ਸਿੱਖਾਂ ਤੋਂ ਖੁੱਸ ਰੰਘੜਾਂ ਦੇ ਹੱਥ ਆ ਗਿਆ।
ਉਨ੍ਹਾਂ ਅਨੰਦ ਭੌਨ ਸੀ ਇਸ ਨੂੰ ਬਣਾ ਲਿਆ।
ਮੱਸਾ ਬੜਾ ਪਲੀਤ ਸਦਾ ਆਣ ਬੈਠਦਾ।
ਅਰ ਨਾਚ ਰੰਗ ਕੰਜਰਾਂ ਦਾ ਹੋਂਵਦਾ ਸਦਾ।
ਹਾ! ਭਜਨ ਭੌਣ ਵਿਚ ਰਹੇ ਉੱਡਦੀ ਸ਼ਰਾਬ।
ਹੁੱਕਾ ਭੀ ਗੁੜ ਗੁੜਾਇ ਕਰੇ ਪਾਪ ਬੇ ਹਸਾਬ।
ਪੰਜਾਬ ਦੇ ਵਿਚ ਖਾਲਸਾ ਜੀ ਰਹਿ ਨ ਸੀ ਗਿਆ।
ਕੁਝ ਨਾਦਰੀ ਤੁਫਾਨ ਨੇ ਸੀ ਰੋੜ੍ਹ ਘੱਤਿਆ।
ਕੁਝ ਰਾਜ ਤ੍ਰਾਸ ਮਾਰ ਕੇ ਬਰਬਾਦ ਕਰ ਲਿਆ।
ਜੋ ਰਹਿ ਗਿਆ ਉਹ ਜੰਗਲਾਂ ਦੇ ਵਿਚ ਜਾ ਰਿਹਾ।
ਪੰਜਾਬ ਛੋੜ ਬੀਕਾਨੇਰ ਜਾ ਲੁਕੇ ਕਈ।
ਅਪਦਾ ਸੀ ਬੀਰ ਕੌਮ ਦੇ ਸਿਰ ਇਸ ਤਰ੍ਹਾਂ ਪਈ।
ਹਰੇਕ ਸਿੱਖ ਦੇ ਸਿਰ ਦੇ (੮੦ ਰੁਪਏ) ਰੋਕ ਇਨਾਮ ਲੈਣ ਲਈ ਪੱਤਾ-ਪੱਤਾ ਵੀ ਸਿੱਖਾਂ ਦਾ ਖੂਨੀ ਵੈਰੀ ਬਣ ਰਿਹਾ ਸੀ
ਘਰ ਘਰ ਦੇ ਵਿੱਚ ਹੁਕਮ ਸੀ ਸਿੱਖਾਂ ਦੇ ਵਾਸਤੇ।
ਸਿਰ ਕੱਟ ਦਿਓ ਝੱਟ ਹੀ ਜਿੱਥੇ ਕੋਈ ਮਿਲੇ।
ਹਰ ਸਿਰ ਦਾ ਮੁਲ "ਅੱਸੀ ਰੁਪਯੇ" ਓ ਲੈ ਲਵੇ।
ਇਸ ਹੁਕਮ ਨਾਲ ਭਾਈ ਭੀ ਵੈਰੀ ਸੇ ਬਣੇ ਰਹੇ।
ਘਰ ਬਾਰ ਛੋੜ ਜੰਗਲੀਂ ਵਸੇ ਨੇ ਆਇ ਕੇ।
ਦਿਨ ਵਕਤ ਦੇ ਗੁਜ਼ਾਰਦੇ ਏਕਾਂਤ ਜਾਇ ਕੇ।
ਹਾ, ਖਾਲਸਾ ਜੀ ! ਖਾਲਸਾ ਜੇ ਹੋਂਵਦਾ ਖੜਾ।
ਮੱਸਾ ਨਾ ਕਹਿਰ ਕਰਕੇ ਫਿਰ ਸੌਂ ਹੀ ਸਕਦਾ।
ਪਰ ਹਾਇ ! ਵਖਤ ਕੌਮ 'ਤੇ ਐਸਾ ਸੀ ਆ ਪਿਆ।
ਚੁਪ ਚਾਪ ਦਿਨ ਬਿਤਾਨ ਬਿਨਾਂ ਕੁਝ ਨ ਸੁੱਝਦਾ।
ਓੜਕ ਏ ਸਾਰ ਖਾਲਸੇ ਨੂੰ ਕਿਸ ਤਰ੍ਹਾਂ ਪਈ?
ਅਰ ਸਾਰ ਆਪਣੇ ਧਾਮ ਦੀ ਆ ਕਿਸ ਤਰ੍ਹਾਂ ਲਈ?
ਭਾਈ ਬੁਲਾਕਾ ਸਿੰਘ ਜੀ ਲੱਭਦੇ-ਲੱਭਦੇ ਸਿੱਖਾਂ ਨੂੰ ਬੀਕਾਨੇਰ ਪਹੁੰਚ ਪਏ
ਭਾਈ ਬੁਲਾਕਾ ਸਿੰਘ ਸੀ ਇਕ ਪ੍ਰੇਮ ਮੂਰਤੀ।
ਉਸ ਦੀ ਨ ਅੱਖ ਇਹ ਅਨਰਥ ਦੇਖ ਸਹਿ ਸਕੀ।