ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤੇ ਭਾਈ ਜੀ ਦੀ ਧਰਮ ਕਮਾਈ
ਇਕ ਪੰਥ ਸੇਵਕ, ਧਰਮ ਪਯਾਰੀ, ਰੂਹ ਪਰਉਪਕਾਰ ਦੀ।
ਪੰਜਾਬ ਦੇ ਵਿਚ ਚੰਦ ਵਾਂਗੂ, ਪੰਥ ਨੂੰ ਸੀ ਠਾਰਦੀ।
ਵਿਸਰਾਮ ਪੂਹਲੇ ਗ੍ਰਾਮ ਦੇ ਵਿਚ ਰੱਖੇ ਜੋਤ ਪਸਾਰਦੀ।
ਅਰ ਨਾਮ ਤਾਰੂ ਸਿੰਘ, ਧਰ ਕੇ ਦੇਸ਼ ਨੂੰ ਸੀ ਤਾਰਦੀ।
ਹਿਰਦਾ ਸੁਸ਼ੀਲ, ਜਵਾਨ ਉਮਰਾ, ਨੂਰ ਮੱਥੇ ਡਲ੍ਹਕਦਾ।
ਇਕ ਪਰੇਮ ਦਾ ਦਰਯਾਉ ਮਾਨੋ ਮਾਰ ਠਾਠਾਂ ਢਲਕਦਾ।
ਇਕ ਬਿਰਧ ਮਾਤਾ ਜੀਉਂਦੀ ਅਰ ਭੈਣ ਇਕ ਮੁਟਿਆਰ ਸੀ।
ਅਰ ਤੀਸਰਾ ਇਹ ਲਾਲ ਗੁਰ ਦਾ, ਪ੍ਰੇਮ ਦਾ ਭੰਡਾਰ ਸੀ।
ਮਾਂ ਭੈਣ ਦੋਨੋਂ ਪੁਹਰਿਆਂ ਕਰ ਕਰ ਅਨਾਜ ਲਿਆਂਦੀਆਂ।
ਉਸ ਅੰਨ ਦਾਣੇ ਨਾਲ ਘਰ ਦਾ ਕੰਮ ਕਾਜ ਚਲਾਂਦੀਆਂ।
ਇਹ ਪ੍ਰੇਮ ਪੁਤਲਾ ਖੇਤ ਆਪਣਾ ਬੀਜਦਾ ਅਰ ਵਾਹੁੰਦਾ।
ਜਦ ਪੱਕ ਜਾਂਦੇ ਗਾਹ ਕੇ ਸਭ ਪੰਥ ਪਾਸ ਪੁਚਾਉਂਦਾ।
ਨਾ ਆਪ ਅੰਗੀਕਾਰ ਕਰਦਾ ਓਸ ਵਿਚੋਂ ਸੇਰ ਭੀ।
ਘਰ ਵਿੱਚ ਭੀ ਜੋ ਬਚ ਰਹੇ ਉਹ ਕਰੇ ਭੇਟਾ ਪੰਥ ਦੀ।
ਇਸ ਰੀਤ ਇਸ ਨੇ ਜੱਗ ਸੀ ਇਕ ਪੰਥ ਖਾਤਰ ਲਾਇਆ।
ਅਰ ਸਿੰਜਣੇ ਨੂੰ ਕੌਮ ਦੇ ਦਰਯਾਇ ਸੀਗ ਵਗਾਯਾ।
ਇਹ ਪਾਲਦਾ ਸੀ ਕੌਮ ਨੂੰ ਅਰ ਕੌਮ ਕਰਦੀ ਕਾਰ ਸੀ।
ਉਹ ਦੇਸ਼ ਦੇ ਭਾਰੇ ਕਲੇਸ਼ਾਂ ਦਾ ਹਟਾਂਦੀ ਭਾਰ ਸੀ।
ਦੋਹਿਰਾ॥
ਓਸ ਸਮੇਂ ਵਿਚ ਕੌਮ ਸੀ ਕਿਸ ਵਿਪਦਾ ਦੇ ਵਿੱਚ।
ਰਤਾ ਕੁ ਜਿੰਨਾ ਦੱਸਨਾਂ ਨਕਸ਼ਾ ਉਸ ਦਾ ਖਿੱਚ।
ਜਦ ਪੰਥ ਪਯਾਰੇ ਮਨੀ ਸਿੰਘ ਜੀ ਬੰਦ ਬੰਦ ਕਟਾ ਗਏ।
ਅਰ ਹੋਰ ਕੇਈ ਸਿੰਘ ਸੂਰੇ ਜਾਨ-ਘੋਲ ਘੁਮਾ ਗਏ।