ਇਸ ਦਾ ਛੋਟਾ ਭਾਈ ਖਿਸਰੋ ਲੜ-ਭਿੜ ਕੇ ਹੋਯਾ ਨਾਰਾਜ਼।
ਜਾਨ ਬਚਾ ਕਾਬਲ ਨੂੰ ਨੱਠਾ, ਤਯਾਗ ਪਿਤਾ ਦਾ ਰਾਜ ਸਮਾਜ।
ਰਸਤੇ ਵਿਚ ਸਤਿਗੁਰ ਦੇ ਦ੍ਵਾਰੇ ਅਰਜ਼ ਗੁਜ਼ਾਰੀ ਹੇ ਮਹਾਰਾਜ!
ਕ੍ਰਿਪਾ ਕਰੋ ਮੈਂ ਦੁਖੀਏ ਪਰ ਪ੍ਰਭ, ਦਰ ਦਰ ਦਾ ਹੋਯਾ ਮੁਹਤਾਜ।
ਸਤਿਗੁਰ ਨੇ ਧੀਰਜ ਦੇ ਉਸ ਨੂੰ ਧਨ ਦੇ ਸਰਬ ਸੁਆਰੇ ਕਾਜ।
ਸ਼ਾਹ ਫਕੀਰ ਸੰਤ ਦਰ ਇੱਕੋ, ਸੰਤ ਸਭਸ ਦੇ ਹੇਤ ਜਹਾਜ਼।
ਪਰ ਚੰਦੂ ਨੂੰ ਗੱਲ ਮਿਲ ਗਈ, ਪ੍ਰਿਥੀ ਚੰਦ ਨੂੰ ਮਾਰੀ ਵਾਜ।
"ਆ ਭਾਈ ! ਹੁਣ ਗੁਰੂ ਅਰਜਨ ਦਾ ਕਰੀਏ ਚੰਗੀ ਤਰ੍ਹਾਂ ਇਲਾਜ।
ਜਹਾਂਗੀਰ ਲਾਹੌਰ ਤਯਾਰ ਹੈ, ਹੋਇ ਰਿਹਾ ਹੈ ਸਾਜ ਸਮਾਜ।
ਬਦਲੇ ਖੂਬ ਲਵਾਂਗੇ ਓਥੇ, ਗਿਣ ਗਿਣ ਸਾਰਾ ਮੂਲ ਬਿਆਜ।"
ਚੰਦੂ ਦੀਵਾਨ ਦੀ ਬਾਦਸ਼ਾਹ ਪਾਸ ਚੁਗਲੀ ਕਰਨੀ
ਜਹਾਂਗੀਰ ਕਸ਼ਮੀਰ ਜਾਂਦਿਆਂ ਵਿਚ ਲਹੌਰ ਕੀਤਾ ਇਜਲਾਸ।
ਚੰਦੂ ਸ਼ਾਹ ਨੇ ਸਮਾਂ ਤਾੜ ਕੇ ਚੁਗਲੀ ਕੀਤੀ ਉਸ ਦੇ ਪਾਸ।
ਅੰਮ੍ਰਿਤਸਰ ਵਿਚ ਗੁਰੁ ਅਰਜਨ ਹੈ, ਰੱਯਤ ਵਿਚ ਫਸਾਦੀ ਖਾਸ।
ਖਿਸਰੋ ਨੱਠੇ ਜਾਂਦੇ ਨੂੰ ਉਨ ਆਪਣੇ ਡੇਰੇ ਦਿੱਤਾ ਵਾਸ।
ਧਨ ਅਸਬਾਬ ਢੇਰ ਕੁਝ ਦਿੱਤਾ ਪ੍ਰੇਮ ਨਾਲ ਕਰ ਬਚਨ ਬਿਲਾਸ।
ਵੱਡੇ ਭਾਈ ਪ੍ਰਿਥੀ ਚੰਦ ਦਾ ਖੋਹ ਅਧਿਕਾਰ ਲਵੇ ਅਰਦਾਸ।
ਅਰ ਇਕ ਰਚੀ ਕਿਤਾਬ ਓਸ ਨੇ ਪੰਥ ਚਲਾਯਾ ਅਪਣਾ ਖਾਸ।
ਹਜ਼ਰਤ ਪੈਗੰਬਰ ਦੀ ਉਸ ਵਿਚ, ਲਿਖ ਨਿੰਦਾ ਕੀਤੇ ਉਪਹਾਸ।
ਰਹੇ ਸਦਾ ਹੰਕਾਰ ਮਤਿਆ, ਮੂਲ ਨ ਰੱਖੇ ਰਾਜ ਤਰਾਸ।
ਉਸ ਦਾ ਬੰਦੋਬਸਤ ਚਾਹੀਏ ਨਹਿ ਤਾਂ ਕਰਸੀ ਢੇਰ ਵਿਣਾਸ।
ਜਹਾਂਗੀਰ ਕੰਨਾਂ ਦਾ ਕੱਚਾ, ਸਚ ਸਮਝਿਆ ਇਹ ਬਕਵਾਸ।
ਹੁਕਮ ਚੜਾਯਾ ਸੂਬੇ ਨੂੰ ਜਾ ਤੁਰਤ ਲਿਆਓ ਮੇਰੇ ਪਾਸ।
ਹਜ਼ਰਤ ਦੀ ਹੱਤਕ ਜਿਨ ਕੀਤੀ ਉਸ ਦਾ ਕਰਨਾ ਚਾਹੀਏ ਨਾਸ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਰਾਜ ਦਰਬਾਰ ਵਿਚ ਪਹੁੰਚ ਕੇ ਸੱਚ ਪ੍ਰਗਟਾਉਣਾ
ਆਯਾ ਧੁਰ ਦਰਗਾਹੀ ਸੱਦਾ, ਜਹਾਂਗੀਰ ਦਾ ਨਾਮ ਰਖਾਇ।
ਸਤਿਗੁਰ ਨੇ ਲਖ ਲੀਤਾ ਮਨ ਵਿਚ ਪਿਤਾ ਪ੍ਰਭੂ ਦੀ ਇਹੋ ਰਜ਼ਾਇ।
ਭਾਣਾ ਮੰਨ ਤਿਆਰੀ ਕੀਤੀ, ਸਾਰੀ ਸੰਗਤ ਲਈ ਬੁਲਾਇ।
-------------
੧. ਖੁਸਰੋ ਜਹਾਂਗੀਰ ਦਾ ਭਾਈ ਨਹੀਂ ਉਸ ਦਾ ਪੁੱਤਰ ਸੀ।