"ਸਤਿਨਾਮੁ" ਅਰ ਧੰਨਯਵਾਦ ਬਿਨ ਗਿਲਹ ਗੁਜ਼ਾਰੀ ਬੋਲ ਨ ਚਾਲ।
ਹਾਇ ! ਓਸ ਦੁੱਖ ਪੱਛੇ ਤਨ ਪਰ ਵਰ੍ਹਨ ਲੱਗੀ ਇਕ ਹੋਰ ਜੁਆਲ।
ਭਰ ਭਰ ਛਾਲੇ ਫਿੱਸਣ ਲੱਗੇ, ਵਗਨ ਲੱਗੀ ਸੜ ਸੜ ਕੇ ਰਾਲ।
ਪਰ ਸੰਤੋਸ਼ੀ ਹਿਰਦਾ ਫਿਰ ਵੀ ਸਿਮਰ ਰਿਹਾ ਹੈ ਦੀਨ ਦਿਆਲ।
ਕਸ਼ਟਾਂ ਵਿਚ ਦਿਨ ਰਾਤ ਬੀਤ ਗਿਆ ਲਿਵ ਜੋੜੇ ਪਰਮਾਤਮ ਨਾਲ।
ਤਿਸ ਪਰ ਹੋਰ ਕਲੇਸ਼ ਦੇਣ ਨੂੰ ਆਯਾ ਫਿਰ ਚੰਦੂ ਚੰਡਾਲ।
ਨਾਜ਼ਮ ਸਣੇ ਆਣ ਕੇ ਸਾਹਵੇਂ, ਕੀਤਾ ਓਹੋ ਪੇਸ਼ ਸਵਾਲ।
ਅੱਗੋਂ ਓਹੋ ਉੱਤਰ ਸੁਣ ਕੇ ਅੱਖਾਂ ਕਰਦਾ ਲਾਲੋ ਲਾਲ।
ਕਹਿਣ ਲੱਗਾ, "ਹੁਣ ਲੋਹ ਤਪਾ ਕੇ ਉੱਪਰ ਉਸ ਦੇ ਦਿਓ ਬਿਠਾਲ"।
ਭਾਣੇ ਦੇ ਪ੍ਰਿਤਪਾਲਕ ਸਤਿਗੁਰ, ਬੈਠ ਗਏ ਉਸ ਪਰ ਤਤਕਾਲ।
ਮਨ ਪ੍ਰਸੰਨ ਅਰ ਧੰਨਵਾਦ ਵਿਚ ਦੁੱਖ ਸਹਾਰੇ ਧੀਰਜ ਨਾਲ।
ਪਰ ਦੇਖਣ ਵਾਲਿਆਂ ਦੇ ਜੀ ਵਿਚ ਕਸ਼ਟ ਦੇਖ ਕੇ ਆਇ ਉਬਾਲ।
ਮੀਆਂਮੀਰ ਫਕੀਰ ਹਾਲ ਲਖ, ਦਰਸ਼ਨ ਨੂੰ ਆਯਾ ਤਤਕਾਲ।
ਹਿੱਕ ਪਾਟ ਗਈ ਵੇਖ ਕਸ਼ਟ ਨੂੰ ਹਿਰਦਾ ਹੁੰਦਾ ਜਾਇ ਨਿਢਾਲ।
ਕਹਿੰਦਾ ਕਿਰਪਾ ਕਰੋ ਗੁਸਾਈਂ ਡਿੱਠਾ ਜਾਵੇ ਨਾ ਇਹ ਹਾਲ।
ਨਸ਼ਟ ਕਰ ਦਿਓ ਦੁਸ਼ਟ ਸਭਾ ਦਾ, ਪਲ ਵਿਚ ਜ਼ਾਹਰੀ ਕਲਾ ਵਿਖਾਲ।
ਸਤਿਗੁਰੁ ਬੋਲੇ, "ਸਾਂਈਂ ਜੀ! ਇਹ ਕਸ਼ਟ ਸਹਾਰਨ ਨਹੀਂ ਮੁਹਾਲ।
ਪਯਾਰੇ ਦੇ ਭਾਣੇ ਵਿਚ ਸਾਨੂੰ,ਹੋਇ ਰਿਹਾ ਹੈ ਬੜਾ ਸੁਖਾਲ।
ਜਿਥੇ ਬੈਠਾਵੇ ਉਹ ਸੁਆਮੀ, ਓਥੇ ਹੈ ਆਰਾਮ ਕਮਾਲ।
ਧਰਮ ਅਸਾਡਾ ਹੈ ਪ੍ਰਭੂ ਦੇ ਭਾਣੇ ਵਿਚ ਝੱਲ ਗੁਜ਼ਰਨੀ ਝਾਲ"।
ਪਿਖ ਸੰਤੋਖ ਧੰਨ ਧੰਨ ਕਹਿ ਕੇ, ਮੀਆਂਮੀਰ ਮੁੜੇ ਤਤਕਾਲ।
ਰਾਤ ਪੈ ਗਈ ਕਸ਼ਟਾਂ ਦੇ ਵਿਚ ਅੱਧੀ ਰਾਤ ਵਜੇ ਘੜਿਆਲ।
ਆਈ ਫੇਰ ਨੂੰਹ ਚੰਦੂ ਦੀ, ਕਹਿੰਦੀ ਹੈ ਗੁਰ ਦੀਨ ਦਿਆਲ।
ਏਹ ਦੁਖ ਸਹਯਾ ਨ ਜਾਵਨ ਵਾਲਾ, ਕਦ ਤਕ ਰਖਸੋ ਏਹੋ ਹਾਲ ?
ਕ੍ਰਿਪਾ ਕਰੋ ਹੁਣ ਬੱਸ ਕਰਾਓ ਝੱਲੀ ਜਾਇ ਨ ਪਿਖ ਕੇ ਝਾਲ।
ਸਤਿਗੁਰੁ ਬੋਲੇ "ਭਲਾ ਪੁਤਰੀ ! ਦੇਖੀ ਜਾਸੀ ਪ੍ਰਾਤਾਕਾਲ।
ਮੁੜ ਕੇ ਹੋਰ ਸਵੇਰ ਦੁੱਖਾਂ ਦੀ ਨਾ ਲ੍ਯਾਵੇਗਾ ਪੁਰਖ ਅਕਾਲ"।
ਦੇ ਸੰਤੋਸ਼ ਵਿਦਾ ਕਰ ਉਸ ਨੂੰ ਲਿਵ ਲਾਈ ਪਯਾਰੇ ਦੇ ਨਾਲ।
ਚੰਦੂ ਦੀ ਕ੍ਰੂਰਤਾ ਤੇ ਅੰਤਲੀ ਦਸ਼ਾ
ਵਿਚ ਸਮਾਧ ਸਵੇਰ ਹੋ ਗਈ ਫਿਰ ਆਯਾ ਚੰਦੂ ਸ਼ੈਤਾਨ।
ਕਹਿੰਦਾ "ਅਜੇ ਭੀ ਹੈ ਹਠ ਬਾਕੀ? ਯਾ ਆਯਾ ਹੈ ਸੋਚ ਧਿਆਨ।