ਅਰ ਸੱਦ ਪੈਂਚ ਫੜਾ ਦਿਓ ਸਰਕਾਰ ਪਾਸ ਪੁਚਾ ਦਿਓ"।
ਮੁਚੱਲਕੇ ਲੀਤੇ ਗਏ ਸਭ ਪੈਂਚ ਨੰਬਰਦਾਰ ਦੇ।
ਜੋ ਇਸ ਹੁਕਮ ਦੇ ਉਲਟ ਚੱਲੂ ਸਹੂ ਦੁੱਖ ਸਰਕਾਰ ਦੇ।
ਚੌਥਾ ਏ ਹੁਕਮ ਚੜ੍ਹਾਇਆ ਜੋ ਸਿੱਖ ਨੂੰ ਫੜਵਾਇਗਾ।
ਦਰਬਾਰ ਤੋਂ ਉਹ ਮਾਨ ਅਰ ਇਨਆਮ ਭਾਰਾ ਪਾਇਗਾ।
ਜੋ ਖਬਰ ਦੇਵੇ ਸਿੱਖ ਦੀ ਉਹ ਦਸ ਰੁਪਯੇ ਪਾ ਲਏ।
ਜੋ ਫੜ ਲਏ ਉਹ ਵੀਹ ਰੁਪਯੇ ਐਸ ਹੱਥ ਗਿਣਾ ਲਏ।
ਚਾਲੀ ਮਿਲਣਗੇ ਪਕੜ ਜੋ ਕੁਤਵਾਲ ਪਾਸ ਪੁਚਾਇਗਾ।
ਸਿਰ ਕੱਟ ਕੇ ਜੋ ਕਰੇ ਹਾਜ਼ਰ, ਚਾਰ ਵੀਹਾਂ (੮੦) ਪਾਇਗਾ।
ਆਪਣੇ ਬਿਗਾਨੇ ਤੇ ਘਰਾਂ ਤੋਂ ਵੀ ਜੁਵਾਬ
ਇਸ ਨਵੇਂ ਬੰਦੋਬਸਤ ਨੇ ਹੁਣ ਕਹਿਰ ਘਾਤ ਕਮਾਇਆ।
ਆਪਣੇ ਭਰਾਵਾਂ ਦੀ ਮੱਦਦ ਤੋਂ ਦੇਸ਼ ਨੂੰ ਵੰਜਾਇਆ।
ਡਰਦਾ ਨਾ ਕੋਈ ਰੱਖ ਸਕੇ, ਨਾ ਸਹਾਈ ਹੋ ਸਕੇ।
ਨਾ ਖਾਲਸੇ ਦੇ ਕਸ਼ਟ ਦੀ ਕੋਈ ਦਵਾਈ ਹੋ ਸਕੇ।
ਸਭ ਸਿੱਖ ਬੱਚੇ ਮਾਪਿਆਂ ਨੂੰ ਪਏ ਘਰਾਂ ਤੋਂ ਤਾਨ੍ਹੇ।
ਆਪਣੇ ਘਰੀਂ ਨਾ ਮਿਲੇ ਵੜਨਾ ਵਾਂਗ ਇਕ ਪਰਾਹੁਣੇ।
ਆਪਣੇ ਬਿਗਾਨੇ ਹੋ ਗਏ ਕੁਝ ਡਰ ਭਰੇ ਕੁਛ ਲਾਲਚੀ।
ਜਦ ਸਿੱਖ ਕਿਧਰੇ ਨਜ਼ਰ ਆਵੇ ਵਾਹਰ ਪੈਂਦੀ ਤੁਰਤ ਹੀ।
ਹੁਣ ਆਪਣਿਆਂ ਤੋਂ ਜਿੰਦ ਭੀ ਮੁਸ਼ਕਲ ਛੁਡਾਣੀ ਹੋ ਗਈ।
ਘਰ ਘਾਟ ਛੁੱਟੇ ਧਰਮ ਖਾਤਰ ਬੜੀ ਕਠਨਾਈ ਪਈ।
ਜੰਗਲ ਪਹਾੜਾਂ ਵਿਚ ਲੁਕ ਛਿਪ ਪਿਆ ਵਕਤ ਲੰਘਾਵਣਾ।
ਅਰ ਅੰਨ ਘਰ ਦਾ ਤਯਾਗ ਕੇ ਰੁੱਖਾਂ ਦੇ ਪੱਤਰ ਖਾਵਣਾ।
ਬੇਲੇ ਤੇ ਬਾਰਾਂ ਵਿਚ ਸ਼ੇਰਾਂ ਜਾਇ ਘੁਰਨੇ ਪਾ ਲਏ।
ਜੋ ਵਾਹਗੁਰੂ ਨੇ ਭੇਜਿਆ ਉਹ ਖਾਇ ਸ਼ੁਕਰ ਮਨਾ ਲਏ।
ਪਰ ਧਰਮ ਆਪਣਾ ਤਯਾਗਿਆ ਨਹੀਂ ਏਸ ਦੁੱਖ ਦੇ ਵਿੱਚ ਭੀ।
ਦੁਖੀਆਂ ਦੀ ਰੱਖਯਾ ਹੇਤ ਲੜਦੇ ਰਹਿਣ ਹੋ ਕੇ ਜਿੱਚ ਭੀ।
ਸਭ ਜਾਣਦੇ ਸਨ ਦੇਸ਼ ਵਾਸੀ ਹੁਣ ਇਨ੍ਹਾਂ ਦੀ ਕਾਰ ਦਾ।
ਪਰ ਮਦਦ ਤੋਂ ਅਸਮਰਥ ਸਨ ਡੰਡਾ ਫਿਰੇ ਸਰਕਾਰ ਦਾ।
ਦੁੱਖ ਹਿੰਦੂਆਂ ਦੇ ਘਟ ਗਏ ਸਨ ਏਸ ਹਿੰਮਤ ਨਾਲ ਹੀ।
ਜੇ ਸਿੱਖ ਨਾ ਵਿਚ ਆਂਵਦੇ ਤਦ ਹੋਵਣਾ ਬੁਰਾ ਹਾਲ ਸੀ।