ਕਰ ਧਰਮ ਕਮਾ ਕੇ, ਪਹੁੰਚਨ ਸਾਈਂ ਦੇ ਦਰਬਾਰ।
ਆਦਰ ਮਿਲੇ ਸਥਿਰਤਾ ਲੱਭੇ, ਆਵਾਗਵਨੋਂ ਹੋਵਣ ਪਾਰ।
ਮੁਕਤੀ ਭੁਗਤੀ ਪ੍ਰੇਮੀ ਸ਼ਾਂਤੀ, ਪ੍ਯਾਰੇ ਪਰਮਾਤਮ ਦਾ ਮੇਲ।
ਏਹ ਸਭ ਸਹਿਜੇ ਪ੍ਰਾਪਤ ਹੋਵਣ, ਖੇਡ ਜਾਇ ਜੇ ਸੱਚੀ ਖੇਲ।