ਤੇਗ ਬਹਾਦਰ ਸਤਿਗੁਰੂ ਦੀਨ ਦੁਨੀ ਸਹਾਈ।
ਬੈਠੇ ਵਿਚ ਇਕਾਂਤ ਦੇ ਇਕ ਝੁੱਗੀ ਪਾਈ।
ਹੋਰਾਂ ਡਾਹੀਆਂ ਮੰਜੀਆਂ ਏਹ ਬਣੇ ਸ਼ੁਦਾਈ।
ਸੁਣ ਕੇ ਮੱਖਣ ਸ਼ਾਹ ਤੋਂ ਮੁੜ ਪਈ ਲੁਕਾਈ।
ਸੰਗਤ ਹੁੰਮ ਹੁਮਾਇ ਕੇ ਦਰਸ਼ਨ ਨੂੰ ਆਈ।
ਪਿਛਲੀ ਰੀਤੇ ਹਥ ਜੋੜ ਦਿਤੀ ਗੁਰਿਆਈ।
ਗੱਦੀ ਬੈਠੇ ਗੁਰੂ, ਉਠ ਗਏ ਮੰਜੇ ਬਾਈ।
ਭਟਕਦਿਆਂ ਨੂੰ ਮਿਲ ਪਏ ਸੰਗਤ ਪਤਿਆਈ।
ਵਧਦਾ ਵੇਖ ਪਰਤਾਪ ਨੂੰ ਸੋਢੀ ਖੁਣਸਾਏ।
ਧੀਰ ਮਲ ਨੇ ਗੁਰੂ 'ਤੇ ਕਈ ਵਾਰ ਚਲਾਏ।
ਪਰ ਆਤਮ ਬਲ ਨਾਲ ਹੀ ਗੁਰ ਪਰੇ ਹਟਾਏ।
ਸੰਗਤ ਨੂੰ ਉਪਦੇਸ਼ ਦੇ ਸੰਤ ਮਾਰਗ ਪਾਏ।
ਜੋ ਚਲ ਆਯਾ ਨਾਮ ਦੇ ਉਪਦੇਸ਼ ਸੁਣਾਏ।
ਸੱਤ ਧਰਮ ਨਿਰਮਾਣਤਾ ਦੀ ਚਾਲ ਸਿਖਾਏ।
ਚੜ੍ਹਤ ਚੜ੍ਹਾਵਾ ਆਇ ਜੋ ਸੋ ਸੰਗਤ ਖਾਏ।
ਸਤਿਗੁਰ ਗਹਿਰ ਗੰਭੀਰ ਜੀ ਨਾ ਹੱਥ ਲਗਾਏ।
ਉੱਠੇ ਗੁਰੂ ਬਕਾਲਿਓਂ ਅੰਮ੍ਰਿਤਸਰ ਚੱਲੇ।
ਮੰਦਰ ਦਿਆਂ ਪੁਜਾਰੀਆਂ ਦੇ ਅੰਦਰ ਹੱਲੇ।
ਮਤ ਪੂਜਾ ਦਰਬਾਰ ਦੀ ਇਹ ਆ ਕੇ ਮੱਲੇ।
ਬੂਹੇ ਮਾਰੇ ਅੰਦਰੋਂ ਵੜ ਬੈਠੇ ਕੱਲੇ।
ਆਏ ਸਨਗੇ ਸਤਿਗੁਰੂ ਖਾਤਰ ਦਰਸ਼ਨ ਦੇ।
ਪਰ ਡਿੱਠਾ ਜਦ ਸੜ ਗਏ ਏਹ ਲੋਭੀ ਧਨ ਦੇ।
“ਅੰਦਰ ਸੜੀਏ ਸੜਨਗੇ ਸਦ ਹੀ ਵਿਚ ਮਨ ਦੇ"
ਕਹਿ, ਬਾਹਰ ਬਹਿ, ਤੁਰ ਗਏ ਵਲ ਵੱਲੇ ਬਨ ਦੇ।
ਫਿਰ ਏਥੋਂ ਕੀਰਤ ਪੁਰੇ ਵੱਲ ਕਰੀ ਚੜ੍ਹਾਈ।
ਨਗਰੀ ਫੇਰ ਅਨੰਦਪੁਰ ਦੀ ਜਾਇ ਵਸਾਈ।
ਦੇ ਛੱਟੇ ਉਪਦੇਸ਼ ਦੇ ਠੰਡਕ ਵਰਤਾਈ।
ਬੀਜ ਧਰਮ ਦਾ ਬੀਜਿਆ ਵਿਚ ਸੜੀ ਲੁਕਾਈ।
ਲੰਗਰ ਲਾਯਾ ਨਾਮ ਦਾ ਜੋ ਆਵੇ ਖਾਵੇ।
ਦੁਨੀਆਂ ਦੀ ਅੱਗ ਸਾੜਿਆ ਆ ਤ੍ਰਿਪਤੀ ਪਾਵੇ।