ਸੰਤ ਸਦਾ ਨਿਰਬੰਧ ਨਿਰੋਧੀ, ਦੁੱਖ ਆਏ ਭੀ ਸੁਖ ਮਨਾਨ।
ਸੰਤਾਂ ਦਾ ਕੁਝ ਵਿਗੜ ਗਿਆ ਨਹਿ ਨਿੰਦਕ ਆਪਣਾ ਕੀਤਾ ਪਾਨ।
ਸੋਲ੍ਹਾਂ ਸੈ ਅਰ ਤ੍ਰੇਹਠ ਬਿਕ੍ਰਮੀ ਜੇਠ ਸ਼ੁਕਲ ਪਖੁ ਚੌਥ ਤਿਥਾਇ।
ਕਿਲ੍ਹੇ ਪਾਸ ਲਾਹੌਰ ਸ਼ਹਿਰ ਵਿਚ ਸਤਿਗੁਰ ਜੋਤੀ ਜੋਤਿ ਸਮਾਇ।
ਸਤ੍ਯ ਧਰਮ ਦੀ ਰਾਖੀ ਕੀਤੀ ਕਸ਼ਟ ਝੱਲ ਅਰ ਲਹੂ ਵਹਾਇ।
ਸੱਚ ਦ੍ਵਾਰ ਪਰ ਪਹਿਰਾ ਦਿੱਤਾ, ਕੁਰਬਾਨੀ ਦੀ ਖੜਗ ਉਠਾਇ।
ਛਾਲੇ ਛਾਲੇ ਦੇਹ ਕਰਾਈ 'ਸਚਿਆਈ' ਨੂੰ ਲਿਆ ਬਚਾਇ।
ਅੰਮ੍ਰਿਤ ਬਾਣੀ ਭਵ ਸੇਤੂ ਵਿਚ ਹੋਣ ਨ ਦਿੱਤਾ ਮੇਲ ਮਿਲਾਇ।
ਬਲ ਹੁੰਦੇ ਹੋ ਨਿਰਬਲ ਲੀਤੇ ਭਾਣੇ ਦੇ ਵਿਚ ਕਸ਼ਟ ਉਠਾਇ।
ਸਤ ਸੰਗਤ ਦਾ ਮਾਣ ਰੱਖ ਲਿਆ ਆਪਣੇ ਉੱਪਰ ਬਿਪਤਾ ਪਾਇ।
ਗੁਰੂ ਨਾਨਕ ਦੀ ਵਾੜੀ ਦੇ ਵਿਚ ਸੁੱਚੇ ਸੱਚੇ ਫੁਲ ਖਿੜਾਇ।
ਨਾਮ ਪਵਿਤ੍ਰ ਜਗ ਵਿਚ ਰੋਸ਼ਨ, ਕਰ ਕੇ ਦਰਗਹ ਗਏ ਸਿਧਾਇ।
ਪਰੋਪਕਾਰ ਅਰ ਧੀਰ ਧਰਮ ਦੀ ਸਿਖ੍ਯਾ ਸਭ ਨੂੰ ਗਏ ਸਿਖਾਇ।
ਧੀਰ੍ਯਤਾ ਦੀ ਸੋਭਾ ਲੈ ਕੇ, ਪਿਤਾ ਪ੍ਰਭੂ ਪਹਿ ਪਹੁੰਚੇ ਜਾਇ।
ਧੰਨ ਧੰਨ ਦੀ ਧੁਨੀ ਉਚਾਰੀ, ਦੇਵਤਿਆਂ ਨੇ ਫੁੱਲ ਵਸਾਇ।
ਹਾਹਾਕਾਰ ਜਗਤ ਵਿਚ ਹੋਯਾ ਦ੍ਰਵੀ ਭੂਮਿ ਗਮ ਚਿੰਤਾ ਖਾਇ।
ਸੰਤ ਹ੍ਰਿਦੇ ਰੁੱਖਾਂ ਵਤ ਡੋਲੇ, ਸੁਣ ਗੁਰ ਗਮਨ ਗਏ ਅਕੁਲਾਇ।
ਸਿੱਖ ਸੰਗਤ ਨੇ ਜਲ ਪਰਵਾਹੇ ਜਿਉਂ ਗੁਰ ਆਪ ਗਏ ਫੁਰਮਾਇ।
ਕਿਲ੍ਹੇ ਪਾਸ ਇਕ ਯਾਦਗਾਰ ਹੈ, ਦੇਖ ਜਿੰਨੂ ਗੁਰ ਚੇਤੇ ਆਇ।
ਜੇਠ ਸ਼ੁਕਲ ਪਖੁ ਚੌਥ ਹਰ ਵਰ੍ਹੇ ਸੰਗਤ ਜੋੜ ਕਰੇਂਦੀ ਆਇ।
ਸਾਡੀ ਵਿਚਾਰ ਯੋਗ ਦਸ਼ਾ
ਹੇ ਮਨ ! ਪੜ੍ਹ ਇਹ ਪਾਵਨ ਜੀਵਨ, ਬੁੱਕਲ ਦੇ ਵਿਚ ਝਾਤੀ ਮਾਰ।
ਜਿਸ ਪਵਿਤ੍ਰ ਬੂਟੇ ਦਾ ਫਲ ਹੈਂ, ਉਸ ਦਾ ਕੀ ਹੈ ਗੁਣ ਬਲਕਾਰ ?
ਜਿਸ ਧਰਤੀ ਦੀ ਮਿੱਟੀ ਹੈਂ ਤੂੰ ਕੀ ਉਸ ਦਾ ਗੁਣ ਲੀਤਾ ਧਾਰ?
ਵਡੇ ਵਡੇਰੇ ਸਾਡੇ ਜਿਸ, ਸਚਿਆਈ ਪਰ ਹੋ ਗਏ ਨਿਸਾਰ।
ਅਸੀਂ ਓਸ ਸਚਿਆਈ ਦਾ ਕੀ ਕਰਦੇ ਹਾਂ ਆਦਰ ਸਤਿਕਾਰ ?
ਪੁਣ ਪਾਲਨ ਵਿਚ ਪਿਤਾ ਪਿਤਾਮਾ ਸਾਡੇ ਕੈਸੇ ਸਨ ਤੱਯਾਰ।
ਅਸੀਂ ਉਨ੍ਹਾਂ ਦੀ ਅੰਸ਼ਾ ਹੋ ਕੇ ਕੀ ਗੁਣ ਕੀਤੇ ਅੰਗੀਕਾਰ ?
ਡੁੱਬ ਮਰਨ ਦੀ ਥਾਉਂ ਨਹੀਂ, ਜੋ ਸਾਡੇ ਹਨ ਆਚਾਰ ਵਿਹਾਰ।
ਟਕੇ ਟਕੇ ਪਰ ਧਰਮ ਵੇਚਦੇ ਆਇ ਨ ਮਨ ਵਿਚ ਰਤਾ ਵਿਚਾਰ।