ਚਮੜੇ ਸਣੇ ਸਭ ਕੇਸ ਇਸ ਦੇ ਵੱਖ ਹੋਣ ਸਰੀਰ ਤੋਂ।
ਨ ਸ਼ਰਮ ਮੇਰੀ ਰਹਿ ਸਕੇ ਹੁਣ ਬਾਝ ਏਸ ਤਦਬੀਰ ਤੋਂ।
ਵੈਰੀ ਵੀ ਸਿੱਖ ਦੇ ਧਰਮ ਨੂੰ ਸਲਾਹੁੰਦੇ ਹਨ
ਹਾਂ! ਹਾਇ, ਪਯਾਰੇ ਖਾਲਸਾ! ਹੁਣ ਦੇਖ ਰੰਬੀ ਚੱਲਦੀ।
ਪੜਛੇ ਉਤਰਦੇ ਵੇਖ ਲੈ, ਅਰ ਦੇਖ ਚਰਬੀ ਢੱਲਦੀ।
ਹਾਂ! ਲਹੂ ਦੇ ਪਰਨਾਲੜੇ ਹੁਣ ਕਿਸ ਤਰ੍ਹਾਂ ਹਨ ਵਹਿ ਰਹੇ।
“ਸ਼ਾਬਾਸ਼ ਸਿੱਖਾ ਧਰਮ ਦੇ" ਵੈਰੀ ਭੀ ਹਨਗੇ ਕਹਿ ਰਹੇ।
ਉਹ ਧਰਮ ਦਾ ਸ਼ਹੀਦ ਹੁਣ ਭੀ ਸੀ ਨਹੀਂ ਹੈ ਆਖਦਾ।
ਉਸ ਵਾਹਿਗੁਰੂ ਦਾ ਜਾਪ ਇਸ ਦੁੱਖ ਵਿਚ ਭੀ ਹੈ ਭਾਖਦਾ।
ਨਵਾਬ ਦੀ ਹੁਣ ਹਿੱਕ ਠੰਢੀ ਲਾਹ ਪੜਛੇ ਹੋ ਗਈ।
ਬੇ ਅੰਤ ਕਸ਼ਟ ਪੁਚਾਇ ਕੇ ਲੱਖ ਵੱਟਿਆ ਇੱਜ਼ਤ ਬਚੀ।
ਹਾਂ! ਖੂਨ ਵਿਚ ਤਿਬੁੱਡ ਹੋਇਆ ਵੇਖਿਆ ਨਹਿਂ ਜਾਂਵਦਾ।
ਚਰਬੀ ਪਿਘਲਦੀ ਵੇਖ ਸਿਰ ਤੋਂ, ਕਾਲ ਭੀ ਡਰ ਖਾਂਵਦਾ।
ਦੋਹਿਰਾ॥
ਧਰਮ ਬੀਰ ਨੇ ਧੀਰ ਧਰ, ਦਿਤਾ ਸੀਰ ਚੁਵਾਇ।
ਸਦਕੇ ਤੁੱਛ ਸਰੀਰ ਕਰ, ਲੀਤਾ ਧਰਮ ਬਚਾਇ।
ਘੋਰ ਪਾਪ ਨੇ ਨਵਾਬ ਨੂੰ ਫਿਟਕਾਰ ਦਿੱਤੀ
ਹੁਣ ਸ਼ੇਰ ਘਾਇਲ ਵੇਖ ਕੇ ਨਾਜ਼ਮ ਦਾ ਦਿਲ ਭੀ ਡਰ ਗਿਆ।
ਸ਼ਰਮਿੰਦਗੀ ਦੇ ਨਾਲ ਅੱਖਾਂ ਨੀਵੀਆਂ ਹੀ ਕਰ ਗਿਆ।
ਉਠ ਕੇ ਮਹਿਲ ਨੂੰ ਆਇਆ ਇਹ ਹੁਕਮ ਅੰਤ ਚੜ੍ਹਾਇ ਕੇ।
ਹੁਣ ਹਿੰਦੂਆਂ ਨੂੰ ਕਹਿ ਦਿਓ ਲੈ ਜਾਣ ਤੁਰਤ ਉਠਾਇ ਕੇ।
ਹਾ ! ਬੱਕਰੇ ਦੇ ਵਾਂਗ ਕੁੱਸਾ ਬੀਰ ਮੰਜੇ ਪੈ ਗਿਆ।
ਅਰ ਪ੍ਰੇਮੀਆਂ ਦਾ ਆਣ ਟੋਲਾ ਫਿਰ ਉਠਾ ਕੇ ਲੈ ਗਿਆ।
ਸਭ ਤ੍ਰਾਹ ਤ੍ਰਾਹ ਪੁਕਾਰਦੇ ਨਵਾਬ ਨੂੰ ਧਿਤਕਾਰਦੇ।
ਮੂੰਹ ਜੋੜ ਆਪਸ ਵਿਚ ਕਹਿੰਦੇ ਫਿੱਟ ਐਸੀ ਕਾਰ ਦੇ।
ਕੁਝ ਜ਼ੁਲਮ ਦੀ ਭੀ ਹੱਦ ਹੋਵੇ ਏਸ ਅੱਤ ਉਠਾ ਲਈ।
ਇਕ ਭਗਤ ਪੁਰ ਅਨਯਾਇ ਕਰਕੇ ਇਹ ਮੁਕਾਲਖ ਪਾ ਲਈ।
----------------------
੧. ਮੋਚੀ ਸਿਰ ਦਾ ਚਮੜਾ ਛਿੱਲਦੇ ਸਨ. ਕੇਸਾਂ ਦੀ ਬੇਅਦਬੀ ਨਹੀਂ ਹੋਈ, ਇਸ ਲਈ ਭਾਈ ਜੀ ਨੇ ਧਰਮ ਦੀ ਸਬੂਤੀ ਵਿਚ ਚੁਪ-ਚਾਪ ਕਸ਼ਟ ਸਹਿ ਲਿਆ।