ਹੁਕਮ ਚੜ੍ਹਾਯਾ, "ਭੱਠ ਤਪਾ ਕੇ ਦੇਗਾਂ ਚਾੜ੍ਹ ਉਬਾਲੋ ਨੀਰ।
ਉਬਲਦੇ ਜਲ ਵਿਚ ਬਿਠਾਓ ਭਲੀ ਤਰ੍ਹਾਂ ਭੁਗਤੇ ਤਕਸੀਰ"।
ਅੱਗ ਬਲੀ ਜਲ ਤੱਤਾ ਹੋਯਾ ਵਿਚ ਬਿਠਾਏ ਸਿੱਖਨ ਪੀਰ।
ਛਾਲੋ ਛਾਲੇ ਹੁੰਦਾ ਜਾਵੇ ਫੁੱਲਾਂ ਵਰਗਾ ਸੁਹਲ ਸਰੀਰ।
ਪਰ ਮੂੰਹੋਂ 'ਸੀ' 'ਹਾਇ' ਨਾ ਨਿਕਲੀ ਭਾਣੇ ਅੰਦਰ ਰਹੇ ਸਧੀਰ।
ਕਸ਼ਟਾਂ ਦੇ ਵਿਚ ਦੇਹੁੰ ਗੁਜ਼ਰਿਆ, ਅੱਧੀ ਰਾਤ ਗਈ ਦਿਲ ਚੀਰ।
ਉਸ ਵੇਲੇ ਇਕ ਬਾਲਾ ਆਈ ਲੈ ਭੋਜਨ ਤੇ ਛੰਨਾ ਖੀਰ।
ਆਣ ਕਿਹਾ ਹੇ ਪਿਤਾ ਗੁਰੂ ਜੀ ! ਸੁਣ ਕੇ ਕਸ਼ਟ ਲਗਾ ਦਿਲ ਤੀਰ।
ਮਾਤਾ ਪਿਤਾ ਮੇਰੇ ਗੁਰ ਨਾਨਕ ਦੀ ਸਿੱਖੀ ਦੇ ਸਿਦਕ ਸਰੀਰ।
ਮੈਂ ਭੀ ਗੁਰਸਿੱਖੀ ਦੀ ਪ੍ਰੇਮਣ ਬਚਪਨ ਦੇ ਵਿਚ ਰਹੀ ਸਧੀਰ।
ਨਿਹ ਕਰਮਣ ਚੰਦੂ ਘਰ ਆਈ ਬਣਕੇ ਨੂੰਹ ਬੁਰੀ ਤਕਦੀਰ।
ਪ੍ਰਾਣ ਪ੍ਰਾਣ ਮੈਂ ਦੁਖੀਆ ਹਾਂ, ਕੁਝ ਕਰੋ ਬਚਾਉਣ ਦੀ ਤਦਬੀਰ।
ਭੁੱਖੇ ਭਾਣੇ ਆਪ ਕਦੇ ਦੇ, ਅੰਨ ਛਕੋ ਕੁਝ ਪੀਵੋ ਨੀਰ।
ਅਰ ਇਸ ਕਸ਼ਟ ਭਰੇ ਦ੍ਰਿਸ਼ ਨੂੰ ਆਪ ਸਮੇਟੋ ਆਏ ਧੀਰ।
ਸਤਿਗੁਰੂ ਬੋਲੇ, "ਪਯਾਰੀ ਪੁਤ੍ਰੀ ! ਨਾ ਹੋ ਤੂੰ ਐਡੀ ਦਿਲਗੀਰ।
ਪਿਤਾ ਪ੍ਰਭੂ ਦਾ ਭਾਣਾ ਹੈ ਇਹ ! ਸਾਨੂੰ ਨਹੀਂ ਰਤਾ ਭਰ ਪੀਰ।
ਤੂੰ ਆਪਣੀ ਚਿੰਤਾ ਭੀ ਨਾ ਕਰ ਸਾਈਂ ਕਰ ਦੇਸੀ ਤਦਬੀਰ।
ਜਿਸ ਦਿਨ ਅਸੀਂ ਪਯਾਨ ਕਰਾਂਗੇ, ਤੇਰਾ ਭੀ ਛੁਟ ਜਾਗੁ ਸਰੀਰ।
ਇਹ ਭੋਜਨ ਚੰਦੂ ਦੇ ਘਰ ਦਾ ਜੁੜਿਆ ਪਾਪੀਂ ਚੋ ਚੋ ਸੀਰ।
ਯੋਗ ਨਾ ਅੰਗੀਕਾਰ ਕਰਨ ਦੇ, ਮੋੜ ਲਿਜਾ ਏਹ ਭੋਜਨ ਨੀਰ"।
ਉਸ ਨੂੰ ਤੋਰ ਆਪ ਹੋ ਬੈਠੇ, ਯੋਗਾਸਨ ਪਰ ਗਹਿਰ ਗੰਭੀਰ।
ਦਿਨ ਚੜ੍ਹਿਆ ਅਰ ਚੰਦੂ ਆਯਾ ਲੈ ਨਾਜ਼ਮ ਦੀ ਨਾਲ ਵਹੀਰ।
ਉਹੋ ਸਵਾਲ ਦੁਰ੍ਹਾਯਾ ਦੋਹਾਂ ਕਰ ਕਰ ਕੇ ਮਿੱਠੀ ਤਕਰੀਰ।
ਪਰ ਸਤਿਗੁਰ ਦਾ ਅਚੱਲ ਹ੍ਰਿਦਾ, ਪਰਬਤ ਸਮ ਬੋਲੇ ਬਚਨ ਸਧੀਰ।
"ਸੰਤ ਬਚਨ ਉਲਟਾਵਨ ਦੀ ਨਾ ਕਰੋ ਬ੍ਰਿਥਾ ਭਾਈ ਤਦਬੀਰ।
ਮੌਤ ਝੂਠ ਤੋਂ ਮਿੱਠੀ ਸਾਨੂੰ, ਮੌਤੋਂ ਨਾ ਇਹ ਡਰੇ ਫਕੀਰ"।
ਖਿਝ ਕੇ ਕਿਹਾ ਦੁਹਾਂ ਨੇ ਜੇਕਰ ਇਉਂ ਨਹੀਂ ਹੁੰਦੀ ਕੁਝ ਤਾਸੀਰ।
ਤੱਤੀ ਰੇਤ ਵਰ੍ਹਾਓ ਉੱਪਰ, ਛਾਲੇ ਹੋਵੇ ਸਰਬ ਸਰੀਰ।
ਇਹ ਕਹਿ ਆਪ ਅਰਾਮ ਕਰਨ ਨੂੰ ਚਲੇ ਗਏ ਇਹ ਦੋਵੇਂ ਕੀਰ।
ਪੀਰ ਮੀਆਂ ਮੀਰ ਜੀ ਦਾ ਗੁਰਾਂ ਦੇ ਕਸ਼ਟਾਂ 'ਤੇ ਦ੍ਰਵਨਾ
ਫੁੱਲੋਂ ਸੁਹਲ ਸਰੀਰ ਛਾਲਿਆਂ ਭਰਿਆ ਪੀੜਾਂ ਨਾਲ ਨਿਢਾਲ।