ਰੌਂ ਨੂੰ ਕਿਸ ਤਰ੍ਹਾਂ ਪਲਟਾ ਦੇ ਕੇ ਸ੍ਰੇਸ਼ਟ ਬਣਾ ਸਕਦਾ ਹੈ, ਏਸ ਵਾਸਤੇ ਆਪਣਾ ਲਾਭ ਵਿਚਾਰ ਵਾਲੇ ਗੁਣ ਗ੍ਰਾਹੀ ਸੱਜਣਾਂ ਪਾਸੋਂ ਅਸੀਂ ਉਮੈਦ ਰੱਖਦੇ ਹਾਂ ਕਿ ਏਸ ਪੁਸਤਕ ਦੀ ਇਕ-ਇਕ ਕਾਪੀ ਹਰੇਕ ਘਰ ਦੇ ਜੀਅ-ਜੀਅ ਪ੍ਰਤੀ ਪੁਚਾਉਣ ਦਾ ਯਤਨ ਕਰਨ। ਨਾ ਕੇਵਲ ਆਪਣੇ ਘਰਾਂ ਵਿਚ ਹੀ ਪ੍ਰਚਾਰ ਕਰਨ, ਬਲਕਿ ਮਿੱਤਰਾਂ ਸੱਜਣਾਂ ਦੇ ਤੇ ਸਕੂਲਾਂ, ਕੰਨਯਾ ਪਾਠਸ਼ਾਲਾਂ ਆਦਿਕਾਂ ਵਿਚ ਵੀ ਪ੍ਰਵੇਸ਼ ਦੇਣ ਤੇ ਰਾਗੀ ਰਬਾਬੀਆਂ ਨੂੰ ਵੀ ਏਸ ਵਿਚੋਂ ਪ੍ਰਸੰਗ ਸੁਣਾਉਣ ਵਾਸਤੇ ਪ੍ਰੇਰਨਾ ਕਰਦੇ ਜਾਣ। ਜਿਸ ਨਾਲ ਸਭ ਪਾਸਿਉਂ ਧਰਮ ਦੇ ਪਿਆਰ ਕਰਨ ਵਾਲੀਆਂ ਆਤਮਾਵਾਂ ਦੀ ਸੁਗੰਧੀ ਪਸਰ ਕੇ ਫੇਰ ਭਾਰਤ ਵਰਸ਼ ਵਿਚੋਂ ਵੈਰ, ਡਾਹ, ਈਰਖਾ ਤੇ ਮਤਸਰ ਆਦਿਕ ਪਾਪਾਂ ਦੀ ਸੜਿਹਾਨ ਲੋਪ ਹੋ ਜਾਵੇ। ਕੇਹਾ ਉਪਦੇਸ਼ ਹੈ :
ਸ੍ਵੈਯਾ॥
ਅਪਨੇ ਹਿਤ ਤ੍ਯਾਗ ਕਰੇ ਪਰ ਕੋ ਹਿਤ, ਤੇ ਨਰ ਉਤਮ ਹੈਂ, ਜਗ ਮਾਂਹੀ।
ਅਪਨੇ ਹਿਤ ਸੰਗ ਕਰੇ ਪਰ ਕੋ, ਨਰ ਆਹਿ ਸਮਾਨ ਵਹੀ ਭਵ ਮਾਂਹੀ।
ਅਪਨੇ ਹਿਤ ਨਾਸ ਕਰੇ ਪਰ ਕੋ ਹਿਤ, ਚਾਕਸ ਕਰ ਤੇ ਜਗ ਮਾਂਹੀ।
ਬਿਨ ਹੀ ਅਪਨੇ ਹਿਤ, ਨਾਸ ਕਰੇ ਪਰ ਕੋ ਹਿਤ, ਤੇ ਨਰ ਕੌਨ ਕਹਾਂ ਹੀ ॥੨੧॥ (ਭਾਵਰਸਾਮ੍ਰਿਤ)
