ਨਾਮ ਦੇ ਪ੍ਰੇਮੀ ਪ੍ਰੋਪਕਾਰੀ 'ਸੀ' 'ਹਾਇ' ਨਹੀਂ ਜਾਣਦੇ
ਫਿਰ ਲੱਗੀ ਚਰਖੀ ਫਿਰਨ ਅਰ ਓਹੋ ਜੈਕਾਰੇ ਆਵਣੇ।
ਅਰ ਵੈਰੀਆਂ ਦੀ ਹਿੱਕ ਉੱਪਰ ਗੋਲੀਆਂ ਬਰਸਾਵਣੇ।
ਹੇ ਖਾਲਸਾ ਜੀ! ਦੇਖਣਾ, ਇਹ ਕਸ਼ਟ ਤੀਜੀ ਵਾਰ ਹੈ।
ਪਰ ਕਿਸ ਤਰ੍ਹਾਂ ਦਾ ਹੌਸਲਾ ਅਰ ਧਰਮ ਨਾਲ ਪਿਆਰ ਹੈ।
ਨਾ "ਸੀ" ਰਹੀ ਨਾ "ਹਾਇ" ਹੈ ਨਾ "ਦਰਦ" ਦੁੱਖ ਭਾਸਦਾ?
ਨਾ ਅੰਗ ਟੁੱਟਦੇ ਜਾਪਦੇ, ਇਹ ਆਸਰਾ ਹੈ ਕਾਸਦਾ?
ਇਹ "ਧਰਮ ਦਾ ਬਲਕਾਰ" ਹੈ "ਵਿਸ਼ਵਾਸ ਦਾ ਇਹ ਤ੍ਰਾਣ” ਹੈ,
ਇਹ ਦਸਮ ਗੁਰ ਦੀ ਸ਼ਰਨ ਨਾਲ ਪਿਆਰ ਦਾ ਪਰਿਮਾਣ ਹੈ।
ਜਿਸ ਅੰਗ ਅੰਗ ਤੁੜਾਂਦਿਆਂ ਭੀ ਦਿਲ ਨਹੀਂ ਭਰਮਾਇਆ।
ਹਨ ਸ਼ਤ੍ਰ ਭੀ ਇਹ ਕਹਿ ਰਹੇ "ਤੋਬਾ! ਰਹੀਮ ਖੁਦਾਇਆ"।
ਯਾ ਧਰਮ, ਪਯਾਰੇ! ਧਰਮ ਸੱਚਾ, ਧਰਮ ਹੀ ਇਕ ਵਸਤੂ ਹੈ।
ਜਿਸ ਦੇ ਸਹਾਰੇ ਆਦਮੀ ਸਹਿ ਜਾਂਵਦਾ ਸਭ ਕਸ਼ਟ ਹੈ।
ਉਸ ਪ੍ਰੇਮ ਦੇ ਪਰਕਾਸ਼ ਅੰਦਰ ਸੁਖ ਚੁਫੇਰੇ ਆਂਵਦਾ।
ਅਰ ਬਾਹਰ ਦਾ ਦੁੱਖ ਆਇ ਭੀ, ਤਦ ਚਿੱਤ ਨਹੀਂ ਘਬਰਾਂਵਦਾ।
ਉਹ ਜੋਤ ਸੱਚੀ ਨਾਲ ਜੁੜਿਆ ਲੀਨ ਰਹਿੰਦਾ ਪਿਆਰ ਵਿਚ।
ਨਹੀਂ ਅੱਖ ਭਰ ਕੇ ਵੇਖਦਾ ਕੀ ਹੋ ਰਿਹਾ ਸੰਸਾਰ ਵਿਚ।
ਚਰਖੀ ਫਿਰਾਈ ਵਾਰ ਤੀਜੀ ਜ਼ੋਰ ਸਾਰਾ ਲਾਇ ਕੇ।
ਜੱਲਾਦ ਫਾਵੇ ਹੋਇ ਡਿੱਗੇ ਢੇਰ ਦੇਰ ਘੁਮਾਇ ਕੇ।
ਨਵਾਬ ਦੇ ਪੱਥਰ ਮਨ ਦੇ ਪੱਥਰ ਕਾਰੇ
ਨਵਾਬ ਨੀਚ ਸੁਭਾਉ ਨੇ ਜਦ ਧਰਮ ਨੂੰ ਪਰਤਾਇਆ।
ਤਦ ਸਮਝਿਆ ਇਹ ਸਿੱਖ ਤਾਂ ਨਹੀਂ ਰੰਚ ਭੀ ਘਬਰਾਇਆ।
ਮਰ ਜਾਇਗਾ ਪਰ ਦੀਨ ਸਾਡੇ ਵਿਚ ਮੂਲ ਨਾ ਆਇਗਾ।
ਪਰ ਪੂਰਨੇ ਸਿਖਾਂ ਅਨੇਕਾਂ ਨੂੰ ਹਠੀ ਸਿਖਲਾਇਗਾ।
ਐਸੇ ਹਠੀਲੇ ਧਰਮ ਪਰ ਕੁਰਬਾਨ ਹੁੰਦੇ ਜੇ ਗਏ।
ਤਦ ਥੰਮ੍ਹ ਸਾਡੇ ਤੇਜ ਤਪ ਦੇ ਤੁਰਤ ਹੀ ਹਿੱਲ ਜਾਣਗੇ।
ਪਰ ਜੇ ਅਜੇਹੇ ਸਿਖ ਥੋੜੇ ਭੀ ਅਸਾਡੇ ਜਾਲ ਵਿਚ।
ਆ ਜਾਣ ਤਾਂ ਲਾ ਦੇਣਗੇ, ਜੜ੍ਹ ਦੀਨ ਦੀ ਪਤਾਲ ਵਿਚ।
ਮੈਂ ਲੋਭ ਲਾਲਚ ਭੀ ਬਥੇਰਾ ਏਸ ਨੂੰ ਦਿਖਲਾ ਚੁਕਾ।
ਅਰ ਡਰ ਡਰਾਵੇ ਨੂੰ ਭਿ ਮਾਨੋ ਹੱਦ ਤੀਕ ਪੁਚਾ ਚੁਕਾ।