"ਸਤਿਨਾਮੁ" ਦਾ ਲੰਗਰ ਲਾਯਾ, ਮੁਕਤਿ ਭੁਗਤਿ ਦਾ ਖੋਲ੍ਹ ਦੁਆਰ।
ਖੂਹੇ ਤਾਲ ਬਾਵਲੀ ਲਾਏ, ਭੋਜਨ ਦੇ ਖੋਲ੍ਹੇ ਭੰਡਾਰ।
ਸ੍ਰੀ ਅੰਮ੍ਰਿਤਸਰ, ਹਰਿਮੰਦਰ ਰਚ, ਥਾਪਿਆ ਸੱਚੇ ਦਾ ਦਰਬਾਰ।
ਤਰਨ ਤਾਰਨ ਦਾ ਤਾਲ ਲਵਾ ਵਿਚ, ਮੰਦਰ ਪਾਯਾ ਦੂਖਨਿਵਾਰ।
ਜਗ ਤਾਰਨ ਹਿਤ ਬੋਹਿਥ ਰਚਿਆ, ਅਨੁਭਵ ਬਾਣੀ ਮੁਖੋਂ ਉਚਾਰ।
ਸ੍ਰੀ ਗੁਰੂ ਗ੍ਰੰਥ ਪੰਥ ਦੇ ਵਾਲੀ, ਦੀਨ ਦੁਨੀ ਦੇ ਮੱਦਦਗਾਰ।
ਭਾਰਤ ਦੀ ਕਲਯਾਣ ਵਾਸਤੇ, ਹੋਰ ਬਿਅੰਤ ਕਰੇ ਉਪਕਾਰ।
ਇਕ ਦਿਨ ਸਤਿਗੁਰ ਬੈਠੇ ਸੇ ਸ੍ਰੀ ਹਰਿਮੰਦਰ ਵਿਚ ਲਾਇ ਦਿਵਾਨ।
ਅਕਬਰ ਦੇ ਦਰਬਾਰੀ ਚੰਦੂ ਦੇ ਦੋ ਲਾਗੀ ਪਹੁੰਚੇ ਆਨ।
ਸਾਹਿਬਜ਼ਾਦੇ ਹਰਿਗੋਬਿੰਦ ਜੀ ਲਾਇਕ ਵਰ ਕਰਕੇ ਅਨੁਮਾਨ।
ਸਾਕ ਵਾਸਤੇ ਅਰਜ਼ ਗੁਜ਼ਾਰੀ, ਸਤਿਗੁਰ ਕਰ ਲੀਤੀ ਪਰਵਾਨ।
ਜਾ ਦਿੱਲੀ ਤਿਨ ਖਬਰ ਪੁਚਾਈ, ਸੁਣ ਸੜਿਆ ਚੰਦੂ ਦੀਵਾਨ।
ਗੁਰੂ ਅਰਜਨ ਇਕ ਸਾਧੂ ਹੈ, ਅਰ ਮੈਂ ਸ਼ਾਹੀ ਦੀਵਾਨ ਮਹਾਨ।
ਇੱਟ ਚੁਬਾਰੇ ਦੀ ਲਾ ਆਏ ਮੋਰੀ ਨੂੰ, ਮੂਰਖ ਨਾਦਾਨ!
ਦਿੱਲੀ ਦੀ ਸੰਗਤ ਨੇ ਸੁਣਿਆ, ਸਤਿਗੁਰੂ ਨੂੰ ਨਿੰਦੇ ਦੀਵਾਨ।
ਲਿਖ ਘੱਲੀ ਅਰਦਾਸ ਗੁਰੂ ਪਹਿ, ਚੰਦੂ ਖਾਧੀ ਬੜੀ ਗਲਾਨ।
ਸਾਕ ਉਦ੍ਹਾ ਮਨਜ਼ੂਰ ਨ ਕਰਨਾ, ਸੰਗਤ ਦਾ ਰੱਖ ਲੈਣਾ ਮਾਨ।
ਸਤਿਗੁਰੁ ਬੋਲੇ ਸੋਏ ਹੋਸੀ ਜੋ ਸੰਗਤ ਕੀਤਾ ਫੁਰਮਾਨ।
ਪਹੁੰਚੀ ਖਬਰ ਜਦੋਂ ਏਹ ਦਿੱਲੀ, ਚੰਦੂ ਲੱਗਾ ਖੇਹ ਉਡਾਨ।
ਮੇਰਾ ਨਾਤਾ ਮੋੜ ਗੁਰੂ ਕਦ ਬੈਠੇਗਾ ਕਰ ਉੱਚੀ ਸ਼ਾਨ?
ਇਉਂ ਵੈਰੀ ਬਣ ਗਿਆ ਗੁਰੂ ਦਾ, ਸੋਚਾਂ ਵਿਚ ਰਹੇ ਗਲਤਾਨ।
ਪ੍ਰਿਥੀ ਚੰਦ ਗੁਰੂ ਦਾ ਵਡ ਭ੍ਰਾਤਾ, ਜੋ ਹੰਕਾਰੀ ਸੀਗ ਮਹਾਨ।
ਉਸ ਦੇ ਨਾਲ ਧਮੌਕਾ ਪਾਯਾ, ਦੋਨੋਂ ਲੱਗੇ ਮਤਾ ਪਕਾਨ।
ਰਲ ਕੇ ਕੇਈ ਵਾਰ ਚਲਾਏ, ਥੱਪੇ ਕੋਈ ਝੂਠ ਤੁਫਾਨ।
ਪਰ ਕਰਤਾਰ ਜਿਲ੍ਹੇ ਵੱਲ ਹੋਵੇ, ਕੌਣ ਉਦ੍ਹਾ ਕਰ ਸਕੇ ਹਾਨ।
ਜੋ ਦੁਖ ਆਯਾ ਮਾਰ ਹਟਾਯਾ, ਆਪ ਪ੍ਰਭੂ ਨੇ ਹੋ ਮਿਹਰਵਾਨ।
ਅਕਬਰ ਤੀਕ ਮੁਰੀਦ ਹੋ ਗਏ, ਪਚ ਪਚ ਮਰੇ ਨੀਚ ਸ਼ੈਤਾਨ।
ਆਂਚ ਨ ਲੱਗੀ ਸਤਿ ਧਰਮੀ ਨੂੰ ਵਧਦੀ ਗਈ ਦਿਨੋ ਦਿਨ ਸ਼ਾਨ।
ਜਿਉਂ ਜਿਉਂ ਪਾਪੀ ਕਰਨ ਈਰਖਾ ਤਿਉਂ-ਤਿਉਂ ਮਹਿਮਾ ਹੋਇ ਮਹਾਨ।
ਅਕਬਰ ਦੇ ਦਮ ਹੋਏ ਬਰਾਬਰ ਜਹਾਂਗੀਰ ਦਾ ਆਯਾ ਰਾਜ।