ਬਾਣੀ ਅੰਮ੍ਰਿਤ ਰੂਪ ਸੁਣ ਦੁੱਖ ਸਾਰਾ ਜਾਵੇ।
ਦੇਸ਼ ਦਿਸ਼ੌਰੋਂ ਹੁੰਮਦੀ ਸੰਗਤ ਚੱਲ ਆਵੇ।
ਦੇ ਛੱਟੇ ਪੰਜਾਬ ਵਿਚ, ਪੂਰਬ ਵੱਲ ਆਏ।
ਕਾਂਸ਼ੀ, ਮਥਰਾ, ਆਗਰਾ, ਪਰਯਾਗ ਸਿਧਾਏ।
ਬੱਦਲ ਸਤ ਉਪਦੇਸ਼ ਦੇ ਸਭ ਥਾਉਂ ਵਸਾਏ।
ਪਟਣੇ ਰਾਜੇ ਬਿਸ਼ਨ ਸਿੰਘ ਦੇ ਪਾਪ ਗਵਾਏ।
ਏਥੋਂ ਤੁਰੇ ਆਸਾਮ ਨੂੰ ਸਤਿਗੁਰ ਕਿਰਪਾਲਾ।
ਤੁਰਿਆਂ ਜਾਂਦਿਆਂ ਤਾਰਿਆ ਢਾਕਾ ਬੰਗਾਲਾ।
ਰਾਮ ਰਾਇ ਆਸਾਮ ਪਤਿ ਨੂੰ ਨਦਰ ਨਿਹਾਲਾ।
ਬਿਸ਼ਨ ਸਿੰਘ ਦੇ ਜੁੱਧ ਵਿਚ ਕਰਵਾਯਾ ਟਾਲਾ।
ਲੱਖਾਂ ਬੰਜਰ ਹਿਰਦਿਆਂ ਵਿਚ ਪ੍ਰੇਮ ਉਗਾਯਾ।
ਲੱਖਾਂ ਮੂਰਖ ਪਾਪੀਆਂ ਨੂੰ ਰਾਹੇ ਪਾਯਾ।
ਲੱਖਾਂ ਨੀਚ ਕੁਕਰਮੀਆਂ ਨੂੰ ਧਰਮ ਸਿਖਾਯਾ।
ਝੰਡਾ ਸੱਚੇ ਧਰਮ ਦਾ ਸਰਬਤ੍ਰ ਝੁਲਾਯਾ।
ਜਿਧਰ ਬਾਬਾ ਜਾ ਵੜੇ, ਨਾਮ ਲੰਗਰ ਲੱਗੇ।
ਨਦੀ ਵਹੇ ਉਪਦੇਸ਼ ਦੀ ਖਲਕਤ ਦੇ ਅੱਗੇ।
ਪੱਲੇ ਬੰਨ੍ਹਣ ਨਾਮ ਨੂੰ, ਪਾਪਾਂ ਦੇ ਠੱਗੇ।
ਕਾਲੇ ਆਉਣ ਹਿਰਦਿਓਂ ਹੈ ਜਾਵਨ ਬੱਗੇ।
ਏਨ੍ਹੀ ਦਿਨੀਂ ਔਰੰਗਜ਼ੇਬ ਦੀ ਸੀ ਪਤਿਸ਼ਾਹੀ।
ਜਿਸ ਆਂਦੀ ਸੀ ਦੇਸ਼ ਦੇ ਸਿਰ ਘੋਰ ਤਬਾਹੀ।
ਮੁਸਲਮ ਵਧਾਉਣ ਵਾਸਤੇ ਫੜ ਕਾਤੀ ਵਾਹੀ।
ਦੇਸੀਂ ਇਸ ਦੇ ਕਹਿਰ ਦੀ ਫਿਰ ਰਹੀ ਦੁਹਾਈ।
ਸੱਕੇ ਵੀਰ ਫੜਾਇ ਕੇ ਜਾਨੋਂ ਮਰਵਾਏ।
ਪਿਉ ਨੂੰ ਕੈਦੇ ਪਾਇ ਕੇ ਖੁਦ ਹੁਕਮ ਚਲਾਏ।
ਖੂਨੀ ਹਿਰਦਾ ਖੂਨ ਨੂੰ ਹਰ ਵੇਲੇ ਚਾਹੇ।
ਪਾਇ ਬਹਾਨਾ ਧਰਮ ਦਾ ਹਿੰਦੂ ਮਰਵਾਏ।
ਮਣ ਮਣ ਜੰਝੂ ਲਾਹ ਕੇ ਤਦ ਰੋਟੀ ਖਾਂਦਾ।
ਜੋ ਨਾ ਮੰਨੇ ਦੀਨ ਨੂੰ ਤਿਸ ਕਤਲ ਕਰਾਂਦਾ।
ਜੀਉਂਦੇ ਚਰਖੀ ਚਾੜ੍ਹ ਕੇ ਵਡ ਕਸ਼ਟ ਦਿਵਾਂਦਾ।
ਦੇਸ਼ ਨਿਮਾਣਾ ਹੋ ਗਿਆ ਰੋਂਦਾ ਕੁਰਲਾਂਦਾ।