ਇਹ ਬਾਣੀ ਹੈ ਕੰਚਨ ਰੂਪੀ, ਲਿਖਵਾਈ ਹੈ ਆਪ ਖੁਦਾਇ।
ਮੈਂ ਇਸ ਦੇ ਵਿਚ ਆਪਣੇ ਵਲੋਂ ਰੱਤੀ ਖੋਟ ਨ ਸਕਾਂ ਰਲਾਇ।
ਜੋ ਹੋਯਾ ਸੋ ਹੁਕਮੀ ਹੇਯਾ, ਹੋ ਨ ਸਕੇ ਹੁਣ ਵਾਧ ਘਟਾਇ।
ਚੰਦੂ ਨੇ ਸੁਰ ਭਰੀ ਸ਼ਾਹ ਨੂੰ, ਮੈਨੂੰ ਦੇਵੋ ਹੁਕਮ ਚੜ੍ਹਾਇ।
ਚੱਟੀ ਭੀ ਭਰ ਲਵਾਂ ਅਤੇ ਉਸਤਤ ਭੀ ਛੱਡਾਂਗਾ ਲਿਖਵਾਇ।
ਥੋੜ੍ਹੇ ਦਿਨ ਤਕਲੀਫ ਪੁਚਾ ਕੇ ਸਭ ਕੁਝ ਹੀ ਲੈਸਾਂ ਕਰਵਾਇ।
'ਬੇਹਤਰ' ਕਹਿ ਕੇ ਜਹਾਂਗੀਰ ਤਾਂ ਆਪ ਗਿਆ ਕਸ਼ਮੀਰ ਸਿਧਾਇ।
ਪਿਛੋਂ ਚੰਦੂ ਸ੍ਵਾਹੀ ਨੂੰ ਬਦਲਾ ਕੱਢਣ ਦਾ ਲੱਭਾ ਦਾਇ।
ਅਪਣੇ ਡੇਰੇ ਸਤਿਗੁਰ ਜੀ ਨੂੰ ਕੈਦੀ ਕਰਕੇ ਦਿੱਤਾ ਪਹੁੰਚਾਇ।
ਚੰਦੂ ਸ੍ਵਾਹੀ ਦਾ ਨੀਚ ਵਰਤਨ
ਆ ਗੁਰੂ ਜੀ ਦੇ ਪਾਸ ਬੈਠ "ਪੁੱਛੇ ਹੁਣ ਦੱਸੋ ਕੀ ਹੈ ਹਾਲ ?
ਜਾਣ ਬੁੱਝ ਪਰਤਾਪ ਮਿਰਾ ਕਿਉਂ ਵੈਰ ਵਧਾਯਾ ਮੇਰੇ ਨਾਲ ?
ਹੁਣ ਵੀ ਜੇਕਰ ਮੰਨ ਲਵੋ ਤਾਂ ਏਸ ਬਲਾਂ ਨੂੰ ਦੇਵਾਂ ਟਾਲ।
ਸਾਕ ਮੇਰਾ ਮਨਜ਼ੂਰ ਕਰੋ ਤੇ ਉਪਮਾ ਲਿਖ ਕੇ ਦੇਵੋ ਡਾਲ।
ਨਹੀਂ ਤਾਂ ਸੋਚ ਲਵੋ ਮੈਂ ਖਿਝਿਆ, ਸਾਰੀ ਸ਼ੇਖੀ ਦਿਊਂ ਨਿਕਾਲ।
ਸੁਣ ਸਤਿਗੁਰ ਬੋਲੇ, "ਹੇ ਭਾਈ ! ਇਹ ਤੇਰਾ ਹੈ ਖਾਮ ਖਿਆਲ।
ਸਾਡਾ ਵੈਰ, ਵਿਰੋਧ, ਮਿਤ੍ਰਤਾ ਉੱਕਾ ਨਹੀਂ ਕਿਸੇ ਦੇ ਨਾਲ।
ਸੰਗਤ ਨੇ ਜੋ ਹੁਕਮ ਭੇਜਿਆ ਉਸ ਨੂੰ ਮੈਂ ਨ ਸਕਾਂ ਹੁਣ ਟਾਲ।
ਅੰਮ੍ਰਿਤ ਬਾਣੀ ਵਿਚ ਮਿਲਾਣੀ ਵਿਹੁ ਦੀ ਘੁੱਟੀ ਬੜੀ ਮੁਹਾਲ।
ਅਰ ਜੇ ਡਰ ਦਿਖਲਾਵੇਂ ਸਾਨੂੰ, ਇਸ ਦਾ ਵੀ ਕੁਝ ਨਹੀਂ ਖਿਆਲ।
ਜੋ ਕੁਝ ਪਿਤਾ ਪ੍ਰਭੂ ਦਾ ਭਾਣਾ ਉਸ ਵਿਚ ਸਾਡੀ ਕਿਹੀ ਮਜਾਲ ?
ਕਰਤੇ ਦੇ ਭਾਣੇ ਵਿਚ ਰਹਿਣਾ ਇਹ ਸਾਡੇ ਵਡਿਆਂ ਦੀ ਚਾਲ"।
ਇਹ ਸੁਣ ਕੇ ਚੰਦੂ ਖੁਣਸ ਖਾਇ ਕੇ ਅੱਖਾਂ ਕਰਦਾ ਲਾਲੋ ਲਾਲ।
ਪਹਿਰੇਦਾਰ ਬੁਲਾ ਕੇ ਕਹਿੰਦਾ ਇਸ ਨੂੰ ਰੱਖੋ ਪਾਸ ਬਿਠਾਲ।
ਨਾ ਖਾਏ ਨਾ ਪੀਏ ਅਰ ਨਾ ਅੱਖ ਲਗਾਵੇ ਰੰਚਕ ਕਾਲ।
ਕਸ਼ਟ ਪਾਇ ਕੇ ਫੂਲ ਸੇਜ ਪਰ ਜਾ ਕੇ ਸੁੱਤਾ ਆਪ ਚੰਡਾਲ।
ਸਤਿਗੁਰ ਭਾਣੇ ਦੇ ਵਿਚ ਬੈਠੇ ਰਹੇ ਸਿਮਰਦੇ ਦੀਨ ਦਿਆਲ।
ਦੁੱਖ ਵਿਚ ਸੁਖ ਮਨਾਵਨ ਵਾਲੇ ਮਗਨ ਰਹੇ ਪਯਾਰੇ ਦੇ ਨਾਲ।
ਕਸ਼ਟਾਂ ਦਾ ਕੜੌਲ
ਦੇਹੁੰ ਚੜ੍ਹੇ ਚੰਦੂ ਚੜ੍ਹ ਆਯਾ, ਆ ਛੋਹੀ ਓਹੋ ਤਕਰੀਰ।
ਪਰ ਅੱਗੋਂ ਪਰਵਾਨ ਨ ਹੋਈ, ਨਾ ਚੱਲੀ ਇਹ ਭੀ ਤਦਬੀਰ।