ਸਾਹਿਬਜ਼ਾਦੇ ਹਰਿਗੁਬਿੰਦ ਜੀ, ਗੁਰ ਗੱਦੀ ਪਰ ਦਏ ਬਿਠਾਇ।
ਸਭ ਸੰਗਤ ਨੂੰ ਧੀਰਜ ਦੇ ਕੇ ਮਹਲਾਂ ਨੂੰ ਸੰਤੋਸ਼ ਦ੍ਰਿੜ੍ਹਾਇ।
ਅੰਤ ਸਮੇਂ ਸ੍ਰੀ ਹਰਿ ਮੰਦਰ ਦੇ ਵਿਚ ਬੈਠੇ ਆਣ ਸਮਾਧੀ ਲਾਇ।
ਅਗਲੇ ਰੋਜ਼ ਤਿਆਰਾ ਕੀਤਾ ਪਿਤਾ ਪ੍ਰਭੂ ਦਾ ਹੁਕਮ ਵਜਾਇ।
ਉਪਦੇਸ਼ਾਂ ਦਾ ਮੀਂਹ ਵਸਾਂਦੇ ਵਿਚ ਲਹੌਰ ਦੇ ਪਹੁੰਚੇ ਆਇ।
ਸੁਣ ਸੁਣ ਨਾਮ ਗੁਰੂ ਦਾ ਦੂਰੋਂ ਖਲਕਤ ਆਈ ਹੁੰਮ ਹੁਮਾਇ।
ਲੱਗੇ ਨਿਹਾਲ ਕਰਨ ਦੁਨੀਆਂ ਨੂੰ ਸਤਿ ਨਾਮ ਲੰਗਰ ਵਰਤਾਇ।
ਚਾਰ ਦਿਨਾਂ ਠੰਡਕ ਪਾਈ ਉਪਦੇਸ਼ਾਂ ਦਾ ਮੀਂਹ ਵਰਸਾਇ।
ਜਹਾਂਗੀਰ ਨੂੰ ਚੰਦੂ ਨੇ ਜਾ ਖਬਰ ਪੁਚਾਈ ਚੁਗਲੀ ਖਾਇ।
ਚਾਰ ਦਿਨਾਂ ਦਾ ਗੁਰੁ ਅਰਜਨ ਆਯਾ, ਬੈਠਾ ਹੈ ਥੜ੍ਹਾ ਜਮਾਇ।
ਪਰ ਹਜ਼ੂਰ ਦੇ ਪਾਸ ਨਾ ਆਯਾ ਬਣਿਆ ਬੈਠਾ ਆਪ ਖੁਦਾਇ।
ਗੁੱਸਾ ਚਾੜ੍ਹ ਹੁਕਮ ਚੜ੍ਹਵਾਯਾ ਸਤਿਗੁਰ ਨੂੰ ਲੀਤਾ ਸਦਵਾਇ।
ਅਰ ਹਜ਼ਰਤ ਦੀ ਨਿੰਦਾ ਵਾਲੀ ਪੋਥੀ ਭੀ ਭੇਜੀ ਮੰਗਵਾਇ।
ਸ੍ਰੀ ਸਤਿਗੁਰ ਨੇ ਸੱਦਾ ਸੁਣ ਕੇ, ਦਰਸ਼ਨ ਦਿੱਤਾ ਸ਼ਾਹ ਨੂੰ ਆਇ।
ਗ੍ਰੰਥ ਸਾਹਿਬ ਦੇ ਵਾਕ ਸੁਣਨ ਦਾ ਸ਼ਾਹ ਨੂੰ ਸੀਗਾ ਵੱਡਾ ਚਾਇ।
ਜਿਉਂ ਜਿਉਂ ਵਾਕ ਸੁਣੇ ਸਤਿਗੁਰ ਦੇ ਤਿਉਂ ਤਿਉਂ ਬਝਦਾ ਜਾਇ ਧਿਆਇ।
ਅੰਮ੍ਰਿਤ ਬਰਸੇ ਬਚਨ ਬਚਨ ਤੋਂ ਹਿਰਦਾ ਸੀਤਲ ਹੁੰਦਾ ਜਾਇ।
ਹਜ਼ਰਤ ਦੀ ਨਿੰਦਾ ਦਾ ਦੂਸ਼ਨ ਨਾਮ ਮਾਤ੍ਰ ਨ ਨਜ਼ਰੇ ਆਇ।
ਸਮਝ ਗਿਆ ਇਹ ਝੂਠੀ ਤੁਹਮਤ ਵੈਰੀ ਲੋਕਾਂ ਦਿੱਤੀ ਲਾਇ।
ਹੋ ਸੰਤੁਸ਼ਟ ਇਧਰ ਤੋਂ, ਕਹਿੰਦਾ ਮੇਰਾ ਖਿਸਰੋ ਨੀਚ ਭਰਾਇ।
ਪਾਸ ਤੁਹਾਡੇ ਆਯਾ ਸੀ ਜਦ ਕਿਉਂ ਕੀਤੀ ਸੀ ਉਦ੍ਹੀ ਸਹਾਇ ?
ਇਸ ਅਪਰਾਧ ਹੇਤ ਮੈਂ ਚੱਟੀ ਦੋ ਲਖ ਦਿੱਤੀ ਹੈ ਠਹਿਰਾਇ।
ਪਾਸੋਂ ਚੰਦੂ ਸ੍ਵਾਹੀ ਨੇ ਉੱਠ ਇਹ ਸੁਰ ਦਿੱਤੀ ਨਾਲ ਮਿਲਾਇ।
"ਅਰ ਹਜ਼ਰਤ ਦੀ ਉਪਮਾ ਵੀ ਕੁਝ ਇਸ ਪੋਥੀ ਵਿਚ ਦਿਓ ਚੜ੍ਹਾਇ"।
ਸ਼ਾਹ ਨੂੰ ਭੀ ਇਹ ਗੱਲ ਭਾ ਗਈ 'ਹਾਂ' ਕਹਿ ਦਿੱਤਾ ਸੀਸ ਹਿਲਾਇ।
ਪਰ ਸਤਿਗੁਰ ਨੇ ਬਚਨ ਕਿਹਾ ਇਹ ਦੋਵੇਂ ਬਾਤਾਂ ਹਨ ਅਨਿਆਇ।
ਖਿਸਰੋ ਇਕ ਅਤਿਥੀ ਜਾਣ ਕੇ, ਅਸਾਂ ਲਿਆ ਸੀ ਤਦੋਂ ਠਰ੍ਹਾਇ।
ਸੰਤ ਸਭਸ ਦੀ ਸੇਵਾ ਕਰਦੇ ਊਚ ਨੀਚ ਦਾ ਭਰਮ ਮਿਟਾਇ।
ਜੋ ਸੰਗਤ ਦੀ ਚੜ੍ਹਤ ਆਇ ਸੋ ਸੰਗਤ ਹੀ ਜਾਂਦੀ ਹੈ ਖਾਇ।
ਸਾਡੇ ਪਾਸ ਰੁਪਯਾ ਕਿੱਥੋਂ ? ਦੋ ਲੱਖ ਚੱਟੀ ਭਰੀ ਨ ਜਾਇ।
----------------
੧. ਹਰਿਗੋਬਿੰਦ ਨਾਮ ਸਹੀ ਹੈ।