ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਦੀਨ ਰਖਿਆ ਹਿਤ ਬਲੀਦਾਨ
"ਤੇਗ ਬਹਾਦਰ ਸੀ ਕ੍ਰਿਯਾ ਕਰੀ ਨ ਕਿਨਹੂੰ ਆਨ”॥
ਅਸ਼ਟਮ ਗੁਰ ਹਰਿਕ੍ਰਿਸ਼ਨ ਜੀ ਜਦ ਕਰਯੋ ਤਿਆਰਾ।
"ਬਾਬਾ ਗੁਰੂ ਬਕਾਲੜੇ" ਇਹ ਵਾਕ ਉਚਾਰਾ।
ਸੰਗਤ ਭੇਵ ਨ ਪਾਇਆ, ਕੋ ਰਖਣ ਹਾਰਾ ?
ਵਿਚ ਬਕਾਲੇ ਸੋਢੀਆਂ ਪਾਖੰਡ ਖਿਲਾਰਾ।
ਬਾਈ ਮੰਜੇ ਡਾਹ ਕੇ ਲੈਣ ਲੱਗੇ ਪੁਜਾਰਾ।
ਸੱਚ ਨਾ ਕਿਧਰੇ ਦਿਸਦਾ ਸਭ ਕੂੜ ਪਸਾਰਾ।
ਸੰਗਤ ਤਰਸੇ ਗੁਰੂ ਨੂੰ ਕਿਤ ਹੋਏ ਨਜ਼ਾਰਾ ?
ਪੋਲੇ ਢੋਲਾਂ ਨਾਲ ਨਾ ਉਂਝ ਹੋਇ ਸਹਾਰਾ।
ਮੱਖਣ ਸ਼ਾਹ ਸੁਦਾਗਰੀ ਕਰ ਘਰ ਨੂੰ ਆਯਾ।
ਦੇਣੀ ਸੀ ਜੋ ਸੁੱਖਣਾ ਸੋ ਨਾਲ ਲਿਆਯਾ।
ਵੇਖ ਗੁਰੂ ਅਣ ਗੇਣਵੇਂ ਡਾਢਾ ਘਬਰਾਯਾ।
ਅਸਲੀ ਗੁਰੂ ਪਛਾਣ ਹਿਤ ਤਦ ਖੇਲ ਬਣਾਯਾ।
ਦੋ ਦੋ ਮੋਹਰਾਂ ਰੱਖ ਕੇ ਜਾ ਸੀਸ ਨਿਵਾਇਆ।
ਕਿਸੇ ਨ ਅੱਗੋਂ ਪਰਤਿਆ ਨਾ ਹਾਲ ਸੁਣਾਯਾ।
ਫੋਕੇ ਮੰਜੇ ਵੇਖ ਕੇ ਮੁੜ ਪਿੱਛੇ ਆਯਾ।
ਲਾਂਭੇ ਬੈਠੇ ਸੰਤ ਇਕ, ਸੁਣ ਪਾਸ ਸਿਧਾਯਾ।
ਦੋ ਮੋਹਰਾਂ ਕਰ ਨਮਸ਼ਕਾਰ ਜਾਂ ਭੇਟ ਚੜ੍ਹਾਂਦਾ।
“ਬਾਬਾ ਤੇਗਾ” ਬੋਲਿਆ, ਪਈ ਗੁਰ ਦਾ ਛਾਂਦਾ।
ਪੰਜ ਸੈ ਮੋਹਰ ਨਿਕਲਦੀ ਜੋ ਚੁੱਕ ਲਿਆਂਦਾ।
ਬੇੜਾ ਸ਼ਹੁ ਦਰੀਆਉ ਵਿਚ ਜਦ ਰੁੜਦਾ ਜਾਂਦਾ।
ਤਦ ਤੂੰ ਸੁੱਖੀ ਸੁੱਖਣਾ, ਹੁਣ ਮੁੱਕਰ ਜਾਂਦਾ।
ਸੁਣ ਕੇ ਸ਼ਾਹ ਪਤੀਜਿਆ ਭੁੱਲਾਂ ਬਖਸ਼ਵਾਂਦਾ।
ਪੰਜ ਸੈ ਮੋਹਰ ਚੜ੍ਹਾਏ ਕੇ ਚੜ੍ਹ ਕੋਠੇ ਆਂਹਦਾ।
"ਗੁਰ ਲਾਧੋ ਰੇ ਸੱਚੜਾ" ਮੈਂ ਸੱਚ ਸੁਣਾਂਦਾ।