ਯਾਦ ਰੱਖ ਏਦਾਂ ਜੇ ਪੰਜਾਬ ਨੂੰ ਖਰਾਬ ਕੀਤਾ,
ਪੁੱਛੂਗਾ ਜਵਾਬ ਜੇਹੜਾ ਸਭ ਦਾ ਸਹਾਰਾ ਹੈ।
ਨਵਾਬ ਦਾ ਚਰਖੜੀ 'ਤੇ ਵਲੰਗਣ ਦਾ ਹੁਕਮ ਤੇ ਭਾਈ ਜੀ ਦੀ ਸਿਦਕ ਵਾਰਤਾ
ਕੁੰਡਲੀਆ॥
ਲੋਹਾ ਲਾਖਾ ਹੋ ਗਿਆ ਦਿਲ ਦਾ ਕੁੰਡ ਨਵਾਬ।
ਭਾਈ ਜੀ ਦੇ ਪ੍ਰਸ਼ਨ ਦਾ ਅਹੁੜੇ ਨਹੀਂ ਜਵਾਬ।
ਅਹੁੜੇ ਨਹੀਂ ਜਵਾਬ ਜਲਾਦਾਂ ਨੂੰ ਸਮਝਾਯਾ।
ਕਰੜਾ ਦਿਓ ਅਜ਼ਾਬ ਮੂਲ ਨਹੀਂ ਕਰਨੀ ਦਯਾ।
ਭਾਈ ਜੀ ਨੇ ਕਿਹਾ ਵਾਹਗੁਰੂ ਸਾਡਾ ਰਾਖਾ।
ਦਿਲ ਦਾ ਕੁੰਡ ਨਵਾਬ ਹੋ ਗਿਆ ਲੋਹਾ ਲਾਖਾ।
ਦੋਹਿਰਾ॥
ਭਾਈ ਜੀ ਨੇ ਫਿਰ ਕਿਹਾ ਕਰੇਂ ਅਨਰਥਾ ਪਾਪ।
ਜੜ੍ਹ ਆਪਣੇ ਐਸ਼ਵਰਜ ਦੀ ਕਟਨ ਲਗੋਂ ਆਪ ।
ਇਨ੍ਹਾਂ ਅਨੀਤਾਂ ਨਾਲ ਨਾ ਫਲੇਗਾ ਇਸਲਾਮ।
ਰਾਜ ਭਾਗ ਬਲਕਾਰ ਦਾ ਰਹੂ ਨਾ ਬਾਕੀ ਨਾਮ।
ਭਰੂ ਕਟੋਰਾ ਪਾਪ ਦਾ ਹੋਸੀ ਫਿਰ ਗ਼ਰਕਾਬ।
ਥੋੜਾ ਚਿਰ ਹੁਣ ਰਹਿ ਗਿਆ ਪੂਰਾ ਹੋਗੁ ਹਿਸਾਬ।
ਜੜ੍ਹ ਪੁੱਟੇਗਾ ਖਾਲਸਾ ਜ਼ੁਲਮਾਂ ਦੀ ਜਿਸ ਕਾਲ।
ਠੰਡਕ ਸ਼ਾਂਤੀ ਜਗਤ 'ਤੇ ਵਰਤੇਗੀ ਤਤਕਾਲ।
ਪੱਛੋਂ ਵਲੋਂ ਆਵਸੀ ਅਮਲ ਚੈਨ ਦੀ ਵਾਇ।
ਦੁਖ ਦਲਿੱਦਰ ਦੇਸ਼ ਦੇ ਸਾਰੇ ਦੇਊ ਹਟਾਇ।
ਰਾਜ ਫਰੰਗੀ ਕਰੇਗਾ ਸਾਗਰ ਪਾਰੋਂ ਆਇ।
ਚਾਨਣ ਸਾਰੇ ਦੇਸ਼ ਵਿਚ ਜਾਵੇਗਾ ਫਿਰ ਛਾਇ।
ਆਪਣੇ ਆਪਣੇ ਧਰਮ ਵਿਚ ਸਭ ਹੋਸਨ ਆਜ਼ਾਦ।
ਊਚ ਨੀਚ ਦੀ ਉਸ ਸਮੇਂ ਉਠ ਜਾਸੀ ਮਰਯਾਦ।
ਦੇ ਸਰਾਪ ਤਿਸ ਰਾਜ ਨੂੰ ਵਰ ਪੱਛਮ ਨੂੰ ਬੋਲ।
ਤੁਰ ਪਏ ਪ੍ਰੇਮੀ ਪੰਥ ਦੇ ਕਤਲ ਗੜ੍ਹੀ ਦੇ ਕੋਲ।
ਜਲਾਦ ਆਇ ਅਜ਼ਾਬ ਖਾਨੇ ਲੱਗੇ ਕਸ਼ਟ ਪੁਚਾਵਣੇ।
ਪੁੱਤਰ ਗੁਰੂ ਦਾ ਚਾੜ੍ਹ ਚਰਖੀ ਜ਼ੋਰ ਨਾਲ ਭੁਆਵਣੇ।