Back ArrowLogo
Info
Profile

ਮੈਂ ਆਪ ਚੱਲ ਅਜ਼ਾਬ ਖਾਨੇ ਸਾਹਮਣੇ ਖਲ੍ਹਿਆਰ ਕੇ।

ਪਰਤਾਉਂਦਾ ਹਾਂ ਧਰਮ ਇਸ ਦਾ ਚਰਖ ਉੱਪਰ ਚਾਹੜ ਕੇ।

ਸੁਣ ਗੱਲ ਹੱਸੇ ਬੀਰ ਜੀ, ਇਹ ਡਰ ਡਰਾਵੇ ਕਾਸਦੇ?

ਹਨ ਅੰਗ ਸੰਗ ਗੁਰੂ ਪਿਆਰੇ, ਨਿੱਤ ਆਪਣੇ ਦਾਸ ਦੇ।

ਉਹ ਹੱਥ ਸਿਰ ਪਰ ਰੱਖ ਕੇ ਪ੍ਰਣ ਪਾਲਣਾ ਸਿਖਲਾਣਗੇ।

ਇਸ ਦੁੱਖ ਨੂੰ ਸੁਖ ਰੂਪ ਕਰ ਕੇ ਆਪ ਪੈਜ ਰਖਾਣਗੇ।

ਹੁਣ ਆਇ ਫੇਰ ਅਜ਼ਾਬ ਖਾਨੇ ਸ਼ੁਰੂ ਹੋਈ ਚਰਖੜੀ।

ਅਰ ਚਪਰ ਖੱਟ ਵਿਛਾਇ ਵੇਖਣ ਬਹਿ ਗਿਆ ਨਵਾਬ ਭੀ।

ਅੱਜ ਕੱਲ ਨਾਲੋਂ ਬਹੁਤ ਵਧ ਕੇ ਕਸ਼ਟ ਪਹੁੰਚਾ ਬੀਰ ਨੂੰ।

ਇਕ ਲੱਠ ਉਪਰ ਕਰਨ ਗੁੱਛਾ ਸਰਪ ਵਾਂਗ ਸਰੀਰ ਨੂੰ।

ਜੱਲਾਦ ਹਨ ਦਿਖਲਾ ਰਹੇ ਅੱਜ ਜ਼ੋਰ ਸਾਰਾ ਲਾਇਕੇ...

ਚਰਖੀ ਭੰਬੀਰੀ ਵਾਂਗ ਘੁੰਮੇ ਜ਼ੋਰ ਦੇ ਵਿਚ ਆਇਕੇ।

ਉਡ ਜਾਨ ਹੋਸ਼ ਹਵਾਸ਼, ਦੁਖੜਾ ਦੇਖਦੇ ਦਾ ਨਾਲ ਹੀ।

ਉਸ ਕਸ਼ਟ ਦੇ ਵਿੱਚ ਗ੍ਰਸੇ ਹਨ ਦਸਮੇਸ਼ ਗੁਰੂ ਦੇ ਲਾਲ ਜੀ।

ਕੀ ਰੋ ਰਹੇ, ਚਿੱਲਾ ਰਹੇ? ਯਾ ਬਾਹੁੜੀ ਹਨ ਪਾ ਰਹੇ?

ਹੁਣ ਧਯਾਨ ਦੇ ਕੇ ਵਾਜ ਸੁਣਨੀ, ਹੋਠ ਕੀ ਫੁਰਮਾ ਰਹੇ:

"ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ"।

ਇਹ ਵਾਜ ਹਰ ਹਰ ਗੇੜ ਦੇ ਵਿੱਚ ਆਣ ਕੇ ਕੰਨੀਂ ਪਏ।

ਜਿਲਹਾਲ ਹੋ ਜੱਲਾਦ ਡਿੱਗੇ ਹੰਭ ਘੱਤੀ ਚਰਖੜੀ।

ਪਰ ਬੀਰ ਦੀ ਉਹ ਸੁਰ ਸੁਰੀਲੀ ਬੋਲਣੋਂ ਨਾ ਹੀ ਹਟੀ।

ਇਹ ਦੇਖ ਧੀਰਜ ਦੁਸ਼ਮਣਾਂ ਦਾ ਦਿਲ ਰਿਹਾ ਨਾ ਠੱਲ੍ਹਿਆ।

ਪਿਖ ਧਰਮ ਭਾਵ ਬਹਾਦਰੀ ਨੂੰ, ਨੀਰ ਅੱਖੋਂ ਚੱਲਿਆ।

ਨਵਾਬ ਨੇ ਹੁਣ ਫਿਰ ਕਿਹਾ, ਇਸ ਨੂੰ ਉਤਾਰ ਬਿਠਾ ਦਿਓ।

ਜੇ ਜਾਨ ਰੱਖਣੀ ਚਾਹਿ ਤਾਂ ਇਕ ਵੇਰ ਤਰਸ ਕਮਾ ਦਿਓ।

"ਕਿਉਂ ਕਾਫਰਾ! ਦੁੱਖ ਦੇਖਿਆ! ਹੁਣ ਭੀ ਸਮਝ ਜਾ, ਮੰਨ ਜਾ।

ਹੋ ਦੀਨਦਾਰ, ਬਹਾਰ ਕਰ ਲੈ ਢੱਲ ਜੱਗ 'ਤੇ ਬੰਨ੍ਹ ਜਾ।"

ਇਸ ਗੱਲ ਦਾ ਭੀ ਉਹੋ ਉੱਤਰ ਖਾਲਸੇ ਤੋਂ ਆਇਆ।

ਨਵਾਬ ਸੁਣ ਕੇ ਹੌਸਲੇ ਦੀ, ਚਿੱਤ ਵਿੱਚ ਖਿਸਿਆਇਆ।

ਪਰ ਕਹਿਣ ਲੱਗਾ : ਫਿਰ ਚੜ੍ਹਾਓ ਅਰ ਫਿਰਾਓ ਰੱਜ ਕੇ,

ਸ੍ਰੀ ਵਾਹਿਗੁਰੂ ਦੇ ਬੋਲ ਇਹ ਕਦ ਤਕ ਗਜਾਊ ਗੱਜ ਕੇ?

111 / 173
Previous
Next