ਕਰ ਸਿੱਖਾਂ ਦੀ ਮੱਦਦ ਦੇਖ ਕੀ ਦੁੱਖ ਹੈਂ ਸਹਿੰਦਾ।
ਮਾਰੂੰ ਤੇਰੀ ਜਿੰਦ ਕੜਕ ਕੇ ਸੂਬਾ ਕਹਿੰਦਾ।
ਦੋਹਿਰਾ॥
ਕਲਗੀਧਰ ਦੇ ਲਾਡਲੇ ਸੁਣਿਆ ਸਭ ਚੁਪ ਚਾਪ।
ਫਿਰ ਉਸ ਨੂੰ ਪੁੱਛਣ ਲੱਗਾ ਕੀ ਕੀਤਾ ਮੈਂ ਪਾਪ?
ਸਭ ਦਾ ਸਹਾਰਾ ਕਰਤਾਰ ਜਵਾਬ ਪੁੱਛੇਗਾ
ਕਬਿੱਤ॥
ਦੇਵਣਾ ਨਵਾਬ ਜੀ ਜਵਾਬ ਜ਼ਰਾ ਸੋਚ ਕੇ ਤੇ,
ਕਿਹੜੇ ਪਾਪ ਹੇਤ ਮੈਨੂੰ ਬੰਨ੍ਹ ਕੇ ਮੰਗਾਯਾ ਹੈ?
ਠੱਗੀ ਚੋਰੀ ਕੀਤੀ, ਕੋਈ ਡਿੱਠੀ ਜੇ ਅਨੀਤੀ,
ਕੋਈ ਧਨ ਮਾਲ ਕਿਸੇ ਦਾ ਮੈਂ ਚੁੱਕਿਆ ਚੁਰਾਯਾ ਹੈ?
ਕੀਤੀ ਹੈ ਲੜਾਈ, ਤਕਲੀਫ ਯਾ ਪੁਚਾਈ ਕਦੇ,
ਐਨਾ ਚਿਰ ਹੋਯਾ, ਕਦੀ ਹਾਲਾ ਅਟਕਾਯਾ ਹੈ?
ਬੈਠੇ ਨੂੰ ਇਕੰਤ, ਭਗਵੰਤ ਪਏ ਸੇਂਵਦੇ ਨੂੰ,
ਕਾਹਨੂੰ ਸੀਲਵੰਤ ਇਕ ਸੰਤ ਨੂੰ ਦੁਖਾਯਾ ਹੈ?
ਰੱਬ ਨੂੰ ਧਿਆਈਦਾ ਤੇ ਵਾਹੀਦਾ ਜ਼ਮੀਨ ਨੂੰ ਹੈ,
ਆਏ ਸਾਧ ਸੰਤ ਨੂੰ ਪ੍ਰਸ਼ਾਦਿ ਹੈ ਛਕਾਈ ਦਾ।
ਖਾਈਦਾ ਹੈ ਆਪ ਜਿਥੋਂ ਲਾਈਦਾ ਹੈ ਰੱਬ ਰਾਹ,
ਵੰਡ ਕੇ ਖੁਆਈਦਾ ਤੇ ਸ਼ੁਕਰ ਮਨਾਈ ਦਾ।
ਦੁਖੀਆਂ ਨੂੰ ਸੁਖ ਦੇ ਕੇ ਆਤਮਾ ਨੂੰ ਠੰਢ ਪਏ,
ਏਹੋ ਲਾਭ ਸੱਚਾ, ਦਸਾਂ ਨਵ੍ਵਾਂ ਦੀ ਕਮਾਈ ਦਾ।
ਆਪ ਹਡ ਗਾਲ ਕੇ ਖੁਆਲ ਦਿਆਂ ਭੁੱਖਿਆਂ ਨੂੰ,
ਏਹਦੇ ਵਿਚ ਹੋਯਾ ਕੀ ਕਸੂਰ ਪਾਤਸ਼ਾਹੀ ਦਾ?
ਧੰਨ ਭਾਗ ਓਹਦੇ ਜੇਹੜਾ ਨੇਕੀਆਂ ਦੇ ਵੱਲ ਝੁਕੇ,
ਨੇਕੀ ਤੇ ਪਿਆਰ ਸੱਚੇ ਰੱਬ ਨੂੰ ਪਿਆਰਾ ਹੈ।
ਰੱਬ ਕੋਲੋਂ ਡਰੇ, ਜਿਨ੍ਹਾਂ ਹੱਥੋਂ ਪੁੱਜੇ ਸਰੇ,
ਬੰਦਾ ਪੁੰਨ ਦਾਨ ਕਰੇ, ਏਹੋ ਦੱਸੇ ਜਗ ਸਾਰਾ ਹੈ।
ਛੇੜੇ ਨਾ ਬੁਲਾਵੇ, ਭੈੜੇ ਰਸਤਿਓਂ ਨਾ ਜਾਵੇ,
ਓਹਨੂੰ ਬੰਨ੍ਹ ਕੇ ਸਦਾਵੇਂ, ਏਹ ਨਿਆਉਂ ਕੀ ਨਿਤਾਰਾ ਹੈ?