ਧ੍ਰਿਗ ਹੈ ਐਸੇ ਜੀਵਨ ਉਪਰ ਜੋ ਡੋਬੇ ਵਡਿਆਂ ਦੀ ਕਾਰ।
ਕਦਮ ਕਦਮ ਪਰ ਠੇਡੇ ਖਾ ਖਾ ਡਿਗਦੇ ਫਿਰੀਏ ਮੂੰਹ ਦੇ ਭਾਰ।
ਧਰਮ ਭਾਵ ਅਰ ਧੀਰ ਸਚਾਈ, ਉੱਡ ਗਏ ਹਨ ਪੰਛੀ ਹਾਰ।
ਵਡਿਆਂ ਨੇ ਜੋ ਪਾਏ ਪੂਰਨੇ ਮੇਟੀ ਜਾਈਏ ਧਰਮ ਵਿਸਾਰ।
ਸੱਚ ਜੇੜ੍ਹੇ ਨੂੰ ਦਸਾਂ ਗੁਰਾਂ ਨੇ, ਲਹੂ ਵੀਟ ਰਖਿਆ ਸੰਭਾਰ।
ਓਸ ਸੱਚ ਨੂੰ ਅਸੀਂ ਰੁਲਾਈਏ, ਪੈਰਾਂ ਹੇਠ ਨ ਲਈਏ ਸਾਰ।
ਸਾਡੇ ਜੈਸਾ ਨੀਚ ਕੌਣ ਹੈ? ਵਡਿਆਂ ਦੇ ਕੀਤੇ ਉਪਕਾਰ।
ਦਿਨ ਦਿਨ ਦਿਲੋਂ ਭੁਲਾਂਦੇ ਜਾਈਏ, ਪੈ ਪੈ ਮਨਮਤ ਜੂਹ ਮਝਾਰ।
ਹੇ ਮਨ ! ਸੰਭਲ ਪੈਰ ਨ ਥਿੜਕੇ ਅਜੇ ਭੀ ਆਪਣੀ ਹੋਸ਼ ਸੰਭਾਰ।
ਸੱਚ ਨ ਤ੍ਯਾਗ ਪ੍ਰਾਣ ਜਾਨ ਤਕ, ਧਰਮ ਬਚਾ ਲੈ ਤਨ ਮਨ ਵਾਰ।
ਨਹਿ ਤਾਂ ਮੱਥੇ ਪਰ ਕਲੰਕ, ਕਿਰਤਘਨ ਪੁਣੇ ਦਾ ਲੈਸੇਂ ਧਾਰ।
ਅਰ ਦਰਗਾਹੇ ਧੱਕੇ ਖਾਸੋਂ ਜਿਸ ਦਿਨ ਤਜਿਆ ਇਹ ਸੰਸਾਰ।
ਨਾਲ ਨ ਜਾਸੀ ਪਾਪੀ ਜੋੜੀ ਸਚ ਸਕੇਗਾ ਓਥੇ ਤਾਰ।
ਲੜ ਫੜਿਆ ਸਚਿਆਈ ਦਾ ਜਿੰਨ ਮੁਖ ਊਜਲ ਜਾਸੀ ਦਰਬਾਰ।
ਦੁਨੀਆਂ ਦੇ ਵਿਚ ਪੈਜ ਰਹੇਗੀ ਅੰਤ ਮਿਲੇਗਾ ਮੁਕਤ ਦੁਆਰ।
ਮੁਕਤ ਦ੍ਵਾਰ ਸਤਿਗੁਰ ਥੋਂ ਲੇਵੋ, ਪਰਮ ਧਾਮ ਸਚਿਖੰਡ ਦਰਬਾਰ।
ਦਰਸ਼ਨ ਕਰ ਮਨ ਆਨੰਦ ਪਾਵੋ, ਹਰਦਮ ਕਰੀਏ ਪ੍ਰਭੂ ਜੁਹਾਰ।
ਸਤਿਗੁਰ ਨਾਨਕ ਜੀ ਨੇ ਪਯਾਰੇ, ਆ ਕੇ ਕੀਤੇ ਬਹੁਤ ਉਪਕਾਰ।
ਸਤਿਗੁਰ ਅੰਗਦ ਅੰਗ ਸੰਗ ਜੋ, ਗੁਰ ਵਿਯਾ ਦਾ ਕਰ ਪ੍ਰਚਾਰ।
ਸਤਿਗੁਰੂ ਅਮਰਦਾਸ ਜੀ ਪਯਾਰੇ, ਜ਼ਾਤ ਪਾਤ ਨੂੰ ਮੇਟਨ ਹਾਰ।
ਸਤਿਗੁਰ ਰਾਮਦਾਸ ਜੀ ਪੂਰਨ, ਅੰਮ੍ਰਿਤਸਰ ਰਚਿਆ ਦਰਬਾਰ।
ਧੰਨ ਸ੍ਰੀ ਗੁਰ ਅਰਜਨ ਜੀ ਪਯਾਰੇ, ਤਨ ਮਨ ਦਿੱਤਾ ਜਿਨ੍ਹਾਂ ਨੇ ਵਾਰ।
ਏਸ ਪੰਥ ਤੇ ਧਰਮ ਦੀ ਖਾਤ੍ਰ, ਕੀਤਾ ਸ੍ਰੀ ਗੁਰੂ ਗ੍ਰੰਥ ਤਯਾਰ।
ਆਵੋ ਪਯਾਰੇ ਸਤਿਗੁਰੂ ਜੀ ਦੇ, ਹਰ ਦਮ ਕਰੀਏ ਪ੍ਰਭੂ ਦਿਦਾਰ।
ਸ਼ਬਦ ਪੜ੍ਹੋ ਤੇ ਆਨੰਦ ਪਾਵੋ, ਮੁਕਤ ਭੁਗਤ ਦਾ ਜੋ ਭੰਡਾਰ।
ਅੰਤ ਵੰਤ ਏਹ ਦੇਹ ਬਿਨਾਸੀ, ਵਾਹਿਗੁਰੂ ਨਾਮ ਜਪੋ ਕਰ ਪਯਾਰ।
ਧੰਨ ਧੰਨ ਗੁਰ ਅਰਜਨ ਸਾਹਿਬ, ਦੇਵ ਕਰਨ ਮਿਲ ਜੈ ਜੈਕਾਰ।
★★★★