Back ArrowLogo
Info
Profile

 ਚਰਖੀ ਫਿਰੇ ਅਰ ਹੱਡ ਕੁੜਕਣ ਬੰਦ ਬੰਦ ਤੁੜਾਂਵਦੇ।

ਅਰ ਅੰਗ ਸਾਰੇ ਹੋਇ ਗੁੱਛਾ ਸੱਪ ਵਤ ਵਲ ਖਾਂਵਦੇ।

ਹਾਂ! ਦੁੱਖ ਕਿਸ ਤੋਂ ਜਾਏ ਡਿੱਠਾ, ਬੰਦ ਹੋਵਣ ਅੱਖੀਆਂ।

ਸਭ ਹੱਡੀਆਂ ਹੋ ਜਾਣ ਚੂਰਾ, ਫਿੱਸ ਜਾਵਣ ਵੱਖੀਆਂ।

ਪਰ ਦੇਖਣਾ ਇਕ ਨਜ਼ਰ ਭਰ ਕੇ, ਸਿੰਘ ਕੀ ਹੈ ਕਰ ਰਿਹਾ?

ਉਹ ਨਾਮ ਦੇ ਵਿਚ ਮਗਨ ਹੋਯਾ, ਬਰਫ ਵਤ ਹੈ ਠਰ ਰਿਹਾ।

ਨਾ 'ਹਾਇ' ਅਰ ਨਾ 'ਸੀ' ਕਹੇ, ਜਦ ਕੁੜਕਦੇ ਸਭ ਅੰਗ ਨੇ।

ਦੁੱਖ ਸਹੀ ਜਾਂਦਾ, ਕਹੀ ਜਾਂਦਾ ਵਾਹ ਤੇਰੇ ਰੰਗ ਨੇ।

ਨਾ ਅੱਖ ਗਿੱਲੀ ਹੋਣ ਦਿੱਤੀ, ਚਿਤ ਨਹਿ ਡੋਲਾਇਆ।

ਇਕ ਵਾਹਿਗੁਰੂ ਹੀ ਵਾਹਿਗੁਰੂ ਦਾ ਜਾਪ ਮੂੰਹੋਂ ਗਾਇਆ।

ਜਿਉਂ ਜਿਉਂ ਜੈਕਾਰੇ ਵਾਹਗੁਰੂ ਦੇ ਗੱਜ ਗੱਜ ਗਜਾਉਂਦੇ।

ਤਿਉਂ ਤਿਉਂ ਜਲਾਦ ਵਧੀਕ ਚਰਖੀ ਜ਼ੋਰ ਨਾਲ ਭਵਾਉਂਦੇ।

ਚਿਰ ਢੇਰ ਸਾਰਾ ਕਸ਼ਟ ਦੇ ਦੇ, ਆਣ ਬਾਹਵਾਂ ਥੱਕੀਆਂ।

ਪਰ ਸ਼ੇਰ ਦੇ ਜੈਕਾਰਿਆਂ ਨੂੰ ਬੰਦ ਨਾ ਕਰ ਸਕੀਆਂ।

ਹੁਣ ਹੰਭ ਘੱਤੇ ਫੇਰ ਚਰਖੀ ਅੰਤ ਥੱਲੇ ਲਾਹਿਆ।

ਅਰ ਪ੍ਰੇਮ ਪੁਤਲੇ ਬੀਰ ਨੂੰ ਵਿਚ ਕੈਦਖਾਨੇ ਪਾਇਆ।

ਨਵਾਬ ਦੇ ਲਾਲਚ ਤੇ ਦੁੱਖਾਂ ਦੀ ਅਉਧੀ

ਕੁੰਡਲੀਆ॥

ਬੀਤੀ ਰਾਤ ਕਲੇਸ਼ ਦੀ ਚੜ੍ਹਿਆ ਫੇਰ ਸਵੇਰ।

ਪਹੁੰਚਾ ਵਿਚ ਦਰਬਾਰ ਦੇ ਕਲਗੀਧਰ ਦਾ ਸ਼ੇਰ।

ਕਲਗੀਧਰ ਦਾ ਸ਼ੇਰ ਜਲਾਦਾਂ ਬੰਨ੍ਹ ਪੁਚਾਯਾ।

ਚਰਖੀ ਦਾ ਬਿਰਤਾਂਤ ਨਾਲ ਸਭ ਆਣ ਸੁਣਾਯਾ।

ਇਤਨਾ ਕਸ਼ਟ ਸਹਾਰ ਏਸ ਨੇ "ਸੀ" ਨਹੀਂ ਕੀਤੀ।

ਰਿਹਾ ਭਜਨ ਵਿਚ ਮਸਤ ਰਾਤ ਹੈ ਸਾਰੀ ਬੀਤੀ।

ਸਵੈਯਾ॥

ਹੱਸ ਨਵਾਬ ਕਹੇ, ਸੁਣ ਕਾਫਰ!ਵੇਖ ਜਵਾਨੀ ਤੇ ਰੂਪ ਦਲੇਰੀ।

ਆਵੇ ਉਬਾਲ ਪਏ ਇਹ ਖਿਆਲ ਕਿ ਹੋਵੇਂਗਾ ਅੱਜ ਤੂੰ ਖਾਕ ਦੀ ਢੇਰੀ।

ਜਾਨ ਬਚਾਇ ਦਿਆਂ ਹੁਣ ਭੀ ਇਕ ਗੱਲ ਜੇ ਮੰਨ ਲਵੇਂ ਸੁਣ ਮੇਰੀ।

ਦੀਨ ਕਬੂਲ ਕਰੇਂ ਜੇ ਅਸਾਡਾ ਤਾਂ ਦੁੱਖ ਤੋਂ ਜਾਨ ਛੁਡਾ ਦਿਆਂ ਤੇਰੀ।

109 / 173
Previous
Next