ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਧਰਮ ਬੀਰ (ਮੰਡਲ ਪਹਿਲਾ)
ਦੇਹ ਅਨਿੱਤ ਨ ਨਿੱਤ ਰਹੈ ਜਸ ਨਾਵ ਚੜੈ ਭਵ ਸਾਗਰ ਤਾਰੈ॥
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੱਚ ਪਰ ਕੁਰਬਾਨੀ
ਕਲੂ ਕਾਲ ਦਾ ਪਹਿਰਾ ਆਯਾ, ਜੁਗ ਵਿਚ ਛਾਯਾ ਧੁੰਦੂਕਾਰ।
ਕਾਲੀ ਬੋਲੀ ਰਾਤ ਪੈ ਗਈ, ਹੋਯਾ ਪਾਪਾਂ ਦਾ ਵਿਸਥਾਰ।
ਸਚ ਚੰਦ੍ਰਮਾ ਓਹਲੇ ਹੋਇਆ, ਕੂੜ ਅਮਾਵਸ ਦਾ ਬਲਕਾਰ।
ਦਯਾ ਧਰਮ ਅਰ ਭਗਵਤ ਭਗਤੀ ਉੱਡੇ ਕਿਧਰੇ ਪੰਛੀ ਹਾਰ।
ਰਾਜਾ ਪਰਜਾ ਖਚਿਤ ਹੋ ਗਏ, ਪਾਪਾਂ ਅਪਕਰਮਾਂ ਵਿਚਕਾਰ।
ਡੋਲ ਖਲੋਤਾ ਧਰਮ ਧੌਲ, ਧਰਤੀ ਨੇ ਪਾਈ ਹਾਲ ਪੁਕਾਰ।
ਧੁਨ ਪਹੁੰਚੀ ਕਰਤਾਰ ਪਾਸ, ਦੁਨਯਾਂ ਵਿਚ ਹੋਈ ਹਾਹਾਕਾਰ।
ਕ੍ਰਿਪਾ ਕਰੋ ਦੁੱਖ ਹਰੋ ਨਾਥ, ਵਧ ਗਿਆ ਬਹੁਤ ਪਾਪਾਂ ਦਾ ਭਾਰ।
ਸੁਣਿ ਪੁਕਾਰ ਦਾਤਾਰ ਪ੍ਰਭੂ, ਗੁਰ ਨਾਨਕ ਜੀ ਭੇਜੇ ਅਵਤਾਰ।
ਜਿਨ ਆਪਣੇ ਉਪਦੇਸ਼ ਨਾਲ, ਅੰਧੇਰੇ ਦਾ ਕੀਤਾ ਪਰਹਾਰ।
ਸਤ੍ਯ ਧਰਮ ਦਾ ਸੂਰ ਚੜ੍ਹਾ ਕੇ, ਭਗਤਿ ਭਾਵ ਕੀਤਾ ਪਰਚਾਰ।
ਸਤ ਮਾਰਗ ਵਿਚ ਪਾਈ ਖਲਕਤ, ਸਤਿਨਾਮੁ ਦਾ ਮੰਤ੍ਰ ਉਚਾਰ।
ਸਤ੍ਯ ਧਰਮ ਦਾ ਬਾਗ਼ ਲਗਾ ਕੇ, ਸਿੰਚਨ ਦੀ ਸਿਰ ਚਾਈ ਕਾਰ।
ਫਿਰ ਫਿਰ ਦੇਸ਼ ਦੇਸ਼ੰਤਰ ਅੰਦਰ ਸਭ ਸੁਖ ਚੈਨ ਆਪਣੇ ਵਾਰ।
ਲਹੂ ਵੀਟ ਕੇ ਆਪਣਾ ਉਸ ਨੂੰ ਸਿੰਚਨ ਕੀਤਾ ਬਾਰੰ ਬਾਰ।
ਦਸ ਜਾਮੇ ਧਰ ਧਰਮ ਬਚਾਯਾ, ਸਮੇਂ ਸਮੇਂ ਦੀ ਲੋੜ ਵਿਚਾਰ।
ਪੰਜਵੇਂ ਜਾਮੇ ਸ੍ਰੀ ਗੁਰ ਅਰਜਨ ਜਦ ਆਏ ਦੁਨਯਾਂ ਵਿਚਕਾਰ।
ਉਨ੍ਹੀਂ ਦਿਨੀ ਸੀ ਅਕਬਰ ਸ਼ਾਹ ਦਾ ਸਿੱਕਾ ਚਲਦਾ ਦੇਸ ਮਝਾਰ।
ਰਾਜ ਮਦੁ ਦੀ ਅਗਨਿ ਕੁਛਕ ਸੀ, ਮੰਦ, ਬੰਦ ਸੀ ਮਾਰੋ ਮਾਰ।
ਲੋੜ ਸਮੇਂ ਦੀ ਲਖ ਸਤਿਗੁਰ ਨੇ ਕੀਤਾ ਸ਼ੁਰੂ ਧਰਮ ਪਰਚਾਰ।