ਹੁਣ ਭੀ ਮਨ ਲਓ ਜੋ ਆਖਾਂ, ਕਸ਼ਟਾਂ ਤੋਂ ਬਚ ਜਾਏ ਜਾਨ"।
ਬਚਨ ਹੋਯਾ, "ਹੇ ਨੀਚ! ਤੇਰਾ ਅਪਵਿਤ੍ਰ ਮਨੋਰਥ ਨੀਚ ਮਹਾਨ।
ਕਦੇ ਨਹੀਂ ਪੂਰਾ ਹੋ ਸਕਨਾ ਛੱਡ ਦੇ ਇਸ ਦਾ ਦਿਲੋਂ ਧਿਆਨ"।
ਹੋ ਕੇ ਲਾਲ ਬੋਲਿਆ ਚੰਦੂ, "ਲਹਿ ਜਾਸੀ ਹੰਕਾਰ ਗੁਮਾਨ।
ਖੱਲ ਗਊ ਦੀ ਦੇ ਵਿਚ ਪੈ ਕੇ ਸੀਤੇ ਜਾਓਗੇ ਜਿਸ ਆਨ"।
ਸਤਿਗੁਰ ਬੋਲੇ, "ਜੋ ਭਾਣਾ ਹੈ ਉਸ 'ਤੇ ਸਾਨੂੰ ਨਹੀਂ ਗਿਲਾਨ।
ਪਰ ਪਹਿਲੇ ਤਾਂ ਅੱਜ ਅਸਾਂ ਰਾਵੀ ਵਿਚ ਕਰਨਾ ਹੈ ਇਸ਼ਨਾਨ।
ਇਸ ਦੇ ਬਾਦ ਹੁਕਮ ਕਰਤੇ ਦਾ ਜਿਵ ਹੋਸੀ ਤਿਵ ਕਰਸਾਂ ਆਨ"।
ਚੰਦੂ ਨੇ ਭੀ ਸੋਚ ਲਿਆ ਫਿੱਸੇ ਹਨ ਛਾਲੇ ਸਰਬ ਸਥਾਨ।
ਜਦ ਪਾਣੀ ਲਗ ਚੀਸ ਵਧੇਗੀ, ਦੁੱਖ ਪਾਵਨਗੇ ਹੋਰ ਮਹਾਨ।
ਰਾਵੀ ਦੇ ਇਸ਼ਨਾਨ ਵਾਸਤੇ, ਜਾਣਾ ਕਰ ਲੀਤਾ ਪਰਵਾਨ।
ਪੈਰੀਂ ਛਾਲੇ ਹੱਥੀਂ ਛਾਲੇ ਸਰਬ ਸਰੀਰੋਂ ਲਹੂ ਲੁਹਾਨ।
ਤੁਰ ਨ ਸਕਨ, ਨਾ ਬੈਠ ਸਕਨ, ਨਾ ਸੁਖ ਹੋਵੇ ਜਦ ਸਿੱਖ ਉਠਾਨ।
ਬੜੇ ਕਸ਼ਟ ਦੇ ਨਾਲ ਨਦੀ ਤਕ ਪਹੁੰਚੇ ਪ੍ਰਭੂ ਦਾ ਕਰੀ ਧਿਆਨ।
ਧੰਨਵਾਦ ਅਰ ਭਜਨ ਕਰਦਿਆਂ ਰਾਵੀ ਵਿਚ ਕੀਤਾ ਇਸ਼ਨਾਨ।
ਪਰਮ ਸ਼ਾਂਤਿ ਦੇ ਨਾਲ ਬੈਠ ਕੰਢੇ ਪਰ ਲਿਵ ਪਯਾਰੇ ਵਿਚ ਲਾਨ।
ਜਪੁ ਜੀ ਦਾ ਕਰ ਪਾਠ, ਬੁਲਾ ਕੇ ਸਿਖਾਂ ਨੂੰ ਕੀਤਾ ਫੁਰਮਾਨ।
ਪਰਮ ਪਿਤਾ ਨੇ ਸੱਦ ਬੁਲਾਯਾ ਸਾਡਾ ਹੈ ਤੱਯਾਰ ਪਯਾਨ।
ਛੇਵੇਂ ਗੁਰ, ਗੁਰ ਹਰਿਗੋਬਿੰਦ ਜੀ, ਮੀਰੀ ਪੀਰੀ ਦੇ ਸੁਲਤਾਨ।
ਸਿੱਖੀ ਸ਼ਾਂਭ ਨੀਤਿ ਸਿਰ ਚਲ ਕੇ ਸੰਗਤ ਦੇ ਅਧਿਕਾਰ ਬਚਾਨ।
ਸਤ੍ਯ ਧਰਮ ਦੀ ਵਾੜੀ ਨੂੰ ਸਿੰਜਨ ਹਿਤ ਸਾਰਾ ਸਮਾਂ ਲਗਾਨ।
ਇਹ ਕਰ ਹੁਕਮ ਨਦੀ ਦੇ ਕੰਢੇ ਲੇਟ ਲੱਗੇ ਭਾਣਾ ਵਰਤਾਨ।
ਪਰਮ ਪਿਤਾ ਦੀ ਜਯੋਤੀ ਦੇ ਵਿਚ ਜੋਤ ਸਮਾਈ ਕੀਆ ਪਯਾਨ।
ਠੀਕ ਉਸੇ ਹੀ ਵੇਲੇ ਓਧਰ, ਨੂੰਹ ਚੰਦੂ ਦੀ ਤਯਾਗੀ ਜਾਨ।
ਦੁਸ਼ਟ ਨੀਚ ਇਤ ਹੱਸ ਰਿਹਾ ਸੀ ਘਰੋਂ ਸੁਣੋਣੀ ਪਹੁੰਚੀ ਆਨ।
ਇਉਂ ਪਾਪੀ ਨੂੰ ਪਾਪ ਕਰਮ ਦੇ ਰੰਚਕ ਫਲ ਦਾ ਹੋਯਾ ਗਯਾਨ।
ਵਰਤ ਗਈ ਫਿਟਕਾਰ ਮੁੱਖ 'ਤੇ ਜੀ ਵਿਚ ਲੱਗਾ ਪਛੋਤਾਨ।
ਅਪਣੇ ਦੁਸ਼ਟ ਕਰਮ ਪਰ ਆਪੇ ਆਉਣ ਲੱਗੀ ਮੀਚ ਗਿਲਾਨ।
ਦੁਨਯਾਂ ਵਲੋਂ ਸ੍ਵਾਹ ਪਈ ਸਿਰ, ਸ੍ਵਾਹੀ ਨਾਮ ਹੋਯਾ ਪਰਵਾਨ
ਲੋਕ ਅਤੇ ਪਰਲੋਕ ਦੁਹਾਂ ਵਿਚ ਕੰਡੇ ਬੀਜ ਬਨ੍ਹਾਈ ਜਾਨ।
ਨਰਕਾਂ ਦੇ ਵਿਚ ਸਦਾ ਰਹਿਣ ਦਾ ਆਪੇ ਹੀ ਕੀਤਾ ਸਮਿਆਨ।