ਢਾਹ ਲੱਗੀ ਹਿੰਦਵਾਣ ਨੂੰ ਕੁਝ ਪੇਸ਼ ਨਾ ਜਾਏ।
ਲੱਖਾਂ ਹਿੰਦੂ ਪਕੜ ਕੇ ਮੁਸਲਮ ਬਣਵਾਏ।
ਧਰਮ ਜਿਨ੍ਹਾਂ ਨੇ ਰਖਿਆ ਤੇਸੀਂ ਕਟਵਾਏ।
ਬਲ ਬਲ ਆਹੀਂ ਉਠਦੀਆਂ ਰੱਬ ਕਜੀਏ ਪਾਏ।
ਲੱਖਾਂ ਬਾਲਕ ਵਿਲ੍ਹਕਦੇ ਪਿਉ ਸਿਰ ਤੋਂ ਮੋਯਾ ।
ਲੱਖਾਂ ਰੋਵਣ ਤੀਵੀਂਆਂ ਸਿਰ ਨੰਗਾ ਹੋਯਾ।
ਲੱਖਾਂ ਮਾਵਾਂ ਬੁੱਢੀਆਂ ਦਾ ਬਚਾ ਕੋਹਿਆ।
ਧਰਮ ਸਭਸ ਦਾ ਰਾਉ ਨੇ ਦੇ ਡੰਡਾ ਖੋਹਿਆ।
ਪਾਪ ਅਗਨ ਪਰਚੰਡ ਹੋ ਛੱਡੇ ਫਰਲਾਟੇ।
ਵੇਖ ਦਸ਼ਾ ਹਿੰਦਵਾਣ ਦੇ ਹੁਣ ਹਿਰਦੇ ਪਾਟੇ।
ਰੋਵਣ ਬਾਲਗ ਤੀਵੀਂਆਂ ਕਰ ਨੰਗੇ ਝਾਟੇ।
ਕਿੱਥੋਂ ਪੂਰੇ ਹੋਣਗੇ, ਏਹ ਰੱਬਾ ਘਾਟੇ ?
ਦੁਖੀ ਸਤਾਈ ਸ਼ਾਹ ਦੀ ਪਰਜਾ ਮੌਤਾਣੀ।
ਤੜਫ ਰਹੀ ਬਿਨ ਆਸਰੇ ਜਿਉਂ ਮੱਛੀ ਪਾਣੀ।
ਪੀਪੂੰ ਕੀਤਾ ਜ਼ੁਲਮ ਨੇ ਜਿਉਂ ਕੋਲ੍ਹ ਘਾਣੀ।
ਮਿਲੇ ਨ ਨਾਲ ਆਰਾਮ ਦੇ ਬਹਿ ਰੋਟੀ ਖਾਣੀ।
ਤੇਗ ਬਹਾਦਰ ਗੁਰੂ ਪਹਿ ਚਲ ਖਲਕਤ ਆਈ।
ਦੀਨ ਦੁਨੀ ਦੇ ਥੰਮ ਹੋ ਕੁਝ ਕਰੋ ਸਹਾਈ।
ਇਸ ਜਰਵਾਣੇ ਰਾਜ ਨੇ ਹੁਣ ਅੱਤ ਉਠਾਈ।
ਕਿਥੇ, ਜਾਈਏ ਭੱਜ ਕੇ ਥਾਂ ਰਹੀ ਨਾ ਕਾਈ।
ਲੱਖਾਂ ਧਰਮੀ ਤਲੀ 'ਤੇ ਧਰ ਜਿੰਦ ਖਲੋਤੇ।
ਨੇਜ਼ੇ ਸ਼ਾਹ ਉਰੰਗ ਦੇ ਵਿਚ ਗਏ ਪਰੋਤੇ।
ਉੱਡੇ ਜਾਵਣ ਹਿੰਦੂਆਂ ਦੇ ਹੱਥੋਂ ਤੋਤੇ।
ਕੇਹੜੀ ਜਾਹਰੀ ਬੰਨ੍ਹੀਏ ਦੁੱਖ ਜਾਵਣ ਧੋਤੇ।
ਸੁਣ ਕੇ ਬੋਲੇ ਸਤਿਗੁਰੂ ਦੇ ਧੀਰ ਸਹਾਰਾ।
ਹੁਣ ਖਲਕਤ ਦਾ ਇਸ ਤਰ੍ਹਾਂ ਨਹਿ ਹੋਗ ਗੁਜ਼ਾਰਾ।
ਸਿਰ ਦੇਵੇਗਾ ਕੌਮ ਤੋਂ ਕੋਈ ਰੱਬ ਪਿਆਰਾ।
ਤਦ ਹੋਵੇਗਾ ਦੇਸ਼ ਦਾ ਪਾਪੋਂ ਛੁਟਕਾਰਾ।
ਸਦਕੇ ਹੋ ਕੇ ਦੇਸ਼ ਤੋਂ ਮੈਂ ਧਰਮ ਬਚਾਊਂ।
ਆਈ ਵਿਪਦਾ ਦੇਸ਼ 'ਤੇ ਸਿਰ ਆਪਣੇ ਚਾਊਂ।