ਕੇਸ ਕਟਾਇ ਕੇ ਦੀਨ ਕਬੂਲੇਂ ਤਾਂ ਅੱਜ ਹੀ ਤੇਰਾ ਵਿਆਹ ਕਰਾਂਗਾ।
ਉੱਚੇ ਮਹੱਲ ਪਰੀ ਜੇਹੀ ਨਾਰ ਤੇ ਮੋਹਰਾਂ ਦੇ ਨਾਲ ਭੰਡਾਰ ਭਰਾਂਗਾ।
ਇੱਜ਼ਤ ਮਾਣ ਮੁਰਾਤਬਾ ਵੱਡਾ ਤੇ ਸ਼ਾਹ ਨੂੰ ਤੇਰੀ ਤਾਰੀਫ ਲਿਖਾਂਗਾ।
ਹੱਸੀਂ ਤੇ ਵੱਸੀਂ ਅਨੰਦ ਕਰੀਂ ਤੇ ਗੁਜ਼ਾਰੇ ਨੂੰ ਭਾਰੀ ਜਗੀਰ ਦਿਆਂਗਾ।
ਭਾਈ ਤਾਰੂ ਸਿੰਘ ਜੀ ਦਾ ਸਿਦਕ ਭਰਿਆ ਜਵਾਬ
ਦੋਹਿਰਾ॥
ਭਾਈ ਜੀ ਨੇ ਆਖਿਆ ਬੜੀ ਦਲੇਰੀ ਨਾਲ।
ਨਾਜ਼ਮ ਜੀ ਇਸ ਗੱਲ ਦਾ ਛੱਡੋ ਦਿਲੋਂ ਖਿਆਲ।
ਸਵੈਯਾ॥
ਧਰਮ ਦੇ ਹੇਤ ਸਰੀਰ ਮੇਰਾ, ਪ੍ਰਣ ਪਾਲ ਕੇ ਖਾਕ ਦੇ ਨਾਲ ਮਿਲੇਗਾ।
ਧਰਮ 'ਤੇ ਚਿੱਤ ਅਡੋਲ ਖਲਾ, ਬ੍ਰਹਮੰਡ ਹਿਲੇ ਪਰ ਇਹ ਨ ਹਿੱਲੇਗਾ।
ਸਾਜ ਸਮਾਜ ਤ੍ਰਿਲੋਕੀ ਦਾ ਰਾਜ ਕੁਬੇਰ ਦੀ ਮਾਯਾ ਦਾ ਦ੍ਵਾਰ ਖੁਲੇਗਾ।
ਏਤੀ ਵਿਭੂਤੀ ਨੂੰ ਦੇਖ ਕਦੰਤ ਨ ਤਾਰੂ ਮ੍ਰਿਗਿੰਦ ਦਾ ਚਿਤ ਡੁਲੇਗਾ।
ਨੇਕੀ ਦਾ ਦਾਰ ਸੁਖਾਂ ਦਾ ਅਗਾਰ, ਸੰਸਾਰ ਦਾ ਭਾਰ ਉਤਾਰਨਹਾਰਾ।
ਸ਼ਾਂਤ ਦਾ ਤਾਲ ਲਾਏ ਪ੍ਰੇਮ ਜ੍ਹਾਲ ਅਨੀਤਿ ਦੀ ਢਾਲ ਪ੍ਰਭੂ ਦਾ ਪਯਾਰਾ।
ਲੋਕ ਦਾ ਅੰਗੀ ਪ੍ਰਲੋਕ ਦਾ ਸੰਗੀ ਸੁਸ਼ੀਲਤਾ ਸਿੰਧ ਪ੍ਰਮੋਦ ਦੀ ਧਾਰਾ।
ਏਤੇ ਗੁਣਾਂ ਵਾਲੇ ਧਰਮ ਨੂੰ ਤਯਾਗ ਕੇ ਤਾਰੂ ਮ੍ਰਿਗਿੰਦ ਦਾ ਕੌਣ ਸਹਾਰਾ?
ਰੋਗ ਘਟੇ ਚਿਤ ਸੋਗ ਘਟੇ ਦੁਖ ਦਾਹ ਘਟੇ ਘਟੇ ਮੂਰਖਤਾਈ।
ਕਾਮ ਅਰ ਕ੍ਰੋਧ ਮੋਹਾਦਿ ਘਟੇ, ਘਟੇ ਈਰਖਾ ਦ੍ਰਿਸ਼ ਅਰ ਮੈਲ ਬੁਰਾਈ।
ਛਿਦ੍ਰ ਸੁਭਾਵ, ਦਰਿਦ੍ਰ ਘਟੇ, ਘਟੇ ਪਾਪ ਅਗਯਾਨ ਅਨੀਤਿ ਢਿਠਾਈ।
ਐਸੇ ਉਪਦ੍ਰ ਵਜੋਂ ਧਰਮ ਘਟਾਇ, ਸੋ ਤਯਾਗ ਕੇ ਜੀਵੇ ਦੀ ਕੀ ਵਡਿਆਈ?
ਫੇਰ ਚਰਖੜੀ 'ਤੇ ਚਾੜ੍ਹਯਾ ਤੇ ਭਾਈ ਜੀ ਦੀ ਅਡੋਲਤਾ
ਦੋਹਿਰਾ॥
ਨਾਜ਼ਮ ਸੁਣ ਕੇ ਸੜ ਗਿਆ ਭਾਈ ਜੀ ਦੇ ਬੋਲ।
ਮਾਰੂੰ ਤੈਨੂੰ ਮੂਜੀਆ ਮਿੱਟੀ ਦੇ ਵਿਚ ਰੋਲ।
ਹੁਣ ਹੁਕਮ ਦਿੱਤਾ ਲੈ ਚੱਲੋ ਮੁੜ ਫੇਰ ਚਰੱਖੀ ਚਾਹੜੀਏ।
ਇਸ ਅੜੀ ਬੱਧੀ ਸਿੱਖ ਨੂੰ ਚੱਲ ਮੁੰਜ ਵਾਂਗ ਲਤਾੜੀਏ।
ਇਸ ਕਿਹਾ ਨਾਹੀ ਮੰਨਿਆ, ਹੁਣ ਸ੍ਵਾਦ ਇਸ ਦਾ ਚੱਖਸੀ।
ਜਿਸ ਧਰਮ ਦੀ ਇਹ ਠੀਸ ਮਾਰੇ, ਵੇਖੀਏ ਕਿੰਜ ਰੱਖਸੀ।