ਅੰਤ ਵਿਚ ਚਾਤ੍ਰਿਕ ਵਤ ਸ਼ਾਂਤੀ ਬੂੰਦ ਲਈ ਕਵੀ ਜੀ ਦਾ ਧੰਨਵਾਦ ਕਰਦੇ-ਕਰਦੇ ਅਸੀਂ ਪਾਠਕਾਂ ਪਾਸ ਸਨਿਮਰ ਬੇਨਤੀ ਕਰਦੇ ਹਾਂ ਕਿ ਜਿਥੇ ਕਿਤੇ ਭੁੱਲ ਨਜ਼ਰ ਆਵੇ ਸੋ ਖਿਮਾਂ ਕਰਨੀ ਤੇ ਦਾਸ ਨੂੰ ਕ੍ਰਿਪਾ ਕਰਕੇ ਲਿਖਣਾ ਜੋ ਸੋਧ ਕੀਤੀ ਜਾ ਸਕੇ। ਚੂੰਕਿ ਕਵੀ ਜੀ ਨੇ ਇਹ ਇਤਿਹਾਸ ਹੀ ਅਜਿਹਾ ਲਿਖਿਆ ਹੈ ਤੇ ਨਾਮਨੇ ਦੀ ਮਸ਼ਹੂਰੀ ਨੂੰ ਨਹੀਂ ਲੋਚਦੇ। ਸੋ ਸਾਨੂੰ ਹੁਕਮ ਦੇਂਦੇ ਹਨ ਜੋ ਨਾਮ ਉਨ੍ਹਾਂ ਦਾ ਪੁਸਤਕ 'ਤੇ ਨਾ ਲਿਖਿਆ ਜਾਵੇ। ਸੋ ਅਮਰ ਮਜਬੂਰੀ ਉਨ੍ਹਾਂ ਦਾ ਨਾਮ ਪ੍ਰਗਟ ਨਹੀਂ ਕੀਤਾ ਗਿਆ, ਪਰ ਅਸੀਂ ਉਨ੍ਹਾਂ ਦੀ ਮੇਹਨਤ ਤੇ ਦਯਾ ਨੂੰ ਹਰੀ ਦਾ ਧਨ ਸਮਝ ਕੇ ਫੇਰ ਬਹੁਤ-ਬਹੁਤ ਧੰਨਵਾਦ ਦੇਂਦੇ ਹੋਏ ਬਸ ਕਰਦੇ ਹਾਂ। ਆਸ਼ਾ ਹੈ ਏਸ ਹਰਿ ਧਨ ਵਿਚੋਂ ਜੋ ਸਭ ਦਾ ਸਾਂਝਾ ਹੈ, ਬਹੁਤ ਸਾਰੇ ਸੱਜਣ ਗੱਫਾ ਲਾਉਣਗੇ।
ਅੰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਫੁਰਮਾਨ:
ਕੂੜਹੁ ਕਰੇ ਵਿਣਾਸੁ ਧਰਮੇ ਤਗੀਐ॥ (ਪੰਨਾ ੫੧੮)
ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ॥ (ਪੰਨਾ ੮੪)
ਸਭ ਪ੍ਰਾਣੀ-ਮਾਤ੍ਰ ਨੂੰ ਫੇਰ ਯਾਦ ਕਰਾਉਂਦੇ-ਕਰਾਉਂਦੇ ਅਸੀਂ ਪੱਖ ਹੁੰਦੇ ਹਾਂ।
ਆਪ ਦਾ ਭੁੱਲਣਹਾਰ ਕੀਟ,
ਅਮਰ ਸਿੰਘ
ਖ਼ਾਲਸਾ ਏਜੰਸੀ, ਅੰਮ੍ਰਿਤਸਰ।
੭ ਫੱਗਣ, ੪੪੨ ਨਾਨਕਸ਼ਾਹੀ